ਮੈਂ ਵੀ ਖਿਡਾਰੀ

(ਸਮਾਜ ਵੀਕਲੀ)

ਖੇਡਾਂ ਸਾਡੇ ਜੀਵਨ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ । ਖੇਡ ਚਾਹੇ ਕੋਈ ਵੀ ਹੋਵੇ , ਕਿਸੇ ਵੀ ਖੇਤਰ , ਸੂਬਾ ਜਾਂ ਦੇਸ਼ ਦੀ ਹੋਵੇ – ਖੇਡਾਂ ਨਾਲ ਜੁੜੋ । ਇਤਿਹਾਸ ਗਵਾਹ ਹੈ ਹਜ਼ਾਰਾਂ ਖਿਡਾਰੀਆਂ ਨੇ ਅਜਿਹੀਆਂ ਮੱਲਾਂ ਮਾਰੀਆਂ ਹਨ ਕਿ ਰਹਿੰਦੀ ਦੁਨੀਆਂ ਤੱਕ ਆਪਣਾ ਨਾਮ ਖੇਡ ਜਗਤ ਦੇ ਇਤਿਹਾਸ ਵਿੱਚ ਸੁਨਿਹਰੀ ਅੱਖਰਾਂ ਵਿੱਚ ਸੁਸ਼ੋਭਿਤ ਕਰ ਦਿੱਤਾ ਹੈ।

ਬਚਪਨ ਵਿੱਚ ਅਸੀਂ ਸਹਿਜੇ ਹੀ ਆਪਣੇ ਹਮ ਉਮਰ ਬੱਚਿਆਂ ਨਾਲ ਕੲੀ ਤਰ੍ਹਾਂ ਦੀਆਂ ਖੇਡਾਂ ਖੇਡਦੇ ਹੋਏ ਵੱਡੇ ਹੁੰਦੇ ਹਾਂ, ਅੱਗੇ ਚੱਲ ਕੇ ਬਚਪਨ ਦੀਆਂ ਕੁੱਝ ਖੇਡਾਂ ਬਚਪਨ ਤੱਕ ਹੀ ਸੀਮਿਤ ਹੁੰਦੀਆਂ ਹਨ ਅਤੇ ਕੁੱਝ ਖੇਡਾਂ ਇੰਟਰਨੈਸ਼ਨਲ ਪੱਧਰ ਤੱਕ ਖੇਡੀਆਂ ਜਾਂਦੀਆਂ ਹਨ, ਜਿਹਨਾਂ ਵਿੱਚ ਛੋਟੀ ਉਮਰ ਤੋਂ ਚੰਗੇ ਗੁਰੂ ਜਾਂ ਕੋਚ ਦੀ ਦੇਖ-ਰੇਖ ਹੇਠ ਮੁਹਾਰਤ ਹਾਸਲ ਕਰ ਕੇ ਸਫ਼ਲਤਾ ਦੀਆਂ ਟੀਸੀਆਂ ਤੇ ਪਹੁੰਚਿਆ ਜਾ ਸਕਦਾ ਹੈ। ਕੋਚ ਦੀ ਸਿੱਖਿਆ ਦੇ ਨਾਲ-ਨਾਲ ਖਿਡਾਰੀ ਦੀ ਖੇਡ ਪ੍ਰਤੀ ਅਣਥੱਕ ਮਿਹਨਤ ਅਤੇ ਕਾਬੀਲੀਅਤ ਸਦਕਾ ਕੋਈ ਵੀ ਖਿਡਾਰੀ ਅੱਗੇ ਚੱਲ ਕੇ ਆਪਣੇ ਪਰਿਵਾਰ ਅਤੇ ਦੇਸ਼ ਦਾ ਨਾਮ ਰੁਸ਼ਨਾਉਂਦਾ ਹੈ ।

