“ਹੱਟੀ ਹੱਟੀ ਫਿਰੇ ਪੁੱਛਦੀ ਉਹਨੂੰ ਆਵੇ ਨਾ ਪਸੰਦ ਕਿਤੋਂ ਡੋਰੀਦਾ ਗੀਤਕਾਰ ਹਰਨੇਕ ਸੋਹੀ

ਗੀਤਕਾਰ ਹਰਨੇਕ ਸੋਹੀ

(ਸਮਾਜ ਵੀਕਲੀ)

ਮੇਰਾ ਬਚਪਨ ਪਿੰਡ ਲੁਹਾਰ ਮਾਜਰਾ ਜ਼ਿਲ੍ਹਾ ਸੰਗਰੂਰ ਵਿੱਚ ਬੀਤਿਆ ਹੈ ਪ੍ਰਾਇਮਰੀ ਸਕੂਲ ਵਿੱਚ ਦਾਖਲਾ ਲਿਆ ਤਾਂ ਪੜ੍ਹਾਉਣ ਵਾਲੇ ਮੇਰੇ ਮਾਸਟਰ ਹਰਨੇਕ ਸਿੰਘ ਸੋਹੀ ਜੀ ਸਨ ਜੋ ਮੇਰੇ ਬਾਪੂ ਜੀ ਦੇ ਖਾਸ ਦੋਸਤ ਸਨ ਸਕੂਲ ਨੂੰ ਆਉਣ ਵੇਲੇ ਸਾਡੇ ਘਰ ਦੇ ਨਾਲ ਲੱਗਦੇ ਰਸਤੇ ਚ ਸਾਈਕਲ ਤੇ ਆਉਂਦੇ ਸਾਡੇ ਦਰਵਾਜ਼ੇ ਅੱਗੇ ਸਾਈਕਲ ਖੜ੍ਹਾ ਕੇ ਮੈਨੂੰ ਸਾਈਕਲ ਤੇ ਬੈਠਾ ਕੇ ਲੈ ਕੇ ਜਾਂਦੇ ਬਚਪਨਾ ਸੀ ਪਰ ਮੇਰੇ ਬਾਪ ਜਿਹਾ ਉਨ੍ਹਾਂ ਦਾ ਪਿਆਰ ਮੈਨੂੰ ਸਕੂਲ ਵੱਲ ਜਾਣ ਨੂੰ ਖਿੱਚਦਾ ਸੀ ਤੀਜੀ ਸ਼੍ਰੇਣੀ ਵਿੱਚ ਹੋਇਆ ਤਾਂ ਉਨ੍ਹਾਂ ਕੋਲ ਦੋ ਅੰਬੈਸਡਰ ਗੱਡੀਆਂ ਤੇ ਦੋ ਗੌਣ ਵਾਲੇ ਭਾਈ ਕਰਮਜੀਤ ਸਿੰਘ ਧੂਰੀ ਤੇ ਗੁਰਦਿਆਲ ਨਿਰਮਾਣ ਆਇਆ ਕਰਦੇ ਸਨ ਉਹਨਾਂ ਦੇ ਆਉਣ ਤੇ ਹਰ ਵਾਰ ਸਾਨੂੰ ਉਨ੍ਹਾਂ ਵੱਲੋਂ ਗੀਤ ਸੁਣਾਏ ਜਾਂਦੇ ਸਨ

