ਇਸਲਾਮਾਬਾਦ (ਸਮਾਜ ਵੀਕਲੀ): ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਅੱਜ ਕਿਹਾ ਕਿ ਉਹ ਗੁਆਂਢੀ ਮੁਲਕ ਨਾਲ ਜਾਰੀ ਵੱਖਰੇਵਿਆਂ ਨੂੰ ਦੂਰ ਕਰਨ ਲਈ ਆਪਣੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਨਾਲ ਟੈਲੀਵਿਜ਼ਨ ’ਤੇ ਵਾਦ-ਵਿਵਾਦ ਕਰਨਾ ਚਾਹੁਣਗੇ। ਖ਼ਾਨ ਨੇ ਇਹ ਦਾਅਵਾ ਅੱਜ ਇਥੇ ਮਾਸਕੋ ਦੀ ਆਪਣੀ ਪਲੇਠੀ ਦੋ ਰੋਜ਼ਾ ਫੇਰੀ ਦੀ ਪੂਰਬਲੀ ਸੰਧਿਆ ਰੂਸ ਦੇ ਸਰਕਾਰੀ ਟੈਲੀਵਿਜ਼ਨ ਨੈੱਟਵਰਕ ਆਰਟੀ ਨੂੰ ਦਿੱਤੀ ਇੰਟਰਵਿਊ ਦੌਰਾਨ ਕੀਤਾ। ਪਿਛਲੇ ਦੋ ਦਹਾਕਿਆਂ ਵਿਚ ਪਾਕਿਸਤਾਨ ਦੇ ਕਿਸੇ ਵਜ਼ੀਰ ਆਜ਼ਮ ਦੀ ਰੂਸ ਦੀ ਇਹ ਪਲੇਠੀ ਫੇਰੀ ਹੋਵੇਗੀ। ਆਪਣੀ ਇਸ ਫੇਰੀ ਦੌਰਾਨ ਇਮਰਾਨ ਖ਼ਾਨ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਪ੍ਰਮੁੱਖ ਖੇਤਰੀ ਤੇ ਕੌਮਾਂਤਰੀ ਮੁੱਦਿਆਂ ’ਤੇ ਚਰਚਾ ਕਰਨਗੇ।
ਖ਼ਾਨ ਨੇ ਰੂਸ-ਯੂਕਰੇਨ ਵਿਵਾਦ ਦਾ ‘ਸ਼ਾਂਤੀਪੂਰਵਕ ਹੱਲ’ ਨਿਕਲਣ ਦੀ ਆਸ ਜਤਾਈ ਹੈ। ਖ਼ਾਨ ਨੇ ਇਕ ਸਵਾਲ ਦੇ ਜਵਾਬ ਵਿੱਚ ਕਿਹਾ, ‘‘ਮੈਂ ਨਰਿੰਦਰ ਮੋਦੀ ਨਾਲ ਟੈਲੀਵਿਜ਼ਨ ’ਤੇ ਵਾਦ-ਵਿਵਾਦ ਕਰਨਾ ਚਾਹਾਂਗਾ।’’ ਉਨ੍ਹਾਂ ਕਿਹਾ ਕਿ ਜੇਕਰ ਵਾਦ-ਵਿਵਾਦ ਨਾਲ ਪਾਕਿਸਤਾਨ ਤੇ ਭਾਰਤ ਦੇ ਵੱਖਰੇਵੇਂ ਦੂਰ ਹੋ ਜਾਣ ਤਾਂ ਉਪਮਹਾਦੀਪ ਦੇ ਇਕ ਅਰਬ ਤੋਂ ਵੱਧ ਲੋਕਾਂ ਲਈ ਇਸ ਤੋਂ ਚੰਗੀ ਗੱਲ ਹੋਰ ਕੀ ਹੋਵੇਗੀ। ਇਕ ਸਵਾਲ ਦੇ ਜਵਾਬ ਵਿੱਚ ਖ਼ਾਨ ਨੇ ਕਿਹਾ ਕਿ ਸਾਲ 2018 ਵਿੱਚ ਉਨ੍ਹਾਂ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਸੱਤਾ ਵਿੱਚ ਆਉਣ ਤੋਂ ਫੌਰੀ ਮਗਰੋਂ ਉਨ੍ਹਾਂ ਭਾਰਤ ਤੱਕ ਰਸਾਈ ਕਰਦਿਆਂ ਭਾਰਤੀ ਲੀਡਰਸ਼ਿਪ ਨੂੰ ਮੇਜ਼ ’ਤੇ ਬੈਠ ਕੇ ਕਸ਼ਮੀਰ ਮੁੱਦਾ ਹੱਲ ਕਰਨ ਲਈ ਕਿਹਾ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly