(ਸਮਾਜ ਵੀਕਲੀ)
ਜੇ ਮੈਂ ਸੋਂਹਵਦੀ ਹਾਂ ਤੇਰੇ ਨਾਲ਼ ਸੱਜਣਾ
ਜਾਪੇਂ ਸੰਗ ਮੇਰੇ ਤੂੰ ਵੀ ਕਮਾਲ ਸੱਜਣਾ
ਜਿਸਮ ਦੋ ਤੇ ਧੜਕਦੇ ਦੋ ਦਿਲ ਅੰਦਰ
ਰੂਹਾਂ ਦੋਵੇਂ ਇੱਕ ਸੁਰ- ਤਾਲ ਸੱਜਣਾ
ਇਸ਼ਕ ਰੰਗਲੇ ਦੀ ਬਦਨ ‘ਚੋਂ ਮਹਿਕ ਆਵੇ
ਬਿਨਾਂ ਮਹਿਕ ਨਾ ਫੁੱਲ ਗੁਲਾਲ ਸੱਜਣਾ
ਤੂੰ ਏਂ ਦੀਦ ਮਾਹੀਆ ਮੈਂ ਹਾਂ ਅੱਖ ਤੇਰੀ
ਬਾਝੋਂ ਮੇਰੇ ਨਾ ਨੂਰ ਜਲਾਲ ਸੱਜਣਾ
ਰੋਸ਼ਨੀ ਨਾਲ਼ ਹੀ ਰੋਸ਼ਨ ਚੰਨ ਅੜਿਆ
ਹਨੇਰੇ ਚੰਨ ਨੂੰ ਲੱਖਾਂ ਸਵਾਲ ਸੱਜਣਾ
ਲੋਅ ਬਣਾਂ ਤੇਰੀ ਜਿਸਮ ਜਲਾ ਆਪਣਾ
ਬਿਨਾਂ ਬੱਤੀ ਦੇ ਦੀਵਾ ਬੇਹਾਲ ਸੱਜਣਾ
ਲੈਂਦੇ ਪਹਿਲਾਂ ਨਾਂ ਸੋਹਣੀ ਹੀਰ ਸੱਸੀ
ਦੇਂਦੇ ਇਸ਼ਕ ਦੀ ਜਦੋਂ ਮਿਸਾਲ ਸੱਜਣਾ
ਸਾਡਾ ਮੇਲ ਏ ਅਵੱਲੜਾ ਜੱਗ ਉੱਤੇ
ਮਿਲੇ ਯੁੱਗ ਸਦੀ ਨੂੰ ਸੌਂਆਂ ਸਾਲ ਸੱਜਣਾ
ਮੇਲ ਹੁੰਦਾ ਸਮੁੰਦਰ ਦਾ ਨਦੀ ਤਾਈਂ
ਐਪਰ ਰੱਖੀਂ ਤੂੰ ਅੰਦਰ ਸੰਭਾਲ਼ ਸੱਜਣਾ
ਨਿੱਤ ਕਰਦੀ ਹਾਂ ‘ਪੰਧੇਰ’ ਇਬਾਦਤਾਂ ਮੈਂ
ਸਾ਼ਲਾ! ਕਦੀ ਹੋਵੇ ਨਾ ਵਿੰਗਾ ਵਾਲ਼ ਸੱਜਣਾ।
ਜਸਪ੍ਰੀਤ ਕੌਰ ਪੰਧੇਰ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly