ਜੇਲ੍ਹ ਵਿਚ ਭੁੱਖ ਹੜਤਾਲ।

(ਜਸਪਾਲ ਜੱਸੀ)

(ਸਮਾਜ ਵੀਕਲੀ)

ਇੱਕ ਤੋਰ ਇਹ ਵੀ (ਜੇਲ੍ਹ ਜੀਵਨ ‘ਚੋਂ)
ਕਾਂਡ – 12

ਅਧਿਆਪਕ ਲਹਿਰ ਹੁਣ ਭਖ ਚੁੱਕੀ ਸੀ। ਵਿਰੋਧੀ ਪਾਰਟੀਆਂ ਦਾ ਦਬਾਓ ਵੀ ਸਰਕਾਰ ‘ਤੇ ਕਾਫ਼ੀ ਵਧ ਰਿਹਾ ਸੀ। ਅਸੈਂਬਲੀ ਦੇ ਸੈਸ਼ਨ ਦੌਰਾਨ ਵੱਖ ਵੱਖ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੇ ਸਰਕਾਰ ਤੋਂ ਗਰੇਡ ਨਾ ਲਾਗੂ ਕਰਨ ਦਾ ਕਾਰਨ ਪੁੱਛਿਆ। ਇੱਕ ਔਰਤ ਐਮ.ਐਲ. ਏ. ਜੋ ਰਾਜ ਕਰ ਰਹੀ ਪਾਰਟੀ ਦੀ ਨੁਮਾਇੰਦਾ ਸੀ ਤੇ ਆਪ ਵੀ ਅਧਿਆਪਨ ਕਿੱਤੇ ਨਾਲ ਸਬੰਧਤ ਸੀ, ਉਸ ਨੇ ਵੀ ਸਰਕਾਰ ਦੀ ਕਾਫੀ ਖਿਚਾਈ ਕੀਤੀ, ਪਰ ਸਿਖਿਆ ਮੰਤਰੀ ਇਹ ਕਹਿ ਕੇ ਗੱਲ ਟਾਲ ਗਿਆ‌ ਕਿ ਸਾਡੀ ਯੂਨੀਅਨ ਨੇਤਾਵਾਂ ਨਾਲ ਗੱਲਬਾਤ ਚੱਲ ਰਹੀ ਹੈ। ਫ਼ੈਸਲਾ ਅੱਜ ਕੱਲ੍ਹ ਵਿਚ ਹੋ ਹੀ ਜਾਵੇਗਾ।

ਯੂਨੀਅਨ ਦਾ ਬਠਿੰਡਾ ਤੇ ਮਾਨਸਾ ਯੂਨਿਟ ਵਿਰੋਧੀ ਧਿਰ ਦੇ ਨੁਮਾਇੰਦਿਆਂ ਨੂੰ ਲਿਖਤੀ ਬੇਨਤੀ ਪੱਤਰ ਦੇ ਕੇ ਆਇਆ ਸੀ ਕਿ ਤੁਸੀਂ ਏਡਿਡ ਸਕੂਲਾਂ ਦੇ ਅਧਿਆਪਕਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰੋ ਤੇ ਸਰਕਾਰ ਦੇ ਬੋਲ਼ੇ ਕੰਨਾਂ ਤੱਕ ਆਵਾਜ਼ ਪਹੁੰਚਾਓ। ਵਿਰੋਧੀ ਧਿਰ ਦੇ ਨੇਤਾ ਨੇ ਅਧਿਆਪਕਾਂ ਦੀ ਬੇਨਤੀ ਸਵਿਕਾਰ ਕਰਦੇ ਹੋਏ ਚੰਡੀਗੜ੍ਹ ਦੀ ਸਾਰੀ ਮਾਰਕਿਟ ਵਿਚ ਫ਼ਿਰ ਕੇ ਐਜੂਕੇਸ਼ਨ ਐਕਟ ਲੱਭਿਆ ਤੇ ਸਾਰੀ ਰਾਤ ਬਹਿ ਕੇ ਉਸਦੇ ਸਟੱਡੀ ਸਥਿਤੀ ਤਾਂ ਜੋ ਸਵੇਰੇ ਅਸੈਂਬਲੀ ਵਿਚ ਬੋਲਿਆ ਜਾ ਸਕੇ। ਉਹਨਾਂ ਨੂੰ ਸਰਕਾਰ ਦੇ ਆਪਣੇ ਬਣਾਏ ਹੋਏ ਐਕਟ ਦੀਆਂ ਧੱਜੀਆਂ ਉਡਾਉਂਦੇ ਹੋਏ ਦੇਖ ਕੇ ਬੜਾ ਰੋਹ ਚੜ੍ਹਿਆ। ਇਸ ਨਾਲ ਪੰਜਾਬ ਦੀਆਂ ਘੱਟ ਗਿਣਤੀਆਂ ਦੇ ਕੋਈ 450 ਦੇ ਕਰੀਬ ਸਕੂਲ ਪ੍ਰਭਾਵਤ ਹੋ ਰਹੇ ਸਨ। ਸਰਕਾਰ ਨੂੰ ਇਸ ਚੀਜ਼ ਦਾ ਕੀ ਫ਼ਿਕਰ ਸੀ। ਉਹਨਾਂ ਅਸੈਂਬਲੀ ਚ ਪਹਿਲੇ ਸੱਟੇ ਹੀ ਆਪਣੀਆਂ ਤਨਖਾਹਾਂ ਵਧਾ ਲਈਆਂ ਸਨ।

ਨਵੀਆਂ ਗੱਡੀਆਂ ਪਾਸ ਕਰਵਾ ਲਈਆਂ ਸਨ। ਪੰਜਾਬ ਦੀਆਂ ਸਾਰੀਆਂ ਲੋਕ ਹਿੱਤੂ ਜਥੇਬੰਦੀਆਂ ਦੇ ਬਿਆਨਾਂ ਦਾ ਸਰਕਾਰ ‘ਤੇ ਕੋਈ ਪ੍ਰਭਾਵ ਨਹੀਂ ਸੀ। ਬੱਚਿਆਂ ਦੀ ਪੜ੍ਹਾਈ ਅਤੇ ਅਧਿਆਪਕਾਂ ਦੇ ਅੰਦੋਲਨ ਕਾਰਨ ਪ੍ਰੀਖਿਆਵਾਂ ਨਾ ਹੋ ਸਕਣ ਬਾਰੇ ਤਾਂ ਮਾਨੋ ਚਿੰਤਾ ਹੀ ਨਹੀਂ ਸੀ। ਮਾਰਚ ਦਾ ਮਹੀਨਾ ਜਾ ਰਿਹਾ ਸੀ। ਕਾਲਜ ਪ੍ਰੋਫ਼ੈਸਰਜ਼ ‘ਤੇ ਲਾਠੀਚਾਰਜ ਕਰਵਾ ਕੇ ਓਹਨਾ ਦਾ ਖ਼ੂਨ ਸੜਕਾਂ ਤੇ ਵਹਾ ਕੇ , ਸਰਕਾਰ ਦੇ ਮੋਢਿਆਂ ‘ਤੇ ਕਈ ਸਟਾਰ ਹੋਣ ਲੱਗ ਗਏ ਸਨ। 89 ਦਿਨਾਂ ਵਾਲੇ ਅਧਿਆਪਕ ਵੀ ਮਰਨ ਵਰਤ ‘ਤੇ ਬੈਠੇ ਸਨ। ਚਾਰੇ ਪਾਸੇ ਹਾਹਾਕਾਰ ਮੱਚੀ ਹੋਈ ਸੀ। ਓਧਰ ਸਰਕਾਰ ਆਪਣੇ ਜਸ਼ਨ ਮਨਾ ਰਹੀ ਸੀ। ਸੈਂਟਰ ਸਰਕਾਰ ਵੱਲੋਂ ਭੇਜੇ ਪੈਸੇ ਨੂੰ ਬਿੱਲੇ ਲਾਉਣ ਦੀ ਵਿਉਂਤਾਂ ਬਣ ਗਈਆਂ ਸਨ। ਪਰ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਸਰਕਾਰ ਦੀ ਬਿਲਕੁਲ ਵੀ ਨਿਗ੍ਹਾ ਨਹੀਂ ਸੀ ਕਿਉਂਕਿ ਚੋਣਾਂ ਤਾਂ ਅਜੇ ਦੂਰ ਸਨ। ਬਹੁਗਿਣਤੀ ਸਰਕਾਰ ਨੂੰ ਕੌਣ ਹਿਲਾ ਸਕਦੈ, ਘੱਟੋ-ਘੱਟ ਪੰਜ ਸਾਲ ਤਾਂ ਉਸ ਨੂੰ ਕੋਈ ਖ਼ਤਰਾ ਨਹੀਂ ਸੀ।

ਕੁਝ ਦੇਣਾ ਵੀ ਪੈ ਜਾਵੇ, ਚੋਣਾਂ ਦੇ ਨੇੜੇ ਦਿਓ, ਕਿਉਂਕਿ ਮਜ਼ਦੂਰਾਂ ਦਾ ਚੇਤਾ ਬੜਾ ਕਮਜ਼ੋਰ ਹੁੰਦੈ। ਤਾਜ਼ਾ-ਤਾਜ਼ਾ ਦਿੱਤਾ ਯਾਦ ਰਹਿੰਦੈ। ਪਰ ਇਸ ਵਾਰ ਮਜ਼ਦੂਰਾਂ ਦੀ ਉਸ ਸੁਲਝੀ ਜਮਾਤ ਨਾਲ ਪੰਗਾ ਪਿਆ ਸੀ ਜਿਸ ਨੇ ਦੁਨੀਆਂ ਦੇ ਕਈ ਰਾਜਿਆਂ ਦੇ ਤਖ਼ਤੋ ਤਾਜ ਮਿੱਟੀ ‘ਚ ਮਿਲਾਏ ਸਨ।

