HOME ਜਿਉਂ ਕੇ ਵੀ ਮਰ ਗਏ ਹਾਂ ……

ਜਿਉਂ ਕੇ ਵੀ ਮਰ ਗਏ ਹਾਂ ……

ਮੰਜੂ ਰਾਇਕਾ
   (ਸਮਾਜ ਵੀਕਲੀ)   ਸਮਾਜ ਦੇ ਵਿੱਚ ਅੱਜ ਵੀ ਅਜਿਹੇ ਲੋਕ ਵਸਦੇ ਹਨ ਜੋ ਦਿਖਣ ਨੂੰ ਤਾਂ ਜ਼ਿੰਦਾ ਹਨ, ਸਾਹ ਲੈਂਦੇ ਹਨ, ਕੰਮ ਕਰਦੇ ਹਨ, ਪਰ ਅੰਦਰੋਂ ਕਈ ਦਿਨਾਂ ਤੋਂ ਮਰ ਚੁੱਕੇ ਹਨ। ਉਹਨਾਂ ਦੀਆਂ ਅੱਖਾਂ ਵਿੱਚ ਨੂਰ ਨਹੀਂ, ਦਿਲ ਵਿੱਚ ਉਮੀਦ ਨਹੀਂ, ਸੋਚ ਵਿੱਚ ਮਕਸਦ ਨਹੀਂ। ਇਹ ਲੋਕ ਅਪਣੇ ਹੱਕਾਂ ਦੀ ਲੜਾਈ ਲੜਨ ਦਾ ਜਜ਼ਬਾ ਵੀ ਗੁਆ ਬੈਠੇ ਹਨ ਕਿਉਂਕਿ ਉਹਨਾਂ ਨੂੰ ਕਦੇ ਸਿੱਖਾਇਆ ਹੀ ਨਹੀਂ ਗਿਆ ਕਿ ਉਹ ਕੁਝ ਮੰਗ ਸਕਦੇ ਹਨ, ਜਾਂ ਉਹਨਾਂ ਨੂੰ ਕੁਝ ਮਿਲਣਾ ਚਾਹੀਦਾ ਹੈ।
ਸਮਾਜ ਨੇ ਇਨ੍ਹਾਂ ਲੋਕਾਂ ’ਤੇ ਬੇਇਨਸਾਫ਼ੀਆਂ, ਗਰੀਬੀ, ਤਾਨਾਸ਼ਾਹੀ ਸੋਚਾਂ, ਅਤੇ ਬੇਰੁਖ਼ੀ ਦੇ ਇੰਨੇ ਵੱਡੇ ਪਹਾੜ ਰੱਖ ਦਿੱਤੇ ਹਨ ਕਿ ਉਹ ਆਪਣੇ ਹੀ ਅੰਦਰ ਦੱਬ ਕੇ ਰਹਿ ਗਏ ਹਨ। ਉਹ ਜਿੰਦਗੀ ਦੇ ਰੂਪ ਵਿਚ ਸਿਰਫ਼ ਇੱਕ ਰਸਮ ਨਿਭਾ ਰਹੇ ਹਨ ਸਵੇਰੇ ਤੋਂ ਸ਼ਾਮ ਤੱਕ ਕੰਮ, ਫਿਰ ਥਕਾਵਟ ਦਾ ਬੋਝ, ਅਤੇ ਫਿਰ ਇੱਕ ਕੁੜਮਾਈ ਹੋਈ ਨੀਂਦ। ਜਿਵੇਂ ਜ਼ਿੰਦਗੀ ਨਹੀਂ, ਇੱਕ ਜੀਵਨ-ਚੱਕਰ ਹੈ ਜੋ ਰੁਟੀਨ ਦੀਆਂ ਲੜੀਆਂ ਨਾਲ ਬੱਝਿਆ ਹੋਇਆ ਹੈ।
