ਕਾਸ਼! ਅਸੀਂ ਪੰਛੀ ਹੁੰਦੇ

ਹਰਪ੍ਰੀਤ ਕੌਰ ਸੰਧੂ
         (ਸਮਾਜ ਵੀਕਲੀ)
ਵਿਹੜੇ ਵਿੱਚ ਅੰਬ ਦਾ ਇੱਕ ਵੱਡਾ ਦਰਖਤ ਹੈ। ਉਸ ਤੇ ਕਈ ਤਰ੍ਹਾਂ ਦੇ ਪਸ਼ੂ ਪੰਛੀਆਂ ਦਾ ਬਸੇਰਾ ਹੈ। ਇੱਕ ਦਿਨ ਬਾਜ਼ਾਰ ਵਿੱਚੋਂ ਲੰਘਦਿਆਂ ਇੱਕ ਦੁਕਾਨ ਤੇ ਇੱਕ ਆਲਣਾ ਟੰਗਿਆ ਦੇਖਿਆ। ਉਹ ਆਲਣਾ ਕਿਸੇ ਪੰਛੀ ਦਾ ਹੀ ਬਣਾਇਆ ਹੋਇਆ ਸੀ ਜੋ ਦੁਕਾਨਦਾਰ ਨੇ ਵੇਚਣ ਲਈ ਰੱਖ ਲਿਆ ਸੀ।
ਪਤਾ ਨਹੀਂ ਕੀ ਸੋਚ ਕੇ ਮੈਂ ਉਹ ਆਲਣਾ ਖਰੀਦ ਲਿਆ। ਕਈ ਦਿਨ ਆ ਜਾਣਾ ਮੇਰੇ ਕਮਰੇ ਵਿੱਚ ਮੇਜ ਤੇ ਪਿਆ ਰਿਹਾ। ਇੱਕ ਦਿਨ ਮੈਂ ਦੇਖਿਆ ਅੰਬ ਦੇ ਉੱਤੇ ਨਿੱਕੀਆਂ ਨਿੱਕੀਆਂ ਚਿੜੀਆਂ ਆਲਣਾ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਮੇਰੇ ਮਨ ਵਿੱਚ ਖਿਆਲ ਆਇਆ ਕਿ ਇਹ ਆਲਣਾ ਅੰਬ ਦੇ ਦਰਖਤ ਤੇ ਟੰਗ ਦਿਆ। ਵਿਚਾਰੀਆਂ ਚਿੜੀਆਂ ਨੂੰ ਇਨੀ ਮਿਹਨਤ ਤਾਂ ਨਹੀਂ ਕਰਨੀ ਪਏਗੀ।
ਆਲਣਾ ਅੰਬ ਤੇ ਪੱਤਿਆਂ ਦੇ ਵਿਚਕਾਰ ਟੰਗ ਦਿੱਤਾ। ਹਰ ਰੋਜ਼ ਸਵੇਰੇ ਦੇਖਦੀ ਸ਼ਾਇਦ ਕੋਈ ਚਿੜੀ ਉਸ ਆਲਣੇ ਵਿੱਚ ਹੋਵੇ। ਪਰ ਹਰ ਸਵੇਰ ਉਹ ਆਲਣਾ ਖਾਲੀ ਹੀ ਨਜ਼ਰੀ ਪਿਆ। ਕੁਝ ਦਿਨਾਂ ਵਿੱਚ ਚਿੜੀਆਂ ਨੇ ਵੀ ਆਪਣਾ ਆਲਣਾ ਪੂਰਾ ਬਣਾ ਲਿਆ। ਹੁਣ ਉਸ ਆਲਣੇ ਵਿੱਚ ਆਂਡੇ ਵੀ ਸੀ। ਆਂਡਿਆਂ ਵਿੱਚੋਂ ਨਿੱਕੇ ਨਿੱਕੇ ਬੋਟ ਨਿਕਲੇ। ਭਰਿਆ ਪੂਰਾ ਪਰਿਵਾਰ ਹੋ ਗਿਆ ਨਿੱਕੀਆਂ ਚਿੜੀਆਂ ਦਾ।
ਲਗਭਗ ਮਹੀਨਾ ਹੋ ਚੁੱਕਾ ਹੈ ਉਸ ਆਲਣੇ ਨੂੰ ਅੰਬ ਤੇ ਟੰਗਿਆ ਪਰ ਉਹ ਅੱਜ ਵੀ ਖਾਲੀ ਹੀ ਹੈ। ਪੰਛੀ ਵੀ ਆਪਣਾ ਬਸੇਰਾ ਆਪ ਬਣਾਉਂਦੇ ਹਨ। ਕਿਸੇ ਦੇ ਆਲਣੇ ਤੇ ਕਬਜ਼ਾ ਨਹੀਂ ਕਰਦੇ। ਮਨੁੱਖ ਵਾਂਗ ਨਹੀਂ ਕਿ ਥਾਂ ਦੇਖੀ ਤੇ ਦੱਬ ਲਈ। ਪਸ਼ੂ ਪੰਛੀਆਂ ਵਿੱਚ ਦੂਜੇ ਦਾ ਹੱਕ ਮਾਰਨ ਦੀ ਪ੍ਰਵਿਰਤੀ ਹੈ ਹੀ ਨਹੀਂ।
