(ਸਮਾਜ ਵੀਕਲੀ)
ਮੈਨੂੰ ਨਹੀਂ ਪਤਾ ਕੀ ਮੇਰਾ ਨਾਂ ਮੇਰੇ ਦਾਤਿਆ,
ਜਿਉਂ ਭਾਵੇ ਤਿਉਂ ਲਈ ਬੁਲਾ ਮੇਰੇ ਦਾਤਿਆ।
ਦੁਨੀਆਂ ‘ਚ ਰੱਖੀਂ ਚਾਹੇ ਤਨ ਮੇਰਾ ਸੋਹਣਿਆ,
ਪਰ ਚਰਨਾਂ ‘ਚ ਲਵੀਂ ਮਨ ਲਾ ਮੇਰੇ ਦਾਤਿਆ।
ਮੈਨੂੰ ਨਹੀਂ ਪਤਾ….
ਤੇਰੇ ਨਾਂ ਬਿਨਾਂ ਕੋਈ ਮੈਨੂੰ ਫੱਬਦਾ ਨਹੀਂ,
ਹੋਰ ਕੋਈ ਟਿਕਾਣਾ ਮੈਨੂੰ ਲੱਭਦਾ ਨਹੀਂ।
ਰੱਬ ਤੋਂ ਹੀ ਪੈਦਾ ਹੋ ਕੇ ਕਰਦਾ ਹੰਕਾਰ,
ਬਣਿਆ ਜੋ ਕਹਿੰਦਾ ਮੈਂ ਰੱਬ ਦਾ ਨਹੀਂ।
ਸੋਚ ਕੇ ਹੀ ਦਿਲ ਜਾਂਦਾ ਕੰਬ ਹੈ ਮੇਰਾ,
ਕਿੰਨੀ ਬੜੀ ਮਿਲੂਗੀ ਸਜ਼ਾ ਮੇਰੇ ਦਾਤਿਆ।
ਮੈਨੂੰ ਨਹੀਂ ਪਤਾ….
ਕੋਈ ਕੋਈ ਰੱਖਦਾ ਹੈ ਚਾਹਤ ਪ੍ਰੇਮ ਦੀ,
ਦਾਤ ਓਹੀ ਮੰਗਦਾ ਹੈ ਤੇਰੇ ਨੇਮ ਦੀ।
ਕਿਸੇ ਨਾਲ਼ ਕੋਈ ਨਾ ਸ਼ਿਕਵੇ ਸ਼ਿਕਾਇਤਾਂ,
ਲਿਵ ਲੱਗ ਜਾਵੇ ਓਹਦੀ ਫ਼ੇਰ ਏਮ ਦੀ।
ਮੈਂ ਵੀ ਜਾਣਾ ਰਾਸਤੇ ਇਹ ਔਖੇ ਬੜੇ ਨੇ,
ਤੇਰੇ ਹੌਂਸਲੇ ਲਏ ਕਦਮ ਵਧਾ ਮੇਰੇ ਦਾਤਿਆ।
ਮੈਨੂੰ ਨਹੀਂ ਪਤਾ…..
ਟੁੱਟੇ ਹੋਏ ਦੇਖੇ ਜੁੜ ਜਾਂਦੇ ਤੇਰੇ ਨਾਲ਼,
ਭੁੱਲੇ ਹੋਏ ਮੁੜ ਆਂਦੇ ਵੱਡੇ ਜ਼ੇਰੇ ਨਾਲ਼।
ਕਿਰਪਾ ਹੈ ਜਿਸ ਤੇ ਉਹ ਚਾਨਣ ਵੰਡੇਦਾਂ,
ਹੋਣੀ ਪਾਵੇ ਔਕੜਾਂ ਤੇ ਚਾਹੇ ਘੇਰੇ ਕਾਲ।
ਸੁੱਤੀ ਹੋਈ ਕਰਮਾਂ ਦੀ ਰਾਤ ‘ਮਨਜੀਤ’ ਦੀ,
ਕਰਕੇ ਤੂੰ ਰੌਸ਼ਨ ਜਗਾ ਮੇਰੇ ਦਾਤਿਆ।
ਮੈਨੂੰ ਨਹੀਂ ਪਤਾ…..
ਮਨਜੀਤ ਕੌਰ ਧੀਮਾਨ
ਸ਼ੇਰਪੁਰ, ਲੁਧਿਆਣਾ। ਸੰ:9464633059
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly