(ਸਮਾਜ ਵੀਕਲੀ) ਕਈ ਦਿਨਾਂ ਤੋਂ ਮੈ ਚੰਗੀ ਤਰ੍ਹਾਂ ਸੌ ਨਹੀਂ ਸਕਿਆ ਹਾਂ।ਉਨੀਂਦਰੇ ਨਾਲ ਅੱਖਾਂ ਰੜਕ ਰਹੀਆਂ ਹਨ,ਪਰ ਨੀਂਦ ਨਹੀਂ ਆ ਰਹੀ।ਜਿਸ ਦਿਨ ਦਾ ਸੁਣਿਆ ਹੈ ਕਿ ਇੱਕ ਛੋਟੇ ਜਿਹੇ ਜੁਆਕ ਨੂੰ ਸੁਪਨਾ ਕੀ ਆਇਆ,ਉਹ ਤਾਂ ਸਾਰੀ ਕੌਮ ਦੀਆਂ ਅੱਖਾਂ ਦਾ ਤਾਰਾ ਬਣ ਗਿਆ ਹੈ। ਕੌਮ ਦਾ ਰਹਿਨੁਮਾ ਬਣ ਗਿਆ ਹੈ। ਇਸ ਤਰ੍ਹਾਂ ਲੱਗਦਾ ਕਿ ਕੌਮ ਨੂੰ ਇੱਕ ਅਨਮੋਲ ਹੀਰਾ ਮਿਲ ਗਿਆ ਹੈ।ਸ਼ਾਹੀ ਸਵਾਰੀ ਲਈ ਹਾਥੀ ਸਜਾਏ ਜਾ ਰਹੇ ਹਨ। ਬਿਗਲ ਵੱਜ ਰਹੇ ਹਨ। ਅਤੇ ਲੋਕ ਆਪਣੇ ਰਾਜਕੁਮਾਰ ਦੇ ਦਰਸ਼ਨ ਕਰਨ ਲਈ ਬਾਵਰੇ ਹੋ ਰਹੇ ਹਨ।ਮੈਨੂੰ ਰਹਿ ਰਹਿ ਕੇ ਆਪਣੇ ਪੜ ਬਾਬਿਆਂ ਅਤੇ ਪੜ – ਪੜ ਬਾਬਿਆਂ ‘ਤੇ ਗੁੱਸਾ ਆ ਰਿਹਾ ਹੈ ਕਿ ਉਹ ਮੇਰੇ ਸੁਫਨੇ ‘ਚ ਆ ਕੇ ਕਿਉਂ ਨਹੀਂ ਦੱਸਦੇ ਕਿ ਉਨ੍ਹਾਂ ਦੀ ਮਾਲਕੀ ਵਾਲਾ ਅਠ ਸੌ ਮਰੱਬਾ ਕਿੱਥੇ ਹੈ?ਜਿਸ ਬਾਰੇ ਮੇਰੇ ਬਾਪ ਦਾਦਾ ਹੁੱਬ ਹੁੱਬ ਕੇ ਮੈਨੂੰ ਦੱਸਿਆ ਕਰਦੇ ਸਨ ਕਿ ਕਿਸੇ ਸਮੇਂ ਸਾਡੇ ਪਰਿਵਾਰ ਦਾ ਮੋਢੀ ਸਵ ਚੜ੍ਹਤ ਸਿੰਘ ਅੱਠ ਸੌ ਮੁਰੱਬਿਆਂ ਦਾ ਮਾਲਕ ਹੋਣ ਦੇ ਨਾਲ ਨਾਲ ਪੰਦਰ੍ਹਾਂ ਪਿੰਡਾਂ ਦਾ ਸਰਵੇ ਸਰਵਾ ਹੋਇਆ ਕਰਦਾ ਸੀ।ਅਤੇ ਇਲਾਕੇ ਦੇ ਲੋਕ ਉਸ ਨੂੰ ਸਲਾਮਾਂ ਕਰਿਆ ਕਰਦੇ ਸਨ।ਉਸ ਦੇ ਤਬੇਲੇ ਵਿੱਚ ਇੱਕ ਤੋਂ ਇੱਕ ਵਧੀਆ ਨਸਲ ਦੇ ਘੋੜੇ ਹੋਇਆ ਕਰਦੇ ਸਨ। ਰਾਜ ਦਰਬਾਰ ਵਿੱਚ ਉਸ ਦੀ ਸਿੱਧੀ ਪਹੁੰਚ ਹੋਇਆ ਕਰਦੀ ਸੀ।