ਪਿਛਲੇ ਸਮਿਆਂ ਵਿੱਚ, ਮਨੁੱਖ ਹੱਕਾਂ ਲਈ ਲੜਦਾ ਸੀ, ਸੁਪਨਾਂ ਲਈ ਲੜਦਾ ਸੀ। ਪਰ ਅੱਜ ਕਈਆਂ ਦਾ ਹਾਲ ਇਹ ਹੈ ਕਿ ਉਹ ਜਾਣਦੇ ਹੀ ਨਹੀਂ ਕਿ ਲੜਨਾ ਕੀ ਹੁੰਦਾ ਹੈ। ਉਹਨਾਂ ਨੂੰ ਇਹ ਵੀ ਯਕੀਨ ਨਹੀਂ ਰਹਿੰਦਾ ਕਿ ਉਹ ਆਪਣੇ ਹੱਕ ਦੇ ਹੱਕਦਾਰ ਵੀ ਹਨ। ਬਚਪਨ ਤੋਂ ਦਬਾਅ, ਘਰ ਦੀਆਂ ਲੜਾਈਆਂ, ਸਮਾਜਕ ਤਾਨੇ, ਅਤੇ ਨਹੀਂ ਖ਼ਤਮ ਹੁੰਦਾ ਸੰਗਰਸ਼ ਇਹ ਸਭ ਇੱਕ ਮਨੁੱਖ ਨੂੰ ਅੰਦਰੋਂ ਸੁੱਕਾ ਦੇਂਦੇ ਹਨ।
ਇਹ ਸਿਰਫ਼ ਗਰੀਬ ਜਾਂ ਬੇਸਹਾਰਾ ਲੋਕਾਂ ਦੀ ਗੱਲ ਨਹੀਂ। ਕਈ ਵਾਰ ਬਹੁਤ ਵਧੀਆ ਘਰਾਂ, ਨੌਕਰੀਆਂ ਅਤੇ ਸੁਵਿਧਾਵਾਂ ਵਾਲੇ ਲੋਕ ਵੀ ਅੰਦਰੋਂ ਮਰ ਚੁੱਕੇ ਹੁੰਦੇ ਹਨ। ਉਹ ਰੋਜ਼ ਕੰਮ ਤੇ ਜਾਂਦੇ ਹਨ, ਮੁਸਕਰਾਉਂਦੇ ਹਨ, ਪਰ ਉਹਨਾਂ ਦੇ ਦਿਲ ਦੇ ਕਿਸੇ ਕੋਨੇ ਵਿੱਚ ਇੱਕ ਬੇਬਸੀ ਹੈ ਇੱਕ ਖੋਖਲਾਪਨ, ਜੋ ਉਹਨਾਂ ਨੂੰ ਹੌਲੀਆਂ-ਹੌਲੀਆਂ “ਜਿਉਂਦੀ ਲਾਸ਼” ਬਣਾ ਦਿੰਦਾ ਹੈ।
ਸਮੱਸਿਆ ਇਹ ਨਹੀਂ ਕਿ ਉਹਨਾਂ ਕੋਲ ਹੱਕ ਨਹੀਂ। ਸਮੱਸਿਆ ਇਹ ਹੈ ਕਿ ਉਹਨਾਂ ਨੂੰ ਯਕੀਨ ਨਹੀਂ ਕਿ ਉਹ ਕੋਈ ਹੱਕ ਰੱਖਦੇ ਹਨ। ਜਦੋਂ ਮਨੁੱਖ ਆਪਣੀ ਹੀ ਕੀਮਤ ਭੁੱਲ ਜਾਵੇ, ਤਾਂ ਦੁਨੀਆ ਉਸਦੇ ਹੱਕਾਂ ਦੀ ਰਾਖੀ ਕਿਵੇਂ ਕਰੇਗੀ?
