(ਸਮਾਜ ਵੀਕਲੀ)
ਪਤਨੀ:-
ਪੁੱਤਰ ਮੰਗਦਾ ਬੂਟ ਜੁਰਾਬਾਂ।
ਘਰ ਨਾ ਚਲਦਾ ਬਾਝ ਹਿਸਾਬਾਂ।
ਕਾਪੀ ਉੱਤੇ ਲ਼ਿਖਕੇ ਭੇਜਿਆ,ਪੜ੍ਹ ਸਕੂਲ ਦਾ ਪਰਚਾ।
ਤੈਥੋਂ ਘਰ ਦਾ ਵੇ,ਚੁੱਕ ਨਾ ਹੁੰਦਾ ਖਰਚਾ
ਤੈਥੋਂ ਘਰ ਦਾ ਵੇ।
ਪਤੀ:-
ਜੱਟ ਦੇ ਪੁੱਤ ਦੀ ਕਿਸਮਤ ਖੋਟੀ।
ਕਰਕੇ ਕੰਮ ਨਾ ਜੁੜਦੀ ਰੋਟੀ।
ਬਾਪੂ ਵੀ ਬਿਮਾਰ ਹੈ ਰਹਿੰਦਾ,ਚਲਦੀ ਉਂਝ ਦਵਾਈ।
ਨੀ ਢਾਈ ਏਕੜ ਚੋਂ, ਕਾਹਦੀ ਕਰਾਂ ਕਮਾਈ।
ਨੀ ਢਾਈ ਏਕੜ ਚੋਂ।
ਪਤਨੀ:-
ਇੱਕ ਨਾ ਤੈਥੋਂ ਪੈਂਦੀ ਪੂਰੀ।
ਬਿਜਲੀ ਦਾ ਭਰ ਬਿਲ ਜਰੂਰੀ।
ਮੁੱਕਿਆ ਗੈਸ ਸਿਲੰਡਰ ਅਪਣਾ,ਕਿੱਥੋਂ ਹੁਣ ਭਰਵਾਵਾਂ।
ਤੈਨੂੰ ਦਿਲ ਦਾ ਵੇ,ਕਿੱਦਾਂ ਹਾਲ ਸੁਣਾਵਾਂ।
ਤੈਨੂੰ ਦਿਲ ਦਾ ਵੇ।
ਪਤੀ:-
ਘਾਟੇ ਦੇ ਵਿੱਚ ਪੈਲ਼ੀ ਡੰਗਰ।
ਫਸ ਗਿਆ ਤੇਰਾ ਢੋਲ ਪਤੰਦਰ।
ਕਿਸ਼ਤਾਂ ਉੱਤੇ ਗੱਡੀ ਪਾਉਣੀ,ਵੇਖ ਮੇਲਦੀ ਜਾਊ।
ਨੀ ਗੇੜੇ ਬੰਬੇ ਦੇ, ਇਹ ਡਰਾਇਵਰ ਲਾਊ।
ਨੀ ਗੇੜੇ ਬੰਬੇ ਦੇ।
ਪਤਨੀ:-
ਗੱਡੀ ਨਾ ਪਾ ਮੰਨਲੈ ਮੇਰੀ।
ਇਹ ਸਕੀਮ ਵੀ ਫੇਲ੍ਹ ਵੇ ਤੇਰੀ।
ਕੰਮ ਤੈਨੂੰ ਕੋਈ ਰਾਸ ਨਾ ਆਇਆ,ਲਿਖਦੈਂ ਬਹਿਕੇ ਗਾਣੇ।
ਧੰਨਿਆਂ ਮੰਨਲੈ ਵੇ, ਰੁਲ਼ ਜਾਣੇ ਨੇ ਨਿਆਣੇ।
ਪਤੀ:-
ਹੁੰਦੇ ਨੇ ਕੁੜੇ ਜੱਟ ਜੁਗਾੜੀ।
ਖੇਤ ਚ ਬੂਟੇ ਤੇ ਫੁੱਲਵਾੜੀ।
ਧੀ ਉੱਤੇ ਲਾਈਆਂ ਉਮੀਦਾਂ, ਛੱਡਾਂਗਾ ਪੜ੍ਹਾਕੇ।
ਕਾਹਤੋਂ ਲੜਦੀ ਏਂ,ਬਹਿਜਾ ਕੋਲ਼ੇ ਆਕੇ।
ਕਾਹਤੋਂ ਲੜਦੀ ਏਂ।
ਧੰਨਾ ਧਾਲੀਵਾਲ
9878235714
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly