ਮੈਂ ਕਵਿਤਾ ਹਾਂ…

ਸਰਬਜੀਤ ਕੌਰ

(ਸਮਾਜ ਵੀਕਲੀ)

ਹਾਂ ਮੈਂ ਕਵਿਤਾ ਹਾਂ
ਬਿਖਰਦੀ ਹਾਂ,ਸੰਵਰਦੀ ਹਾਂ
ਉਲਝਦੀ ਹਾਂ,ਸੁਲਝਦੀ ਹਾਂ
ਕਦੇ ਸੁਣਦੀ ਹਾਂ, ਕਦੇ ਕਹਿੰਦੀ ਹਾਂ
ਮੈਂ ਹਸਦੀ ਹਾਂ, ਰੋ ਪੈਂਦੀ ਹਾਂ
ਮੈਂ ਕਵਿਤਾ ਹਾਂ…

ਮੈਂ ਹਵਾ ਹਾਂ,ਮੈਂ ਟਾਹਣੀ ਹਾਂ
ਮੈਂ ਮਿੱਟੀ ਹਾਂ,ਮੈਂ ਪਾਣੀ ਹਾਂ
ਮੈਂ ਗੋਲੀ ਨਹੀਂ, ਮੈਂ ਰਾਣੀ
ਪਠਰਾਣੀ ਹਾਂ ਮਹਾਰਾਣੀ ਹਾਂ
ਮੈਂ ਕੋਜੀ ਨਹੀਂ, ਸਿਆਣੀ ਹਾਂ
ਮੈਂ ਕਵਿਤਾ ਹਾਂ….

….ਮੈਂ ਕੱਖ ਨਹੀਂ ,ਮੈਂ ਲੱਖ ਹਾਂ
ਮੈਂ ਮੱਥੇ ਤੇ ਲਟਕਦੀ ਲੱਟ ਹਾਂ
ਮੈਂ ਸੁਰਮੇ ਲੱਦੀ ਅੱਖ ਹਾਂ
ਮੈਂ ਝੂਟੇ ਖਾਂਦਾ ਲੱਕ ਹਾਂ
….
ਮੈਂ ਕਵਿਤਾ ਹਾਂ……

ਮੈਂ ਪ੍ਰੀਤ ਹਾਂ, ਸੰਗੀਤ ਹਾਂ
ਮੈਂ ਸਾਜ਼ ਹਾਂ, ਮੈਂ ਗੀਤ ਹਾਂ
ਰਿਵਾਜ ਹਾਂ,ਮੈਂ ਰੀਤ ਹਾਂ
ਮੈਂ ਕੋਸੀ ਹਾਂ,ਮੈਂ ਸੀਤ ਹਾਂ

ਮੈਂ ਸ਼ਾਂਤ ਹਾਂ,ਮੈਂ ਸ਼ੋਰ ਹਾ
ਮੈਂ ਫੁੱਲ ਹਾਂ ਮੈਂ ਥੋਰ ਹਾਂ
ਮੈਂ ਕਿਸੇ ਪਤੰਗ ਦੀ ਡੋਰ ਹਾਂ,
ਮੈਂ ਕਿਸੇ ਚੰਦ ਦੀ ਚਕੋਰ ਹਾਂ…
ਮੈਂ ਕਵਿਤਾ ਹਾਂ………

ਮੈਂ ਨਫਰਤ ਨਹੀਂ , ਮੈਂ ਪਿਆਰ ਹਾਂ
ਮੈਂ ਦੁਸ਼ਮਣ ਨਹੀਂ ,ਮੈਂ ਯਾਰ ਹਾਂ
ਮੈਂ ਜਿੱਤ ਹਾਂ, ਮੈਂ ਹਾਰ ਹਾਂ
ਮੈਂ ਅਠੇ ਪਹਿਰ ਸਵਾਰ ਹਾਂ