ਅਖ਼ੀਰ ਜੇਲ੍ਹ ਵਿਚ ਭੁੱਖ ਹੜਤਾਲ ਕਰਨ ਦਾ ਫ਼ੈਸਲਾ ਹੋਇਆ। 1 ਮਾਰਚ ਦੀ ਰਾਤ ਸਰਕਾਰ ਦੇ ਅੜੀਅਲ ਵਤੀਰੇ ਅਤੇ ਜੇਲ੍ਹ ਪ੍ਰਸ਼ਾਸ਼ਨ ਵੱਲੋਂ ਦਿੱਤੇ ਗਏ ਮਾੜੇ ਖਾਣੇ ਦਾਣੇ ਦੇ ਖਿਲਾਫ਼ 2 ਮਾਰਚ ਤੋਂ ਲੜੀਵਾਰ ਭੁੱਖ ਹੜਤਾਲ ਕਰਨ ਦਾ ਫ਼ੈਸਲਾ ਕੀਤਾ ਗਿਆ। ਨਾਹਰਿਆਂ ਦੀ ਗੂੰਜ ‘ਚ ਸ. ਤੇਜਾ ਸਿੰਘ ਦੀ ਅਗਵਾਈ ਹੇਠ ਇੱਕੀ ਅਧਿਆਪਕਾਂ ਦਾ ਪਹਿਲਾ ਜਥਾ ਲੜੀਵਾਰ ਭੁੱਖ ਹੜਤਾਲ ‘ਤੇ ਬੈਠ ਗਿਆ। ਅਧਿਆਪਕਾਂ ਦਾ ਜੋਸ਼ ਵੇਖਣ ਵਾਲਾ ਸੀ। ਜਦੋਂ ਪਹਿਲਾ ਜਥਾ ਸ਼ਾਮ ਨੂੰ ਭੁੱਖ ਹੜਤਾਲ ਤੋਂ ਉੱਠਿਆ ਤਾਂ ਅਗਲੇ ਦਿਨ ਲਈ ਭੁੱਖ ਹੜਤਾਲ ‘ਤੇ ਬੈਠਣ ਵਾਲੇ ਅਧਿਆਪਕਾਂ ਦੀ, ਮੇਰੇ ਕੋਲ ਨਾਮ ਲਿਖਵਾਉਣ ਲਈ ਲਾਈਨ ਲੱਗ ਗਈ। ਜਦੋਂ ਪਹਿਲੇ ਦਿਨ ਦੀ ਭੁੱਖ ਹੜਤਾਲ ਦੀ ਕਾਰਵਾਈ ਦੀ ਰਿਪੋਰਟ ਮੈਂ ਤੇ ਪਰਮਜੀਤ ਨੇ ਅਖ਼ਬਾਰਾਂ ਨੂੰ ਬੁੜੈਲ ਚੋਂ ਜਾਰੀ ਕੀਤੀ, ਜੋ ਅਗਲੇ ਦਿਨ ਅਖ਼ਬਾਰਾਂ ਦੀਆਂ ਸੁਰਖੀਆਂ ਦਾ ਸ਼ਿੰਗਾਰ ਬਣੀ, ਉਸਨੇ ਸਾਰੇ ਬਾਹਰ ਬੈਠੇ ਲੋਕਾਂ ਨੂੰ ਦੱਸ ਦਿੱਤਾ ਕਿ ਜੇਲ੍ਹ ਵਿਚ ਸਭ ਕੁਝ ਅੱਛਾ ਨਹੀਂ। ਪ੍ਰੈੱਸ ਨੋਟ ਪੜ੍ਹ ਕੇ ਕਈ ਸਾਥੀਆਂ ਦੇ ਘਰ ਵਾਲੇ, ਜੇਲ੍ਹ ‘ਚ ਮੁਲਾਕਾਤ ਕਰਨ ਆਉਣ ਲੱਗ ਪਏ।

ਬਾਹਰੋਂ ਗਰਿਫ਼ਤਾਰੀਆਂ ਦੇ ਕੇ ਅਧਿਆਪਕਾਂ ਦੇ ਜਥੇ ਅਡੋਲ ਤੇ ਬੇ ਝਿਜਕ ਆਉਂਦੇ ਰਹੇ। ਜਦੋਂ ਉਹ ਜੇਲ੍ਹ ਵਿਚ ਆਉਂਦੇ ਤਾਂ ਉਨ੍ਹਾਂ ਦਾ ਸੁਆਗਤ ਬੜੇ ਧੂਮ ਧਾਮ ਨਾਲ ਹੁੰਦਾ। ਨਵੇਂ ਜਥਿਆਂ ਦੇ ਆਉਣ ਨਾਲ ਅੰਦਰ ਬੈਠੇ ਸਾਥੀਆਂ ਦੇ ਹੌਂਸਲੇ ਹੋਰ ਬੁਲੰਦ ਹੋ ਰਹੇ ਸਨ। ਪਰ ਕਈ ਅਧਿਆਪਕ ਸਾਥੀਆਂ ਨੂੰ ਗਰਿਫ਼ਤਾਰੀਆਂ ਦੀ ਚਾਲ ਮੱਠੀ ਹੋਣ ਕਰ ਕੇ ਬਾਹਰ ਬੈਠੇ ਯੂਨੀਅਨ ਨੇਤਾਵਾਂ ਨਾਲ ਗੁੱਸਾ ਵੀ ਸੀ। ਅੰਦਰਲੇ ਗਰਮ ਖ਼ੂਨ ਵਾਲੇ ਸਾਥੀ ਵੱਡਾ ਐਕਸ਼ਨ ਚਾਹੁੰਦੇ ਸਨ। ਬਾਹਰ ਬੈਠੇ ਯੂਨੀਅਨ ਨੇਤਾ ਆਪਣੀ ਸੋਚ ਮੁਤਾਬਕ ਚੱਲ ਰਹੇ ਸਨ। ਉਹਨਾਂ ਨੂੰ ਪਤਾ ਸੀ ਕਿ ਜੇ ਜਥੇ 50, 60 ਦੀ ਗਿਣਤੀ ਤੋਂ ਵਧਾ ਕੇ ਹਜ਼ਾਰ-ਹਜ਼ਾਰ ਦੇ ਕਰ ਦਿੱਤੇ ਸ਼ਾਇਦ ਸਰਕਾਰ ਗਰਿਫ਼ਤਾਰ ਹੀ ਨਾ ਕਰੇ। ਉਹਨਾਂ ਦੀ ਅਪਣੀ ਸੋਚ ਸੀ। ਪਰ ਅੰਦਰ ਬੈਠੇ ਸਾਥੀ ਇੱਕ ਦਮ ਕਿਸੇ ਨਤੀਜੇ ਤੇ ਪਹੁੰਚਣਾ ਚਾਹੁੰਦੇ ਸਨ ਕਿਉਂਕਿ ਐਜੀਟੇਸ਼ਨ ਕਾਫ਼ੀ ਲੰਮੀਂ ਹੋ ਗਈ ਸੀ। ਅਧਿਆਪਕਾਂ ਨੂੰ ਪਤਾ ਸੀ ਜੇ ਅੰਦੋਲਨ ਹੋਰ ਜ਼ਿਆਦਾ ਲਮਕ ਗਿਆ ਤਾਂ ਲੋਕਾਂ ਦੀ ਸੋਚ ਬਦਲ ਸਕਦੀ ਹੈ,ਕਿਉਂਕਿ ਬੱਚਿਆਂ ਦੀ ਪੜ੍ਹਾਈ ਦਾ ਬਹੁਤ ਨੁਕਸਾਨ ਹੋ ਰਿਹਾ ਸੀ।

ਪ੍ਰਬੰਧਕ ਕਮੇਟੀਆਂ ਬਾਹਰ ਦੇ ਕੁਝ ਸਾਥੀਆਂ ਨੂੰ ਕਲਾਸਾਂ ਲਗਾਉਣ ਲਈ ਮਜ਼ਬੂਰ ਕਰ ਸਕਦੀਆਂ ਸਨ। ਜਿਹੜੀਆਂ ਥਾਵਾਂ ਤੇ ਜਥੇਬੰਦੀ ਦੀਆਂ ਕਮਜ਼ੋਰ ਇਕਾਈਆਂ ਸਨ, ਓਥੇ ਪਰੀਖਿਆਵਾਂ ਹੋ ਵੀ ਗਈਆਂ ਸਨ। ਕਈ ਥਾਵਾਂ ‘ਤੇ ਜਿੱਥੇ ਪ੍ਰਿੰਸੀਪਲ ਆਪਣੀ ਕੁਰਸੀ ਨੂੰ ਵੀ ਚਿੰਬੜੇ ਹੋਏ ਸਨ, ਉਹਨਾਂ ਨੇ ਅਧਿਆਪਕਾਂ ਨੂੰ ਗਰਿਫ਼ਤਾਰੀ ਲਈ ਪ੍ਰੇਰਿਤ ਵੀ ਨਹੀਂ ਕੀਤਾ ਸੀ। ਪਿੱਛੇ ਰਹਿੰਦੇ ਅਧਿਆਪਕ ਸਾਥੀਆਂ ‘ਤੇ ਤਿੰਨ ਧਿਰੀ ਤਲਵਾਰ ਸੀ। ਇਸ ਇਮਤਿਹਾਨ ਦੀ ਘੜੀ ਵਿਚ ਅਧਿਆਪਕ ਵੀਰਾਂ ਅਤੇ ਭੈਣਾਂ ਨੇ ਜਲੂਸ, ਰੈਲੀਆਂ ਤੇ ਮੁਜ਼ਾਹਰੇ ਕਰ ਕੇ ਅੰਦਰ ਬੈਠੇ ਅਧਿਆਪਕਾਂ ਦਾ ਹੌਸਲਾ ਵਧਾਇਆ। ਬਾਹਰ ਬੈਠੇ ਯੂਨੀਅਨ ਨੇਤਾਵਾਂ ਨੂੰ ਪਤਾ ਸੀ ਜੇ ਸਰਕਾਰ ਆਪਣੇ ਮੁਲਾਜ਼ਮ ਮਾਰੂ ਵਤੀਰੇ ਤੋਂ ਬਾਜ ਨਾ ਆਈ ਤਾਂ ਅਖੀਰਲੇ ਹਥਿਆਰ ਵਜੋਂ ਔਰਤ ਮੁਲਾਜ਼ਮਾਂ ਦੀ ਗਰਿਫ਼ਤਾਰੀ ਦਿਵਾਉਣੀ ਹੋਵੇਗੀ।

ਪਰ ਯੂਨੀਅਨ ਨੇਤਾ, ਔਰਤ ਅਧਿਆਪਕਾਂ ਦੀ ਗਰਿਫ਼ਤਾਰੀਆਂ ਲਈ ਕਿਸੇ ਖ਼ਾਸ ਮੌਕੇ ਦੀ ਤਲਾਸ਼ ਵਿਚ ਸਨ। ਓਧਰ ਬੁੜੈਲ ਜੇਲ੍ਹ ਵਿਚ ਅੱਠ, ਨੌਂ ਸੌ ਦੇ ਕਰੀਬ ਅਧਿਆਪਕ/ਕਰਮਚਾਰੀ ਗਰਿਫ਼ਤਾਰੀ ਦੇ ਕੇ ਆ ਗਏ ਸਨ। ਸਾਰੀਆਂ ਨਵੀਆਂ,ਪੁਰਾਣੀਆਂ ਬੈਰਕਾਂ ਖੋਲ੍ਹ ਦਿੱਤੀਆਂ ਗਈਆਂ ਸਨ। ਡੀ.ਆਈ.ਜੀ. ਸ਼ਰਮਾ ਵੱਧ ਤੋਂ ਵੱਧ ਬੰਦੇ, ਜੇਲ੍ਹ ਵਿਚ ਲੈ ਰਿਹਾ ਸੀ। ਕਈਂ ਅਧਿਆਪਕ ਇਹ ਵੀ ਕਹਿੰਦੇ ਸੁਣੇ ਗਏ ਕਿ ਜਿੰਨੇ ਜਿਆਦਾ ਬੰਦੇ ਸ਼ਰਮਾ (ਜੇਲ੍ਹ ਸੁਪਰਡੈਂਟ) ਲਵੇਗਾ ਓਨਾਂ ਫ਼ਾਇਦਾ ਸ਼ਰਮੇ ਦਾ ਹੋਣੈਂ। ਕਿਉਂਕਿ ਜੇਲ੍ਹ ਵਿਚ ਸਾਨੂੰ ਰੋਜ਼ਾਨਾ ਸੌ ਰੁਪਏ ਦੇ ਕਰੀਬ ਦਾ ਰਾਸ਼ਨ ਮਿਲਦਾ ਸੀ। ਕਈ ਅਧਿਆਪਕ ਸਾਥੀਆਂ ਨੂੰ ਸ਼ੱਕ ਸੀ ਕਿ ਰਾਸ਼ਨ ਸਾਨੂੰ ਪੂਰਾ ਸੌ ਰੁਪਏ ਦਾ ਨਹੀਂ ਮਿਲਦਾ। ਪਰ ਜਦੋਂ ਵੀ ਸਾਡੇ ਸਾਥੀ ਰਾਸ਼ਨ ਲੈਣ ਜਾਂਦੇ ਜੇਲ੍ਹ ਸੁਪਰਡੈਂਟ ਇੱਕ ਦੀ ਥਾਂ ਦੋ,ਦੋ ਬੋਰੀਆਂ ਆਟੇ ਦੀਆਂ ਚੁਕਵਾ ਦਿੰਦਾ ਤੇ ਕਹਿੰਦਾ, ” ਤੁਸੀਂ ਕਿਹੜਾ ਬੰਨ੍ਹ ਕੇ,ਨਾਲ ਲੈ ਜਾਣੀਆਂ ਹਨ।” ਕਈ ਸ਼ੱਕੀ ਬੰਦਿਆਂ ਨੂੰ ਉਸ ਨੇ ਜੇਲ੍ਹ ਮੈਨੂਅਲ ਵੀ ਦਿਖਾਇਆ। ਜਿਸ ਮੁਤਾਬਕ ਇੱਕ ਜੇਲ੍ਹੀ ਦੀ ਡਾਈਟ ਨਿਸ਼ਚਿਤ ਕੀਤੀ ਗਈ ਹੁੰਦੀ ਸੀ।

ਬਹੁਤੇ ਅਧਿਆਪਕਾਂ ਨੇ ਮਾੜੇ ਆਟੇ ਦੀ ਤੇ ਪਾਊਡਰ ਵਾਲੇ ਦੁੱਧ ਦੀ ਸ਼ਿਕਾਇਤ ਕੀਤੀ, ਕਿਉਂਕਿ ਸਾਰਿਆਂ ਦੇ ਪੱਕੇ ਤੌਰ ‘ਤੇ ਗਲੇ ਖ਼ਰਾਬ ਹੋ ਗਏ ਸਨ। ਕਈਆਂ ਨੂੰ ਕਬਜ਼ ਤੇ ਕਈਆਂ ਨੂੰ ਟੱਟੀਆਂ ਲੱਗਣ ਦੀ ਸ਼ਿਕਾਇਤ ਸੀ। ਜੇਲ੍ਹ ਸੁਪਰਡੈਂਟ ਕਹਿੰਦਾ,” ਮੈਂ ਤੁਹਾਡੇ ਸਾਰਿਆਂ ਲਈ ਐਨਾ ਤਾਜ਼ਾ ਦੁੱਧ ਇਕੱਠਾ, ਜੇਲ੍ਹ ਵਿਚ ਨਹੀਂ ਮੰਗਵਾ ਸਕਦਾ। ਜੇ ਤੁਹਾਡੇ ਬੰਦੇ ਬਾਹਰੋਂ ਇੰਤਜ਼ਾਮ ਕਰ ਸਕਦੇ ਹਨ, ਮੈਂ ਉਸ ਦੀ ਅਦਾਇਗੀ ਕਰਵਾ ਦਿਆ ਕਰਾਂਗਾ।” ਜੇਲ੍ਹ ਨਿਯਮਾਂ ਮੁਤਾਬਕ ਸਾਢੇ ਚਾਰ ਕੁਇੰਟਲ ( ਨੌਂ ਸੌ ਅਧਿਆਪਕਾਂ ਲਈ) ਤਾਜ਼ਾ ਦੁੱਧ ਚਾਹੀਦਾ ਸੀ। ਜਿਹੜਾ ਕਿਸੇ ਮਿਲਕ ਏਜੰਸੀ ਨਾਲ ਗੱਲਬਾਤ ਕੀਤਿਆਂ ਹੀ ਆ ਸਕਦਾ ਸੀ। ਬਿਮਾਰੀਆਂ ਲਗਾਤਾਰ ਵਧ ਰਹੀਆਂ ਸਨ। ਉੱਤੋਂ ਜਥੇ ‘ਤੇ ਜਥਾ ਜੇਲ੍ਹ ਵਿਚ ਗ੍ਰਿਫ਼ਤਾਰੀਆਂ ਦੇ ਕੇ ਆ ਰਿਹਾ ਸੀ। ਜ਼ਿਆਦਾ ਮੁਸੀਬਤ ਜੰਗਲ-ਪਾਣੀ ਦੀ ਬਣ ਗਈ ਸੀ।

ਕਿਉਂਕਿ ਹਰੇਕ ਬੈਰਕ ਵਿਚ ਸੱਜੇ-ਖੱਬੇ, ਦੋ-ਦੋ ਟੱਟੀਆਂ ਤੇ ਇੱਕ ਇੱਕ ਬਾਥਰੂਮ ਸੀ। ਜਿੱਥੇ ਵੱਡੇ ਤੜਕੇ ਤੋਂ ਹੀ ਲੰਬੀਆਂ ਲਾਈਨਾਂ ਲੱਗ ਜਾਂਦੀਆਂ ਸਨ। ਨਵੇਂ ਆਉਣ ਵਾਲੇ ਅਧਿਆਪਕਾਂ ਲਈ ਬੈਰਕਾਂ ਦੇ ਬਾਹਰ ਗਰਾਂਊਂਡ ਵਿਚ ਹੀ ਟੈਂਟ ਲਗਵਾ ਦਿੱਤੇ ਸਨ। ਉਨ੍ਹਾਂ ਵਿਚ ਵੀ ਪੰਦਰਾਂ ਅਧਿਆਪਕਾਂ ਤੋਂ ਵੱਧ ਨਹੀਂ ਰਹਿ ਸਕਦੇ ਸਨ। ਸਵੇਰੇ,ਸ਼ਾਮ ਸੈਰ ਕਰਨ ਦਾ ਸਿਲਸਿਲਾ ਬੰਦ ਹੋ ਗਿਆ ਸੀ। ਘੁੰਮਣ ਗਾਹ ਹੁਣ ਜੇਲ੍ਹ ਦੇ ਪਹਿਲੇ ਗੇਟ ਤੱਕ ਬਣ ਗਈ ਸੀ। ਜੇਲ੍ਹ ਪ੍ਰਸ਼ਾਸਨ ਵੱਲੋਂ ਅਧਿਆਪਕਾਂ ਦੀ ਮੰਗ ‘ਤੇ ਨਗਰ ਪਾਲਿਕਾ ਦੀਆਂ ਚੱਲਦੀਆਂ ਫਿਰਦੀਆਂ ਟੱਟੀਆਂ ਵਾਲੀਆਂ ਗੱਡੀਆਂ ਵੀ ਲਗਾ ਦਿੱਤੀਆਂ ਸਨ ਪਰ ਉਸ ਨਾਲ ਕੀ ਫ਼ਰਕ ਪੈਣਾ ਸੀ।

