HOME ਹਾਸ ਵਿਅੰਗ- ਸ਼ਾਇਰੀ ਵਿਆਕਰਨ- ਮੁੱਢਲਾ ਸਬਕ(ਅਧਿਆਇ)

ਹਾਸ ਵਿਅੰਗ- ਸ਼ਾਇਰੀ ਵਿਆਕਰਨ- ਮੁੱਢਲਾ ਸਬਕ(ਅਧਿਆਇ)

2
ਸੁਰਜੀਤ ਸਿੰਘ ਭੁੱਲਰ
   (ਸਮਾਜ ਵੀਕਲੀ)   ਸ਼ਬਦਾਂ ਦੇ ‘ਉਲਟ-ਪੁਲਟ’ ਕੀਤੇ ਫੇਰ ਨੂੰ ਗਰਾਮਰ ਕਿਹਾ ਜਾਂਦਾ ਹੈ ਅਤੇ ਉਨ੍ਹਾਂ ਦੇ ਸੁਮੇਲ ਨੂੰ ਵਾਕ। ਜਦੋਂ ਤੋਂ ਉਪਦੇਸ਼-ਸਥਾਨਾਂ ਤੇ ਵਿਆਕਰਨ ਅਤੇ ਧੁਨਾਂ ਦਾ ‘ਰੌਲ਼ਾ-ਰੱਪਾ’ ਪਿਆ ਹੈ ਕਿ ਇਨ੍ਹਾਂ ਨੂੰ ਮੁੱਖ ਰੱਖ ਕੇ,ਲਿਖਤ ਨੂੰ ਇਸ ਦੇ ਨੇਮਾਂ ਅਨੁਸਾਰ ਸ਼ੁੱਧ ਰੂਪ ਵਿੱਚ  ਲਿਖਣਾ ਚਾਹੀਦਾ ਹੈ,ਉਦੋਂ ਤੋਂ ਇਸ ਵੱਲੋਂ ਲੋਕਾਂ ਦਾ ਧਿਆਨ ਕੁੱਝ ਘੱਟ ਕੇ,ਖੁੱਲੀ ਕਵਿਤਾ ਵਾਲੀ ਸ਼ਾਇਰੀ ਦੇ ਰਾਹ ਵੱਲ ਵਾਧਾ ਹੋਣਾ ਸ਼ੁਰੂ ਹੋ ਗਿਆ ਹੈ।ਮਿੱਤਰ ਜਣੋ! ਤੁਹਾਡੇ ਵਿੱਚੋਂ ਬਹੁਤੇ ਇਹ ਜਾਣਦੇ ਹਨ ਕਿ ‘ਗ਼ਜ਼ਲ-ਕਾਵਿ’ ਦੀ ਵਿਆਕਰਨ ਨੂੰ ਅਰੂਜ਼ ਕਿਹਾ ਜਾਂਦਾ ਹੈ। ਪੁਰਾਣੇ ਸਮੇਂ ਦੇ ਕਵੀ ਜਨ,ਅਰੂਜ਼ (ਅਰਜ਼ ਦਾ ਬਹੁਵਚਨ) ਦੇ ਗੁਣੀਏ ਦੀ ਵਰਤੋਂ ਕੀਤੇ ਬਿਨਾਂ ਸ਼ਾਇਰੀ ਨਹੀਂ ਕਰਦੇ ਸਨ। ਪਰ ਅੱਜ ਦੇ ਨਵੀਨ ਯੁੱਗ ਵਿੱਚ ਇਸ ਨੂੰ ਬਹੁਤ ਹੱਦ ਤੱਕ ਗੁੱਠੇ ਹੀ ਲਾ ਕੇ ਰੱਖਿਆਂ ਹੋਇਆਂ ਹੈ। ਅੱਜ ਕਲ,ਖੁੱਲੀ ਕਵਿਤਾ ਦਾ ਰੁਝਾਨ ਵੱਧ ਰਿਹਾ ਹੈ ਅਤੇ ਬਹੁਤੇ ਨਾਮ ਨਿਹਾਦ ਸ਼ਾਇਰਾਂ ਨੇ ਇਹ ਨਵਾਂ ਰੂਪ ਅਖ਼ਤਿਆਰ ਕਰ ਲਿਅਾ ਹੈ। ਕਿਸੇ ਨਵੇਂ ਸ਼ਾਇਰ ਦੇ ਸਾਹਮਣੇ ਅਰੂਜ਼ ਵਾਲੇ ਗੁਣੀਏ ਦਾ ਨਾਂ ਤਾਂ ਲੈ ਕੇ ਦੇਖੋ,ਉਹ ਝੱਟ ਕਹਿ ਦਿਓ ਕਿ ਛੱਡੋ ਜੀ,ਉਹਦੇ ਤਾਂ ਆਪਣੇ ਲਘੂ,ਗੁਰੂ ਨੱਸੇ-ਭੱਜੇ ਫਿਰਦੇ ਨੇ।