ਹਾਸ ਵਿਅੰਗ ਹਾਂ, ਅਸੀਂ ਆਜ਼ਾਦ ਹਾਂ

ਪ੍ਰੋਫੈਸਰ ਸ਼ਾਮ ਲਾਲ ਕੌਸ਼ਲ

ਪ੍ਰੋਫੈਸਰ ਸ਼ਾਮ ਲਾਲ ਕੌਸ਼ਲ

 (ਸਮਾਜ ਵੀਕਲੀ) ਦੇਸ਼ ਵਿੱਚ ਹਰ ਸਾਲ 15 ਅਗਸਤ ਨੂੰ ਸੁਤੰਤਰਤਾ ਦਿਵਸ ਮਨਾਇਆ ਜਾਂਦਾ ਹੈ। ਦਿੱਲੀ ਦੇ ਲਾਲ ਕਿਲੇ ਤੋਂ ਪ੍ਰਧਾਨ ਮੰਤਰੀ ਦੇਸ਼ ਦੇ ਲੋਕਾਂ ਨੂੰ ਸੰਬੋਧਿਤ ਕਰਦੇ ਹਨ ਅਤੇ ਦੇਸ਼ ਵਾਸਤੇ ਕੀਤੇ ਗਏ ਕੰਮਾਂ ਦਾ ਵਰਣਨ ਕਰਦੇ ਹਨ ਅਤੇ ਇਹ ਵੀ ਦਸਦੇ ਹਨ ਕਿ ਅੱਗੇ ਨੂੰ ਉਹਨਾਂ ਦੀ ਸਰਕਾਰ ਦੇਸ਼ ਦੇ ਲੋਕਾਂ ਲਈ ਕੀ ਕਰਨ ਜਾ ਰਹੀ ਹੈ। ਇਸ ਦਿਨ ਲਾਲ ਕਿਲੇ ਦੇ ਮੈਦਾਨ ਵਿੱਚ ਰੰਗਾ ਰੰਗ ਪ੍ਰੋਗਰਾਮ ਵੀ ਪੇਸ਼ ਕੀਤੇ ਜਾਂਦੇ ਹਨ। ਦੇਸ਼ ਦੇ ਚੁਣੇ ਹੋਏ ਐਨਸੀਸੀ ਦੇ ਕੈਡਟ ਪਰੇਡ ਕਰਦੇ ਹਨ। ਆਜ਼ਾਦੀ ਦੇ ਜਸ਼ਨਾਂ ਨੂੰ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਵੱਖ ਵੱਖ ਤਰੀਕੇ ਨਾਲ ਮਨਾਇਆ ਜਾਂਦਾ ਹੈ। ਆਜ਼ਾਦੀ ਦੇ ਇਹ ਜਸ਼ਨ ਅੰਗਰੇਜ਼ੀ ਸਰਕਾਰ ਤੋਂ ਆਜ਼ਾਦੀ ਪ੍ਰਾਪਤ ਕਰਨ ਦੀ ਖੁਸ਼ੀ ਵਿੱਚ ਹੀ ਮਨਾਏ ਜਾਂਦੇ ਹਨ। ਅੱਜ ਸਾਡੇ ਦੇਸ਼ ਵਿੱਚ ਅਲਗ ਅਲਗ ਲੋਕ ਆਪਣੇ ਆਪਣੇ ਤਰੀਕੇ ਨਾਲ ਆਜ਼ਾਦ ਹਨ। ਸਭ ਆਪਣੇ ਆਪਣੇ ਤਰੀਕੇ ਨਾਲ ਦੇਸ਼ ਨੂੰ ਲੁੱਟਣ ਲਈ ਆਜ਼ਾਦ ਹਨ। ਕੋਈ ਗੈਰ ਕਾਨੂੰਨੀ ਤਰੀਕੇ ਨਾਲ ਮਾਈਨਿੰਗ ਕਰਕੇ ਦੇਸ਼ ਨੂੰ ਲੁੱਟ ਰਿਹਾ ਹੈ, ਕੋਈ ਨਸ਼ੀਲੇ ਪਦਾਰਥਾਂ ਦੀ ਸਮਗਲਿੰਗ ਕਰਕੇ ਦੇਸ਼ ਦੇ ਨੌਜਵਾਨਾਂ ਨੂੰ ਗੁਮਰਾਹ ਕਰਕੇ ਉਹਨਾਂ ਨੂੰ ਲੁੱਟ ਰਿਹਾ ਹੈ ਅਤੇ ਨਸ਼ੇ ਦੀ ਚਿੱਕੜ ਵਿੱਚ ਫਸਾ ਰਿਹਾ ਹੈ ਤੇ ਉਹਨਾਂ ਨੂੰ ਅਪਰਾਧ ਦੀ ਦੁਨੀਆ ਵਿੱਚ ਭੇਜ ਰਿਹਾ ਹੈ। ਇਥੇ ਸਭ ਨੂੰ ਆਜ਼ਾਦੀ ਹੈ ਕਿ ਕੋਈ ਕਿੰਨਾ ਵੀ ਭਰਿਸ਼ਟਾਚਾਰ ਕਰਨਾ ਚਾਹੇ ਕਰ ਸਕਦਾ ਹੈ ਕੋਈ ਪਾਬੰਦੀ ਨਹੀਂ। ਆਜ਼ਾਦੀ ਤੋਂ ਲੈ ਕੇ ਅੱਜ ਤੱਕ ਸਾਰੀਆਂ ਸਰਕਾਰਾਂ ਇਹ ਵਾਇਦਾ ਕਰਦੀਆਂ ਰਹੀਆਂ ਹਨ ਕਿ ਉਹ ਭਰਿਸ਼ਟਾਚਾਰ ਨੂੰ ਬਿਲਕੁਲ ਖਤਮ ਕਰ ਦੇਣਗੀਆਂ ਲੇਕਿਨ ਭਰਸ਼ਟਾਚਾਰ ਹੈ ਕਿ ਦਿਨ ਪ੍ਰਤੀ ਦਿਨ ਵਧਦਾ ਹੀ ਜਾ ਰਿਹਾ। ਹਾਲਾਂਕਿ ਸਮੇਂ ਸਮੇਂ ਤੇ ਸਰਕਾਰ ਦੋ ਚਾਰ ਭਰਿਸ਼ਟਾਚਾਰੀ ਲੋਕਾਂ ਨੂੰ ਫੜ ਕੇ ਟੀਵੀ ਅਤੇ ਰੇਡੀਓ ਤੇ ਪ੍ਰਚਾਰ ਕਰਦੀ ਹੈ ਕਿ ਉਹ ਭਰਸ਼ਟਾਚਾਰ ਨੂੰ ਖਤਮ ਕਰਨ ਵਿੱਚ ਕਸਰ ਨਹੀਂ ਛੱਡੇਗੀ ਲੇਕਿਨ ਅੱਜ ਵੀ ਕਿਸੇ ਨਾ ਕਿਸੇ ਰੂਪ ਵਿੱਚ ਭਰਸ਼ਟਾਚਾਰ ਸਾਡੇ ਜੀਵਨ ਦਾ ਇਕ ਅੰਗ ਬਣਿਆ ਹੋਇਆ ਹੈ। ਜੇ ਕੋਈ ਭਰਸ਼ਟਾਚਾਰ ਦੇ ਮਾਮਲੇ ਵਿੱਚ ਫਸ ਜਾਵੇ ਤਾਂ ਉਹ ਪੈਸੇ ਦੇ ਕੇ ਜੇਲ ਚੋਂ ਬਚ ਕੇ ਬਾਹਰ ਆ ਜਾਂਦਾ ਹੈ। ਇਸ ਲਈ ਭਰਸ਼ਟਾਚਾਰ ਦੇ ਮਾਮਲੇ ਵਿੱਚ ਭਾਰਤ ਵਿੱਚ ਸਭ ਨੂੰ ਖੁੱਲੀ ਆਜ਼ਾਦੀ ਹੈ। ਅੱਜ ਅਸੀਂ ਬੇਸ਼ੱਕ ਦੇਸ਼ ਦੀ ਆਜ਼ਾਦੀ ਦੇ ਕਿੰਨੇ ਵੀ ਜਸ਼ਨ ਕਿਉ ਨਾ ਮਨਾ ਲਈਏ ਲੇਕਿਨ ਇਥੇ ਦੇਸ਼ ਦੇ ਕੁਝ ਗਣੇ ਚੁਣੇ ਕਾਰਪੋਰੇਟਾਂ ਦੀ ਆਮਦਨੀ ਵਧਦੀ ਜਾ ਰਹੀ ਹੈ ਅਤੇ ਗਰੀਬਾਂ ਦੀ ਆਮਦਨੀ ਘਟਦੀ ਜਾ ਰਹੀ ਹੈ। ਸਰਕਾਰ ਪ੍ਰਾਈਵੇਟ ਖੇਤਰ ਨੂੰ ਹੌਸਲਾ ਫਜਾਈ ਵਾਸਤੇ ਬਹੁਤ ਸਾਰੀ ਸਬਸਿਡੀ ਅਤੇ ਆਰਥਿਕ ਸਹਾਇਤਾ ਦਿੰਦੀ ਹੈ ਲੇਕਿਨ ਇਹ ਇਕ ਕਾਰਪੋਰੇਟ ਆਪਣੇ ਦੁਆਰਾ ਵੇਚਿਆਂ ਗਈਆਂ ਚੀਜ਼ਾਂ ਦੇ ਮਨ ਮਾਫਕ ਰੇਟ ਲੈਣ ਲਈ ਆਜ਼ਾਦ ਹਨ। ਇਸੇ ਕਰਕੇ ਤਾਂ ਸਾਡੇ ਦੇਸ਼ ਵਿੱਚ ਕੀਮਤਾਂ ਵਧ ਰਹੀਆਂ ਹਨ ਸਾਡੇ ਦੇਸ਼ ਵਿੱਚ ਖਾਣ ਪੀਣ ਦੀਆਂ ਚੀਜ਼ਾਂ ਵਿੱਚ ਮਿਲਾਵਟ ਕਰਨ ਵਾਲਿਆਂ ਨੂੰ ਵੀ ਪੂਰੀ ਆਜ਼ਾਦੀ ਹੈ। ਅੱਜ ਕੱਲ ਬਾਜ਼ਾਰ ਵਿੱਚ ਚਾਹ ਦੀ ਪੱਤੀ, ਗਰਮ ਮਸਾਲੇ, ਹਲਦੀ, ਮਿਠਾਈਆਂ, ਦਵਾਈਆਂ ਆਦਿ ਵਿੱਚ ਇਹਨਾਂ ਨੂੰ ਪੈਦਾ ਕਰਨ ਵਾਲੇ ਅਤੇ ਵੇਚਣ ਵਾਲਿਆਂ ਨੂੰ ਇਹਨਾਂ ਵਿੱਚ ਮਿਲਾਵਟ ਕਰਨ ਦੀ ਪੂਰੀ ਆਜ਼ਾਦੀ ਹੈ। ਉੰਝ ਤਾਂ ਸਰਕਾਰ ਦੇ ਬੰਦਿਆਂ ਨੂੰ ਇਹਨਾਂ ਚੀਜ਼ਾਂ ਵਿੱਚ ਮਿਲਾਵਟ ਦਾ ਪਤਾ ਹੁੰਦਾ ਹੈ ਲੇਕਿਨ ਉਹ ਮਿਲੀ ਭਗਤ ਕਰਕੇ ਇਹਨਾਂ ਨੂੰ ਕੁਝ ਨਹੀਂ ਕਹਿੰਦੇ। ਉਹਨਾਂ ਨੂੰ ਵੀ ਇਹਨਾਂ ਤੋਂ ਰਿਸ਼ਵਤ ਲੈ ਕੇ ਮਿਲਾਵਟ ਦਾ ਸਮਾਨ ਵੇਚਣ ਦੀ ਪੂਰੀ ਆਜ਼ਾਦੀ ਹੁੰਦੀ ਹੈ
ਦੇਸ਼ ਨੂੰ ਆਜ਼ਾਦੀ ਮਿਲਣ ਦੇ ਬਾਅਦ ਅਪਰਾਧੀਆਂ ਨੂੰ ਬਹੁਤ ਫਾਇਦਾ ਹੋਇਆ ਹੈ। ਉਹ ਜੇਲ ਵਿੱਚ,,, ਸਰਕਾਰੀ ਮਹਿਮਾਨ,,, ਜਾਂ ਫਿਰ ਸਰਕਾਰ ਦੇ ਜਂਵਾਈ ਬਣ ਕੇ ਰਹਿੰਦੇ ਹਨ। ਖਤਰਨਾਕ ਕੈਦੀਆਂ ਤੋਂ ਜੇਲ ਦਾ ਸਟਾਫ ਵੀ ਥਰ ਥਰ ਕੰਬਦਾ ਹੈ। ਬੇਸ਼ਕ ਕਹਿਣ ਨੂੰ ਤਾਂ ਕੈਦੀ ਜੇਲ ਵਿੱਚ ਰਹਿੰਦੇ ਹਨ ਪਰੰਤੂ ਉਹਨਾਂ ਨੂੰ ਮਨ ਮਾਫਕ ਸਹੂਲਤਾਂ ਦਾ ਲੁਤਫ ਉਠਾਉਣ ਦੀ ਪੂਰੀ ਆਜ਼ਾਦੀ ਹੁੰਦੀ ਹੈ। ਕੈਦੀ ਲੋਕ ਜੇਲ ਵਿੱਚ ਪਾਰਟੀਆਂ ਕਰਦੇ ਹਨ, ਮੋਬਾਇਲ ਫੋਨ ਇਸਤੇਮਾਲ ਕਰਦੇ, ਨਸ਼ੀਲੇ ਪਦਾਰਥਾਂ ਦਾ ਇਸਤੇਮਾਲ ਕਰਦੇ ਹਨ, ਜੇਲ ਵਿੱਚ ਰਹਿ ਕੇ ਬਾਹਰ ਦੀ ਦੁਨੀਆਂ ਦੇ ਨਾਲ ਸੰਪਰਕ ਵਿੱਚ ਰਹਿ ਕੇ ਗੈਰ ਕਾਨੂੰਨੀ ਕੰਮ ਕਰਾਉਣ ਲਈ ਆਜ਼ਾਦ ਹੁੰਦੇ ਹਨ। ਜੇਲ ਦੇ ਸਟਾਫ   ਨੂੰ ਹਰ ਕੈਦੀ ਸੋ਼ਲੇ ਫਿਲਮ ਦਾ ,,, ਗੱਬਰ ਸਿੰਘ ,,, ਹੀ ਦਿਖਾਈ ਦਿੰਦਾ ਹੈ। ਸਾਡੇ ਦੇਸ਼ ਵਿੱਚ ਜਿਤਨੀ ਆਜ਼ਾਦੀ ਚੋਰਾਂ, ਬਲਾਤਕਾਰੀਆਂ, ਭਰਸ਼ਟਾਚਾਰੀਆਂ, ਮਿਲਾਵਟ ਕਰਨ ਵਾਲੇ ਲੋਕਾਂ, ਬੇਈਮਾਨਾ, ਕਾਨੂੰਨ ਦਾ ਮਜਾਕ ਉਡਾਣ ਵਾਲਿਆਂ ਨੂੰ ਮਿਲੀ ਹੋਈ ਹੈ ਉਤਨੀ ਆਜ਼ਾਦੀ ਤਾਂ ਦੇਸ਼ ਦੇ ਆਮ ਲੋਕਾਂ ਨੂੰ ਵੀ ਨਹੀਂ ਮਿਲੀ ਹੋਈ। ਇਹ ਹੈ ਇਹਨਾਂ ਲੋਕਾਂ ਨੂੰ ਆਜ਼ਾਦੀ ਦਾ ਤੋਹਫਾ।
