(ਸਮਾਜ ਵੀਕਲੀ)
18 ਮਈ 2011 ਤੋਂ ਮੇਰੇ ਕੱਪੜਿਆਂ ਨਾਲ ਚਿੰਬੜੀ ਜੁਲਮ ਤੇ ਤਸ਼ੱਦਦ ਦੀ ਚੰਗਿਆੜੀ ਹੁਣ ਭਾਂਬੜ ਦਾ ਰੂਪ ਧਾਰਨ ਕਰ ਚੁੱਕੀ ਸੀ…ਜਦੋਂ ਦਹੇਜ ਜਹੇ ਝੂਠੇ ਪਰਚਿਆਂ ਵਿੱਚ ਫਸਾਉਣ ਦੀਆਂ ਧਮਕੀਆਂ ਨਾਲ ਕੰਮ ਚੱਲਦਾ ਨਾ ਦਿਖਿਆ ਤਾਂ ਹੁਣ ਰੇਪ ਤੇ ਛੇੜ ਛਾੜ ਜਿਹੇ ਝੂਠੇ ਪਰਚਿਆਂ ਵਿੱਚ ਫਸਾਉਣ ਦੀਆਂ ਧਮਕੀਆਂ ਦੇਣ ਲੱਗ ਗਈ ਸੀ…ਮੇਰਾ ਵੱਡਾ ਭਰਾ ਜੋ ਉਮਰ ਵਿੱਚ ਮੈਥੋਂ ਕਾਫੀ ਵੱਡਾ ਸੀ…ਤਿੰਨ ਬੇਟੀਆਂ ਦਾ ਬਾਪ ਸੀ ਤੇ ਮੇਰੀ ਮਾ ਸਮਾਨ ਭਾਬੀ ਦਾ ਮੇਰੇ ਹੀ ਘਰ ਵਿੱਚ ਆਉਣਾ ਜਾਣਾ ਬੰਦ ਕਰ ਦਿੱਤਾ ਗਿਆ ਸੀ…ਮੇਰਾ ਬਿਮਾਰ ਤੇ ਬਜ਼ੁਰਗ ਪਿਤਾ ਜੋ ਹਮੇਸ਼ਾ ਮੰਜੇ ਤੇ ਪਿਆ ਰਹਿੰਦਾ ਠੰਡ,ਬਿਮਾਰੀ ਤੇ ਬੁਢਾਪੇ ਦੀ ਵਜਹਾ ਕਾਰਨ ਉੱਠ ਨਾ ਸਕਦਾ ਤੇ ਮੰਜੇ ਤੇ ਪਿਆ ਹੀ ਫਰਸ਼ ਤੇ ਗੁਲਫੇ ਥੁੱਕਦਾ ਰਹਿੰਦਾ…ਉਸ ਦਾ ਮੰਜਾ ਵੀ ਅਜਿਹੇ ਪੋਹ ਦੇ ਮਹੀਨੇ ਕੜਾਕੇ ਦੀ ਠੰਡ ਵਿੱਚ ਸ਼ਰੇਆਮ ਵੇਹੜੇ ਵਿੱਚ ਕੱਢ ਦਿੱਤਾ ਗਿਆ ਸੀ…ਮੇਰੇ ਘਰ ਵਿੱਚ ਗੁੰਡਾਗਰਦੀ ਦਾ ਸ਼ਰੇਆਮ ਤਾਂਡਵ ਹੋ ਰਿਹਾ ਸੀ…ਇਹੀ ਨਹੀਂ ਮੇਰੀ ਮੌਜੂਦਗੀ ਤੇ ਗੈਰ ਮੌਜੂਦਗੀ ਵਿੱਚ ਵੀ ਗੁੰਡੇ ਸ਼ਰੇਆਮ ਮੇਰੇ ਘਰ ਆ ਵੜਦੇ..ਅਜਿਹੀ ਔਰਤ ਜੋ ਆਪਣੇ ਜਿਸਮ ਨਾਲ ਲੀਡਰਾਂ,ਪੁਲਿਸ ਤੇ ਹੋਰ ਗੁੰਡਿਆ ਨੂੰ ਸ਼ਿਕਾਰ ਬਣਾ ਰਹੀ ਸੀ… ਆਪਣੀਆਂ ਉਂਗਲੀਆਂ ਤੇ ਨਚਾ ਰਹੀ ਸੀ…ਜਿਸ ਦਾ ਸਕਾ ਬਾਪ ਤੇ ਪੂਰਾ ਪਰਿਵਾਰ ਵੀ ਇਸ ਕੰਮ ਵਿੱਚ ਉਸ ਨੂੰ ਪੂਰਾ ਸਹਿਯੋਗ ਦੇ ਰਿਹਾ ਸੀ… ਅਜਿਹੀ ਔਰਤ ਕੀ ਨਹੀਂ ਕਰ ਸਕਦੀ ਸੀ…ਮੇਰੀ ਹੀ ਜਾਇਦਾਦ ਤੇ ਨਜਾਇਜ਼ ਕਬਜ਼ਾ ਕਰਕੇ ਬੈਠ ਗਈ ਸੀ…ਤੇ ਹੁਣ ਮੈਨੂੰ ਮਰਵਾ ਪੱਕੇ ਤੌਰ ਤੇ ਹੀ ਜਾਇਦਾਦ ਦੀ ਮਾਲਕ ਬਣਨਾ ਚਾਹੁੰਦੀ ਸੀ…ਇਨਾ ਸਭ ਹਾਲਾਤਾਂ ਨੇ ਮੇਰੇ ਪੈਰਾਂ ਵਿੱਚੋਂ ਸ਼ਰਾਫਤ ਦੀਆਂ ਬੇੜੀਆਂ ਖੋਲ ਦਿੱਤੀਆਂ ਸਨ…ਹੁਣ ਮੈਂ ਵੀ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਗੁਪਤ ਮੀਟਿੰਗਾਂ ਕਰਨੀ ਆ ਸ਼ੁਰੂ ਕਰ ਦਿੱਤੀਆਂ ਸਨ…ਰਾਸਤੇ ਦੋ ਹੀ ਸਨ ਜਾ ਤਾਂ ਮੈਂ ਕਾਨੂੰਨ ਆਪਣੇ ਹੱਥਾਂ ਵਿੱਚ ਲੈ ਲੈਂਦਾ ਜਾਂ ਫਿਰ ਦਿਮਾਗ ਨਾਲ ਕਾਨੂੰਨ ਦੀ ਰਜਾ ਵਿੱਚ ਰਹਿੰਦੇ ਹੋਏ ਆਪਣਾ ਕੰਮ ਕਰਦਾ ਮਤਲਬ ਲਾਠੀ ਵੀ ਨਾ ਟੁੱਟੇ ਤੇ ਸੱਪ ਵੀ ਮਰ ਜਾਵੇ ਪਰ ਹਾਲਾਤ ਅਜਿਹੇ ਸਨ ਕਿ ਇਹਨਾਂ ਦੋਨਾਂ ਵਿੱਚੋਂ ਮੈਂ ਜੋ ਕੋਈ ਵੀ ਰਸਤਾ ਚੁਣਦਾ ਇੱਥੇ ਸੱਪ ਨੇ ਵੀ ਮਰਨਾ ਸੀ ਤੇ ਲਾਠੀ ਵੀ ਟੁੱਟਣੀ ਹੀ ਸੀ… ਮੇਰੇ ਕੁਝ ਦੋਸਤ ਮੇਰੇ ਹੱਥਾਂ ਵਿੱਚ ਅਸਲਾ ਫੜਾ ਕਹਿੰਦੇ “ਆਹ! ਚੱਕ ਕੰਮ ਨਬੇੜ” ਤੇ ਕੁਝ ਖੁਦ ਹੀ ਮੈਨੂੰ ਸੁਸਾਈਡ ਕਰਨ ਦੀਆਂ ਸਲਾਹਾਂ ਦਿੰਦੇ…ਪਰ ਮੈਂ ਜਮਾਂਦਰੂ ਹੀ ਇਕੱਲਾ ਰਹਿਣ ਵਾਲਾ, ਠੰਡੇ ਦਿਮਾਗ ਵਾਲਾ,ਦੂਰ ਅੰਦੇਸ਼ੀ ਤੇ ਕਲਮ ਦਾ ਧਨੀ ਸੀ…ਮੈਂ ਰਾਸਤਾ ਚੁਣ ਲਿਆ ਸੀ ਮੈਨੂੰ ਪਤਾ ਸੀ ਕਿ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਸਮਾਂ ਲੱਗੇਗਾ ਕਈ ਮੁਸੀਬਤਾਂ ਵੀ ਝੱਲਣੀਆਂ ਪੈਣਗੀਆਂ,ਬਹੁਤ ਕੁਝ ਖੋਣਾ ਵੀ ਪਵੇਗਾ, ਮੈਂ ਬਰਬਾਦ ਹੋ ਜਾਵਾਂਗਾ ਤੇ ਭਵਿੱਖ ਵਿੱਚ ਮੈਨੂੰ ਗਰੀਬੀ ਵੀ ਕੱਟਣੀ ਪਵੇਗੀ। ਪਰ ਮੈਂ ਗਰੀਬੀ ਕੱਟ ਸਕਦਾ ਸੀ…ਪਰ ਕੰਜਰ ਕਲੇਸ਼ ਤੇ ਆਪਣੇ ਤੇ ਆਪਣੇ ਪਰਿਵਾਰਿਕ ਮੈਂਬਰਾਂ ਨਾਲ ਹੋ ਰਹੀਆਂ ਵਧੀਕੀਆਂ,ਜ਼ੁਲਮ ਤੇ ਤਸ਼ੱਦਦ ਨੂੰ ਬਰਦਾਸ਼ਤ ਕਰਨਾ ਹੁਣ ਮੇਰੇ ਵੱਸ ਵਿੱਚ ਨਹੀਂ ਸੀ…5 ਜਨਵਰੀ 2013 ਨੂੰ ਮੈਂ ਆਪਣੇ ਬਾਪੂ ਨੂੰ ਸਮਝਾ ਘਰੋਂ ਮੋਟੀ ਰਕਮ ਲੈ ਕੇ ਨਿਕਲ ਗਿਆ… ਇਲਾਕੇ ਦਾ ਐਸਐਚ ਓ ਤੇ ਸਰਕਾਰੀ ਹਸਪਤਾਲ ਦਾ ਸੀਨੀਅਰ ਡਾਕਟਰ ਮੇਰੇ ਦੋਸਤ ਦਾ ਮਿੱਤਰ ਸੀ ਪਹਿਲਾਂ ਅਸੀਂ ਹਸਪਤਾਲ ਦੇ ਡਾਕਟਰ ਨੂੰ ਜਾ ਕੇ ਮਿਲੇ ਉਹਨਾਂ ਨੂੰ ਦੁੱਖ ਤਕਲੀਫ ਦੱਸੀ ਤੇ ਮੋਟੀ ਰਕਮ ਦੀ ਪੇਸ਼ਕਸ਼ ਕੀਤੀ ਡਾਕਟਰ ਹੱਸਦਾ ਹੋਇਆ ਮੈਨੂੰ ਕਹਿਣ ਲੱਗਾ “ਲੋਕ ਤਾਂ ਹੱਡੀਆਂ ਜੁੜਵਾਉਣ ਲਈ ਪੈਸੇ ਦਿੰਦੇ ਹਨ ਤੇ ਤੁਸੀਂ ਹੱਡੀ ਤੁੜਵਾਉਣ ਲਈ ਪੈਸੇ ਦੇ ਰਹੇ ਹੋ” ਮੈਂ ਜਵਾਬ ਦਿੰਦਿਆਂ ਕਿਹਾ “ਡਾਕਟਰ ਸਾਹਿਬ! ਜੋ ਅੰਦਰੋਂ ਹੀ ਬੁਰੀ ਤਰਹਾਂ ਨਾਲ ਟੁੱਟ ਚੁੱਕਾ ਹੋਵੇ ਅਗਰ ਇੱਕ ਹੱਡੀ ਉਸਦੀ ਤੁਸੀਂ ਤੋੜ ਦਵੋਗੇ ਤਾਂ ਕੋਈ ਫਰਕ ਨਹੀਂ ਪੈਣ ਵਾਲਾ..ਡਾਕਟਰ ਸਮਝ ਗਿਆ ਸੀ ਤੇ ਉਸਨੇ ਰਕਮ ਕਬੂਲ ਕਰ ਲਈ…ਫਿਰ ਅਸੀਂ ਜਾ ਕੇ ਐਸਐਚ ਓ ਸਾਹਿਬ ਨੂੰ ਮਿਲੇ ਉਨਾਂ ਨੂੰ ਸਾਰੀ ਦੁੱਖ ਤਕਲੀਫ ਸੁਣਾਈ ਐਸਐਚ ਓ ਮੈਨੂੰ ਕਹਿਣ ਲੱਗਾ “ਇਹੋ ਜਿਹੀਆਂ ਗੁੰਡੀਆਂ ਤੀਵੀਆਂ ਅੱਗੇ ਤਾਂ ਲਾਲ ਬੱਤੀਆਂ ਆਲੇ ਵੀ ਝੁਕਦੇ ਤੂੰ ਕਿਹੜੇ ਬਾਗ ਦੀ ਮੂਲੀ ਹੈ? ਮੈਂ ਐਸ ਐਚ ਓ ਸਾਹਿਬ ਨੂੰ ਸਾਰੀ ਗੱਲਬਾਤ ਸਮਝਾ ਦਿੱਤੀ ਤੇ ਨੋਟਾਂ ਦੀ ਗੁੱਟੀ ਉਹਨਾਂ ਨੂੰ ਫੜਾ ਦਿੱਤੀ ਫਿਰ ਉਹਨਾਂ ਨੇ ਕਿਹਾ ਜਾਹ! ਹੁਣ ਤੂੰ ਘਰ ਜਾ ਕੇ ਬਾਪੂ ਦਾ ਮੰਜਾ ਅੰਦਰ ਕਰ ਫਿਰ ਜੋ ਹੋਵੇਗਾ ਮੈਂ ਖੁਦ ਸੰਭਾਲ ਲਊ”
ਮੈਂ ਘਰ ਜਾ ਬਾਪੂ ਦਾ ਮੰਜਾ ਅੰਦਰ ਕੀਤਾ ਤਾਂ ਉਹ ਉਸ ਸਮੇਂ ਕੱਪੜੇ ਪ੍ਰੈਸ ਕਰ ਰਹੀ ਸੀ…ਮੈਨੂੰ ਮੰਜਾ ਅੰਦਰ ਕਰਦੇ ਨੂੰ ਦੇਖ ਉੱਚੀ ਉੱਚ ਚੀਕਣ ਲੱਗੀ…”ਅੰਦਰ ਗੁਲਫੇ ਥੁੱਕੀ ਜਾਂਦਾ ਇਹਨੂੰ ਬਾਹਰ ਹੀ ਮਰਨ ਦੇ ਠੰਡ ਵਿੱਚ ਕੁੱਤੇ ਨੂੰ” ਹੁਣ ਮੈਨੂੰ ਕਾਨੂੰਨੀ ਤਾਕਤ ਮਿਲ ਚੁੱਕੀ ਸੀ ਮੈਂ ਆਪਣੇ ਬਾਪੂ ਦੇ ਬਾਰੇ ਇਹ ਸ਼ਬਦ ਨਹੀਂ ਸੁਣ ਸਕਦਾ ਸੀ ਤੇ ਮੈਂ ਗੁੱਸੇ ਵਿੱਚ ਆ ਦੋ ਚਾਰ ਚਟਾਕੇ ਉਹਦੇ ਮੂੰਹ ਤੇ ਛੱਡੇ… ਉਸਨੇ ਗੁੱਸੇ ਵਿੱਚ ਪਾਗਲ ਹੋਈ ਨੇ ਗਰਮਾ ਗਰਮ ਪ੍ਰੈਸ ਆਪਣੀ ਬਾਂਹ ਤੇ ਲਗਾ ਲਈ ਤੇ ਆਪਣੇ ਬਦਮਾਸ਼ ਪਿਓ ਨੂੰ ਫੋਨ ਕਰ ਦਿੱਤਾ…ਉਸ ਦਾ ਬਦਮਾਸ਼ ਪਿਓ ਫੋਨ ਵਿੱਚ ਚੀਕਦਾ ਹੋਇਆ ਮੈਂ ਸਵੇਰੇ ਆਉਦਾ ਬੰਦੇ ਲੈ ਕੇ ਇਹਦੀ ਮਾਂ ਦੀ…ਇਹਦੀ ਭੈਣ ਦੀ…!ਉਸ ਦਾ ਬਦਮਾਸ਼ ਪਿਓ ਤੇ ਉਸ ਦਾ ਜੀਜਾ ਕੁਝ ਬੰਦੇ ਲੈ ਕੇ ਸਵੇਰੇ ਮੇਰੇ ਨਾਲ ਘਰੇ ਆ ਕੇ ਲੜਨ ਲੱਗੇ…ਮੈਂ ਵੀ ਤਿਆਰੀ ਰਾਤ ਹੀ ਕਰ ਲਈ ਸੀ ਹੁਣ ਲੜਾਈ ਤਾਂ ਹੋਈ ਸੀ ਪਰ ਕਟਾਈ ਕਿਹਦੀ ਹੋਈ ਤੁਸੀਂ ਇਹ ਸਭ ਸਮਝ ਗਏ ਹੋਣੇ…ਫਿਰ ਕੀ ਸੀ ਮੈਂ ਹਸਪਤਾਲ ਵਿੱਚ ਉਸ ਦਾ ਪਿਓ ਤੇ ਜੀਜਾ ਜੇਲ ਵਿੱਚ…ਤੇ ਉਹ ਪਿੱਛੋਂ ਸਾਰੇ ਗਹਿਣੇ ਚੱਕ ਕੇ ਆਪਣੇ ਭਰਾ ਨਾਲ ਫਰਾਰ ਹੋ ਗਈ
ਚੱਲਦਾ…..!
ਜੇ.ਐੱਸ.ਮਹਿਰਾ
ਮੋਬਾਈਲ ਨੰਬਰ 95 92430420
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly