(ਸਮਾਜ ਵੀਕਲੀ)
ਮੈਨੂੰ ਕੀ ਮੈਂ ਕਿਸੇ ਤੋਂ ਕੀ ਲੈਣਾ
ਮੇਰਾ ਕੰਮ ਸੈੱਟ ਮੈਂ ਸਹਾਰਾ ਨਹੀਂ ਦੇਣਾ
ਮੈਂ ਅਨਜਾਣ ਬਣ ਜਾਨਾ ਜਦੋਂ ਕਿਤੇ
ਕਿਸੇ ਦੇ ਹੱਕ ਵਿੱਚ ਖੜਨਾ ਹੋਵੇ,
ਜਦੋਂ ਵਾਰੀ ਆ ਜਾਵੇ ਮੇਰੀ
ਓਦੋਂ ਬਸ ਪੁੱਛੋ ਨਾ ਮੇਰਾ ਤਾਂ ਮਰਨਾ ਹੋਵੇ
ਮੈਂ ਇਨਸਾਨੀਅਤ ਅਤੇ ਇੱਜਤ ਦੀ
ਐਸੀ ਖੱਲ ਲਾਹੀ ਦੱਬ ਕੇ
ਹੁਣ ਨਹੀਂ ਆਉਂਦੀ ਮੇਰੇ ਕੋਲ ਓਹ ਕਦੇ ਭੁੱਲ ਕੇ,
ਮੈਂ ਹਰ ਵੇਲੇ ਮੈਂ ਮੈਂ ਦੀ ਰੱਟ ਲਾ ਰੱਖੀ
ਕਿਸੇ ਹੋਰ ਦੇ ਬਾਰੇ ਨਾ ਸੋਚਾਂ
ਲੋਕਾਂ ਵਿੱਚ ਨਫਰਤ ਪਾ ਛੱਡਾਂ
ਮੌਜਾਂ ਨਾਲ ਬੈਠਾ ਕੁਰਸੀ ਤੇ
ਮੈਂ ਤਾਂ ਆਪਣੇ ਹੀ ਬੁੱਲੇ ਲੁੱਟਾਂ,
ਮੈਂ ਫਿਰ ਵੀ ਮੈਂ ਹਾਂ ਮੈਂ ਹੀ ਹਾਂ ਦੁਨੀਆਂ ਤੇ
ਮੈਂ ਤਾਂ ਉਸ ਕੁਦਰਤ ਨੂੰ ਭੁੱਲ ਕੇ
ਹਰ ਵੇਲੇ ਨਫਰਤ ਅਤੇ ਪਾੜੇ ਪਾਉਣ ਬਾਰੇ ਸੋਚਾਂ
ਹਰ ਵੇਲੇ ਮੈਂ ਆਪਣੇ ਬਾਰੇ ਹੀ ਸੋਚਾਂ,
ਮੈਂ ਇਕੱਲਾ ਹੀ ਹਾਂ ਜੋ ਕੱਪੜੇ ਪਾ ਸਕਦਾਂ
ਬਾਕੀ ਤਾਂ ਮੈਨੂੰ ਭੁੱਖੇ ਨੰਗੇ ਹੀ ਦਿਸਦੇ ਨੇ
ਮੈਂ ਕੰਮ ਲੈਣਾ ਹੋਵੇ ਤਾਂ ਬੁਲਾ ਲਵਾਂ
ਨਹੀਂ ਮੈਨੂੰ ਨਹੀਂ ਪਤਾ ਲੱਗਦਾ
ਕਿ ਮੇਰੇ ਨਾਲ ਦੇ ਸਹਿਕਰਮੀ ਕਿਵੇਂ ਪਿਸਦੇ ਨੇ,
ਮੈਂ ਕਿਉਂ ਸੋਚਾਂ ਕਿਸੇ ਬਾਰੇ
ਕਿਉਂ ਕਿ ਸੁਹੱਪਣ ਮੇਰੇ ਤੇ ਹੀ ਹੈ
ਮੈਂ ਹੀ ਬੜਾ ਸੋਹਣਾ ਜਾਂ ਸੋਹਣੀ ਹਾਂ
ਮੈਂ ਅਣਭੋਲ ਨਹੀਂ ਜਾਣ ਸਕਿਆ
ਇੱਕ ਦਿਨ ਸੋਹਣਾ ਫੁੱਲ ਵੀ ਮੁਰਝਾ ਜਾਂਦਾ
ਜਿਸ ਦੀ ਖੁਸ਼ਬੂ ਲੈਣ ਹਰ ਕੋਈ ਉਸ ਵੱਲ ਜਾਂਦਾ,
ਮੈਂ ਏਨਾ ਬੇਵਕੂਫ ਕਿਵੇਂ ਹੋ ਗਿਆ
ਜੋ ਇਹ ਵੀ ਭੁੱਲ ਗਿਆ
ਕਿ ਜ਼ਿੰਦਗੀ ਖ਼ੁਸ਼ੀਆਂ ਮਾਨਣ ਲਈ ਹੈ
ਖ਼ੁਸ਼ੀਆਂ ਵੰਡਣ ਲਈ ਹੈ ਜਿਊਣ ਲਈ ਹੈ
ਧਰਮਿੰਦਰ ਤਾਂ ਨਫ਼ਰਤਾਂ ਦੇ ਜ਼ਹਿਰ ਵਿੱਚ
ਜਿਉਣਾ ਹੀ ਭੁੱਲ ਗਿਆ,
ਮੈਂ ਹਰ ਰੋਜ਼ ਕਿਸੇ ਨੂੰ ਨੀਚਾ ਦਿਖਾਉਣ ਦੇ
ਜ਼ਾਲ ਤਾਂ ਬੁਣਦਾ ਰਹਿੰਦਾ ਹਾਂ
ਮੇਰੇ ਨਾਲ ਦਾ ਕੋਈ ਔਖਾ ਵੀ ਹੈ
ਮੈਨੂੰ ਇਹ ਮਹਿਸੂਸ ਹੀ ਨਹੀਂ ਹੁੰਦਾ
ਗੱਲ ਓਥੇ ਆ ਖੜ੍ਹੇ ਕਿ ਮੇਰੀ ਮੈਂ ਨੇ
ਮੇਰੀ ਇਨਸਾਨੀਅਤ ਅਤੇ ਸ਼ਰਮ
ਦੋਨੋਂ ਹੀ ਖੋਹ ਲਏ ਰਹਿ ਗਿਆ ਸਿਰਫ ਮੈਂ
ਫਿਰ ਰਹਿ ਗਿਆ ਮੈਂ ਸਿਰਫ ਮੈਂ ਹੀ ਮੈਂ
ਨਾ ਸਮਝਾ ਤੈਨੂੰ ਗੱਲ ਸਮਝਾਵਾਂ ਮੈਂ
ਨਾ ਰਹਿਣੀ ਮੇਰੀ ਮੈਂ ਨਾ ਰਹਿਣਾ ਏਥੇ ਮੈਂ।
ਧਰਮਿੰਦਰ ਸਿੰਘ ਮੁੱਲਾਂਪੁਰੀ
9872000461
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly