ਇਸ ਮੌਕੇ ਪੱਤ੍ਰਿਕਾ ਦੇ ਸੰਪਾਦਕ ਰਾਜਿੰਦਰ ਸਿੰਘ ਸਹੂ ਨੇ ਰਾਜਸਥਾਨ ਵਿੱਚ ਪੰਜਾਬੀ ਸਾਹਿਤ ਲਈ ਕੀਤੇ ਜਾ ਰਹੇ ਕੰਮਾਂ ਦੀ ਜਾਣਕਾਰੀ ਦਿੱਤੀ।
ਜਲੰਧਰ (ਸਮਾਜ ਵੀਕਲੀ) ਬਲਦੇਵ ਸਿੰਘ ਬੇਦੀ :- ਰਾਜਸਥਾਨ ਵਿੱਚ ਪੰਜਾਬੀ ਸਾਹਿਤ ਦੇ ਪ੍ਰਚਾਰ-ਪਸਾਰ ਲਈ ‘ਪੈੜਾਂ’ ਪੰਜਾਬੀ ਸਾਹਿਤਕ ਮੈਗਜ਼ੀਨ ਵੱਲੋਂ ਉਲੀਕੀ ਗਈ ਲੜੀ ਤਹਿਤ ਰਾਜਸਥਾਨ ਦੇ ਪੰਜਾਬੀ ਕਵੀਆਂ ਦੇ ਪਹਿਲੇ ਸਾਂਝੇ ਕਾਵਿ-ਸੰਗ੍ਰਹਿ “ਕੱਕੀਆਂ ਪੈੜਾਂ” ਦਾ ਸ਼ਾਨਦਾਰ ਲੋਕ ਅਰਪਣ ਸਮਾਗਮ ਅੰਧਵਿਦਿਆਲਾ, ਸ੍ਰੀ ਗੰਗਾਨਗਰ ਦੇ ਸੈਮੀਨਾਰ ਹਾਲ ਵਿੱਚ ਸੰਪੰਨ ਹੋਇਆ। ਪ੍ਰੋਗਰਾਮ ਦਾ ਮੰਚ ਸੰਚਾਲਨ ਪੰਜਾਬੀ ਦੇ ਸਹਾਇਕ ਪ੍ਰੋਫੈਸਰ ਡਾ. ਕੁਲਦੀਪ ਸਿੰਘ ਵੱਲੋਂ ਕੀਤਾ ਗਿਆ। ਕਾਵਿ-ਸੰਗ੍ਰਹਿ ਦੇ ਸੰਪਾਦਕ ਡਾ. ਬਲਵਿੰਦਰ ਸਿੰਘ ਚਾਹਲ ਨੇ ਇਸ ਪਲੇਠੇ ਕਾਵਿ-ਸੰਗ੍ਰਹਿ ਨੂੰ ਪੰਜਾਬੀ ਸਾਹਿਤ ਲਈ ਇੱਕ ਮੀਲ ਪੱਥਰ ਦੱਸਿਆ। ਮੁੱਖ ਮਹਿਮਾਨ ਡਾ. ਸੁਖਪਾਲ ਸਿੰਘ ਬਰਾੜ (ਪੀ.ਐੱਮ.ਓ., ਸਰਕਾਰੀ ਅਸਪਤਾਲ, ਸ੍ਰੀ ਗੰਗਾਨਗਰ) ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸਾਹਿਤਕ ਸਮਾਗਮਾਂ ਰਾਹੀਂ ਨਸ਼ਾ ਮੁਕਤੀ ਦੀ ਮੁਹਿੰਮ ਚਲਾਈ ਜਾਣੀ ਚਾਹੀਦੀ ਹੈ। ‘ਪੈੜਾਂ’ ਪੱਤ੍ਰਿਕਾ ਦੇ ਸੰਪਾਦਕ ਰਾਜਿੰਦਰ ਸਿੰਘ ਸਹੂ ਨੇ ਰਾਜਸਥਾਨ ਵਿੱਚ ਪੰਜਾਬੀ ਸਾਹਿਤ ਲਈ ਕੀਤੇ ਜਾ ਰਹੇ ਕੰਮਾਂ ਦੀ ਜਾਣਕਾਰੀ ਦਿੱਤੀ ਅਤੇ ਕਵੀਆਂ ਨੂੰ ਸਮਾਜਿਕ ਜਾਗ੍ਰਿਤੀ ਲਈ ਨਿਰੰਤਰ ਕਲਮ ਚਲਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ‘ਪੈੜਾਂ’ ਮੈਗਜ਼ੀਨ ਦਾ ‘ਪ੍ਰਵਾਸ ਵਿਸ਼ੇਸ਼ ਅੰਕ’ ਵੀ ਰਿਲੀਜ਼ ਕੀਤਾ ਗਿਆ, ਜਿਸ ਵਿੱਚ ਦੁਨੀਆ ਭਰ ਦੇ ਵੱਖ-ਵੱਖ ਦੇਸ਼ਾਂ ਵਿੱਚ ਰਚੇ ਜਾ ਰਹੇ ਪੰਜਾਬੀ ਸਾਹਿਤ ਨਾਲ ਰੂਬਰੂ ਕਰਵਾਈਆ ਗਿਆ ਹੈ ਅਤੇ ਇਸ ਅੰਕ ਵਿੱਚ ਪਰਵਾਸੀ ਲਿਖਾਰੀਆਂ ਦੀਆਂ ਰਚਨਾਵਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਡਾ. ਕੁਲਦੀਪ ਸਿੰਘ ਨੇ ਦੱਸਿਆ ਕਿ ਇਸ ਕਾਵਿ-ਸੰਗ੍ਰਹਿ ਵਿੱਚ ਬਲਵਿੰਦਰ ਸਿੰਘ ਚਾਹਲ, ਰਾਜਿੰਦਰ ਸਿੰਘ ਸਹੂ, ਸ਼ਮਿੰਦਰ ਕੌਰ, ਸਰਦੂਲ ਸਿੰਘ, ਲਫ਼ਜ਼ ਧਾਲੀਵਾਲ, ਫਲਾਵਰ ਸਿੰਘ, ਕੈਪਟਨ ਰਣਵੀਰ ਸਿੰਘ, ਪ੍ਰੀਤ ਨਵੇਂ ਵਾਲਾ, ਸੁਖਦੇਵ ਸਿੰਘ ਬਰਾੜ, ਸਿਮਰਜੀਤ ਕੌਰ, ਸੰਧੂ 18 ਜੈੱਡ, ਗੁਰਵਿੰਦਰ ਕੌਰ ਗਰੇਵਾਲ, ਸੁਖਕੀਰਤ ਸਿੰਘ ਢਿੱਲੋਂ, ਲਖਬੀਰ ਸਿੰਘ, ਪਰਮ ਰੂਪਾਲ, ਜਗਤਾਰ ਚਮਨ, ਹਰਦੀਪ ਸਿੰਘ ਧਾਲੀਵਾਲ, ਯਾਦਵਿੰਦਰ ਕੌਰ ਅਤੇ ਬਲਬੀਰ ਸਿੰਘ ਸ਼ੌਂਖ ਸਮੇਤ 20 ਕਵੀਆਂ ਦੀਆਂ 94 ਕਵਿਤਾਵਾਂ ਸ਼ਾਮਿਲ ਹਨ। ਸਮਾਗਮ ਦੌਰਾਨ ਬਲਵਿੰਦਰ ਸਿੰਘ ਚਾਹਲ ਨੇ ‘ਮੀਠੀ ਮਿਸ਼ਰੀ ਵਾਂਗ ਪੰਜਾਬੀ’, ਰਾਜਿੰਦਰ ਸਿੰਘ ਸਹੂ ਨੇ ‘ਨੇਮਤਾਂ’, ਸ਼ਮਿੰਦਰ ਕੌਰ ਨੇ ‘ਕਵਿਤਾ ਹੁੰਦੀ ਰੱਬ ਵਰਗੀ’, ਸਰਦੂਲ ਸਿੰਘ ਨੇ ‘ਬੱਚੇ ਨੂੰ ਸੈੱਟ ਕਰਨਾ’, ਲਫ਼ਜ਼ ਧਾਲੀਵਾਲ ਨੇ ‘ਦਿਲ ਦਰਵਾਜ਼ਾ’, ਪ੍ਰੀਤ ਨਵੇਂ ਵਾਲਾ ਨੇ ‘ਮਜ਼ਦੂਰ’, ਸੁਖਦੇਵ ਬਰਾੜ ਨੇ ‘ਤਸਬੀਹਾਂ’, ਸਿਮਰਜੀਤ ਕੌਰ ਨੇ ‘ਮੇਰੀ ਮਾਂ’, ਗੁਰਵਿੰਦਰ ਕੌਰ ਗਰੇਵਾਲ ਨੇ ‘ਫਰਜ਼’, ਸੁਖਕੀਰਤ ਢਿੱਲੋਂ ਨੇ ‘ਮਿਆਰ ਬਣਾ ਕੇ’, ਲਖਬੀਰ ਸਿੰਘ ਨੇ ‘ਜਾ ਰਹੇ ਨੇ’, ਹਰਦੀਪ ਧਾਲੀਵਾਲ ਨੇ ‘ਮਾਂ’, ਯਾਦਵਿੰਦਰ ਕੌਰ ਨੇ ‘ਖੁਸ਼ੀ’ ਅਤੇ ਬਲਬੀਰ ਸਿੰਘ ਸ਼ੌਂਖ ਨੇ ‘ਗਰੀਬੀ ਦੀ ਝਲਕ’ ਕਵਿਤਾਵਾਂ ਰਾਹੀਂ ਖ਼ੂਬ ਸਮਾਂ ਬੰਨ੍ਹਿਆ। ਬੀਕਾਨੇਰ ਯੂਨੀਵਰਸਿਟੀ ਦੇ ਪੰਜਾਬੀ ਸਾਹਿਤ ਵਿਸ਼ੇ ਦੇ ਕਨਵੀਨਰ ਸੰਦੀਪ ਸਿੰਘ ਮੁੰਡੇ ਨੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਸਾਹਿਤਕ ਪ੍ਰੋਗਰਾਮਾਂ ਦੀ ਨਿਰੰਤਰਤਾ ‘ਤੇ ਜ਼ੋਰ ਦਿੱਤਾ। . ਇਕਬਾਲ ਸਿੰਘ ਜੇ.ਈ.ਐੱਨ ਨੇ ਆਪਣੀਆਂ ਬਣਾਈਆਂ ਪੇਂਟਿੰਗਾਂ ਭੇਂਟ ਕਰਕੇ ਮਹਿਮਾਨਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਪਹੁੰਚੇ ਸਾਹਿਤ ਪ੍ਰੇਮੀਆਂ ਨੇ ਪ੍ਰੋਗਰਾਮ ਦਾ ਭਰਪੂਰ ਅਨੰਦ ਮਾਣਿਆ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