ਸਮਾਜ ਵਿੱਚ ਇੱਜ਼ਤ ਦੇ ਨਾਲ ਨਾਲ ਸ਼ੋਹਰਤ ਮਿਲਦੀ ਹੈ। ਚੰਗੇ ਖਿਡਾਰੀ ਦੀ ਖੇਡ ਅਤੇ ਜਿੱਤਾਂ ਦੇ ਬਦਲੇ ਸਰਕਾਰ ਵੱਲੋਂ ਵੱਡੇ ਪੱਧਰ ਤੇ ਇਨਾਮੀ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ , ਸਾਡੇ ਦੇਸ਼ ਭਾਰਤ ਵਿੱਚ ਇੰਟਰਨੈਸ਼ਨਲ ਪੱਧਰ ਤੇ ਨਾਮਣਾ ਖੱਟਣ ਵਾਲੇ ਵੱਡੇ ਖਿਡਾਰੀਆਂ ਨੂੰ ਖੇਡ ਰਤਨ ਐਵਾਰਡ , ਅਰਜਨ ਐਵਾਰਡ, ਅਤੇ ਸਰਵ ਉੱਚ ਭਾਰਤ ਰਤਨ ਐਵਾਰਡ ਨਾਲ ਸਨਮਾਨਿਤ ਕੀਤਾ ਜਾਂਦਾ ਹੈ , ਦੇਸ਼ ਦੇ ਰਾਸ਼ਟਰਪਤੀ ਵੱਲੋਂ ਇਹ ਸਨਮਾਨ ਦਿੱਤੇ ਜਾਂਦੇ ਹਨ ਜੋ ਕਿ ਬਹੁਤ ਹੀ ਮਾਣ ਅਤੇ ਸਤਿਕਾਰ ਦੀ ਭਾਵਨਾ ਹੁੰਦੀ ਹੈ।

ਮੇਰੇ ਵੱਲੋਂ ਅੱਜ ਖੇਡ ਦੇ ਵਿਸ਼ੇ ਤੇ ਚਰਚਾ ਕਰਨ ਦਾ ਮੁੱਖ ਉਦੇਸ਼ ਕੀ ਹੈ ਹੁਣ ਉਸ ਵਿਸ਼ੇਸ਼ ਤੇ ਮਹੱਤਵਪੂਰਨ ਮੁੱਦੇ ਤੇ ਆਉਂਦੇ ਹਾਂ- ਦੋਸਤੋ ਤੁਸੀਂ ਦੇਖਿਆ ਹੀ ਹੈ ਕਿ ਪਿਛਲੇ ਕੁੱਝ ਸਾਲਾਂ ਤੋਂ ਸਾਡੇ ਪੰਜਾਬ ਦੀ ਨੌਜਵਾਨੀ ਖੇਡਾਂ ਤੋਂ ਮੂੰਹ ਮੋੜ ਕੇ ਨਸ਼ਿਆਂ ਦੇ ਰਾਹ ਤੇ ਪੈ ਗਈ ਹੈ, ਜਿਸ ਪੰਜਾਬ ਨੇ ਕਿਸੇ ਸਮੇਂ ਹਾਕੀ ਦੀ ਖੇਡ ਦੀ ਅਗਵਾਈ ਕਰਦੇ ਹੋਏ ਦੇਸ਼ ਨੂੰ ਉਲੰਪਿਕ ਖੇਡਾਂ ਵਿੱਚ ਲਗਾਤਾਰ ਕਈ ਗੋਲਡ ਮੈਡਲ ਜਿੱਤਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ ਅੱਜ ਮੇਰੇ ਉਸ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਨੇ ਆਪਣੀ ਗਿਰਫ਼ਤ ਵਿੱਚ ਲੈ ਲਿਆ ਹੈ, ਲੋੜ ਹੈ ਇੱਕ ਵਾਰ ਫਿਰ ਪੰਜਾਬ ਦੀ ਜਵਾਨੀ ਖੇਡਾਂ ਵਿੱਚ ਅੱਗੇ ਆਵੇ , ਇਸ ਦੇ ਲਈ ਜ਼ਰੂਰੀ ਹੈ ਖੇਡਾਂ ਦਾ ਮਿਆਰ ਉੱਚਾ ਚੁੱਕਿਆ ਜਾਵੇ। ਸਕੂਲਾਂ, ਕਾਲਜ਼ਾਂ ਵਿੱਚ ਪੜਾਈ ਦੇ ਨਾਲ-ਨਾਲ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਜ਼ਰੂਰੀ ਕਦਮ ਉਠਾਏ ਜਾਣੇ ਚਾਹੀਦੇ ਹਨ ।

ਕਹਿੰਦੇ ਹਨ ਵਿਹਲਾ ਮਨ ਸ਼ੈਤਾਨ ਦਾ ਘਰ- ਬੱਚਿਆਂ ਦੀ ਰੂਚੀ ਜਦੋਂ ਖੇਡਾਂ ਵੱਲ ਹੋਵੇਗੀ ਤਾਂ ਦੂਜੇ ਵਿਕਾਰਾਂ ਵੱਲ ਧਿਆਨ ਨਹੀਂ ਨਹੀਂ ਜਾਵੇਗਾ । ਖਿਡਾਰੀਆਂ ਨੂੰ ਵੱਧ ਤੋਂ ਵੱਧ ਪ੍ਰੋਤਸਾਹਿਤ ਕੀਤਾ ਜਾਣਾ ਚਾਹੀਦਾ ਹੈ, ਖੇਡਾਂ ਵਿੱਚ ਅੱਵਲ ਰਹਿਣ ਵਾਲੇ ਖਿਡਾਰੀਆਂ ਨੂੰ ਸਰਕਾਰ ਵੱਲੋੋਂ ਲੋੜੀਂਦੀ ਖ਼ੁਰਾਕ ਦੇ ਨਾਲ ਨਾਲ ਖੇਡਣ ਦੇ ਜ਼ਰੂਰੀ ਸਾਜੋ ਸਮਾਨ ਅਤੇ ਦੂਜੇ ਜ਼ਿਲਿਆਂ ਜਾਂ ਰਾਜਾਂ ਵਿੱਚ ਖੇਡਣ ਲਈ ਆਉਣ ਜਾਣ ਦਾ ਕਿਰਾਇਆ ਅਤੇ ਰਹਿਣ ਸਹਿਣ ਦਾ ਉਚਿੱਤ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਬੱਚਿਆਂ ਦੀ ਰੂਚੀ ਬਣੀ ਰਹੇ, ਅਜਿਹਾ ਕਰਨ ਨਾਲ ਸਭ ਤੋਂ ਵੱਡਾ ਫਾਇਦਾ ਤਾਂ ਇਹ ਹੋਵੇਗਾ ਕਿ ਬੱਚੇ ਨਸ਼ਿਆਂ ਤੋਂ ਦੂਰ ਰਹਿੰਦੇ ਹੋਏ ਸਿਰਫ਼ ਤੇ ਸਿਰਫ਼ ਖੇਡਾਂ ਵਿੱਚ ਹੀ ਧਿਆਨ ਲਗਾ ਕੇ ਰੱਖਣ ਗੇ।

ਮੈਂ ਉਹਨਾਂ ਸੰਸਥਾਵਾਂ ਜਾਂ ਖੇਡ ਕਲੱਬਾਂ ਦਾ ਵੀ ਵਿਸ਼ੇਸ਼ ਧੰਨਵਾਦ ਕਰਦਾਂ ਹਾਂ ਜੋ ਸਮੇਂ ਸਮੇਂ ਸਿਰ ਵੱਖ-ਵੱਖ ਖੇਡਾਂ ਦੇ ਈਵੈਂਟ , ਮੈਰਾਥਨ ਦੌੜਾਂ, ਸਾਇਕਲਿੰਗ ਕਰਵਾ ਕੇ ਚੰਗੇ ਸਮਾਜ ਦੀ ਸਿਰਜਣਾ ਕਰਨ ਵਿੱਚ ਅਹਿਮ ਯੋਗਦਾਨ ਪਾ ਰਹੇ ਹਨ, ਕੲੀ ਐਨ. ਆਰ. ਆਈ. ਭਰਾ ਅਤੇ ਸਮਰੱਥਾਵਾਨ ਵੀਰ ਆਪਣੇ ਪਿੰਡ ਜਾਂ ਕਸਬੇ ਵਿੱਚ ਹੋਣ ਵਾਲੀਆਂ ਖੇਡਾਂ ਨੂੰ ਕਰਵਾਉਣ ਲਈ ਇਨਾਮੀ ਰਾਸ਼ੀ ਵੰਡ ਕੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਦੇ ਹਨ।

ਖੇਡਾਂ ਦਾ ਇੱਕ ਹੋਰ ਮਹੱਤਵਪੂਰਨ ਫਾਇਦਾ ਇਹ ਹੁੰਦਾ ਹੈ ਕਿ ਖੇਡਾਂ ਸਿਹਤਮੰਦ ਅਤੇ ਤੰਦਰੁਸਤ ਜੀਵਨ ਦਾ ਮੂਲ ਆਧਾਰ ਬਣਦੀਆਂ ਹਨ, ਨਿਰੋਗ ਕਾਇਆ ਲਈ ਖੇਡਾਂ ਸੰਜੀਵਨੀ ਬੂਟੀ ਦਾ ਕੰਮ ਕਰਦੀਆਂ ਹਨ,

ਅੰਤ ਵਿੱਚ ਇਹੀ ਕਹਾਂਗਾ ਕਿ ਖੇਡੋ ਤੇ ਖਿਡਾਓ ਤੰਦਰੁਸਤ ਜੀਵਨ ਪਾਓ – ਰੱਬ ਰਾਖਾ

ਨਿਰਮਲ ਸਿੰਘ ਨਿੰਮਾ

9914721831

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲੰਘਿਆ ਵੇਲਾ ਹੱਥ ਨ੍ਹੀਂ ਆਉਂਣਾ
Next articleਗ਼ਜ਼ਲ