ਮੈਂ ਅੰਮ੍ਰਿਤ ਹਾਂ, ਨਾ ਜਹਿਰ ਹਾਂ
…….ਮੈਂ ਛੱਲ ਹਾਂ ਜਾਂ ਲਹਿਰ ਹਾਂ
ਮੈਂ ਦਰਦ ਹਾਂ ਜਾਂ ਕਹਿਰ ਹਾਂ
ਮੈਂ ਖੁੱਲੀ ਹਾਂ ਜਾਂ ਬਹਿਰ ਹਾਂ
ਮੈਂ ਕਵਿਤਾ ਹਾਂ…….

ਮੈਂ ਆਸ਼ਕਾਂ ਦਾ ਸਹਾਰਾ ਹਾਂ
ਮੈਂ ਅਣਗਿਣਿਆ ਕੋਈ ਤਾਰਾਂ ਹਾਂ
ਮੈਂ ਖ਼ਿਆਲਾਂ ਦੇ ਵਿੱਚ ਬੰਦ ਹਾਂ
ਕਿਸੇ ਮਹਿਬੂਬ ਦਾ ਚੰਦ ਹਾਂ
ਮੈਂ ਕਵਿਤਾ ਹਾਂ…

ਕਦੇ ਇਸ਼ਕ ਮਜ਼ਾਜੀ ਲਗਦੀ ਹਾਂ
ਕਦੇ ਇਸ਼ਕ ਹਕੀਕੀ ਵਰਗੀ ਹਾਂ
ਜਿਹੋ ਜਹੀ ਅੱਖ ਨਾਲ ਤੱਕੋਂ ਗੇ
ਮੈਂ ਓਹੋ ਜਹੀ ਹੀ ਲਗਦੀ ਹਾਂ

ਮੈਂ ਅਹਿਸਾਸ ਹਾਂ, ਮੈਂ ਛੋਹ ਹਾਂ
ਮੈਂ ਪੌਣਾਂ ਦੀ ਖੁਸ਼ਬੋ ਹਾਂ
ਮੈਂ ਟਿਮ ਟਿਮ ਕਰਦਾ ਜੁਗਨੂੰ ਹਾਂ
ਮੈਂ ਹਨੇਰਿਆਂ ਦੀ ਲੋਅ ਹਾਂ
ਮੈਂ ਕਵਿਤਾ ਹਾਂ…..

ਮੈਂ ਨਿਰਾਸ਼ਿਆਂ ਦਾ ਰਾਜ ਹਾਂ
ਮੈਂ ਸਿਵਿਆਂ ਵਿੱਚ ਉੱਡਦੀ ਖ਼ਾਕ ਹਾਂ
… ਮੈਂ ਟੁੱਟਦੇ ਹੋਏ ਤਾਰਿਆਂ ਵਿੱਚ
……ਮੈਂ ਮੁੜ ਜਿਉਣ ਦੇ ਇਸ਼ਰਿਆਂ ਵਿੱਚ
ਮੈਂ ਤਿਪ ਤਿਪ ਕਰਦੀ ਬੁੰਦਰ ਹਾਂ
ਕਦੇ ਨਦੀ ਕਦੇ ਸਮੁੰਦਰ ਹਾਂ
ਮੈਂ ਕਵਿਤਾ ਹਾਂ….

ਮੈਂ ਜਾਮ ਹਾਂ , ਸ਼ਵਾਬ ਹਾਂ
ਮੈਂ ਸਵਾਲ ਹਾਂ,ਜਵਾਬ ਹਾਂ
ਮੈਂ ਝੀਲ ਹਾਂ,ਮੈਂ ਆਬ ਹਾਂ
ਮੈਂ ਨੀਂਦਰ ਵਿੱਚ ਖਵਾਬ ਹਾਂ

ਨਾਪਾਕ ਹਾਂ ਮੈਂ ਪਾਕ ਹਾਂ
ਮੈਂ ਜੜ੍ਹ ਹਾਂ ਮੈਂ ਸ਼ਾਖ ਹਾਂ
ਮੈਂ ਰੋਂਦਿਆਂ ਲਈ ਦਿਲਾਸਾ ਹਾਂ
ਮੈਂ ਖੁਸ਼ੀਆਂ ਦੇ ਵਿੱਚ ਹਾਸਾ ਹਾਂ
ਮੈਂ ਕਵਿਤਾ ਹਾਂ…..

ਮੈਂ ਨਿੱਤ ਬਦਲਦੀਆਂ ਰੁੱਤਾਂ ਜਹੀ,
ਸਦੀਆਂ ਤੋਂ ਖੜੇ ਹੋਏ ਰੁੱਖਾਂ ਜਹੀ
ਮੈਂ ਪੰਛੀ ਕੋਈ ਚਿਹਕ ਰਿਹਾ
ਮੈਂ ਫੁੱਲ ਹਾਂ ਕੋਈ ਮਹਿਕ ਰਿਹਾ

ਮੈਂ ਟੇਢੇ ਮੇਡੇ ਰਾਹਵਾਂ ਵਿਚ
ਮੈਂ ਧੁੱਪਾਂ ਵਿੱਚ, ਮੈਂ ਛਾਂਵਾਂ ਵਿਚ
ਮੈਂ ਨਦੀਆਂ ਵਿਚ, ਦਰਿਆਵਾਂ ਵਿੱਚ
ਮੈਂ ਸੁਰਮੇ ਰੰਗੀ ਘਟਾਵਾਂ ਵਿੱਚ

ਮੈਂ ਵੀਰਾਂ ਦੀਆਂ ਪ੍ਰਵਾਹਾਂ ਵਿੱਚ
ਮੈਂ ਭੈਣਾਂ ਦੀਆਂ ਦੁਆਵਾਂ ਵਿੱਚ
ਮੈਂ ਬਾਪ ਦੀਆਂ ਥੱਕੀਆਂ ਬਾਹਵਾਂ ਵਿੱਚ
ਮੈਂ ਰੱਬ ਵਰਗੀਆਂ ਮਾਂਵਾਂ ਵਿੱਚ
ਮੈਂ ਕਵਿਤਾ ਹਾਂ…..

ਮੈਂ ਗਿਧਿਆਂ ਵਿੱਚ,ਮੈਂ ਭੰਗੜੇ ਵਿੱਚ
ਮੈਂ ਪੈਰੋਂ ਹੀਣੇ ਲੰਗੜੇ ਵਿੱਚ
ਮੈਂ ਉੱਚੀਆਂ ਲੰਬੀਆਂ ਹੇਕਾਂ ਵਿੱਚ
ਮੈਂ ਬੋਲੀਆਂ ਵਿੱਚ, ਮੈਂ ਗੂੰਗੜੇ ਵਿੱਚ
ਮੈਂ ਕਵਿਤਾ ਹਾਂ……

ਮੈਂ ਜਮੀਨ ਹਾਂ,ਆਕਾਸ਼ ਹਾਂ
ਮੈਂ ਉਮੀਦ ਹਾਂ,ਮੈਂ ਆਸ ਹਾਂ
ਮੈਂ ਹੋਣੀ ਹਾਂ, ਮੈਂ ਕਾਸ਼ ਹਾਂ
ਮੈਂ ਤੁਰਦੀ ਫਿਰਦੀ ਲਾਸ਼ ਹਾਂ
ਮੈਂ ਕਵਿਤਾ ਹਾਂ……

ਮੈਂ ਦੈਂਤ ਨਹੀਂ, ਸ਼ੈਤਾਨ ਨਹੀਂ
ਮੈਂ ਅਣਜਾਣ ਨਹੀਂ, ਨਾਦਾਨ ਨਹੀਂ
ਮੈਂ ਝਕੜ ਨਹੀਂ, ਤੂਫ਼ਾਨ ਨਹੀਂ
ਇਨਸਾਨ ਨਹੀਂ, ਭਗਵਾਨ ਨਹੀਂ
ਮੈਂ ਕਵਿਤਾ ਹਾਂ ਬਸ ਕਵਿਤਾ ਹਾਂ……