ਕੋਈ ਕਿਸੇ ਦੀ ਬਾਂਹ ਮਰੋੜ ਦਿੰਦਾ ਤੇ ਕੋਈ ਮੋਢਾ ਲਾਹ ਦਿੰਦਾ? ਕਿਸੇ ਜ਼ਹਾਫ ਜਾਂ ਤਕਤੀਹ ਦੇ ਬਾਰੇ ਪੁੱਛਣਾ ਤਾਂ ਦੂਰ ਦੀ ਗੱਲ ਹੈ। ਜੇ ਇਹ ਭੁਲੇਖਾ ਕੱਢਣਾ ਹੋਵੇ ਤਾਂ ਤਜਰਬਾ ਕਰ ਕੇ ਦੇਖ ਲੈਣਾ।ਉਹ ਝੱਟ ਕਹਿ ਦੇਊ ਕਿ ਰੱਬ ਦਾ ਵਾਸਤਾ,ਇਹ ਖਰ੍ਹਵੇ ਜਿਹੇ ਕੰਨ ਪਾੜੂ ਸ਼ਬਦ ਮੈਨੂੰ ਨਾ ਸੁਣਾਓ। ਮੈਨੂੰ ਜ਼ਹਾਫ – ਜ਼ਹੂਫ ਪਸੰਦ ਨਹੀਂ, ਬੱਸ ਮੇਰੀ ਰਚਨਾ ਸੁਣੋ ਅਤੇ ਅਨੰਦ ਨਾਲ ਲਹਾਫ (ਰਜਾਈ), ਗਲਾਫ ਦਾ ਨਿੱਘ ਮਾਣੋ। ਸੁਹਿਰਦ ਸੱਜਣੋ! ਇਹ ਵੀ ਸੁਣਿਆ ਹੈ ਕਿ ਅਰੂਜ਼ ਵਿੱਚ ਬਹਿਰਾਂ (ਲਹਿਰਾਂ) ਵੀ ਕਹਿਰਾਂ ਦੀਆਂ ਬੜੀਆਂ ਉੱਚੀਆਂ- ਨੀਵੀਂਆਂ ਹੁੰਦੀਆਂ ਹਨ। ਕਈਆਂ ਦੇ ਦਿਲਾਂ ਵਿੱਚ ਇਹ ਜਵਾਰ- ਭਾਟੇ ਵਾਂਗ ਉੱਠਦੀਆਂ ਰਹਿੰਦੀਆਂ ਹਨ। ਕਈ ਤਾਂ ਏਨਾਂ ਡੂੰਘੀਆਂ ਹੁੰਦੀਆਂ ਹਨ ਕਿ ਬਹੁਤੇ ਤਾਂ ਨਵੇਂ ਤੈਰਾਕ,ਇਸ ਵਿੱਚ ਗ਼ੋਤੇ ਖਾ ਕੇ ਡੁੱਬ ਵੀ ਗਏ ਨੇ।ਕੁੱਝ ਕਰਮਾਂ ਵਾਲੇ ਹੀ ਹੁੰਦੇ ਹਨ ਜੋ ਪਾਰ-ਉਤਾਰਾ ਕਰ ਲੈਂਦੇ ਹਨ ਤੇ ਬਾਕੀ ਇਸ ਪਾਸੇ ਉਮਰ ਭਰ ਝਾਕਦੇ ਵੀ ਨਹੀਂ। ਇਸ ਲਈ ਬਹੁਤੇ ਲੋਕ ‘ਅਰੂਜ਼ੀ ਗ਼ਜ਼ਲ ( ਅਰੂਸਾ ਨਹੀਂ) ਵੱਲ ਜਾਣੋ ਕਤਰਾਉਂਦੇ ਹਨ।ਬੱਸ,ਇਸ ਦੁੱਖੋਂ ਡਰਦੇ,ਗ਼ਜ਼ਲ ਲਿਖਣ ਦਾ ਪੰਗਾ ਨਹੀਂ ਸਹੇੜਦੇ ਤੇ ਅੱਖਾਂ ਮੀਚੀ ਸਿੱਧਾ  ਕਵਿਤਾ ਜਾਂ ਖੁੱਲ੍ਹੀਂ ਕਾਵਿ ਰਚਨਾ ਦੇ ਵਹਿੜੇ ‘ਚ ਜਾ ਧਮਾਲ ਪਾਉਂਦੇ ਨੇ। ਉਨ੍ਹਾਂ ਦਾ ਇਹ ਚੱਜ-ਆਚਾਰ,ਗ਼ਜ਼ਲ ਦੇ ਡੇਰਾ ਪ੍ਰੇਮੀਆਂ ਨੂੰ ਕਾਣੀ- ਅੱਖ ਭਾਉਂਦਾ ਨਹੀਂ। ਇੱਕ ਹੋਰ ਕਿਸਮ ਦੇ ਲੇਖਕ ਵੀ ਹਨ,ਜੋ ਰਵਾਇਤੀ ਕਵਿਤਾ ਲਿਖਣ ਦੀ ਵਕਾਲਤ ਕਰਦੇ ਰਹਿੰਦੇ ਹਨ। ਉਨ੍ਹਾਂ ਦਾ ਕਾਰਜ ਆਪਣੀ ਥਾਂ ਯੋਗ ਹੈ। ਉਹ ਆਪਣੇ ਰਾਹ ਤੁਰੇ ਜਾਣ,ਐਵੇਂ ਅੱਡੀਆਂ ਚੁੱਕ-ਚੁੱਕ ਦੂਜਿਆਂ ਨੂੰ ਬੁਰਾ ਭਲਾ ਨਾ ਕਹਿਣ। ਉਹ ਲੋਕਾਂ ਦਾ ਨੌਂ-ਦੋ ਗਿਆਰਾਂ ਕਰਦੇ-ਕਰਦੇ ( ਉਰਦੂ ਮੁਹਾਵਰਾ-(ਭੱਜਣਾ, ਤੁਰੰਤ ਬਚਣਾ, ਅਲੋਪ ਹੋਣਾ, ਉੱਡ ਜਾਣਾ, ਆਦਿ।)ਕਿਤੇ ਆਪਣੇ ਤੇਰਾਂ-ਗਿਆਰਾਂ ( ਦੋਹਾ 13+11 ਮਾਤ੍ਰਾਵਾਂ )ਨਾ ਭੁੱਲ ਜਾਣ। ਮੁੱਦੇ ਦੀ ਗੱਲ ਤਾਂ ਇਹ ਹੋਣੀ ਚਾਹੀਦੀ ਹੈ ਕਿ ਲੇਖਕ ਦਾ ਲਿਖਣ ਉਦੇਸ਼ ਸਕਾਰਾਤਮਿਕ ਹੋਵੇ।ਇਹ ਨਹੀਂ ਕਿ ਦੂਜੇ ਦੀ ਲਿਖਤ-ਵੰਨਗੀ ਉੱਤੇ ਚੌਕੀਦਾਰੀ  ਜਾਂ ਫ਼ੌਜਦਾਰੀ ਕਰ ਕੇ ਬੇਲੋੜਾ ਤਣਾਅ ਲਵੇ ਜਾਂ ਦੇਵੇ ਜਾਂ ਕਿਸੇ ਵਿਅਕਤੀ ਦੇ ਸਾਹਿੱਤਿਕ ਗੁਣਵੱਤਾ ਤੇ ਨਕਾਰਾਤਮਿਕ ਪ੍ਰਭਾਵ ਪਾਵੇ। ਇੱਕ ਚੰਗੀ ਲਿਖਤ ਆਪਣੇ ਆਪ ਪਾਠਕਾਂ ਤੱਕ ਪਹੁੰਚ ਜਾਂਦੀ ਹੈ ਅਤੇ ਉਨ੍ਹਾਂ ਦੇ ਮਨ ਵਿੱਚ ਥਾਂ ਬਣਾ ਲੈਂਦੀ ਹੈ। ਸੋ,ਆਪਣੀ ਮਾਂ ਬੋਲੀ ਨੂੰ ਆਪਣੇ ਮਨੋਹਰ ਵਿਚਾਰਾਂ ਨਾਲ ਸ਼ਿੰਗਾਰਦੇ ਰਹੋ। ਇਹੀ ਸੇਵਾ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਵਿਧਾਇਕਾ ਸੰਤੋਸ਼ ਕਟਾਰੀਆ ਵੱਲੋਂ ਪਿੰਡ ਘਮੌਰ ਵਿਖੇ  35 ਲੱਖ ਦੀ ਲਾਗਤ ਨਾਲ ਬਣਨ ਵਾਲੇ ਖੇਡ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ
Next articleਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਦੇ ਆਗੂ ਮਦਨ ਲਾਲ ਨੂੰ ਸ਼ਰਧਾਂਜਲੀਆਂ ਭੇਟ