ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਦੇ ਪ੍ਰਧਾਨ ਸਤੀਸ਼ ਕੁਮਾਰ ਸੋਨੀ ਦੀ ਟੀਮ ਨੇ ਭਾਮ ਐਲੀਮੈਂਟਰੀ ਸਕੂਲ ਦਾ ਦੌਰਾ ਕੀਤਾ

ਗੜ੍ਹਸ਼ੰਕਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਦੀ ਤਿੰਨ ਮੈਂਬਰੀ ਟੀਮ ਵੱਲੋਂ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਦੀ ਅਗਵਾਈ ਹੇਠ ਸਰਕਾਰੀ ਐਲੀਮੈਂਟਰੀ ਸਕੂਲ ਹਾਊਸ ਕਲੋਨੀ ਮਾਹਿਲਪੁਰ ਦਾ ਦੌਰਾ ਕੀਤਾ । ਇਸ ਮੌਕੇ ਸੰਤੋਖ ਸਿੰਘ ਜੁਆਇੰਟ ਸਕੱਤਰ ਬਲਾਕ, ਸੁਰਜੀਤ ਸਿੰਘ ਮੈਂਬਰ, ਬਲਜਿੰਦਰ ਮਾਨ ਮੁੱਖ ਸੰਪਾਦਕ ਨਿੱਕੀਆਂ ਕਰੂੰਬਲਾ, ਸੈਂਟਰ ਹੈਡ ਟੀਚਰ ਭਾਮ ਸੁਰਿੰਦਰ ਕੁਮਾਰ ਅਤੇ ਚੰਚਲ ਵਰਮਾ ਪੱਤਰਕਾਰ ਮਾਹਿਲਪੁਰ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ। ਸੁਸਾਇਟੀ ਦੀ ਟੀਮ ਵੱਲੋਂ ਇਹ ਦੌਰਾ ਕਰਨ ਦਾ ਮੁੱਖ ਮੰਤਵ ਸਕੂਲ ਦੀ ਮੁੱਖ ਅਧਿਆਪਿਕਾ ਮੈਡਮ ਸੁਰੇਖਾ ਰਾਣੀ ਨਾਲ ਮੁਲਾਕਾਤ ਕਰਨ ਦਾ ਸੀ। ਜਿਹਨਾ ਦੀਆਂ ਅਣਥੱਕ ਕੋਸ਼ਿਸ਼ਾਂ ਅਤੇ ਸਮਰਪਣ ਸਦਕਾ ਅੱਜ ਵੀ ਇਸ ਸਕੂਲ ਵਿੱਚ 208 ਦੇ ਕਰੀਬ ਬੱਚੇ ਪੜ੍ਹ ਰਹੇ ਹਨ। ਮੁੱਖ ਅਧਿਆਪਿਕਾ ਮੈਡਮ ਸੁਰੇਖਾ ਰਾਣੀ ਅਤੇ ਸੈਂਟਰ ਹੈਡ ਟੀਚਰ ਸੁਰਿੰਦਰ ਕੁਮਾਰ ਜੀ ਨੇ ਸੁਸਾਇਟੀ ਦੇ ਅਹੁਦੇਦਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜਦੋਂ ਮੈਡਮ ਜੀ ਨੇ ਇਸ ਸਕੂਲ ਵਿੱਚ ਜੁਆਇਨ ਕੀਤਾ ਸੀ, ਤਾਂ ਉਸ ਸਮੇਂ ਸਕੂਲ ਵਿੱਚ 77 ਬੱਚੇ ਪੜ੍ਹਦੇ ਸਨ ਅਤੇ ਇਸ ਸਕੂਲ ਦੀ ਬਿਲਡਿੰਗ ਬਹੁਤ ਹੀ ਖਸਤਾ ਹਾਲ ਵਿਚ ਸੀ ਅਤੇ ਸਕੂਲ ਤੋਂ ਬਾਹਰ ਗਲੀਆਂ ਦਾ ਪਾਣੀ ਕਮਰਿਆਂ ਵਿੱਚ ਆ ਜਾਂਦਾ ਸੀ। ਜਿਸ ਕਾਰਨ ਬੱਚਿਆ ਨੂੰ ਪੜ੍ਹਨ ਵਿੱਚ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਬੱਚਿਆ ਦੀ ਦਿੱਕਤ ਨੂੰ ਦੇਖਦੇ ਹੋਏ ਮੈਡਮ ਸੂਰੇਖਾ ਰਾਣੀ ਜੀ ਨੇ ਆਪਣੀ ਨੇਕ ਕਮਾਈ ਵਿੱਚੋਂ ਖਰਚ ਕਰਕੇ ਸਕੂਲ ਵਿੱਚ ਇੱਕ ਦਫ਼ਤਰ ਲਈ ਕਮਰਾ ਅਤੇ ਸਕੂਲ ਦਾ ਫਰਸ਼ ਪੁਆਇਆ ਅਤੇ ਬੱਚਿਆ ਦੀ ਸਕੂਲ ਹਾਜਰੀ ਵਧਾਉਣ ਲਈ ਆਪ ਘਰ-ਘਰ ਜਾ ਕੇ ਮਾਪਿਆ ਨੂੰ ਬੇਨਤੀ ਕੀਤੀ ਅਤੇ ਬੱਚਿਆਂ ਦੀ ਸੁਵਿਧਾ ਲਈ ਆਪਣੇ ਕੋਲੋਂ ਖਰਚ ਕਰਕੇ ਇਕ ਸਕੂਲ ਵੈਨ ਦਾ ਪ੍ਰਬੰਧ ਕੀਤਾ। ਮੈਡਮ ਸੁਰੇਖ਼ਾ ਰਾਣੀ ਜੀ ਨੇ ਦੱਸਿਆ ਕਿ ਪਿਛਲੇ 16 ਸਾਲਾਂ ਤੋਂ ਵਿੱਦਿਆ ਦੇ ਖੇਤਰ ਵਿੱਚ ਸੇਵਾਵਾਂ ਨਿਭਾਅ ਰਹੇ ਹਨ ਅਤੇ ਉਹ ਖੁਦ ਹਿਸਟਰੀ, ਹਿੰਦੀ ਅਤੇ ਪੁਲੀਟੀਕਲ ਸਾਇੰਸ ਦੇ ਵਿਸ਼ਿਆਂ ਵਿੱਚ ਟ੍ਰਿਪਲ ਪੋਸਟ ਗਰੈਜੁਏਟ ਹਨ ਅਤੇ ਉਹਨਾਂ ਨੇ ਪੀ ਜੀ ਡੀ ਸੀ ਏ ਦੇ ਨਾਲ ਐਮ.ਸੀ.ਏ. ਆਦਿ ਦੀ ਉੱਚ ਸਿੱਖਿਆ ਪ੍ਰਾਪਤ ਕੀਤੀ ਹੋਈ ਹੈ। ਉਹਨਾ ਨੇ 2008 ਤੋ 2018 ਤਕ ਸੈਨਿਕ ਸਕੂਲ ਵਿੱਚ ਅਧਿਆਪਕ ਦੇ ਰੂਪ ਵਿਚ ਸੇਵਾਵਾਂ ਨਿਭਾਈਆਂ ਅਤੇ ਉਸ ਤੋਂ ਬਾਅਦ 2019 ਵਿਚ ਇਸੇ ਸਕੂਲ਼ ਵਿੱਚ ਸਿੱਧੇ ਮੁੱਖ ਅਧਿਆਪਕਾ ਵਜੋਂ ਨਿਯੁਕਤ ਹੋਏ। ਇਸ ਮੌਕੇ ਹਾਜਿਰ ਬਲਜਿੰਦਰ ਮਾਨ ਨੇ ਕਿਹਾ ਕਿ ਸਾਡੇ ਮਾਹਿਲਪੁਰ ਕਸਬੇ ਲਈ ਮਾਣ ਵਾਲੀ ਗੱਲ ਹੈ ਕਿ ਮੈਡਮ ਸੁਰੇਖਾ ਰਾਣੀ ਵਰਗੇ ਅਧਿਆਪਕ ਵਿਦਿਅਕ ਖੇਤਰ ਵਿੱਚ ਸੇਵਾਵਾਂ ਨਿਭਾਅ ਰਹੇ ਹਨ। ਜਿਨ੍ਹਾਂ ਕਾਰਨ ਸਾਡੇ ਸਕੂਲਾਂ ਅਤੇ ਉਥੇ ਪੜ੍ਹ ਰਹੇ ਬੱਚਿਆਂ ਦਾ ਭਵਿੱਖ ਬਹੁਤ ਹੀ ਉੱਜਵਲ ਹੈ। ਇਸ ਸਕੂਲ ਦੇ ਬੱਚੇ ਪੜ੍ਹਾਈ ਅਤੇ ਖੇਡਾਂ ਵਿਚ ਜ਼ਿਲ੍ਹਾ ਪੱਧਰ ਤਕ ਸਾਡੇ ਹਲਕੇ ਦਾ ਨਾਮ ਚਮਕਾ ਰਹੇ ਹਨ । ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਦੇ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਅਤੇ ਜੁਆਇੰਟ ਸਕੱਤਰ ਬਲਾਕ ਸੰਤੋਖ ਸਿੰਘ ਨੇ ਕਿਹਾ ਕਿ ਮੈਡਮ ਸੁਰੇਖ਼ਾ ਰਾਣੀ ਜੀ ਦੀ ਅਗਵਾਈ ਵਿੱਚ ਮਾਹਿਲਪੁਰ ਦਾ ਇਹ ਸਰਕਾਰੀ ਐਲੀਮੈਂਟਰੀ ਸਕੂਲ ਕਾਫੀ ਲੰਬੀਆਂ ਪੁਲਾਂਘਾਂ ਪੁੱਟ ਰਿਹਾ ਹੈ। ਪਰ ਸੂਬਾ ਸਰਕਾਰ ਦੀ ਅਣਦੇਖੀ ਦਾ ਸ਼ਿਕਾਰ ਹੋ ਰਿਹਾ ਹੈ ਜਿੱਥੇ 200 ਤੋ ਉਪਰ ਬੱਚਿਆ ਨੂੰ ਪੜਾਉਣ ਲਈ ਦੋ ਅਧਿਆਪਕ ਹਨ , ਬਾਕੀ ਅਧਿਆਪਕਾਂ ਦੀ ਕਮੀਂ ਨੂੰ ਪੂਰੀ ਕਰਨ ਲਈ ਮੈਡਮ ਸੁਰੇਖਾ ਰਾਣੀ ਜੀ ਨੇ ਆਪਣੀ ਤਨਖਾਹ ਦੇ ਦਸਵੰਧ ਚੋਂ ਦੋ ਮੈਡਮਾਂ ਰੱਖੀਆਂ ਹੋਈਆਂ ਹਨ। ਜਦੋਂ ਕਿ ਸਰਕਾਰ ਦੇ ਨਿਯਮਾਂ ਅਨੁਸਾਰ 30 ਬੱਚਿਆ ਨੂੰ ਪੜਾਉਣ ਲਈ ਇਕ ਅਧਿਆਪਕ ਹੋਣਾ ਜਰੂਰੀ ਹੈ। ਇਥੇ ਸੱਤ ਅਧਿਆਪਕ ਚਾਹੀਦੇ ਹਨ । ਪਰ ਇਸ ਸਕੂਲ ਦੇ ਅਧਿਆਪਕ ਸਰਕਾਰ ਦੇ ਸਿੱਖਿਆ ਸੁਧਾਰ ਦੇ ਦਾਅਵਿਆਂ ਦੀ ਪੋਲ ਖੋਲ ਰਹੇ ਹਨ। ਉਹਨਾ ਕਿਹਾ ਕਿ ਸੂਬੇ ਦੇ ਸਕੂਲ਼ਾਂ ਦੇ ਅਧਿਆਪਕਾਂ ਨੂੰ ਵਿਦੇਸ਼ ਟ੍ਰੇਨਿੰਗ ਦੀ ਲੋੜ ਨਹੀਂ ਹੈ। ਸਾਡੇ ਸਕੂਲ਼ਾਂ ਨੂੰ ਮੈਡਮ ਸੁਰੇਖ਼ਾ ਰਾਣੀ ਵਰਗੇ ਮਿਹਨਤੀ ਅਤੇ ਸਮਰਪਿਤ ਅਧਿਆਪਕਾਂ ਦੀ ਲੋੜ ਹੈ । ਉਹਨਾ ਕਿਹਾ ਕਿ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਪ੍ਰੈਸ ਦੇ ਮਾਧਿਅਮ ਰਾਹੀਂ ਸੂਬਾ ਸਰਕਾਰ ਕੋਲੋ ਮੰਗ ਕਰਦੀ ਹੈ, ਕਿ ਸਰਕਾਰ ਦਾਅਵਿਆਂ ਦੀ ਬਿਆਨਬਾਜ਼ੀ ਤੋਂ ਬਾਹਰ ਆ ਕੇ ਹਕੀਕਤ ਨੂੰ ਪਹਿਚਾਣਦੇ ਹੋਏ ਕਾਬਿਲ ਆਧਿਆਪਕਾ ਨੂੰ ਸਕੂਲਾਂ ਵਿੱਚ ਨਿਯੁਕਤ ਕਰੇ ਤਾਂ ਜੋਂ ਸਾਡੇ ਬੱਚਿਆਂ ਨੂੰ ਸਹੀ ਵਿਦਿਆ ਮਿਲ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਤੋਖ ਸਿੰਘ ਜੁਆਇੰਟ ਸਕੱਤਰ, ਸੁਰਜੀਤ ਸਿੰਘ, ਮੈਡਮ ਸੁਰੇਖਾ ਰਾਣੀ ਮੁੱਖ ਅਧਿਆਪਕਾ, ਮੈਡਮ ਰਮਨਦੀਪ ਟੀਚਰ, ਮੈਡਮ ਭੁਪਿੰਦਰ ਕੌਰ, ਮੈਡਮ ਸ਼ਿਵਾਨੀ, ਕੁਲਵਿੰਦਰ ਕੌਰ, ਜਸਵਿੰਦਰ ਕੌਰ, ਸੁਰਿੰਦਰ ਕੁਮਾਰ ਸੈਂਟਰ ਹੈਡ ਟੀਚਰ ਭਾਮ, ਨੀਲਮ ਕੁਮਾਰੀ, ਚੰਚਲ ਵਰਮਾ ਪੱਤਰਕਾਰ, ਮੀਨੂ ਰਾਣੀ, ਬਲਜਿੰਦਰ ਮਾਨ ਲੇਖਕ ਆਦਿ ਹਾਜਿਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚੇਅਰਮੈਨ ਕੁਲਵੰਤ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਸੇਵਾਮੁਕਤ ਕਰਮਚਾਰੀ ਯੂਨੀਅਨ ਨੇ ਮੀਟਿੰਗ ਕੀਤੀ
Next articleਚੁਰਾਸੀ ਲੱਖ ਜੂਨੀਆਂ ____