ਮੈਂ ਬਦਲਦੀ ਹੋਈ ਤਕਦੀਰ ਵਿੱਚ
ਕੰਧ ਤੇ ਲਟਕਦੀ ਤਸਵੀਰ ਵਿੱਚ
ਮੈਂ ਮੌਜਾਂ ਕਰਦੇ ਬਚਪਨ ਵਿੱਚ
ਮੈਂ ਝੂਰੜੀਆਂ ਦੀ ਲਕੀਰ ਵਿੱਚ
ਮੈਂ ਕਵਿਤਾ ਹਾਂ….

ਮੈਂ ਸ਼ਰਮ ਹਾਂ, ਮੈਂ ਸੰਗ ਹਾਂ,
ਮੈਂ ਕੜ੍ਹਾ ਹਾਂ,ਮੈਂ ਵੰਗ ਹਾਂ
ਮੈਂ ਮੱਥੇ ਦੀ ਬਿੰਦੀ ਹਾਂ
ਮੈਂ ਹਰ ਪ੍ਰਕਾਰ ਦਾ ਰੰਗ ਹਾਂ
ਮੈਂ ਕਵਿਤਾ ਹਾਂ…..

ਮੈਂ ਖੇਤਾਂ ਦੇ ਡਰਨਿਆਂ ਵਿੱਚ
ਮੈਂ ਪਾਣੀ ਦੇ ਝਰਨਿਆਂ ਵਿੱਚ
ਮੈਂ ਟਿੰਡਾ ਵਾਲਿਆਂ ਖੂਹਾਂ ਵਿੱਚ
ਮੈਂ ਸੱਚੀ ਸੁੱਚੀਆਂ ਰੂਹਾਂ ਵਿੱਚ
ਮੈਂ ਕਵਿਤਾ ਹਾਂ….

ਮੈਂ ਮਹਿਕ ਹਾਂ ਗਿੱਲੀ ਮਿੱਟੀ ਦੀ
ਮੈਂ ਮਹਿਕ ਹਾਂ ਗੁੜ ਦੀ ਲੇਟੀ ਦੀ
ਮੈਂ ਮਹਿਕ ਹਾਂ ਫੁੱਲਾਂ ਕਲੀਆਂ ਦੀ
ਮੈਂ ਧੂੜ ਹਾਂ ਸੁੰਨੀਆਂ ਗਲੀਆਂ ਦੀ

ਮੈਂ ਫੁੱਲਾਂ ਉੱਤੇ ਤ੍ਰੇਲ ਜਹੀ
ਮੈਂ ਚਿੱਟੀ ਖਿੜੀ ਸਵੇਰ ਜਹੀ
ਮੈਂ ਸੋਨੇ ਰੰਗੀ ਦੁਪਹਿਰ ਜਹੀ
ਮੈਂ ਢੱਲੀ ਸ਼ਾਮ ਦੀ ਗਹਿਰ ਜਹੀ
ਮੈਂ ਕਵਿਤਾ ਹਾਂ…..

ਮੈਂ ਹੰਝੂ ਖੁਸ਼ੀਆਂ ਗਮੀਆਂ ਦਾ
ਵਹਿੰਦੀ ਹਾਂ ਨਿੱਤ ਨੈਣਾਂ ਵਿੱਚ
ਮੈਂ ਸਦਾ ਵਿੱਛੜ ਕੇ ਤੁਰਿਆਂ ਲਈ
ਕੁਰਲਾਓਂਦੀ ਹਾਂ ਨਿੱਤ ਵੈਣਾਂ ਵਿੱਚ
ਮੈਂ ਕਵਿਤਾ ਹਾਂ…..

ਮੈਂ ਜੰਗਲਾਂ ਅਤੇ ਉਜਾੜਾਂ ਵਿੱਚ
ਮੈਂ ਪੱਥਰਾਂ ਅਤੇ ਪਹਾੜਾਂ ਵਿੱਚ
ਮੈਂ ਰੁੱਤ ਹਾਂ ਪੋਹ ਦੇ ਪਾਲਿਆਂ ਦੀ
ਮੈਂ ਧਪਦੀ ਧੁੱਪ ਹਾਂ ਹਾੜਾਂ ਵਿੱਚ
ਮੈਂ ਕਵਿਤਾ ਹਾਂ…..

ਮੈਂ ਸੀਮਤ ਨਹੀਂ ਹਾਂ ਕਲਮ ਤੱਕ
ਹਰ ਹਰਫ਼ ਤੇ ਮੇਰਾ ਆਪਣਾ ਹੱਕ
ਮੈਂ ਹੁਕਮ ਨਹੀਂ ਫਰਿਆਦ ਹਾਂ
ਮੈਂ ਕੈਦ ਨਹੀਂ ਆਜ਼ਾਦ ਹਾਂ
ਮੈਂ ਕਵਿਤਾ ਹਾਂ….

ਮੈਂ ਅੰਦਰ ਹਾਂ, ਮੈਂ ਬਾਹਰ ਹਾਂ
ਮੈਂ ਪੱਤਝੜ ਹਾਂ,ਬਹਾਰ ਹਾਂ
ਮੈਂ ਕੂੰਜਾਂ ਦੀ ਉੱਡਦੀ ਡਾਰ ਹਾਂ
ਮੈਂ ਕਣ ਕਣ ਦੀ ਸ਼ੁਕਰਗੁਜਾਰ ਹਾਂ

ਮੈਂ ਆਦਿ ਹਾਂ, ਜੁਗਾਦਿ ਹਾਂ
ਮੈਂ ਅੰਨਤ ਹਾਂ, ਬੇਅੰਤ ਹਾਂ
ਮੈਂ ਨਿਰਭਉ ਹਾਂ, ਨਿਰਵੈਰ ਹਾਂ
ਮੈਂ ਰਾਗ ਹਾਂ,ਮੈਂ ਬਹਿਰ ਹਾਂ

ਮੈਂ ਉਜੜ ਕੇ ਵੀ ਨਾ ਉਂਜੜੀ ਹਾਂ
ਮੈਂ ਸੋਨੇ ਲਫ਼ਜੀ ਗੁਜਰੀ ਹਾਂ
ਮੈਂ ਤਿੱਖੀ ਤੇਜ ਕਟਾਰ ਜਹੀ
ਮਾਂ ਦੁਰਗਾ ਦੀ ਤਲਵਾਰ ਜਹੀ
ਮੈਂ ਕਵਿਤਾ ਹਾਂ…

ਮੈਂ ਕੱਲੀ ਕਾਲ ਸ਼ਿਆਹੀ ਨਾ
ਮੈਂ ਕਲਮ ਕੋਈ ਥਿਆਹੀ ਨਾ
ਮੈਂ ਵਿਦਵਾਨਾਂ ਦੀ ਜਾਈ ਹਾਂ
ਕਵੀਆਂ ਦੀ ਕਲਮ ਚੋਂ ਆਈ ਹਾਂ
ਮੈਂ ਕਵਿਤਾ ਹਾਂ… ਮੈਂ ਕਵਿਤਾ ਹਾਂ!!

ਸਰਬਜੀਤ ਕੌਰ ਹਾਜੀਪੁਰ
ਸ਼ਾਹਕੋਟ

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਿਹੜੇ ਦਾ ਬੂਟਾ।
Next articleਕਾਮਯਾਬੀ ਦੀ ਕਿਰਨ