ਹੈਦਰਾਬਾਦ ਡਾਇਰੀ -ਚਾਰ

(ਜਸਪਾਲ ਜੱਸੀ)

(ਸਮਾਜ ਵੀਕਲੀ)

ਪੰਨਾ -2

ਹਿੰਦੋਸਤਾਨ ਵਿਚ ਸਵੇਰਾਂ ਵੀ ਹਰੇਕ ਥਾਂ ‘ਤੇ ਉਸ ਤਰ੍ਹਾਂ ਹੀ ਚੜ੍ਹਦੀਆਂ ਹਨ ਜਿਵੇਂ ਹੈਦਰਾਬਾਦ ਵਿਚ। ਪਰ ਇੱਥੋਂ ਦੀ ਆਵੋ ਹਵਾ, ਖ਼ਾਸ ਕਰ ਕੇ ਹੈਦਰਾਬਾਦ ਦੇ ਕੌਂਡਾਪੁਰ ਇਲਾਕੇ ਦੀ ਸਵੇਰ,ਥੋੜ੍ਹੀ ਭਿੰਨ ਹੁੰਦੀ ਹੈ। ਕਿਉਂਕਿ ਹਰਿਆਵਲ ਦੀ ਬਹੁਤਾਂਤ ਇੱਥੋਂ ਦੀ ਸਵੇਰ ਨੂੰ ਮਿੱਠਾ ਤੇ ਪਿਆਰਾ ਬਣਾਉਂਦੀ ਹੈ। ਜਿਸ ਤਰ੍ਹਾਂ ਬਠਿੰਡੇ ਦੇ ਰੋਜ਼ ਗਾਰਡਨ ਤੇ ਜੌਗਰ ਪਾਰਕ ਦੇ ਬਾਹਰਲੇ ਪਾਸਿਓਂ ਪ੍ਰਵੇਸ਼ ਦੁਆਰ ਤੋਂ ਹੀ ਵਾਤਾਵਰਨ ਬਦਲ ਜਾਂਦਾ ਹੈ ਪਰ ਏਥੇ ਹਰੇਕ ਸੜਕ ‘ਤੇ ਚਲਦਿਆਂ ਸਵੇਰੇ ਵੇਲੇ ਤੁਹਾਨੂੰ,ਮੌਸਮ ਵਧੀਆ ਲੱਗੇਗਾ ਪਰ ਦੁਪਿਹਰ ਵੇਲੇ ਜਿੱਥੇ ਕਿਤੇ ਦਰੱਖ਼ਤਾਂ ਦੀ ਅਣਹੋਂਦ ਹੈ ਫ਼ੇਰ ਚਿਲਕਣੀ ਧੁੱਪ ਸਾਂਹ ਵੀ ਸੂਤ ਲੈਂਦੀ ਹੈ। ਸੁੱਕੀਆਂ ਪਹਾੜੀਆਂ ਦਾ ਇਲਾਕਾ,ਸੜਕਾਂ ਦਾ ਉੱਤੇ ਥੱਲੇ ਹੋਣਾ,ਪੰਜਾਬ ਦੇ ਪੁਰਾਣੇ ਟਿੱਬਿਆਂ ਦੀ ਯਾਦ ਤਾਜ਼ਾ ਕਰਵਾਉਂਦਾ ਹੈ।

ਪੰਜਾਬ ਦੇ ਉੱਚੇ-ਉੱਚੇ ਟਿੱਬਿਆਂ ਦਾ ਭੁਲੇਖਾ ਇੱਥੇ ਵੀ ਪੈਂਦਾ ਹੈ। ਵੱਡੇ ਵੱਡੇ ਪੱਥਰ ਦੂਰੋਂ ਟਿੱਬਿਆਂ ਦਾ ਭੁਲੇਖਾ ਪਾਉਂਦੇ ਹਨ। ਏਅਰ ਪੋਰਟ ਤੋਂ ਨਿਕਲਦਿਆਂ,ਸ਼ਹਿਰ ਵੱਲ ਆਉਂਦਿਆਂ ਹੀ ਤੁਹਾਨੂੰ ਇੱਥੋਂ ਦੇ ਵਾਤਾਵਰਣ ਪ੍ਰਤੀ ਪ੍ਰੇਮ ਦੀ ਝਲਕ ਮਿਲ ਜਾਵੇਗੀ। ਸ਼ਹਿਰ ਨੂੰ ਜਾਂਦੀਆਂ ਸੜਕਾਂ ਭਾਵੇਂ ਚਾਰ ਲਾਈਨਾਂ ‘ਚ ਹੋਣ, ਚਾਹੇ ਛੇ ਲਾਇਨਾਂ ‘ਚ ਪਰ ਤੁਹਾਨੂੰ ਹਰਿਆਵਲ ਜ਼ਰੂਰ ਨਜ਼ਰ ਆਵੇਗੀ। ਸੁੱਕੀਆਂ ਪਹਾੜੀਆਂ ਦੇ ਵਿਚਕਾਰ, ਪੱਥਰਾਂ ਨੂੰ ਕੱਟ ਕੇ ਬਣਾਈਆਂ ਸੜਕਾਂ ਮਲਾਈ-ਦਾਰ ਹਨ। ਇੱਥੋਂ ਦੀ ਇੱਕ ਖ਼ਾਸੀਅਤ ਇਹ ਵੀ ਹੈ ਕਿ ਪਹਿਲਾਂ ਉਹਨਾਂ ਦਰਖਤਾਂ ਨੂੰ ਸੜਕਾਂ ‘ਤੇ ਲਗਾਇਆ ਜਾਂਦਾ ਹੈ ਜਿਹੜੇ ਛੇਤੀ ਵਧਦੇ ਫੁਲਦੇ ਹਨ। ਵੱਡੇ ਦਰੱਖ਼ਤ, ਉਹਨਾਂ ਦੇ ਵਿਚਕਾਰ ਲਗਾਏ ਜਾਂਦੇ ਹਨ।

ਮੈਂ ਤਿੰਨ ਸਾਲ ਲਗਾਤਾਰ ਆਉਣ ਕਰ ਕੇ ਅਨੁਭਵ ਕੀਤਾ ਕਿ ਆਈ.ਟੀ.ਸੈਕਟਰ ਵਾਲੇ ਇਲਾਕੇ ਵਿਚ ਜਿੱਥੇ ਗਗਨ ਚੁੰਭੀਆਂ ਇਮਾਰਤਾਂ ਬਣ ਰਹੀਆਂ ਹਨ ਉੱਥੇ ਹਰਿਆਵਲ ਵੀ ਪੂਰਨ ਰੂਪ ਵਿਚ ਸਵਾਇ-ਮਾਣ ਹੈ।

ਸਵੇਰੇ ਸਵੇਰੇ ਇੱਥੋਂ ਦੇ ਜੱਦੀ ਜੰਮਪਲ ਲੋਕ ਦਾਤਣ ਕਰਦੇ ਵੀ ਦੇਖੇ। ਜੱਦੀ ਲੋਕ ਕਾਲੇ ਰੰਗ ਦੇ ਦਰਾਵਿੜ ਹਨ ਪਰ ਉਹ ਆਪਣੀ ਮਾਂ ਬੋਲੀ ਨੂੰ ਦੂਜੀਆਂ ਜ਼ਬਾਨਾਂ ਤੋਂ ਕੁਰਬਾਨ ਨਹੀਂ ਕਰਦੇ। ਸਾਰੀਆਂ ਦੁਕਾਨਾਂ, ਦਫ਼ਤਰਾਂ, ਦੂਜੇ ਅਦਾਰਿਆਂ ਦੇ ਬੋਰਡਾਂ ਉੱਤੇ ਸਭ ਤੋਂ ਪਹਿਲਾਂ ਮਾਂ ਬੋਲੀ ‘ਚ ਤੇਲਗੂ ‘ਚ ਲਿਖਿਆ ਮਿਲੇਗਾ ਤੇ ਦੂਜੀ ਭਾਸ਼ਾ ਅੰਗਰੇਜ਼ੀ‌ ਹੈ।