ਆਜ਼ਾਦੀ ਮਿਲਣ ਦੇ ਬਾਅਦ ਆਮ ਜਨਤਾ ਤਾਂ ਹੋਰ ਵੀ ਖੁਸ਼ ਹੈ। ਪਿੱਛਲੇ ਜਮਾਨੇ ਵਿੱਚ ਪਤੀ ਪਤਨੀ ਨੂੰ ਆਪਣੇ ਪੈਰ ਦੀ ਜੁੱਤੀ ਸਮਝਦਾ ਹੁੰਦਾ ਸੀ। ਲੇਕਿਨ ਹੁਣ ਜਮਾਨਾ ਬਦਲ ਗਿਆ ਹੈ। ਅੱਜ ਜੇਕਰ ਆਦਮੀ ਔਰਤ ਤੇ ਹੱਥ ਚੁੱਕਦਾ ਹੈ ਤਾਂ ਉਸ ਦਾ ਜਵਾਬ ਨਹਿਲੇ ਤੇ ਦਹਿਲਾ ਦੇ ਤੌਰ ਤੇ ਦੇਖਣ ਨੂੰ ਮਿਲਦਾ ਹੈ। ਅੱਜ ਕੱਲ ਤਾਂ ਕੁਝ ਔਰਤਾਂ ਆਪਣੇ ਪਤੀਆਂ ਨੂੰ ਵੀ ਕੁੱਟਣ ਲੱਗੀਆਂ ਹਨ। ਉਹਨਾਂ ਤੋਂ ਘਰ ਦਾ ਕੰਮ ਕਰਵਾਉਂਦੀਆਂ ਹਨ। ਜਿਆਦਾਤਰ ਪਤੀ ਪਤਨੀ ਦੀ ਮਰਜ਼ੀ ਤੋਂ ਬਿਨਾਂ ਆਪਣੇ ਮਾਂ ਪਿਓ ਨੂੰ ਆਪਣੇ ਨਾਲ ਨਹੀਂ ਰੱਖ ਸਕਦੇ ਅਤੇ ਆਪਣੇ ਭੈਣਾਂ ਨੂੰ ਘਰ ਵਿੱਚ ਨਹੀਂ ਆਉਣ ਦਿੰਦੇ। ਅੱਜ ਕੱਲ ਇੱਕ ਹੋਰ ਕਮਾਲ ਦੀ ਗੱਲ ਹੋ ਗਈ ਹੈ। ਉਹ ਇਹ ਕਿ,,, ਲਿਵ ਇਨ ਰਿਲੇਸ਼ਨ ਸ਼ਿਪ ,,,ਦੇ ਤਹਿਤ ਕੋਈ ਵੀ ਔਰਤ, ਚਾਹੇ ਉਹ ਬਿਨਾਂ ਵਿਆਹੀ ਹੋਵੇ ਜਾਂ ਸ਼ਾਦੀ ਕੀਤੀ ਹੋਵੇ, ਕਿਸੇ ਵੀ ਬੰਦੇ ਨਾਲ ਜਿੰਨੀ ਦੇਰ ਰਹਿਣਾ ਜਾਵੇ ਰਹਿ ਸਕਦੀ ਹੈ, ਕਾਨੂੰਨ ਵੱਲੋਂ ਇਹ ਕੋਈ ਜੁਰਮ ਨਹੀਂ ਹੈ। ਇਹ ਇੱਕ ਨਵੇਂ ਕਿਸਮ ਦੀ ਆਜ਼ਾਦੀ ਹੈ। ਕੋਈ ਜਮਾਨਾ ਸੀ ਔਰਤਾਂ ਸਿਰ ਤੇ ਚੁੰਨੀ ਰੱਖਦੀਆਂ ਹੁੰਦੀਆਂ ਸਨ ਅਤੇ ਸਰੀਰ ਦਾ ਕੋਈ ਵੀ ਅੰਗ ਨਹੀਂ ਦਿਖਦਾ ਸੀ। ਲੇਕਿਨ ਅੱਜ ਕੱਲ ਔਰਤਾਂ ਆਪਣੇ ਪਹਿਨਾਵੇ ਦੇ ਮਾਮਲੇ ਵਿੱਚ ਵੀ ਪੂਰੀ ਤਰਹਾਂ ਆਜ਼ਾਦ ਹਨ। ਉਂਜ ਤਾਂ ਆਦਮੀ ਅਤੇ ਔਰਤ ਹੀ ਵਿਆਹ ਕਰਵਾਉਂਦੇ ਨੇ ਲੇਕਿਨ ਅੱਜ ਕੱਲ ਇੱਕ ਸਮਾਨ ਲਿੰਗ ਵਾਲੇ ਅਰਥਾਤ ਆਦਮੀ ਆਦਮੀ ਅਤੇ ਔਰਤਾਂ ਔਰਤਾਂ ਵੀ ਇੱਕ ਦੂਜੇ ਨਾਲ ਵਿਆਹ ਕਰਾਉਣ ਲੱਗੇ ਹਨ। ਵਾਹ ਬਈ ਬੱਲੇ ਬੱਲੇ। ਇਹ ਤਾਂ ਕਮਾਲ ਹੋ ਗਿਆ। ਇੰਨੀ ਆਜ਼ਾਦੀ ਤਾਂ ਇਤਿਹਾਸ ਵਿੱਚ ਕਦੇ ਸੁਣਨ ਨੂੰ ਮਿਲੀ ਨਹੀਂ। ਇਸ ਤਰੀਕੇ ਨਾਲ ਭਾਰਤ ਦੇ ਆਜ਼ਾਦ ਹੋਣ ਮਗਰੋਂ ਸਾਰੇ ਲੋਕ ਆਪਣੇ ਆਪਣੇ ਤਰੀਕੇ ਨਾਲ ਆਜ਼ਾਦੀ ਦਾ ਲੁਤਫ ਉਠਾ ਰਹੇ ਹਨ। ਜੇਕਰ ਕੋਈ ਇਸ ਆਜ਼ਾਦੀ ਦਾ ਆਪਣੇ ਤਰੀਕੇ ਨਾਲ ਲੁਤਫ ਉਠਾਉਣ ਵਿੱਚ ਪਿੱਛੇ ਰਹਿ ਗਿਆ ਹੈ ਤਾਂ ਉਸ ਤੋਂ ਵੱਡਾ ਕੋਈ ਹੋਰ ਅਨਾੜੀ ਬੰਦਾ ਨਹੀਂ ਹੋ ਸਕਦਾ। ਇਹ ਉਸ ਦਾ ਕਸੂਰ ਹੈ ਕਿਸੇ ਹੋਰ ਦਾ ਨਹੀਂ।

ਪ੍ਰੋਫੈਸਰ ਸ਼ਾਮ ਲਾਲ ਕੌਸ਼ਲ
ਮੋਬਾਈਲ 9416 35 90 45
ਰੋਹਤਕ 12 40 01 ਹਰਿਆਣਾ 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous article“ਜਬਰ ਜੁਲਮ ਵਿਰੋਧੀ ਫਰੰਟ ਵੱਲੋਂ ਜਿਲਾ ਭਲਾਈ ਅਫਸਰ ਪਟਿਆਲਾ ਵਿਖੇ ਮੁਕੁਲ ਬਾਵਾ ਦੇ ਦਫਤਰ ਅੱਗੇ ਰੋਸ ਪ੍ਰਦਰਸ਼ਨ”
Next articleਸਮਰਾਲਾ ਹਾਕੀ ਕਲੱਬ ਵੱਲੋਂ ਲੋੜਵੰਦ ਵਿਦਿਆਰਥਣਾਂ ਦੀ ਫ਼ੀਸ ਲਈ 21 ਹਜ਼ਾਰ ਦੀ ਰਾਸ਼ੀ ਦਿੱਤੀ