ਮੈਂ ਜਾਵਾਂ ਬਲਿਹਾਰੇ

  ਸੁਖਦੇਵ ਸਿੰਘ ਭੁੱਲੜ

      (ਸਮਾਜ ਵੀਕਲੀ)

        ਮੈਂ ਜਾਵਾਂ ਬਲਿਹਾਰੇ,

       ਕਾਦਰਾ ! ਕੁਦਰਤ ਤੇਰੀ ਤੋਂ।

1-   ਕਿੱਡੀ ਸੋਹਣੀ ਰਚਨਾ ਕੀਤੀ,

      ਕਲਾ ਖੂਬ ਵਰਤਾਈ।

      ਭਾਂਤ ਭਾਂਤ ਦੇ ਫੁੱਲ ਤੇ ਰੁੱਖਾਂ

      ਦੇ ਨਾਲ ਧਰਤ ਸਜਾਈ।

      ਅੰਮ੍ਰਿਤ ਵੇਲੇ ਚਿੜੀਆਂ ਚਹਿਕਣ,

      ਮੁੱਕੀ ਰਾਤ ਹਨ੍ਹੇਰੀ ਤੋਂ।

      ਮੈਂ ਜਾਵਾਂ ਬਲਿਹਾਰੇ,ਕਾਦਰਾ !……

2-  ਜੰਗਲਾਂ ਦੇ ਵਿੱਚ ਮੰਗਲ ਲੱਗੇ,

      ਨਦੀਆਂ ਨਾਲੇ ਵਗਦੇ।

      ਚਾਨਣ ਲਈ ਦੋ ਦੀਵੇ ਨਿਸਦਿਨ,

      ਚੰਦ ਸੂਰਜ ਪਏ ਜਗਦੇ।

      ਚੜ੍ਹ ਪੈਂਦੇ ਨੇ ਦੋਵੇਂ ਵੇਲੇ,

      ਬਿਨ ਕੀਤੇ ਕਿਸੇ ਦੇਰੀ ਤੋਂ।

      ਮੈਂ ਜਾਵਾਂ ਬਲਿਹਾਰੇ, ਕਾਦਰਾ!……..

3-  ਕਿਸ ਆਸਰੇ ਅਕਾਸ਼ ਖਲੋਤਾ,

      ਇਹ ਤਾਂ ਤੂੰ ਹੀ ਜਾਣੇ।

      ਲੱਖ ਚੁਰਾਸੀ ਪੈਦਾ ਕੀਤੀ,

      ਸਭ ਨੂੰ ਬਖ਼ਸ਼ੇ ਦਾਣੇ।

      ਨਾ ਕੋਈ ਹੱਟ, ਨਾ ਸੌਦਾ ਹੁੰਦਾ,

      ਪਰ ਮਿਲਦਾ ਇੱਕ ਵੇਰੀ ਤੋਂ।

      ਮੈਂ ਜਾਵਾਂ ਬਲਿਹਾਰੇ, ਕਾਦਰਾ!..…..

4-  ਕਿਤੇ ਸਮੁੰਦਰ ਠਾਠਾਂ ਮਾਰੇ,

      ਨਜ਼ਰ ਨਾ ਆਏ ਕਿਨਾਰਾ।

      ਝੀਲਾਂ ਝਰਨੇ ਵਗਣ ਪਹਾੜੀਂ,

      ਪਸਰਿਆ ਬਹੁਤ ਪਾਸਾਰਾ।

      ਸਾਇੰਸਦਾਨ ਵੀ ਥੱਕ ਹਾਰ ਗਏ,

      ਕੀਤੀ ਖੋਜ ਬਥੇਰੀ ਤੋਂ।

      ਮੈਂ ਜਾਵਾਂ ਬਲਿਹਾਰੇ, ਕਦਰਾਂ !……

5-  ਚਾਰੇ ਪਾਸੇ ਰੌਣਕ ਲੱਗੀ,

      ਹਰ ਕੋਈ ਹੱਸੇ ਟੱਪੇ।

      ਚਿੜੀਆਂ ਤੋਤੇ ਕੂੰਜਾਂ ਉੱਡਣ,

      ਲਾਉਂਦੇ ਮਿਰਗ ਛੜੱਪੇ।

      ਜਾਨ ਬਚਾਉਂਦੇ ਭੱਜਦੇ ਦੇਖੇ,

      ਮੌਤ ਦੀ ਘੁੱੰਮਣ- ਘੇਰੀ ਤੋਂ।

      ਮੈਂ ਜਾਵਾਂ ਬਲਿਹਾਰੇ, ਕਾਦਰਾ…….

6-  ਕਈ ਸੋਗ ਵਿੱਚ ਡੁੱਬੇ ਹੋਏ,

      ਕਈ ਖੁਸ਼ੀਆਂ ਵਿੱਚ ਖੀਵੇ।

      ਕਈ ਮਾਣਦੇ ਸੇਜ ਮਖਮਲੀ,

      ਕੋਈ ਦੁੱਖਾਂ ਵਿੱਚ ਜੀਵੇ।

      ਕਈ ਮਾਇਆ ਨੇ ਲੁੱਟ ਖਾਧੇ,

      ਬਚ ਸਕੇ ਨਾ ਏਸ ਲੁਟੇਰੀ ਤੋਂ।

      ਮੈਂ ਜਾਵਾਂ ਬਲਿਹਾਰੇ ਕਾਦਰਾ!…..

7-  ਤੇਰੇ ਰੰਗ ਨਿਆਰੇ, ਦਾਤਾ!

      ਸਿਫ਼ਤ ਕਰੀ ਨਾ ਜਾਵੇ।

      ‘ਭੁੱਲੜ’ ਪਿੰਡ ਸੁਰਜੀਤ ਪੁਰੇ ਦਾ,

      ਤੇਰੇ ਹੀ ਗੁਣ ਗਾਵੇ।

      ਰੱਖ ਬਚਾ ਕੇ ਨਿੰਦਾ, ਚੁਗਲੀ,

      ਧੋਖਾ, ਹੇਰਾ-ਫੇਰੀ ਤੋਂ।

      ਮੈਂ ਜਾਵਾਂ ਬਲਿਹਾਰੇ, ਕਾਦਰਾ!……

                    ਸੁਖਦੇਵ ਸਿੰਘ ਭੁੱਲੜ

                    ਸੁਰਜੀਤ ਪੁਰਾ ਬਠਿੰਡਾ

                    9417046117

Previous articleਸ਼ੇਅਰ ਬਾਜ਼ਾਰ ਨੂੰ ਝਟਕਾ ਲੱਗਾ, ਸੈਂਸੈਕਸ 540 ਅੰਕਾਂ ਦੀ ਗਿਰਾਵਟ ਨਾਲ ਖੁੱਲ੍ਹਿਆ, ਨਿਫਟੀ ਵੀ ਡਿੱਗਿਆ।
Next articleਦੁਕਾਨਾਂ ‘ਤੇ ਨੇਮ ਪਲੇਟਾਂ ਲਗਾਉਣ ਦਾ ਮਾਮਲਾ ਫਿਰ SC ਤੱਕ ਪਹੁੰਚਿਆ, ਇਸ ਵਾਰ ਸਮਰਥਨ ‘ਚ ਪਟੀਸ਼ਨ ਦਾਇਰ, ਮੰਗ ਕੀਤੀ