ਅੱਜ ਯੂ ਟਿਊਬ ਤੇ ਮੈਂ ਉਨ੍ਹਾਂ ਦਾ ਲਿਖਿਆ ਗੀਤ ਸੁਣ ਰਿਹਾ ਸੀ ਤਾਂ ਉਨ੍ਹਾਂ ਦੀ ਯਾਦ ਆਈ ਜੋ ਪਾਠਕਾਂ ਨਾਲ ਸਾਂਝੀ ਕਰ ਰਿਹਾ ਹਾਂ ਮੈਂ ਉਨ੍ਹਾਂ ਨੂੰ ਸਿਰਫ ਅਧਿਆਪਕ ਸਮਝਦਾ ਸੀ ਪਰ ਕਰਮਜੀਤ ਧੂਰੀ ਜਦੋਂ ਕੋਈ ਗੀਤ ਸਾਨੂੰ ਸੁਣਾਉਣ ਲੱਗਦੇ ਤਾਂ ਦੱਸਦੇ ਇਹ ਤੁਹਾਡੇ ਮਾਸਟਰ ਜੀ ਦਾ ਲਿਖਿਆ ਹੋਇਆ ਹੈ ਉਹਨਾਂ ਦੀ ਗੀਤਕਾਰੀ ਦਾ ਸਫ਼ਰ ਗਾਇਕ ਕਰਮਜੀਤ ਧੂਰੀ ਦੀ ਗਾਇਕੀ ਨਾਲ ਚਾਲੂ ਹੋਇਆ ਸੀ ਸੋਹੀ ਸਾਹਿਬ ਦੀ ਗੀਤਕਾਰੀ ਸਮੇਂ ਦਾ ਹਾਣੀ ਹੋ ਕੇ ਲਿਖਣ ਵਾਲਾ ਗੀਤਕਾਰ ਕਹਿ ਸਕਦੇ ਹਾਂ।

ਪੰਜਾਬਣ ਮੁਟਿਆਰਾਂ ਦਾ ਨਖਰਾ ਮੜਕ ਪਹਿਰਾਵਾ ਤੇ ਖੁੱਲ੍ਹਾ ਸੁਭਾਅ ਉਨ੍ਹਾਂ ਦੇ ਗੀਤਾਂ ਦਾ ਖ਼ਾਸ ਹਿੱਸਾ ਰਿਹਾ ਹੈ ਮੇਲਿਆਂ ਦਾ ਉਸ ਸਮੇਂ ਖ਼ਾਸ ਜ਼ਮਾਨਾ ਸੀ ਜੋ ਕਿ ਉਨ੍ਹਾਂ ਦੇ ਗੀਤਾਂ ਵਿੱਚ ਸਾਫ਼ ਝਲਕਦਾ ਹੈ ‘ਹੱਟੀ ਹੱਟੀ ਫਿਰੇ ਪੁੱਛਦੀ ਉਹਨੂੰ ਆਵੇ ਨਾ ਪਸੰਦ ਕਿਤੋਂ ਡੋਰੀ ‘ ਅਤੇ ਨਾਲ ਹੀ ‘ ਨੀਂ ਸੋਨੇ ਦੇ ਤਬੀਤ ਵਾਲੀਏ ਤੇਰਾ ਹਰ ਮੱਸਿਆ ਤੇ ਗੇੜਾ’ ਸਾਡੀਆਂ ਬੀਬੀਆਂ ਭੈਣਾਂ ਮੇਲੇ ਵੇਖਣ ਜਾਂਦੀਆਂ ਸਨ ਤੇ ਆਪਣੇ ਪਸੰਦ ਦੀਆਂ ਛੋਟੀਆਂ ਮੋਟੀਆਂ ਚੀਜ਼ਾਂ ਖਰੀਦ ਕੇ ਲਿਆਉਂਦੀਆਂ ਸਨ।

ਜਿਨ੍ਹਾਂ ਦਾ ਵਰਨਣ ਇਹ ਗੀਤਾਂ ਵਿੱਚ ਕੀਤਾ ਹੈ ਤੇ ਇਹ ਦੋਨੋਂ ਗੀਤ ਕਰਮਜੀਤ ਧੂਰੀ ਨੇ ਗਾਏ ਸਨ ਸਾਡੀਆਂ ਬੀਬੀਆਂ ਭੈਣਾਂ ਦੇ ਘਰੇਲੂ ਕੰਮ ਵਿੱਚ ਉਸ ਸਮੇਂ ਘਰ ਦੀ ਸਫਾਈ ਪਸ਼ੂਆਂ ਦਾ ਗੋਹਾ ਕੂੜਾ ਖ਼ੁਦ ਕਰਨਾ ਪੈਂਦਾ ਸੀ ਜੋ ਸਮੇਂ ਨਾਲ ਬਦਲ ਗਿਆ ਹੈ ਚਾਰ ਕੁ ਦਹਾਕੇ ਪਹਿਲਾਂ ਜਦੋਂ ਇੱਕ ਗੀਤ ਲਿਖਿਆ ਗਿਆ ਸੀ ਜੋ ਅੱਜ ਕੱਲ੍ਹ ਪੜ੍ਹਨ ਤੇ ਸੁਣਨ ਵਾਲਿਆਂ ਨੂੰ ਅਜੀਬ ਲੱਗੇ ਪਰ ਇਹ ਉਸ ਸਮੇਂ ਦੀ ਹਕੀਕਤ ਸੀ ‘ ਚੁੰਨੀ ਲੈ ਕੇ ਸੂਹੇ ਰੰਗ ਦੀ ਗੋਹਾ ਕੂੜਾ ਨਾ ਕਰੀਂ ਮੁਟਿਆਰੇ ਰੂੜੀਆਂ ਨੂੰ ਅੱਗ ਲੱਗ ਜੂ ਸਾਰੇ ਪਿੰਡ ਦੇ ਨਾਂ ਫੂਕਦੀ ਗਹਾਰੇ ‘ ਹਰਨੇਕ ਸੋਹੀ ਜੀ ਦਾ ਪਿੰਡ ਬਨਭੌਰੀ ਜੋ ਧੂਰੀ ਸ਼ਹਿਰ ਦੇ ਨੇੜੇ ਜ਼ਿਲ੍ਹਾ ਸੰਗਰੂਰ ਵਿੱਚ ਉਨ੍ਹਾਂ ਦਾ ਜਨਮ 23 ਮਈ 1937 ਪਿੰਡ ਬਨਭੌਰੀ ਵਿਖੇ ਮਾਤਾ ਕਰਤਾਰ ਕੌਰ ਤੇ ਪਿਤਾ ਕਰਮ ਸਿੰਘ ਦੇ ਘਰ ਹੋਇਆ ਸੀ

ਜਵਾਨੀ ਵਿੱਚ ਪੈਰ ਧਰਦੇ ਹੋਏ ਕਵਿਤਾਵਾਂ ਲਿਖਣ ਕਰਕੇ ਉਨ੍ਹਾਂ ਦੀ ਸਾਹਿਤਕਾਰਾਂ ਨਾਲ ਧੂਰੀ ਚ ਸਥਾਪਤ ਸਾਹਿਤ ਸਭਾ ਨਾਲ ਮੇਲ ਵੱਧ ਗਿਆ ਜੇ ਬੀ ਟੀ ਕਰਨ ਤੋਂ ਬਾਅਦ ਅਧਿਆਪਕ ਉਹ ਮੇਰੇ ਪਿੰਡ ਵਿੱਚ ਪਹਿਲੀ ਵਾਰ ਸਥਾਪਿਤ ਹੋਏ ਪੂਰੇ ਪਿੰਡ ਦੇ ਭੈਣਾਂ ਭਰਾਵਾਂ ਨਾਲ ਉਨ੍ਹਾਂ ਦਾ ਬਹੁਤ ਗਹਿਰਾ ਪਿਆਰ ਸੀ ਹਰ ਕਿਸੇ ਦੀ ਖ਼ੁਸ਼ੀ ਗ਼ਮੀ ਵਿੱਚ ਜਾਣਾ ਉਨ੍ਹਾਂ ਦਾ ਮੁੱਖ ਤੇ ਚੰਗਾ ਵਿਹਾਰ ਸੀ ਵਿਆਹਾਂ ਦੇ ਵਿੱਚ ਸਿੱਖਿਆ ਅਤੇ ਸਿਹਰੇ ਗਾਉਣੇ ਉਨ੍ਹਾਂ ਦਾ ਕੰਮ ਮੈਂ ਆਪਣੇ ਅੱਖੀਂ ਵੇਖਿਆ ਹੈ।

ਧੂਰੀ ਸਾਹਿਤ ਸਭਾ ਨਾਲ ਉਨ੍ਹਾਂ ਦਾ ਪੜ੍ਹਾਈ ਕਰਨ ਸਮੇਂ ਤੋਂ ਹੀ ਗਹਿਰਾ ਸਬੰਧ ਸੀ ਉਸ ਸਮੇਂ ਜ਼ਿਲ੍ਹਾ ਸੰਗਰੂਰ ਦੇ ਜ਼ਿਲ੍ਹਾ ਸੰਪਰਕ ਅਫ਼ਸਰ ਗੀਤਕਾਰ ਗੁਰਦੇਵ ਸਿੰਘ ਮਾਨ ਜੀ ਨਾਲ ਉਨ੍ਹਾਂ ਦਾ ਮੇਲ ਮਿਲਾਪ ਹੋ ਗਿਆ ਸੋਹੀ ਸਾਹਿਬ ਨੇ ਉਨ੍ਹਾਂ ਤੋਂ ਗੀਤਕਾਰੀ ਦੀਆਂ ਰਮਜ਼ਾਂ ਪਹਿਚਾਨਣ ਲਈ ਆਪਣਾ ਗੁਰੂ ਧਾਰਨ ਕਰ ਲਿਆ ਗੀਤਕਾਰ ਗੁਰਦੇਵ ਸਿੰਘ ਜੀ ਦਾ ਉਸ ਸਮੇਂ ‘ਮਿੱਤਰਾਂ ਦੀ ਲੂਣ ਦੀ ਡਲੀ’ਕਰਮਜੀਤ ਧੂਰੀ ਦੀ ਆਵਾਜ਼ ਵਿੱਚ ਰਿਕਾਰਡ ਹੋਇਆ

ਰੀਤ ਸੀ ਗੁਰੂ ਚੇਲਾ ਹੋਣ ਕਾਰਨ ਕਰਮਜੀਤ ਧੂਰੀ ਜੀ ਨੇ ਹੀ ਸੋਹੀ ਸਾਹਿਬ ਦੇ ਪਹਿਲੇ ਗੀਤ ਰਿਕਾਰਡ ਕਰਵਾਏ ਧੂਰੀ ਸਾਹਿਤ ਸਭਾ ਨਾਲ ਉਸ ਸਮੇਂ ਉੱਭਰਦੇ ਗਾਇਕ ਗੁਰਦਿਆਲ ਨਿਰਮਾਣ ਜੀ ਨਾਲ ਦੋਸਤੀ ਦਾ ਰੰਗ ਪਹਿਲਾ ਅਖਾੜਾ ਇਨ੍ਹਾਂ ਨੇ ਸਾਡੇ ਪਿੰਡ ਸਕੂਲ ਦੀਆਂ ਤਹਿਸੀਲ ਪੱਧਰੀ ਖੇਡਾਂ ਵਿੱਚ ਲਗਵਾਇਆ ਗੁਰਦਿਆਲ ਨਿਰਮਾਣ ਜੀ ਨੇ ਇਨ੍ਹਾਂ ਦੇ ਲਿਖੇ ਗੀਤ ‘ ਮੁੰਡਾ ਸੋਨੇ ਦੇ ਤਬੀਤਾਂ ਵਾਲਾ ਅੱਡੇ ਖਾਨੇ ਭਾਲਦਾ ਫਿਰੇ’ ਗੁਰਦਿਆਲ ਨਿਰਮਾਣ ਤੇ ਨਰਿੰਦਰ ਬੀਬਾ ਜੀ ਨੇ ਦੋਗਾਣਾ ‘ਅੱਧੀ ਰਾਤੀਂ ਦਾਰੂ ਪੀ ਕੇ ਆ ਕੇ ਦਰ ਖੜਕਾਵੇ , ਖੱਟੀ ਮਿਹਨਤ ਦੀ ਤੰਗਲੀ ਨਾਲ ਉਡਾਵੇਂ’ਉਸ ਸਮੇਂ ਵੀ ਸੋਹੀ ਸਾਹਿਬ ਨੇ ਨਸ਼ਿਆਂ ਦੀ ਵਿਰੋਧਤਾ ਕਰਦਾ ਇਹ ਕਮਾਲ ਦਾ ਗੀਤ ਲਿਖਿਆ ਉਸ ਸਮੇਂ ਪੱਥਰ ਦੇ ਤਵਿਆਂ ਦਾ ਜ਼ਮਾਨਾ ਸੀ।

ਹਜ਼ਾਰਾਂ ਦੀ ਗਿਣਤੀ ਵਿੱਚ ਇਹ ਰਿਕਾਰਡ ਵਿਕਿਆ ਚੰਗੇ ਅਧਿਆਪਕ ਸਥਾਪਤ ਗੀਤਕਾਰ ਹੋਣ ਦੇ ਨਾਲ ਨਾਲ ਸੋਹੀ ਸਾਹਬ ਹੱਸ ਮੁੱਖ ਤੇ ਮਜ਼ਾਕੀਆ ਸੁਭਾਅ ਦੇ ਮਾਲਕ ਸਨ ਪਰ ਆਪਣੀ ਜੀਵਨ ਸਾਥਣ ਦਾ ਅੱਧ ਵਾਟੇ ਸਾਥ ਛੱਡ ਜਾਣ ਦਾ ਝੋਰਾ ਉਨ੍ਹਾਂ ਨੂੰ ਵਿੱਚੋਂ ਵਿੱਚ ਖੋਖਲਾ ਕਰ ਗਿਆ ਜਿਸ ਕਾਰਨ ਉਨ੍ਹਾਂ ਦਾ ਸ਼ਰਾਬ ਦਾ ਸਹਾਰਾ ਲੈਣਾ ਚਾਲੂ ਕਰ ਦਿੱਤਾ ਜੋ ਪੂਰੀ ਜ਼ਿੰਦਗੀ ਚਾਲੂ ਰਿਹਾ ਉਹ ਤਰਕਸ਼ੀਲ ਵਿਚਾਰਾਂ ਦੇ ਧਾਰਨੀ ਸਨ ਲਿਖਣ ਲਈ ਸਮਾਂ ਬਹੁਤ ਘੱਟ ਮਿਲਿਆ ਪਰ ਜੋ ਲਿਖਿਆ ਬੇਹੱਦ ਉੱਚ ਪੱਧਰ ਦੀ ਕਲਮ ਸੀ ਉਹ ਆਪਣੇ ਗੀਤਾਂ ਨੂੰ ਲੈ ਕੇ ਕਦੇ ਗਾਉਣ ਵਾਲਿਆਂ ਦੇ ਮਗਰ ਨਹੀਂ ਭੱਜੇ ਸਨ ਉਨ੍ਹਾਂ ਦੇ ਕੁੱਲ 40 ਕੁ ਗੀਤ ਰਿਕਾਰਡ ਹੋਏ

ਜਿਸ ਵਿੱਚ ਗਾਉਣ ਵਾਲੇ ਕਰਮਜੀਤ ਧੂਰੀ ਗੁਰਦਿਆਲ ਨਿਰਮਾਣ ਸਵਰਨ ਲਤਾ ਨਰਿੰਦਰ ਬੀਬਾ ਰਣਬੀਰ ਰਾਣਾ ਸੁਚੇਤ ਬਾਲਾ ਸਤਵੀਰ ਢਿੱਲੋਂ ਹਾਕਮ ਬਖਤੜੀਵਾਲਾ ਦਲਜੀਤ ਕੌਰ ਤੇ ਦਰਸ਼ਨ ਫਰਵਾਹੀ ਗਾਇਕਾਂ ਦੇ ਨਾਂ ਮੁੱਖ ਸਨ ਉਨ੍ਹਾਂ ਨੇ ਆਪਣੇ ਗੀਤਾਂ ਦੀਆਂ ਤਿੰਨ ਕਿਤਾਬਾਂ ਲਿਖੀਆਂ ‘ਤੇਰੀ ਅੱਖ ਨੇ ਸ਼ਰਾਰਤ ਕੀਤੀ’ ‘ਸੱਦੀ ਹੋਈ ਮਿੱਤਰਾਂ ਦੀ’ ਤੇ ਕੱਤਣੀ ਚ ਪੰਜ ਪੂਣੀਆਂ ਕਿਤਾਬਾਂ ਪ੍ਰਕਾਸ਼ਤ ਹੋਈਆਂ ਜੋ ਕਿ ਪੜ੍ਹਨ ਵਾਲਿਆਂ ਵਿੱਚ ਬਹੁਤ ਹੀ ਪਸੰਦ ਕੀਤੀਆਂ ਗਈਆਂ ਉਹ ਜੇਬੀਟੀ ਟੀਚਰ ਭਰਤੀ ਹੋਏ ਸਨ ਤੇ ਬੀਪੀਈਓ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਸਨ ਸਾਹਿਤ ਸਭਾ ਧੂਰੀ ਦੇ ਨਾਲ ਉਹ ਪੂਰੀ ਜ਼ਿੰਦਗੀ ਜੁੜੇ ਰਹੇ।

ਅਧਿਆਪਕ ਜਥੇਬੰਦੀਆਂ ਦੇ ਉਹ ਸਰਗਰਮ ਮੈਂਬਰ ਤੇ ਨਿਧੜਕ ਬੁਲਾਰੇ ਸਨ ਉਨ੍ਹਾਂ ਦੇ ਚਰਚਿਤ ਗੀਤਾਂ ਵਿੱਚ ਮੁੱਖ ਸਨ ” ਹੱਟੀ ਹੱਟੀ ਫਿਰੇ ਪੁੱਛਦੀ ਉਹਨੂੰ ਆਵੇ ਨਾ ਪਸੰਦ ਕਿਤੋਂ ਡੋਰੀ ” ਗਾਇਕ ਕਰਮਜੀਤ ਧੂਰੀ ” ਲਿੱਪ ਲੈ ਭੜ੍ਹੋਲੇ ਗੋਰੀਏ ਬੰਬਾ ਟਿੱਬਿਆਂ ਤੇ ਮਾਰ ਦਾ ਫਰਾਟੇ ” ਉਸ ਸਮੇਂ ਖੇਤਾਂ ਵਿੱਚ ਡੀਜ਼ਲ ਇੰਜਣ ਪਾਣੀ ਕੱਢਣ ਲਈ ਨਵੇਂ ਨਵੇਂ ਆਏ ਸਨ ਜਿਸ ਦੀ ਗਵਾਹੀ ਭਰਦਾ ਇਹ ਗੀਤ ਬੇਹੱਦ ਚਰਚਿਤ ਹੋਇਆ “ਸੌਂ ਜਾ ਬਚਨ ਕੁਰੇ ਸਾਬ ਕਰਾਂਗੇ ਤੜਕੇ “ਗੁਰਦਿਆਲ ਨਿਰਮਾਣ ਦਾ ਨਸ਼ਾ ਵਿਰੋਧੀ ਬੇਹੱਦ ਵਧੀਆ ਗਾਇਆ ਗੀਤ ਸੀ ”

ਚੁੰਨੀ ਲੈ ਕੇ ਸੂਹੇ ਰੰਗ ਦੀ ਗੋਹਾ ਕੂੜਾ ਨਾ ਕਰੀਂ ਮੁਟਿਆਰੇ” ਕਰਮਜੀਤ ਦਾ ਗਾਇਆ ਗੀਤ ਬੀਬੀਆਂ ਦੇ ਕੰਮ ਕਰਨ ਤੇ ਆਪਣੀ ਸੁੰਦਰਤਾ ਨੂੰ ਪਹਿਲ ਦੇਣ ਦੀ ਇਹ ਗੀਤ ਗਵਾਹੀ ਭਰਦਾ ਸੀ “ਦਾਰੂ ਪੀਣਿਆਂ ਦੇ ਨਾਲ ਤੇਰਾ ਮੁੱਢ ਤੋਂ ਮੁੱਢ ਤੋਂ ਮੁਲਾਜ਼ਾਂ ” ਸੁਚੇਤ ਬਾਲਾ ਤੇ ਸਤਵੀਰ ਢਿੱਲੋਂ ਦਾ ਗਾਇਆ ਦੋਗਾਣਾ ਸੀ ਇਹ ਸਾਰੇ ਗੀਤ ਮੰਜੇ ਜੋੜ ਕੇ ਲਾਏ ਲਾਊਡ ਸਪੀਕਰਾਂ ਵਿੱਚ ਬੇਹੱਦ ਪਸੰਦ ਕੀਤੇ ਜਾਂਦੇ ਸਨ ਹੁਣ ਵੀ ਯੂ ਟਿਊਬ ਤੇ ਸੁਣਨ ਵਾਲੇ ਲੱਖਾਂ ਸਰੋਤੇ ਹਨ ਉਸ ਸਮੇਂ ਰੇਡੀਓ ਵੀ ਲੋਕਾਂ ਦੇ ਮਨੋਰੰਜਨ ਦਾ ਮੁੱਖ ਸਾਧਨ ਸੀ

ਗੀਤਕਾਰਾਂ ਵਿੱਚੋਂ ਹਰਨੇਕ ਸਿੰਘ ਸੋਹੀ ਜੀ ਨੂੰ ਇੱਕ ਖਾਸ ਮਾਣ ਪ੍ਰਾਪਤ ਹੈ ਕਿ ਉਨ੍ਹਾਂ ਦੇ ਗੀਤ ਰੇਡੀਓ ਮਾਸਕੋ ਦੇ ਪੰਜਾਬੀ ਪ੍ਰੋਗਰਾਮ ਵਿੱਚ ਅਕਸਰ ਵੱਜਿਆ ਕਰਦੇ ਸਨ ਆਪਣੇ ਧੀਆਂ ਪੁੱਤਰਾਂ ਵਿੱਚ ਬਹੁਤ ਸੋਹਣੀ ਜ਼ਿੰਦਗੀ ਗੁਜ਼ਾਰ ਰਹੇ ਸਨ ਤਾਂ ਅਚਾਨਕ 21ਮਾਰਚ 2007 ਨੂੰ ਇੱਕ ਸੰਖੇਪ ਬਿਮਾਰੀ ਦੌਰਾਨ ਗੀਤਾਂ ਦਾ ਇਹ ਮਹਾਨ ਵਣਜਾਰਾ ਸਾਨੂੰ ਅਲਵਿਦਾ ਕਹਿ ਗਿਆ ਪਰ ਰਹਿੰਦੀ ਦੁਨੀਆਂ ਤੱਕ ਇਨ੍ਹਾਂ ਦੇ ਲਿਖੇ ਗੀਤਾਂ ਨੂੰ ਹਮੇਸ਼ਾ ਸੁਣਿਆ ਤੇ ਪਸੰਦ ਕੀਤਾ ਜਾਂਦਾ ਰਹੇਗਾ ।

ਰਮੇਸ਼ਵਰ ਸਿੰਘ ਪਟਿਆਲਾ

ਸੰਪਰਕ ਨੰਬਰ 9914880392

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੌਣ ? “ਸੱਦੀ ਨਾ ਬੁਲਾਈ ਮੈਂ ਲਾੜੇ ਦੀ ਤਾਈਂ।”
Next articleਅੱਜ ਵਿਆਹ ਦੀ 15ਵੀਂ ਵਰ੍ਹੇਗੰਢ ਮੌਕੇ