ਪੰਜਾਬ ਦੇ ਰਿਵਾਜ਼

ਪਰਮਜੀਤ ਕੌਰ

(ਸਮਾਜ ਵੀਕਲੀ)

ਸਾਡਾ ਪੰਜਾਬੀ ਵਿਰਸਾ ਬਹੁਤ ਅਮੀਰ ਹੈ । ਪੁਰਾਣੇ ਸਮਿਆਂ ਤੋਂ ਹੀ ਇੱਥੇ ਰਿਵਾਜਾਂ ਦਾ ਬੋਲਬਾਲਾ ਹੈ । ਇਹ ਰਿਵਾਜਾਂ ਦੇ ਪੈਦਾ ਹੋਣ ਦੇ ਕਈ ਕਾਰਨ ਹਨ । ਮੁੱਢਲਾ ਮਨੁੱਖ ਦੇਵੀ ਤਾਕਤਾਂ ਤੋਂ ਜਿਆਦਾ ਡਰਦਾ ਸੀ ਇਸ ਲਈ ਉਹਨਾਂ ਨੂੰ ਖੁਸ਼ ਕਰਨ ਲਈ ਬਹੁਤ ਸਾਰੇ ਰਿਵਾਜ ਬਣੇ ਤੇ ਕਈ ਰਿਵਾਜ਼ ਸਾਡੇ ਸੁੱਖ ਤੇ ਦੁੱਖ ਦੇ ਕਾਰਨ ਬਣੇ । ਕਈ ਰਿਵਾਜ ਸਾਡੇ ਭਾਈਚਾਰਕ ਸਾਂਝ ਦਾ ਪ੍ਰਤੀਕ ਹਨ ਤੇ ਸਾਨੂੰ ਪਿਆਰ ਦੀਆਂ ਤੰਦਾਂ ਵਿੱਚ ਬੰਨ ਕੇ ਰੱਖਦੇ ਹਨ ਪਰ ਕਈ ਸਾਡੇ ਸਮਾਜ ਲਈ ਕਲੰਕ ਹਨ ।

ਸਾਡੇ ਬਹੁਤੇ ਸੰਸਕਾਰ ਅਗਨੀ , ਪਾਣੀ,ਲੋਹੇ ਅਨਾਜ ਅਤੇ ਦਰਖਤਾਂ ਦੀਆਂ ਟਾਹਣੀਆਂ ਨਾਲ ਨੇਪੜੇ ਚਾੜ੍ਹੇ ਜਾਂਦੇ ਹਨ । ਸਾਡੇ ਰਿਵਾਜਾਂ ਵਿੱਚ ਅੱਗ ਨੂੰ ਚਾਨਣ ਦਾ, ਪਾਣੀ ਸੁੱਧਤਾ ਦਾ, ਲੋਹਾ ਬਚਾਅ ਦਾ ,ਅਨਾਜ ਚੜ੍ਹਾਵੇ ਦਾ ਤੇ ਘਾਹ ਨੂੰ ਚੰਗੇ ਸ਼ਗਨਾਂ ਦਾ ਸੂਚਕ ਮੰਨਿਆ ਜਾਂਦਾ ਹੈ । ਮਨੁੱਖ ਜਦੋਂ ਗਰਭ ਵਿੱਚ ਹੁੰਦਾ ਉਦੋਂ ਹੀ ਰਿਵਾਜ਼ ਸੁਰੂ ਹੋ ਜਾਂਦੇ ਹਨ । ਇਸ ਲਈ ਸਾਡੇ ਰਿਵਾਜਾਂ ਨੂੰ ਮੈ ਥੋੜੇ ਸ਼ਬਦਾਂ ਚ ਬਿਆਨ ਨਹੀਂ ਕਰ ਸਕਦੀ ਇਸ ਲਈ ਮੈ ਇਥੇ ਜਨਮ ,ਵਿਆਹ ਤੇ ਮੌਤ ਨਾਲ ਸਬੰਧਤ ਕੁਝ ਰਿਵਾਜਾਂ ਦਾ ਵਰਣਨ ਕਰ ਰਹੀ ਹਾਂ ।

1. ਜਨਮ ਦੇ ਰਿਵਾਜ :– ਜਦੋਂ ਬੱਚਾ ਪੈਦਾ ਹੁੰਦਾ ਤਾਂ ਕਿਸੇ ਵੀ ਗੁੜ੍ਹਤੀ ਦਿੱਤੀ ਜਾਂਦੀ ਹੈ ਮੰਨਿਆਂ ਜਾਂਦਾ ਹੈ ਕਿ ਬੱਚੇ ਦਾ ਸੁਭਾਅ ਗੁੜ੍ਹਤੀ ਦੇਣ ਵਾਲੇ ਵਰਗਾ ਹੁੰਦਾ । ਜਣੇਪੇ ਦੇ ਪੰਜ ਦਿਨ ਪਿੱਛੋ ਮਾਂ ਨੂੰ ਨਹਾਉਣ ਦੀ ਤੇ ਛੇਵੇਂ ਦਿਨ ਮਾਂ ਨੂੰ ਰੋਟੀ ਖੁਆਈ ਜਾਂਦੀ ਜਿਸਨੂੰ ‘ ਛਟੀ’ ਕਹਿੰਦੇ । ਮਾਂ ਜਿੰਨੀ ਰੱਜ ਕੇ ਰੋਟੀ ਖਾਂਦੀ ਬੱਚੇ ਦੀ ਨੀਤ ਵੀ ਉਹਨੀ ਚੰਗੀ ਮੰਨੀ ਜਾਂਦੀ ।ਫਿਰ ਤੇਰੇਵੇ ਦਿਨ ਬਾਹਰ ਵਧਾਉਣ ਦੀ ਰਸਮ ਕੀਤੀ ਜਾਂਦੀ । ਜੇਕਰ ਮੁੰਡਾ ਹੋਵੇ ਤਾਂ ਸਰੀਂਹ ਜਾਂ ਨਿੰਮ ਦੇ ਪੱਤਿਆਂ ਨਾਲ ਸੇਹਰੇ ਬੰਨ੍ਹੇ ਜਾਂਦੇ ਤੇ ਤਰਾਗੀ ਪਾਈ ਜਾਂਦੀ। ਪੁਰਾਣੇ ਸਮੇਂ ਵਿੱਚ ਇਹ ਸਾਰਾ ਕੁਝ ਮੁੰਡਿਆ ਲਈ ਕੀਤਾ ਜਾਂਦਾ ਸੀ ਪਰ ਹੁਣ ਲੋਕਾਂ ਦੀ ਸੋਚ ਬਦਲ ਗਈ ਹੈ ਤੇ ਇਹ ਰਿਵਾਜ਼ ਕੁੜੀਆਂ ਲਈ ਵੀ ਕੀਤੇ ਜਾਂਦੇ ਹਨ ।

2.ਵਿਆਹ ਦੇ ਰਿਵਾਜ:- ਜਦੋਂ ਬੱਚਾ ਵੱਡਾ ਹੁੰਦਾ ਤਾਂ ਵਿਆਹ ਦੇ ਰਿਵਾਜ ਸੁਰੂ ਹੀ ਜਾਂਦੇ ਜਿਵੇਂ ਕਿ ਰੋਕਾ ਭਾਵ ਇੱਕ ਰੁਪਿਆ ਦੇ ਕੇ ਰਿਸ਼ਤਾ ਪੱਕਾ ਹੋ ਜਾਂਦਾ । ਫਿਰ ਕੁੜਮਾਈ ਹੁੰਦੀ ਜਿਸ ਵਿਚ ਕੁੜੀ ਵਾਲੇ ਪੰਚਾਇਤ ਚ ਬੈਠਾ ਕੇ ਉਸਦੀ ਝੋਲੀ ਸ਼ਗਨ ਪਾਉਂਦੇ ਤੇ ਮੁੰਡੇ ਵਾਲੇ ਕੁੜੀ ਲਈ ਸੂਟ ਤੇ ਹਾਰ – ਸ਼ਿੰਗਾਰ ਦਾ ਸਮਾਨ ਭੇਜਦੇ । ਫਿਰ ਵਿਆਹ ਦੀ ਸਾਹੇ ਚਿੱਠੀ ਭੇਜ ਕੇ ਵਿਆਹ ਪੱਕਾ ਹੁੰਦਾ । ਫਿਰ ਵਿਆਹ ਤੋਂ ਇੱਕ ਦਿਨ ਪਹਿਲਾਂ ਨਾਨਕਾ ਮੇਲ਼ ਆਉਂਦਾ ਤੇ ਰਾਤ ਨੂੰ ਜਾਗੋ । ਮੁੰਡੇ ਤੇ ਕੁੜੀ ਦੇ ਵੱਟਣਾ ਲੱਗਦਾ । ਮੁੰਡੇ ਵਾਲੇ ਘਰ ਘੋੜੀਆ ਤੇ ਕੁੜੀ ਵਾਲੇ ਘਰ ਸੁਹਾਗ ਗਾਏ ਜਾਂਦੇ । ਅਨੰਦ ਕਾਰਜ ਪਿੱਛੋ ਮੁੰਡੇ ਵਾਲੇ ਵਰੀ ਤੇ ਕੁੜੀ ਵਾਲੇ ਦਾਜ ਦਿਖਾਉਂਦੇ । ਲਾੜਾ – ਲਾੜੀ ਦੇ ਘਰ ਪਹੁੰਚਣ ਤੇ ਪਾਣੀ ਵਾਰਨ ਦੀ ਤੇ ਅਗਲੇ ਦਿਨ ਛਟੀਆਂ ਦੀ ਰਸ਼ਮ ਹੁੰਦੀ ।

3. ਮੌਤ ਦੇ ਰਿਵਾਜ :- ਮੌਤ ਤੋਂ ਬਾਅਦ ਔਰਤਾਂ ਘਰ ਕੀਰਨੇ ਪਾਉਂਦੀਆਂ । ਮ੍ਰਿਤਕ ਦੇ ਪੁੱਤਰ ਤੇ ਰਿਸ਼ਤੇਦਾਰ ਅਰਥੀ ਨੂੰ ਮੋਢਾ ਦੇ ਕੇ ਸਿਵਿਆਂ ਤੱਕ ਕੇ ਕੇ ਜਾਂਦੇ ਔਰਤਾਂ ਰਸਤੇ ਚ ਹੀ ਬੈਠਦੀਆਂ।ਫਿਰ ਚਿਖਾ ਤੇ ਮ੍ਰਿਤਕ ਨੂੰ ਪਾ ਦਿੰਦੇ ਤੇ ਵੱਡਾ ਪੁੱਤਰ ਸੰਸਕਾਰ ਕਰਦਾ । ਜਦੋਂ ਚਿਖਾ ਜਲਨ ਸਮੇਂ ਖੋਪੜੀ ਦਿਸਣ ਲੱਗ ਜਾਵੇ ਤਾਂ ਡੰਡੇ ਨਾਲ ਖੋਪਰੀ ਠਕੋਰੀ ਜਾਂਦੀ ਹੈ ਜਿਸਨੂੰ ਕਪਾਲ ਕ੍ਰਿਆਂ ਕਹਿੰਦੇ । ਫਿਰ ਡੱਕਾ ਤੋੜ ਕੇ ਮੁਰਦੇ ਨਾਲੋ ਨਾਤਾ ਤੋੜਿਆ ਜਾਂਦਾ ਤੇ ਰਸਤੇ ਵਿੱਚ ਰੁੱਕ ਕੇ ਹੱਥ ਮੂੰਹ ਧੋਂਦੇ । ਫਿਰ ਤਿੰਨ ਦਿਨਾਂ ਬਾਦ ਫੁੱਲ ਚੁਗੇ ਜਾਂਦੇ ,ਮਕਾਨਾਂ ਆਉਂਦੀਆਂ ਤੇ ਭੋਗ ਪੈਂਦਾ ਬਤੇ ਇਸ ਤੋਂ ਬਾਅਦ ਵੱਡੇ ਪੁੱਤਰ ਦੇ ਪੱਗ ਬਣ ਕੇ ਜਿੰਮੇਵਾਰੀ ਦੇ ਦਿੱਤੀ ਜਾਂਦੀ ।