ਤੇਲੰਗਾਨਾ ਦੀ ਸਰਕਾਰੀ ਭਾਸ਼ਾ ਤੇਲਗੂ ਹਰ ਥਾਂ ਤੇ ਲਾਗੂ ਹੈ ਭਾਵੇਂ ਇਸ ਸੂਬੇ ਨੂੰ ਆਂਧਰਾ ਪ੍ਰਦੇਸ਼ ਚੋਂ ਕੱਟਿਆ ਗਿਆ ਹੈ ਪਰ ਇਹ ਦਰਾਵਿੜ ਲੋਕ ਆਪਣੀ ਮਾਤ ਭਾਸ਼ਾ ‘ਤੇ ਬਹੁਤ ਮਾਣ ਕਰਦੇ ਹਨ। ਦੂਜੀਆਂ ਭਾਸ਼ਾਵਾਂ ਤਾਂ ਇਹ ਅਣ ਸਰਦੇ ਹੀ ਬੋਲਦੇ ਹਨ। ਭਾਵੇਂ ਆਈ. ਟੀ. ਸੈਕਟਰ ਵਾਲੇ ਪਾਸੇ ਉੱਤਰੀ ਭਾਰਤ ਦੇ ਲੋਕਾਂ ਦਾ ਵਾਸਾ ਹੋ ਗਿਆ ਹੈ, ਜਿੱਥੇ ਪੰਜਾਬ, ਹਰਿਆਣਾ, ਹਿਮਾਚਲ, ਦਿੱਲੀ ਤੇ ਉੱਤਰ ਪ੍ਰਦੇਸ਼ ਦੇ ਜ਼ਿਆਦਾ ਲੋਕ ਹਨ ਪਰ ਰਾਜਸਥਾਨੀਆਂ ਨੇ ਏਥੇ ਦੁਕਾਨਦਾਰੀ ਦੇ ਖੇਤਰ ਵਿਚ ਬਹੁਤ ਵੱਡੇ ਪੱਧਰ ਤੇ ਪੈਰ ਜਮਾਏ ਹਨ। ਛੋਟੀਆਂ ਮੋਟੀਆਂ ਕਰਿਆਣੇ ਦੀਆਂ ਦੁਕਾਨਾਂ, ਭਾਂਡਿਆਂ ਦੀਆਂ ਤੇ ਹਲਵਾਈਆਂ ਦੇ ਕਿੱਤੇ ‘ਤੇ, ਇਹਨਾਂ ਦਾ ਸੰਪੂਰਨ ਰੂਪ ਵਿਚ ਕਬਜ਼ਾ ਹੋ ਗਿਆ ਹੈ। ਪਰ ਮਕੈਨਿਕਲ ਦੇ ਖੇਤਰ ਵਿਚ ਅਜੇ ਵੀ ਮੁਸਲਿਮ ਭਾਈਚਾਰੇ ਦਾ ਪੂਰਨ ਦਬਦਬਾ ਹੈ ਭਾਵੇਂ ਉਹ ਪੁਰਾਣੇ ਹੈਦਰਾਬਾਦ ਵਿਚ ਰਹਿੰਦੇ ਹਨ ਪਰ ਹਰੇਕ ਥਾਂ ਤੇ ਮਸਜਿਦਾ ਦੇਖਣ ਯੋਗ ਹਨ।

ਉਹ ਆਪਣੀ ਉਰਦੂ ਭਾਸ਼ਾ ਨਾਲ ਸਮਝੌਤਾ ਨਹੀਂ ਕਰਦੇ।

ਸਾਡੇ ਪੰਜਾਬੀਆਂ ਵਾਂਗੂੰ ਨਹੀਂ ਜਿਹੜੀ ਭਾਸ਼ਾ ਦਾ ਬੰਦਾ ਮਿਲਿਆ ਉਸ ਵਿਚ ਹੀ ਮੂੰਹ ਮਾਰਨਾ ਸ਼ੁਰੂ ਕਰ ਦਿੰਦੇ ਹਨ। ਭਾਸ਼ਾ ਦੇ ਮਾਮਲੇ ਵਿਚ ਇਹ ਲੋਕ ਬਹੁਤ ਕੱਟੜ ਹਨ।

ਜੇ ਹਿੰਦੀ ਆਉਂਦੀ ਵੀ ਹੋਵੇਗੀ ਤਾਂ ਵੀ ਇਹ ਇਸ ਨੂੰ ਜ਼ਿਆਦਾ ਮੂੰਹ ਨਹੀਂ ਲਾਉਂਦੇ। ਉੱਤਰੀ ਭਾਰਤ ਦੇ ਲੋਕ ਆਪਸ ਵਿਚ ਹੀ ਬੋਲਚਾਲ ਕਰ ਕੇ ਡੰਗ ਸਾਰ ਲੈਂਦੇ ਹਨ ਕਿਉਂਕਿ ਹੁਣ ਬਹੁਤ ਲੋਕ, ਇਸ ਇਲਾਕੇ ਵਿਚ ਆ ਕੇ ਆਪਣੀ ਪੈਂਠ ਬਣਾ ਰਹੇ ਹਨ ਤੇ ਫ਼ਲੈਟ ਖ਼ਰੀਦ ਕੇ ਇੱਥੋਂ ਦੇ ਪੱਕੇ ਬਸਿੰਦੇ ਬਣ ਰਹੇ ਹਨ ਤੇ ਆਪਣੀ ਵੋਟ ਤੱਕ ਬਣਾ ਰਹੇ ਹਨ।
ਚਲਦਾ……

(ਜਸਪਾਲ ਜੱਸੀ)

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲਹਿੰਦੇ ਪੰਜਾਬ ਦੇ ਚੱਕ 233 ਜੀ ਬੀ ਜੜ੍ਹਾਂਵਾਲਾ ਵਿੱਚ ਹੋਵੇਗਾ 15 ਜੂਨ ਨੂੰ ਪਹਿਲਾ ਗਰੇਵਾਲ ਲੁਧਿਆਣਾ ਕਬੱਡੀ ਕੱਪ
Next articleGoa Forward Party urges Gadkari to build toilets for women along highways