ਇੱਕ ਗੱਲ ਜ਼ਰੂਰ ਸੀ, ਜੇਲ੍ਹ ਵਿਚ ਰੇਡੀਓ ਕਈ ਆ ਗਏ ਸਨ। ਇੱਕ ਬੈਰਕ ਵਿਚ ਟੈਲੀਵਿਜ਼ਨ ਦਾ ਇੰਤਜ਼ਾਮ ਵੀ ਹੋ ਗਿਆ ਸੀ। ਅਖ਼ਬਾਰਾਂ ਦੀ ਗਿਣਤੀ ਸੈਂਕੜਿਆਂ ਵਿਚ ਪਹੁੰਚ ਗਈ ਸੀ। ਸਵੇਰੇ ਹੀ ਵੱਡੀਆਂ ਵੱਡੀਆਂ ਲਾਈਨਾਂ ਅਖ਼ਬਾਰਾਂ ਲੈਣ ਲਈ, ਲੱਗ ਜਾਂਦੀਆਂ ਸਨ। ਧੋਬੀਆਂ ਤੋਂ ਪੂਰੇ ਕਪੜੇ, ਪ੍ਰੈੱਸ ਨਾ ਹੁੰਦੇ। ਸਭ ਤੋਂ ਵੱਡੀਆਂ ਲਾਈਨਾਂ ਡਿਸਪੈਂਸਰੀ ਦੇ ਅੱਗੇ ਦਵਾਈ ਲੈਣ ਵਾਲਿਆਂ ਦੀਆਂ ਹੁੰਦੀਆਂ। ਪ੍ਰਧਾਨ ਸਰਦਾਰ ਤੇਜਾ ਸਿੰਘ ਜੀ ਬਿਮਾਰਾਂ ਦਾ ਹਾਲ ਚਾਲ ਪੁੱਛਣ ਹਰੇਕ ਬੈਰਕ ਵਿਚ ਜਾਂਦੇ। ਦਲੇਰ ਤੋਂ ਦਲੇਰ ਬੰਦਿਆਂ ਦੀ ਕਮੀ ਨਹੀਂ ਸੀ। ਪ੍ਰਧਾਨ ਜੀ ਨੇ, ਉਨ੍ਹਾਂ ਦੇ ਗਰੁੱਪ ਬਣਾ ਕੇ, ਉਹਨਾਂ ਨੂੰ, ਬਿਮਾਰਾਂ ਨੂੰ ਹੌਂਸਲਾ ਵਧਾਉਣ ਲਈ ਡਿਊਟੀ ਲਗਾ ਦਿੱਤੀ ਸੀ।

ਕਈ ਬਜ਼ੁਰਗ ਅਧਿਆਪਕਾਂ ਤੇ ਪੈਨਸ਼ਨਰਜ਼ ਨੂੰ ਦੇਖ ਕੇ ਬੜਾ ਤਰਸ ਆਉਂਦਾ,ਕਿ ਸਰਕਾਰ ਦੀ ਗੰਦੀ,ਮਾਰੂ ਤੇ ਵਿਤਕਰੇ ਭਰੀ ਸੋਚ ਇਹਨਾਂ ਵਿਚਾਰਿਆਂ ਨੂੰ ਜੇਲ੍ਹ ਵਿਚ ਖਿੱਚ੍ਹ ਲਿਆਂਦਾ ਸੀ। ਉਹਨਾਂ ਦੀ ਉਮਰ ਹੁਣ ਜੇਲ੍ਹ ਵਿਚ ਰਹਿਣ ਦੀ ਨਹੀਂ ਸੀ। ਕਈ ਅਧਿਆਪਕ ਵਿਚਾਰੇ ਬਹੁਤ ਬਿਮਾਰ ਸਨ। ਕਈ ਅਪਾਹਜ ਅਧਿਆਪਕ ਵੀ ਸਨ ਜਿਨ੍ਹਾਂ ਤੋਂ ਤੁਰਿਆ ਤੱਕ ਵੀ ਨਹੀਂ ਸੀ ਜਾਂਦਾ। ਪਰ ਸ਼ਾਂਤ ਚਿੱਤ, ਅਡੋਲ, ਰੱਬ ਦੀ ਰਜ਼ਾ ‘ਤੇ ਵਿਸ਼ਵਾਸ਼ ਕਰਨ ਵਾਲੇ‌। ਕਈ ਵਾਰ ਤਾਂ ਜੀ ਕਰਦਾ, ਕਿ ਇੱਕ ਦੋ ਅੜੀਅਲ ਮੰਤਰੀਆਂ ਨੂੰ ਜੇਲ੍ਹ ਵਿਚ ਗੰਦੇ ਪਾਊਡਰ ਵਾਲਾ ਦੁੱਧ, ਧੱਕੇ ਨਾਲ ਪਿਲਾਇਆ ਜਾਵੇ ਤਾਂ ਉਨ੍ਹਾਂ ਦੀ ਹੋਸ਼ ਟਿਕਾਣੇ ਆਵੇ। ਚਾਵਲਾਂ ਦੀ ਪਿੱਛ ਦੀ ਰੋਟੀ ਖਾਣੀ ਪਵੇ ਤਾਂ ਮੰਤਰੀ ਜੀ ਨੂੰ ਉਦੋਂ ਪਤਾ ਲੱਗੇ, ਜਦੋਂ ਟੱਟੀ ਵੀ ਲਾਈਨ ‘ਚ ਲੱਗ ਕੇ ਤਿੰਨ ਘੰਟਿਆਂ ਬਾਅਦ ਕਰਨੀ ਪਵੇ।

ਪਰ ਇਹ ਹਿੰਦੋਸਤਾਨ ਹੈ। ਵੱਡੇ ਵੱਡੇ ਘੁਟਾਲਿਆਂ ‘ਚ ਫਸ ਕੇ ਵੀ, ਜੇਲ੍ਹ ‘ਚੋਂ ਮੋਬਾਈਲ ‘ਤੇ ਗੱਲਾਂ ਕਰਦੇ ਨੇ । ਇਹਨਾਂ ਲਈ ਜੇਲ੍ਹ ਵੀ ਵੋਟਾਂ ਮੰਗਣ ਦਾ ਸਾਧਨ ਹੈ।

ਜੇਲ੍ਹ ਵਿਚ ਸਰਕਾਰ ਪ੍ਰਤੀ ਕਾਫ਼ੀ ਲਾਵਾ ਤਿਆਰ ਹੋ ਰਿਹਾ ਸੀ। ਸਾਰੀ ਜੇਲ੍ਹ ਬਾਰੂਦ ਦੀ ਸ਼ਕਲ,ਅਖ਼ਤਿਆਰ ਕਰਦੀ ਜਾ ਰਹੀ ਸੀ।
“ਅਸੀ ਜਿੱਤਣਾ, ਲੁਟੇਰਿਆਂ ਨੇ ਹਾਰਨਾ।
ਯੁੱਧ ਲੰਮਾ ਤੇ ਲਮਕਵਾਂ।”
ਦਾ ਨਾਹਰਾ ਬੁੜੈਲ ਜੇਲ੍ਹ ਦੀਆਂ ਕੰਧਾਂ ਹਿਲਾ ਰਿਹਾ ਸੀ।
“ਭਗਤ ਸਰਾਭੇ ਦੇ ਵਾਰਸੋ,
ਢਾਹ ਦਿਉ ਕੰਧਾਂ ਰੇਤ ਦੀਆਂ।”
ਦੀ ਸੋਚ ਇੱਕ ਵਾਰ ਫ਼ਿਰ ਬੀਤੇ ਸਮੇਂ ਦੀ ਯਾਦ ਤਾਜ਼ਾ ਕਰਵਾ ਗਈ ਸੀ।

ਇਹ ਬਾਰੂਦ ਹੁਣ ਕਦੋਂ ਵੀ ਵਿਸਫ਼ੋਟ ਦੀ ਸ਼ਕਲ,ਅਖ਼ਤਿਆਰ ਕਰ ਸਕਦਾ ਸੀ।
ਪ੍ਰਧਾਨ ਸਰਦਾਰ ਤੇਜਾ ਸਿੰਘ ਜੀ, ਸ੍ਰੀ ਓਮ ਪ੍ਰਕਾਸ਼ ਵਰਮਾ (ਵਾਈਸ ਪ੍ਰੈਜ਼ੀਡੈਂਟ) ਪ੍ਰਿੰਸੀਪਲ ਅਮਰਪ੍ਰੀਤ ਬਟਾਲਾ, ਸੋਹੀ ਸਾਹਿਬ ਮਾਨਸਾ, ਜੀਤ ਸਿੰਘ ਸੰਗਰੂਰ ਤੇ ਹੋਰ ਜ਼ਿਲ੍ਹਿਆਂ ਦੇ ਕਈ ਆਗੂਆਂ ‘ਤੇ ਅਧਾਰਿਤ ਇੱਕ ਕਮੇਟੀ ਬਣਾਈ ਗਈ ਜਿਸ ਨੇ ਜੇਲ੍ਹ ਵਾਤਾਵਰਨ ਸ਼ਾਂਤ ਕਰਨ ਬਾਰੇ ਵਿਚਾਰ ਕਰਨੀ ਸੀ। ਇਸ ਕਮੇਟੀ ਨੇ ਜੇਲ੍ਹ ਵਿਚ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਸ੍ਰੀ ਰਮਾਇਣ ਜੀ ਦੇ, ਆਖੰਡ ਪਾਠ ਕਰਾਉਣ ਦੇ ਲਈ ਵਿਚਾਰ ਬਣਾਇਆ ਤਾਂ ਜੋ ਜਸ਼ਨ ਮਨਾ ਰਹੀ ਸਰਕਾਰ ਨੂੰ ਪਰਮਾਤਮਾ ਸੁਮੱਤ ਬਖਸ਼ੇ ਤੇ ਅਧਿਆਪਨ ਵਰਗੇ ਸਤਿਕਾਰਤ ਕਿੱਤੇ ਪ੍ਰਤੀ ਸਰਕਾਰ ਦੀ ਸੋਚ ਹਾਂ-ਪੱਖੀ ਹੋਵੇ।

(ਜਸਪਾਲ ਜੱਸੀ)

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਣਗਹਿਲੀ
Next articleਪ੍ਰਕਾਸ਼ ਕਿਸ ਨੂੰ ਕਹਿੰਦੇ ਹਨ?