ਸਮਾਜ ਨੂੰ, ਪਰਿਵਾਰਾਂ ਨੂੰ ਅਤੇ ਹਰ ਸੱਚੇ ਇਨਸਾਨ ਨੂੰ ਇਹ ਸਮਝਣ ਦੀ ਲੋੜ ਹੈ ਕਿ ਜਿਉਂਦਿਆਂ ਨੂੰ ਮਰਿਆ ਹੋਇਆ ਬਣਾਉਣ ਤੋਂ ਵੱਡਾ ਅਪਰਾਧ ਕੋਈ ਨਹੀਂ। ਸਹਾਰਾ, ਸਹਿਮਤੀ, ਹੌਸਲਾ, ਅਤੇ ਮਨੁੱਖੀ ਹੱਕਾਂ ਦੀ ਸਿੱਖਿਆ ਇਹ ਉਹ ਰੋਸ਼ਨੀ ਹੈ ਜੋ ਇਨ੍ਹਾਂ ਜਿਉਂਦੀਆਂ ਲਾਸ਼ਾਂ ਨੂੰ ਮੁੜ ਜਿੰਦਾ ਕਰ ਸਕਦੀ ਹੈ। ਜਦੋਂ ਮਨੁੱਖ ਨੂੰ ਇਹ ਅਹਿਸਾਸ ਹੋਵੇ ਕਿ ਉਹ ਮਕਸਦ ਵਾਲਾ ਹੈ, ਉਹ ਹੱਕਾਂ ਵਾਲਾ ਹੈ, ਉਹ ਲੜ ਸਕਦਾ ਹੈ ਤਦ ਹੀ ਉਸ ਵਿੱਚ ਜ਼ਿੰਦਗੀ ਵਾਪਸ ਆਉਂਦੀ ਹੈ।
ਸਮਾਜ ਨੂੰ ਲੋੜ ਹੈ ਕਿ ਇਹ “ਜਿਉਂਦੀ ਲਾਸ਼ਾਂ” ਮੁੜ ਇਨਸਾਨ ਬਣ ਸਕਣ। ਉਹ ਸੁਪਨੇ ਦੇਖਣ, ਉਹ ਲੜਣ, ਉਹ ਜੀਊਣ ਕਿਉਂਕਿ ਜ਼ਿੰਦਗੀ ਦਾ ਮਕਸਦ ਮਰ ਕੇ ਨਹੀਂ, ਜਿਉਂਦਿਆਂ ਮਿਲਦਾ ਹੈ।

ਨਕਾਰਾਤਮਕ ਸੋਚ ਦੇ ਮਾਲਕ

ਨਕਾਰਾਤਮਕ ਸੋਚ ਵਾਲੇ ਲੋਕ ਹਰ ਗੱਲ ਵਿੱਚ ਮਾੜਾ ਪੱਖ ਹੀ ਵੇਖਦੇ ਹਨ। ਉਹਨਾਂ ਨੂੰ ਹਮੇਸ਼ਾ ਡਰ, ਸ਼ੱਕ ਤੇ ਨਿਰਾਸ਼ਾ ਘੇਰ ਲੈਂਦੀ ਹੈ। ਅਜਿਹੀ ਸੋਚ ਨਾ ਸਿਰਫ਼ ਉਹਨਾਂ ਦੀ ਆਪਣੀ ਤਰੱਕੀ ਰੋਕਦੀ ਹੈ, ਸਗੋਂ ਆਸ-ਪਾਸ ਦੇ ਲੋਕਾਂ ਦਾ ਮਨੋਬਲ ਵੀ ਘਟਾਉਂਦੀ ਹੈ। ਜੀਵਨ ਵਿੱਚ ਚੰਗਾ ਸੋਚਣਾ ਤੇ ਹੌਸਲਾ ਰੱਖਣਾ ਬਹੁਤ ਜ਼ਰੂਰੀ ਹੈ, ਕਿਉਂਕਿ ਸਕਾਰਾਤਮਕ ਸੋਚ ਹੀ ਸਫਲਤਾ ਦੀ ਕੁੰਜੀ ਹੈ। ਜਿਹੜਾ ਮਨੁੱਖ ਹਰ ਹਾਲਾਤ ਵਿੱਚ ਚੰਗਾ ਪੱਖ ਵੇਖਣਾ ਸਿੱਖ ਲੈਂਦਾ ਹੈ, ਉਹੀ ਅਸਲ ਜ਼ਿੰਦਗੀ ਜਿੱਤਦਾ ਹੈ।
ਮੰਜੂ ਰਾਇਕਾ 
ਭਿੰਡਰਾਂ (ਸੰਗਰੂਰ)
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਆਮ ਆਦਮੀ ਪਾਰਟੀ ਦੇ ਮੀਡੀਆ ਇੰਚਾਰਜ ਚੰਦਰ ਮੋਹਨ ਜੇਡੀ ਦਾ ਹੋਇਆ ਦੇਹਾਂਤ ਇਸ ਫਾਨੀ ਸੰਸਾਰ ਨੂੰ ਕਹਿ ਗਏ ਅਲਵਿਦਾ
Next articleਪ੍ਰਿੰਸੇਸ ਡਾਇਨਾ ਦੀ ਯਾਦਗਾਰ ’ਦੀ ਮੁਰੰਮਤ ਤੇ ਬਰਤਾਨੀਆ ਸਰਕਾਰ ਖ਼ਰਚ ਕਰੇਗੀ 30 ਲੱਖ ਪੌਂਡ