ਆਈ ਵਿਸਾਖੀ ਸੋਹਣਿਆਂ….

ਪਰਵੀਨ ਕੌਰ ਸਿੱਧੂ 
  (ਸਮਾਜ ਵੀਕਲੀ)   ਵਿਸਾਖੀ ਦੇ ਮਹੀਨੇ ਦਾ ਕਿਸਾਨ ਨਾਲ਼ ਖ਼ਾਸ ਸਬੰਧ ਹੈ। ਵਿਸਾਖੀ ਦੇ ਮਹੀਨੇ ਵਿੱਚ ਕਣਕ ਦੀ ਫ਼ਸਲ ਪੱਕ ਕੇ ਤਿਆਰ ਹੁੰਦੀ ਹੈ ਅਤੇ ਆਪਣੀ ਤਿਆਰ ਹੋਈ ਫ਼ਸਲ ਨੂੰ ਖੇਤਾਂ ਵਿਚ ਦੇਖ ਕੇ ਜੱਟ ਵੱਟ ‘ਤੇ ਖਲੋ ਕੇ ਮੁੱਛਾਂ ਨੂੰ ਤਾਅ ਦਿੰਦਾ ਹੈ। ਸੋਹਣੀ ਮੁਟਿਆਰ ਸੋਹਣੀਆਂ ਫ਼ਸਲਾਂ ਨੂੰ ਦੇਖ ਕੇ ਬੰਨੇ ਉੱਤੇ ਝੂਮ-ਝੂਮ ਕੇ ਗਿੱਧਾ ਪਾਉਂਦੀ ਹੈ। ਆਪਣੇ ਮਨ ਦੇ ਵਲਵਲਿਆਂ ਨੂੰ ਲੋਕ-ਗੀਤਾਂ ਰਾਹੀਂ ਪੇਸ਼ ਕਰਦੀ ਹੈ। ਇਹ ਉਹ ਫ਼ਸਲ ਹੈ ਜਿਸ ਨੂੰ ਅਸੀਂ ਸਾਰਾ ਸਾਲ ਵਰਤਣਾ ਹੁੰਦਾ ਹੈ। ਹਰ ਘਰ ਵਿੱਚ ਰੋਟੀ ਤਿੰਨ ਵੇਲੇ ਨਾ ਸਹੀ.. ਦੋ ਵੇਲੇ ਤਾਂ ਬਣਦੀ ਹੀ ਹੈ। ਇਸ ਕਰਕੇ ਕਣਕ ਦੀ ਫ਼ਸਲ ਬਹੁਤ ਵਿਸ਼ੇਸ਼ ਥਾਂ ਰੱਖਦੀ ਹੈ। ਪਹਿਲੇ ਸਮੇਂ ਵਿੱਚ ਵਿਸਾਖੀ ਧਰਤੀ ਨੂੰ ਖੁਸ਼ ਕਰਨ ਲਈ ਵੀ ਮਨਾਈ ਜਾਂਦੀ ਸੀ ਜਿਸ ਤੋਂ ਭਾਵ ਹੈ ਕਿ ਇਸ ਧਰਤੀ ਉੱਪਰ ਖੁਸ਼ੀ ਨਾਲ਼ ਨਾਚ ਨੱਚੇ ਜਾਂਦੇ ਸਨ, ਤਾਂ ਕਿ ਇਸ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਹੋ ਸਕ । ਸਮੇਂ-ਸਮੇਂ ਅਨੁਸਾਰ ਕਈ ਪ੍ਰਕਾਰ ਦੀਆਂ ਹੋਰ ਵੀ ਮਿਥ ਕਹਾਣੀਆਂ ਵਿਸਾਖੀ ਨਾਲ਼ ਜੁੜੀਆਂ ਹੋਈਆਂ ਹਨ। ਸਮੁੱਚੇ ਤੌਰ ‘ਤੇ ਵੇਖਿਆ ਜਾਵੇ ਤਾਂ ਵਿਸਾਖੀ ਕਣਕ ਦੀ ਫ਼ਸਲ ਦੀ ਆਮਦ ਨਾਲ਼ ਮਨਾਈ ਜਾਂਦੀ ਹੈ। ਪਹਿਲੇ ਸਮੇਂ ਵਿੱਚ ਕਿਸਾਨ ਦੀਆਂ ਜ਼ਰੂਰਤਾਂ ਇਸ ਫ਼ਸਲ ਉੱਪਰ ਹੀ ਨਿਰਭਰ ਕਰਦੀਆਂ ਸਨ। ਅੱਜ ਦੇ ਸਮੇਂ ਵਿੱਚ ਹੋਰ ਵਪਾਰ ਅਤੇ ਨੌਕਰੀਆਂ ਵੀ ਆ ਚੁੱਕੀਆਂ ਹਨ। ਜਿਸ ਕਾਰਨ ਅੱਜ ਕਈ ਕਿਸਾਨ ਕਿਸਾਨੀ ਦੇ ਨਾਲ-ਨਾਲ ਸਹਾਇਕ ਧੰਦੇ ਵਪਾਰ ਦੇ ਤੌਰ ‘ਤੇ ਵੀ ਕਰਦੇ ਹਨ।