ਇਸ ਤਰ੍ਹਾਂ ਮਨੁੱਖ ਸਾਰੀ ਜਿੰਦਗੀ ਹੀ ਰਿਵਾਜਾਂ ਨਾਲ ਬੰਨ੍ਹਿਆ ਰਹਿੰਦਾ । ਇਹ ਸਾਰੇ ਰਿਵਾਜ ਜਾਂ ਤਾਂ ਡਰ ਕਾਰਨ ਉਪਜੇ ਜਾਂ ਫਿਰ ਇਹਨਾਂ ਪਿੱਛੇ ਕੋਈ ਵਿਗਿਆਨਕ ਕਾਰਣ ਸੀ ਜਿਵੇਂ ਕਿ ਬੱਚੇ ਦੇ ਜਨਮ ਸਮੇਂ ਨਿੰਮ ਬੰਨਣ ਨਾਲ ਸੁੱਧ ਹਵਾ ਅੰਦਰ ਜਾਂਦੀ । ਪਰ ਹੁਣ ਬਦਲਦੇ ਸਮੇਂ ਨਾਲ ਇਹ ਰਿਵਾਜ਼ ਵੀ ਬਦਲ ਰਹੇ ਨੇ ਤੇ ਭਾਈਚਾਰਕ ਸਾਂਝ ਵੀ ਖਤਮ ਹੋ ਰਹੀ । ਕਈ ਰਿਵਾਜ਼ ਜਿਵੇਂ ਕਿ ਦਾਜ ਆਦਿ ਅੱਜ ਦੇ ਸਮੇਂ ਸਾਡੇ ਸਮਾਜ ਵਿੱਚ ਕੋਹੜ ਰੂਪੀ ਬਿਮਾਰੀ ਬਣ ਗਏ ਹਨ ।

ਹੁਣ ਨਾ ਉਹ ਸੱਥਾਂ ਰਹੀਆਂ ,ਨਾ ਤੀਆਂ ,ਨਾ ਤ੍ਰਿਝੰਣ ,ਨਾ ਉਹ ਮੇਲੇ , ਨਾ ਚਰਖਿਆਂ ਦੀ ਕੂ – ਕੂ ,ਨਾ ਕਿੱਕਲੀ ,ਨਾ ਮਧਾਣੀ ,ਨਾ ਖੂਹ ਦੀਆਂ ਟਿੰਡਾਂ ਤੇ ਨਾ ਉਹ ਗੱਡੇ ਪਤਾ ਨੀ ਹੋਰ ਕਿੰਨਾ ਕੁਝ ਸਮੇਂ ਨਾਲ ਅਲੋਪ ਹੋ ਗਿਆ ਤੇ ਹੋ ਰਿਹਾ । ਸੋ ਸਾਨੂੰ ਜਰੂਰਤ ਹੈ ਕਿ ਅਸੀਂ ਬੁਰੇ ਰਿਵਾਜਾਂ ਤੋਂ ਤੌਬਾ ਕਰੀਏ ਤੇ ਚੰਗੇ ਰਿਵਾਜਾਂ ਦੀ ਉਮਰ ਲੰਮੇਰੀ ਕਰੀਏ ।
ਨਾ ਵਕਤ ਹੀ ਰੁੱਕਿਆ ਕਰਦਾ ਹੈ ,ਨਾ ਜ਼ੋਰ ਚੱਲੇ ਤਕਦੀਰਾ ਤੇ
ਬੀਤੇ ਵੇਲੇ ਯਾਦ ਆਵਣ ਜਦੋਂ ਨਜ਼ਰ ਪਵੇ ਤਸ਼ਵੀਰਾਂ ਤੇ

 

ਪਰਮਜੀਤ ਕੌਰ

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੋਹਣਾ ਜਿਹਾ ਪੰਜਾਬ
Next articleਸੋਂਹਵਦੀ ਹਾਂ ਤੇਰੇ ਨਾਲ਼ ਸੱਜਣਾ