ਰਾਜ ਦਰਬਾਰ ਵਿੱਚ ਹੋਣ ਵਾਲੇ ਹਰ ਫੈਸਲੇ ਵਿੱਚ ਉਸ ਦੀ ਸਲਾਹ ਖਾਸ ਅਹਿਮੀਅਤ ਰੱਖਦੀ ਸੀ। ਇਸ ਨਵੇਂ ਉਭਰੇ ਰਾਜਕੁਮਾਰ ਨੂੰ ਤਾਂ ਆਪਣੇ ਪਿਛੋਕੜ ਬਾਰੇ ਕੋਈ ਜਾਣਕਾਰੀ ਵੀ ਨਹੀਂ ਸੀ। ਉਸ ਦੇ ਮਾਂ ਬਾਪ ਵੀ ਆਪਣੀ ਰਿਆਸਤ ਨੂੰ ਭੁੱਲ ਬੈਠੇ ਸਨ, ਫ਼ੇਰ ਵੀ ਉਸ ਦੇ ਬਜ਼ੁਰਗਾਂ ਨੇ ਸੁਫਨੇ ਚ ਆ ਕੇ,ਉਸਨੂੰ ਰਿਆਸਤ ਹੀ ਨਹੀਂ, ਰਿਆਸਤ ਦਾ ਝੰਡਾ, ਰਿਆਸਤੀ ਕਿਰਪਾਨ ਅਤੇ ਸ਼ਾਹੀ ਮੁਕਟ/ਤਾਜ, ਕਲਗੀ ਸੱਭ ਕੁਝ ਦੇ ਦਿੱਤਾ।ਉਹਨਾਂ ਨੂੰ ਆਪਣੇ ਪੜ-ਪੜ-ਪੜਪੋਤੇ ‘ਤੇ ਇੰਨਾ ਪਿਆਰ ਆਇਆ ਕਿ ਰਾਤੋ ਰਾਤ ਉਸਨੂੰ ਰਾਜ ਭਾਗ,ਹਵੇਲੀ ਅਤੇ ਸ਼ਾਹੀ ਠਾਠਬਾਟ ਦੇ ਗਏ। ਇੱਕ ਸਾਡੇ ਨਿਰਮੋਹੀ ਬਜ਼ੁਰਗ ਹਨ, ਜਿਹਨਾਂ ਦੀ ਮੈ ਯਾਦਗਾਰ ਵੀ ਬਣਾ ਕੇ ਬੈਠਾ ਹਾਂ,ਅਤੇ ਹਰ ਦਿਨ ਉਹਨਾਂ ਦੀ ਦਰਿਆਦਿਲੀ ਦੇ ਕਸੀਦੇ ਪੜਦਾ ਰਹਿੰਦਾ ਹਾਂ,ਉਹ ਸੁਫਨੇ ਚ ਆ ਕੇ ਕਦੇ ਦਰਸ਼ਨ ਵੀ ਨਹੀਂ ਦਿੰਦੇ। ਮੈਨੂੰ ਆਪਣੇ ਮੋਢੀ ਬਜੁਰਗਾਂ ਤੋਂ, ਉਨ੍ਹਾਂ ਦੀ ਮਾਲਕੀ ਵਾਲੀ, ਉਹ ਅੱਠ ਸੌ ਮੁਰੱਬਾ ਜ਼ਮੀਨ ਨਹੀਂ ਚਾਹੀਦੀ, ਮੈਂ ਤਾਂ ਬੱਸ ਇੰਨਾ ਕੁ ਚਾਹੁੰਦਾ ਹਾਂ ਕਿ ਮੇਰੇ ਬਜ਼ੁਰਗ ਮੈਨੂੰ ਇੰਨਾ ਹੀ ਦੱਸ ਦੇਣ ਕਿ ਉਹਨਾਂ ਦੇ ਅੱਠ ਸੌ ਮੁਰੱਬਿਆਂ ਦੀ ਹੱਦ ਕਿੱਥੋਂ ਕੁ ਤੱਕ ਸੀ। ਮੈਨੂੰ ਉਨ੍ਹਾਂ ਦੇ ਵਧੀਆ ਨਸਲ ਦੇ ਘੋੜੇ ਨਹੀਂ ਚਾਹੀਦੇ, ਬਸ ਮੈਨੂੰ ਇੰਨਾ ਕੁ ਹੀ ਦੱਸ ਦੇਣ ਕਿ ਉਹਨਾਂ ਦੇ ਘੋੜਿਆਂ ਦਾ ਤਬੇਲਾ ਕਿੱਥੇ ਕੁ ਹੁੰਦਾ ਸੀ। ਅਤੇ ਉਹ ਪੰਦਰ੍ਹਾਂ ਪਿੰਡ ਕਿਹੜੇ ਸਨ ਜਿਨ੍ਹਾਂ ਦੇ ਉਹ ਸਰਵੇ ਸਰਵਾ ਹੋਇਆ ਕਰਦੇ ਸਨ। ਪਰ ਸਾਡੇ ਨਿਰਮੋਹੀ ਪੜ ਪੜ ਪੜਬਾਬੇ ਕੁੱਝ ਵੀ ਨਹੀਂ ਦੱਸ ਰਹੇ।
ਗੁਰਦੀਪ ਸਿੰਘ ਮੁਕੱਦਮ ਪਿੰਡ ਲਧਾਣਾ ਝਿੱਕਾ
9878160133
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



