ਕਾਂਗਰਸ ਮੁੜ ਸੱਤਾ ’ਚ ਆਈ ਤਾਂ ‘ਮਾਫੀਆ ਰਾਜ’ ਦਾ ਭੋਗ ਪਏਗਾ: ਸਿੱਧੂ

Punjab Congress President Navjot Singh Sidhu

ਅੰਮ੍ਰਿਤਸਰ  (ਸਮਾਜ ਵੀਕਲੀ):  ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਇਥੇ ਵਾਅਦਾ ਕੀਤਾ ਕਿ ਜੇਕਰ ਕਾਂਗਰਸ ਮੁੜ ਸੱਤਾ ਵਿਚ ਆਈ ਤਾਂ ਹਰ ਤਰ੍ਹਾਂ ਦਾ ਮਾਫੀਆ ਰਾਜ ਖ਼ਤਮ ਹੋਵੇਗਾ। ਉਨ੍ਹਾਂ ਕਿਹਾ ਕਿ ‘ਜਾਂ ਸਿੱਧੂ ਰਹੇਗਾ ਜਾਂ ਮਾਫੀਆ ਰਾਜ’। ਉਨ੍ਹਾਂ ਕਿਹਾ ਕਿ ਬਕਾਇਆ 13 ਨੁਕਾਤੀ ਏਜੰਡਾ ਕਾਂਗਰਸ ਦੇ ਚੋਣ ਮਨੋਰਥ ਪੱਤਰ ਦਾ ਹਿੱਸਾ ਹੋਵੇਗਾ। ਸਿੱਧੂ ਇਥੇ ਆਪਣੇ ਗ੍ਰਹਿ ਵਿਖੇ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਬਸਪਾ ਆਗੂ ਤਰਸੇਮ ਸਿੰਘ ਭੋਲਾ ਨੂੰ ਸਾਥੀਆਂ ਸਮੇਤ ਕਾਂਗਰਸ ਵਿਚ ਜੀ ਆਇਆਂ ਆਖਿਆ। ਉਨ੍ਹਾਂ ਪੰਜਾਬ ਵਿਧਾਨ ਸਭਾ ਚੋਣਾਂ 14 ਫਰਵਰੀ ਦੀ ਥਾਂ 20 ਫਰਵਰੀ ਨੂੰ ਕਰਵਾਉਣ ਦੇ ਚੋਣ ਕਮਿਸ਼ਨ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਸ੍ਰੀ ਸਿੱਧੂ ਨੇ ਕਿਹਾ ਕਿ ਕਾਂਗਰਸ ਦਾ ਬਕਾਇਆ 13 ਨੁਕਾਤੀ ਏਜੰਡਾ ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦੇ ਚੋਣ ਮਨੋਰਥ ਪੱਤਰ ਦਾ ਹਿੱਸਾ ਹੋਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਹਾਈਕਮਾਂਡ ਨਾਲ ਗੱਲ ਹੋਣ ਤੋਂ ਬਾਅਦ ਹੀ ਉਨ੍ਹਾਂ ਇਹ ਖੁਲਾਸਾ ਕੀਤਾ ਹੈ ਜਦੋਂਕਿ ‘ਪੰਜਾਬ ਮਾਡਲ’ ਦੇ ਦੂਜੇ ਹਿੱਸੇ ਦਾ ਖੁਲਾਸਾ ਵੀ ਜਲਦੀ ਕਰਨਗੇ। ਪੰਜਾਬ ਦੇ ਲੋਕਾਂ ਨੂੰ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦਿੱਤਾ ਜਾਵੇਗਾ, ਨਸ਼ੇ ਤੇ ਮਾਫੀਆ ਰਾਜ ਨੂੰ ਖਤਮ ਕੀਤਾ ਜਾਵੇਗਾ। ਲੋਕਾਂ ਦੇ ਕੰਮ ਤੁਰੰਤ ਕਰਨ ਲਈ ਈ-ਪੋਰਟਲ ਸਿਸਟਮ ਲਾਗੂ ਕੀਤਾ ਜਾਵੇਗਾ।