ਵਧਦੀ ਮਹਿੰਗਾਈ ਅਤੇ ਵਧਦੀਆਂ ਐਸ਼ੋ ਇਸ਼ਰਤਾਂ ਨੇ ਇਨਸਾਨ ਨੂੰ ਮਸ਼ੀਨ ਬਣਾ ਦਿੱਤਾ ਹੈ। ਆਪਣੀਆਂ ਨਿੱਤ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਉਸ ਨੂੰ ਕਈ ਤਰ੍ਹਾਂ ਦੀ ਭੱਜ ਦੌੜ ਕਰਨੀ ਪੈਂਦੀ ਹੈ, ਮੇਰੇ ਵਿਚਾਰ ਅਨੁਸਾਰ ਸਾਨੂੰ ਆਪਣੇ ਖੇਤੀ ਦੇ ਧੰਦੇ ਨੂੰ ਵੀ ਆਪਣੇ ਤੌਰ ਉੱਪਰ ਵਪਾਰਕ ਬਣਾਉਣ ਦੀ ਜ਼ਰੂਰਤ ਹੈ। ਜਿੱਥੇ ਅਸੀਂ ਹੋਰ ਵਾਧੂ ਖਰਚੇ ਕਰਦੇ ਹਾਂ.. ਉੱਥੇ ਆਪਣੀ ਫ਼ਸਲ ਨੂੰ ਸੰਭਾਲਣ ਲਈ ਸਾਡੇ ਕੋਲੋਂ ਛੋਟੇ-ਛੋਟੇ ਗੋਦਾਮ ਹੋਣੇ ਚਾਹੀਦੇ ਹਨ, ਤਾਂ ਕਿ ਜੇਕਰ ਫ਼ਸਲ ਦਾ ਸਹੀ ਮੁੱਲ ਨਾ ਮਿਲੇ.. ਤਾਂ ਜ਼ਰੂਰਤ ਮੁਤਾਬਕ ਫ਼ਸਲ ਨੂੰ ਬਾਹਰ ਮੰਡੀ ਵਿੱਚ ਕੱਢਿਆ ਜਾਵੇ। ਇਹ ਵਪਾਰੀ ਜੋ ਕਿ ਕਿਸਾਨ ਕੋਲੋਂ ਫ਼ਸਲ ਲੈ ਕੇ ਅੱਗੇ ਦਿੰਦੇ ਹਨ। ਵਪਾਰੀ ਲੋਕ ਵਿਚੋਲਗਿਰੀ ਦੀ ਭੂਮਿਕਾ ਨਿਭਾਉਂਦੇ ਹੋਏ ਜੱਟ ਤੋਂ ਵੱਧ ਪੈਸੇ ਕਮਾ ਲੈਂਦੇ ਹਨ। ਕਿਸਾਨ ਛੇ ਮਹੀਨੇ ਦੀ ਫ਼ਸਲ ਨਾਲ ਜਾਂ ਤਿੰਨ ਮਹੀਨੇ ਦੀ ਫ਼ਸਲ ਨਾਲ਼ ਦਿਨ-ਰਾਤ ਮੱਥਾ ਮਾਰਦਾ ਹੈ। ਆਪਣਾ ਸੁੱਖ-ਆਰਾਮ ਸਭ ਕੁਝ ਤਿਆਗਦਾ ਹੈ.. ਤਾਂ ਜਾ ਕੇ ਉਸ ਨੂੰ ਕੁਝ ਪੈਸੇ ਮਿਲਦੇ ਹਨ, ਪਰ ਦੂਸਰੇ ਪਾਸੇ ਦੇਖਿਆ ਜਾਵੇ ਤਾਂ ਵਪਾਰੀ ਬਣੀ ਬਣਾਈ ਚੀਜ਼ ਤੋਂ ਦੁਗਣਾ ਤਿਗਣਾ ਮੁਨਾਫ਼ਾ ਕਮਾ ਲੈਂਦੇ ਹਨ। ਅੱਜ ਸਾਨੂੰ ਸਮੇਂ ਦੇ ਮੁਤਾਬਕ ਚੱਲਣ ਦੀ ਜ਼ਰੂਰਤ ਹੈ। ਜੇਕਰ ਸਾਨੂੰ ਆਪਣੀ ਫ਼ਸਲ ਆਪ ਵੀ ਵੇਚਣੀ ਪਵੇ.. ਤਾਂ ਇਸ ਵਿੱਚ ਕੋਈ ਸ਼ਰਮ ਨਹੀਂ ਹੈ। ਆਪਣੀਆਂ ਪੈਂਦਾ ਕੀਤੀਆਂ ਸਬਜ਼ੀਆਂ ਅਤੇ ਫਲਾਂ ਨੂੰ ਆਪ ਵੇਚਣ ਲਈ ਅੱਗੇ ਆਈਏ। ਅਸੀਂ ਕੰਮ ਕਰਨ ਦੇ ਆਦੀ ਹਾਂ ਅਤੇ ਮਿਹਨਤੀ ਹਾਂ। ਇਸ ਕਰਕੇ ਸਾਨੂੰ ਆਪਣੇ ਛੋਟੇ-ਛੋਟੇ ਪ੍ਰੋਡਕਟ ਆਪ ਬਣਾ ਕੇ ਵੇਚਣੇ ਪੈਣਗੇ। ਦਾਲਾਂ ਅਤੇ ਸਬਜ਼ੀਆਂ ਦੀ ਆਪ ਪੈਕਿੰਗ ਕਰਕੇ ਵਧੀਆ ਤਰੀਕੇ ਨਾਲ਼ ਮੰਡੀ ਵਿੱਚ ਲਿਆਉਣ ਦੀ ਜ਼ਰੂਰਤ ਹੈ। ਅੱਜ ਸਮੇਂ ਦੇ ਹਿਸਾਬ ਨਾਲ਼ ਸਾਨੂੰ ਆਪਣੀ ਸੋਚ ਅਤੇ ਕੰਮ ਕਰਨ ਦੇ ਤਰੀਕੇ ਵਿੱਚ ਨਵੀਨਤਾ ਲਿਆਉਣੀ ਪਵੇਗੀ। ਪੁਰਾਤਨਤਾ ਨੂੰ ਨਵੀਨਤਾ ਨਾਲ਼ ਜੋੜ ਕੇ ਅੱਗੇ ਵਧਾਗੇ ਤਾਂ ਨਤੀਜੇ ਬਿਹਤਰ ਅਤੇ ਵਧੀਆ ਆਉਣਗੇ।
ਕਿਸਾਨ ਨੂੰ ਅੰਨਦਾਤਾ ਵੀ ਕਿਹਾ ਜਾਂਦਾ ਹੈ.. ਫਿਰ ਇਹ ਅੰਨਦਾਤਾ ਦੂਜਿਆਂ ਦੇ ਮੁਹਤਾਜ ਕਿਉਂ ਰਹਿੰਦਾ ਹੈ? ਕਿਸੇ ਵੀ ਫ਼ਸਲ ਨੂੰ ਪਾਲਣ ਲਈ ਸਬਰ, ਸਿਦਕ, ਹਿੰਮਤ ਅਤੇ ਦਲੇਰੀ ਦੀ ਜ਼ਰੂਰਤ ਹੁੰਦੀ ਹੈ, ਜੋ ਕਿ ਇੱਕ ਕਿਸਾਨ ਵਿੱਚ ਸਹਿਜੇ ਹੀ ਹੁੰਦੀ ਹੈ। ਮੇਰੀ ਇਸ ਵਿਸਾਖੀ ਉੱਪਰ ਆਪਣੇ ਸਾਰੇ ਭੈਣ-ਭਰਾਵਾਂ, ਕਿਸਾਨ ਵੀਰਾਂ ਨੂੰ ਅਪੀਲ ਹੈ ਕਿ ਤੁਸੀਂ ਆਪਣੀ ਫ਼ਸਲ ਦੇ ਆਪ ਮਾਲਕ ਬਣੋ। ਆਪਣੀ ਫ਼ਸਲ ਦੇ ਬੀਜ ਆਪ ਤਿਆਰ ਕਰੋ। ਫਿਰ ਉਹਨਾਂ ਦੀ ਪੈਕਿੰਗ ਕਰਕੇ ਮੰਡੀ ਵਿੱਚ ਆਪ ਲੈ ਕੇ ਆਓ। ਛੋਟੇ-ਛੋਟੇ ਕਾਰੋਬਾਰਾਂ ਨਾਲ਼ ਹੀ ਵੱਡੇ-ਵੱਡੇ ਕਾਰੋਬਾਰਾਂ ਦੀ ਨੀਹ ਰੱਖੀ ਜਾਂਦੀ ਹੈ। ਹੋਰਾਂ ਉੱਪਰ ਨਿਰਭਰ ਰਹਿਣ ਦੀ ਥਾਂ ‘ਤੇ ਆਪ ਕੋਸ਼ਸ਼ਾਂ ਕਰਦੇ ਰਹੋ। ਵੰਨ-ਸੁਵੰਨਤਾ ਅਤੇ ਭਿੰਨਤਾ ਵਿਚ ਵਿਸ਼ਵਾਸ ਕਰੋ। ਮੈਂ ਕਈ ਕਿਸਾਨ ਵੇਖੇ ਹਨ ਜੋ ਆਪਣੇ ਛੋਟੇ- ਛੋਟੇ ਪ੍ਰੋਜੈਕਟਾਂ ਰਾਹੀਂ ਆਪਣੀ ਫ਼ਸਲ ਨੂੰ ਆਪ ਮਾਰਕੀਟ ਵਿੱਚ ਲਿਆ ਰਹੇ ਹਨ, ਪਰ ਫਿਰ ਵੀ ਸਾਨੂੰ ਸਾਰਿਆਂ ਨੂੰ ਅਜੇ ਬਹੁਤ ਮਿਹਨਤ ਕਰਨ ਦੀ ਜ਼ਰੂਰਤ ਹੈ। ਇੱਕ ਦੂਸਰੇ ਦੀ ਚੀਜ਼ ਦੀ ਪਬਲੀਸਿਟੀ ਕਰਨ ਵਿੱਚ ਮਦਦ ਕਰਨੀ ਚਾਹੀਦੀ ਹੈ। ਸਾਫ਼ ਅਤੇ ਸ਼ੁੱਧ ਚੀਜ਼ਾਂ ਨੂੰ ਮੰਡੀ ਵਿੱਚ ਲਿਆਓ.. ਤਾਂ ਕਿ ਤੁਹਾਡੀਆਂ ਬਣਾਈਆਂ ਚੀਜ਼ਾਂ ਦੀ ਮੰਗ ਵੱਧ ਸਕੇ। ਮੈਂ ਆਸ ਕਰਦੀ ਹਾਂ ਕਿ ਭਵਿੱਖ ਵਿੱਚ ਅਸੀਂ ਸਾਰੇ ਇੱਕ ਦੂਜੇ ਨਾਲ ਮਿਲ ਕੇ ਚੱਲਾਂਗੇ ਅਤੇ ਆਪਣੀ ਜ਼ਿੰਦਗੀ ਦੇ ਬਾਦਸ਼ਾਹ ਖੁਦ ਬਣਾਂਗੇ। ਸ਼ੁਰੂਆਤ ਥੋੜੇ ਤੋਂ ਹੀ ਹੁੰਦੀ ਹੈ.. ਬਹੁਤਾ ਸਾਡੀ ਮਿਹਨਤ ਰੰਗ ਲਿਆ ਦਿੰਦੀ ਹੈ। ਜਿਸ ਨੂੰ ਕਿਹਾ ਹੀ ਕਿਰਤੀ ਗਿਆ ਹੈ.. ਉਸ ਨੂੰ ਕਿਰਤ ਕਰਨ ਵਿੱਚ ਕਿਸ ਚੀਜ਼ ਦਾ ਗੁਰੇਜ਼ ਹੈ। ਜੇਕਰ ਉਸ ਦਾ ਸਹੀ ਮੁੱਲ ਨਹੀਂ ਮਿਲਦਾ ਤਾਂ ਤੁਹਾਡੇ ਕੋਲੋਂ ਕੋਈ ਦੂਸਰਾ ਰਸਤਾ ਵੀ ਹੋਣਾ ਚਾਹੀਦਾ ਹੈ। ਬਹੁਤ ਤਕਨੀਕੀ ਦੌਰ ਵਿੱਚ ਵੀ ਜੇਕਰ ਅਸੀਂ ਪਿੱਛੇ ਰਹਿ ਗਏ ਤਾਂ ਫਿਰ ਸਾਡਾ ਰੱਬ ਹੀ ਰਾਖਾ ਹੈ..!!
 ਪਰਵੀਨ ਕੌਰ ਸਿੱਧੂ 
 8146536200
Previous articleडॉ. अंबेडकर की राजनीतिक विरासत और इसकी वर्तमान में प्रासंगिकता
Next article,,,,,,, ਵਿਸਾਖੀ ਮੇਲਾ,,,