ਇਹ ਸੁਆਰਥ ਤੇ ਲਾਲਚ ਸਿਰਫ ਮਨੁੱਖ ਵਿੱਚ ਹੈ। ਮਨੁੱਖ ਨੂੰ ਜਿੱਥੇ ਵੀ ਮੌਕਾ ਮਿਲੇ ਦੂਜੇ ਦੇ ਹੱਕ ਤੇ ਡਾਕਾ ਮਾਰਨ ਦੀ ਕਰਦਾ ਹੈ। ਅਕਸਰ ਇਹ ਗੱਲਾਂ ਮਨ ਨੂੰ ਬਹੁਤ ਪਰੇਸ਼ਾਨ ਕਰਦੀਆਂ ਹਨ। ਕੁਦਰਤ ਨੇ ਸਭ ਨੂੰ ਇੱਕੋ ਜਿਹਾ ਬਣਾਇਆ। ਮਨੁੱਖ ਦਾ ਬਹੁਤ ਵਿਕਾਸ ਹੋਇਆ ਤੇ ਉਸ ਵਿਕਾਸ ਦਾ ਅੰਤ ਇਹ ਨਿਕਲਿਆ ਕਿ ਉਹ ਸਵਾਰਥ ਤੇ ਲਾਲਚ ਨਾਲ ਭਰ ਗਿਆ। ਉਸਨੇ ਆਪਣਾ ਭੋਲਾਪਨ ਤੇ ਸਾਦਗੀ ਗਵਾ ਲਈ।
ਕਈ ਵਾਰ ਸੋਚਦੀ ਹਾਂ ਕਾਸ਼ ਅਸੀਂ ਪਸ਼ੂ ਪੰਛੀਆਂ ਜਿਹੇ ਹੀ ਰਹਿੰਦੇ। ਸਾਡੇ ਅੰਦਰ ਉਹ ਸਾਦਗੀ ਉਹ ਭੋਲਾਪਣ ਬਰਕਰਾਰ ਰਹਿੰਦਾ। ਸਾਨੂੰ ਇੱਕ ਦੂਜੇ ਤੇ ਵਿਸ਼ਵਾਸ ਹੁੰਦਾ। ਇੱਕ ਦੂਜੇ ਦੀ ਧੀ ਭੈਣ ਤੇ ਮਾੜੀ ਨਜ਼ਰ ਨਾ ਰੱਖਦੇ। ਵੱਟ ਪਿੱਛੇ ਪਏ ਰੌਲੇ ਤੇ ਸਾਲੋ ਸਾਲ ਮੁਕਦਮੇ ਚਲਦੇ ਹਨ। ਕਿਰਾਏਦਾਰ ਦੀ ਨੀਅਤ ਮਕਾਨ ਦੱਬਣ ਦੀ ਹੋ ਜਾਂਦੀ ਹੈ ਤੇ ਮਕਾਨ ਮਾਲਕ ਕਚਹਿਰੀਆਂ ਵਿੱਚ ਪਿਸਦਾ ਰਹਿੰਦਾ ਹੈ।
ਇਹ ਪੜ੍ਹਾਈਆਂ ਲਿਖਾਈਆਂ ਤਰੱਕੀਆਂ ਕੀ ਫਾਇਦਾ ਇਸ ਸਭ ਦਾ।
ਮਨੁੱਖ ਦਾ ਸਭ ਤੋਂ ਵੱਡਾ ਗੁਣ ਉਸ ਦੀ ਮਾਸੂਮੀਅਤ ਹੋਣੀ ਚਾਹੀਦੀ ਹੈ। ਸਾਡੇ ਅੰਦਰ ਇੱਕ ਦੂਜੇ ਪ੍ਰਤੀ ਇੱਜਤ ਤੇ ਲਗਾ ਹੋਣਾ ਚਾਹੀਦਾ ਹੈ। ਅਸੀਂ ਪੰਛੀਆਂ ਨੂੰ ਪਿੰਜਰਿਆਂ ਵਿੱਚ ਬੰਦ ਕਰ ਆਪਣੇ ਵਾਂਗ ਬੋਲਣਾ ਸਿਖਾਉਂਦੇ ਹਾਂ। ਇਹ ਭੁੱਲ ਜਾਂਦੇ ਹਾਂ ਕਿ ਸਿੱਖਣ ਦੀ ਲੋੜ ਤਾਂ ਸਾਨੂੰ ਹੈ ਇਹਨਾਂ ਭੋਲੇ ਭਾਲੇ ਪੰਛੀਆਂ ਤੋਂ।
ਹਰਪ੍ਰੀਤ ਕੌਰ ਸੰਧੂ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਰਦੀਆਂ ਚ ਨਿਆਮਤ ਹੈ ਮੋਠ ਬਾਜਰੇ ਦੀ ਖਿਚੜੀ 
Next articleਇੱਕ ਵਿਲੱਖਣ ਸਖਸ਼ੀਅਤ ਨੇ ਲੇਖ਼ਕ ਮਹਿੰਦਰ ਸੂਦ ਵਿਰਕ