ਚੋਰਮੋਰੀਆਂ ਬੰਦ ਕਰਕੇ ਪੰਜਾਬ ਦੀ ਆਮਦਨ ਨੂੰ ਵਧਾਇਆ ਜਾਵੇਗਾ, ਜਿਸ ਨੂੰ ਲੋਕ ਭਲਾਈ ਕਾਰਜਾਂ ਵਾਸਤੇ ਖਰਚ ਕੀਤਾ ਜਾਵੇਗਾ। ਪੰਜਾਬ ਮਾਡਲ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ 13 ਨੁਕਾਤੀ ਏਜੰਡੇ ਤਹਿਤ ਸ਼ਰਾਬ, ਰੇਤ ਅਤੇ ਭੂ ਮਾਫੀਆ ਨੂੰ ਖਤਮ ਕਰਕੇ ਸਰਕਾਰੀ ਖਜ਼ਾਨਾ ਭਰਿਆ ਜਾਵੇਗਾ। ਇਸ ਨਾਲ ਸਰਕਾਰ ਨੂੰ ਲਗਪਗ 50 ਹਜ਼ਾਰ ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਵੇਗਾ, ਜਿਸਨੂੰ ਅਗਾਂਹ ਸਰਕਾਰੀ ਯੋਜਨਾਵਾਂ ਲਈ ਨਿਵੇਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਪਲਾਨਿੰਗ ਕਮਿਸ਼ਨ ਦਾ ਮੁੜ ਤੋਂ ਗਠਨ ਕੀਤਾ ਜਾਵੇਗਾ, ਜਿਸ ਰਾਹੀਂ ਸੂਬੇ ਵਿਚ ‘ਈ ਗਵਰਨੈਂਸ’ ਦਿੱਤੀ ਜਾਵੇਗੀ। ਲਗਪਗ 170 ਸੇਵਾਵਾਂ ਲੋਕਾਂ ਨੂੰ ਘਰ ਬੈਠਿਆਂ ਮਿਲ ਸਕਣਗੀਆਂ। ਉਨ੍ਹਾਂ ਕਿਹਾ ਕਿ ਕੇਬਲ ਅਤੇ ਟਰਾਂਸਪੋਰਟ ਪ੍ਰਣਾਲੀ ਨੂੰ ਪਾਰਦਰਸ਼ੀ ਬਣਾਇਆ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਹੋਰ ਵੀ ਕਈ ਕਾਂਗਰਸੀ ਆਗੂ ਹਾਜ਼ਰ ਸਨ।

ਕੇਜਰੀਵਾਲ ‘ਸਿਆਸੀ ਯਾਤਰੂ ਤੇ ਪਰਵਾਸੀ ਪੰਛੀ’

ਸਿੱਧੂ ਨੇ ‘ਆਪ’ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਨਿਸ਼ਾਨਾ ਸੇਧਦਿਆਂ ਉਸ ਨੂੰ ‘ਸਿਆਸੀ ਯਾਤਰੂ ਅਤੇ ਪ੍ਰਵਾਸੀ ਪੰਛੀ’ ਕਰਾਰ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਉਹ ਕਾਂਗਰਸ ਦੇ ਪੰਜਾਬ ਮਾਡਲ ਦੀ ਨਕਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਅੱਜ ਤਕ ਪੰਜਾਬ ਵਾਸੀਆਂ ਨੂੰ ਇਹ ਨਹੀਂ ਦੱਸਿਆ ਕਿ ਉਨ੍ਹਾਂ ਵਲੋਂ ਦਿੱਤੀਆਂ ਜਾ ਰਹੀਆਂ ਗਰੰਟੀਆਂ ਲਈ ਰਕਮ ਕਿੱਥੋਂ ਆਵੇਗੀ। ਉਨ੍ਹਾਂ ਦੋਸ਼ ਲਾਇਆ ਕਿ ਉਹ ਹੁਣ ਤਕ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵੇਲੇ ਪਰਵਾਸੀ ਪੰਜਾਬੀਆਂ ਵਲੋਂ ਭੇਜੇ ਪੈਸੇ ਦਾ ਲੇਖਾ ਜੋਖਾ ਵੀ ਨਹੀਂ ਦੇ ਸਕੇ ਹਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਗਲੇ 25 ਸਾਲਾਂ ’ਚ ਭਾਰਤ ਦਾ ਵਿਕਾਸ ‘ਟਿਕਾਊ ਤੇ ਭਰੋਸੇਯੋਗ’ ਹੋਵੇਗਾ: ਮੋਦੀ
Next articleਬਿਹਾਰ ’ਚ ਦਾਨ ਨਾ ਦੇਣ ’ਤੇ ਸਿੱਖ ਸ਼ਰਧਾਲੂਆਂ ਉੱਤੇ ਪਥਰਾਅ