
(ਸਮਾਜ ਵੀਕਲੀ) ਨੀ ਭੈਣ ਸਾਡੇ ਬਾਬਾ ਜੀ ਪਹੁੰਚੇ ਹੋਏ ਈ ਨਹੀਂ ਜਾਣੀ ਜਾਣ ਵੀ ਨੇ , ਹੱਛਿਆ ਨੀ ਮੈਂ ਤਾਂ ਵਾਰੀ ਜਾਵਾਂ ਇਹੋ ਜਿਹੇ ਫ਼ਕਰਾਂ ਦੇ ਦਿਲਾਂ ਦੀਆਂ ਰਮਜ਼ਾਂ ਪਛਾਣਦੇ ਨੇ ਬਿਨਾ ਦੱਸਿਆ। ਨੀ ਮੈਨੂੰ ਵੀ ਕੇਰਾਂ ਦਰਸ਼ਨ ਕਰਵਾ ਦੇ ਧਰਮ ਨਾਲ ਸੱਚੇ ਸੰਤਾਂ ਦੇ ਦਰਸ਼ਨ ਕੀਤਿਆਂ ਚੌਗਣਾ ਸਮਾਂ ਹੋ ਗਿਆ। ਲਉ ਜੀ ਹੁਣ ਲੈ ਕੇ ਚਲਦੇ ਹਾਂ ਤੁਹਾਨੂੰ ਬਾਬਾ ਚੌਧਰ ਸ਼ਾਹ ਦੇ ਦਰਬਾਰ ਤੇ। ਹੁਣ ਇਹ ਦਰਬਾਰ ਕਿਸੇ ਜਾਣ ਪਹਿਚਾਣ ਦਾ ਮੁਥਾਜ ਨਹੀਂ ਰਿਹਾ ਇਹ ਦਰਬਾਰ ਜਿਥੇ ਅਨਪੜ੍ਹ ਬੇਰੁਜ਼ਗਾਰ ਮਜ਼ਦੂਰ ਲੋਕਾਂ ਦੀ ਆਸਥਾ ਦਾ ਕੇਂਦਰ ਹੈ ਉਥੇ ਵੱਡੀ ਵੋਟ ਬੈਂਕ ਦੀ ਭੂਮਿਕਾ ਵੀ ਅਦਾ ਕਰਦਾ ਹੈ ਹੁਣ ਤਾਂ ਸੁੱਖ ਨਾਲ ਦਰਬਾਰ ਤੇ ਦੇਸ਼ ਤੋਂ ਹੀ ਨਹੀਂ ਵਿਦੇਸ਼ ਤੋਂ ਵੀ ਆਈਆਂ ਸੰਗਤਾਂ ਦਾ ਤਾਂਤਾ ਲੱਗਿਆ ਰਹਿੰਦਾ ਹੈ। ਤੁਹਾਨੂੰ ਪਤਾ ਇਸ ਦੀ ਸ਼ੁਰੂਆਤ ਕਿਵੇਂ ਹੋਈ? ਕੀ ਕਿਹਾ ਨਹੀਂ , ਚਲੋ ਅੱਜ ਇਸ ਤੋਂ ਵੀ ਪਰਦਾ ਚੁੱਕ ਦਿੰਦੇ ਹਾਂ ਇਕ ਮਸ਼ਹੂਰ ਗੀਤ ਦੇ ਬੋਲ ਚੇਤੇ ਆ ਗਏ ਖਬਰੇ ਇਹ ਕਿਸੇ ਫ਼ਿਲਮ ਦੀ ਕਵਾਲੀ ਹੈ ਬੋਲ ਇਉਂ ਹਨ ,ਪਰਦਾ ਹੈ ਪਰਦਾ ਪਰਦੇ ਕੇ ਪੀਛੇ। ਉਹੀ ਦੱਸਣ ਲੱਗਿਆਂ ਦਿਲ ਥਾਮ ਕੇ ਬੈਠੋ ਤੇ ਸੁਣੋ ਮੇਰਾ ਇਕ ਬਹੁਤ ਪਿਆਰਾ ਤੇ ਜਿਗਰੀ ਦੋਸਤ ਮੋਬਾਈਲ ਰਿਪੇਅਰਿੰਗ ਦਾ ਕੰਮ ਸਿੱਖ ਗਿਆ ਕੰਮ ਰਾਸ ਨਾ ਆਇਆ ਇਸ ਤੋਂ ਬਾਅਦ ਕੰਪਿਊਟਰ ਇੰਜਨੀਅਰਰਿੰਗ ਦਾ ਕੋਰਸ ਵੀ ਪੂਰਾ ਕਰ ਲਿਆ। ਬੜੇ ਪਾਪੜ ਵੇਲੇ ਕੰਮ ਵਿਚ ਖਾਸ ਦਿਲ ਨਾ ਲੱਗਿਆ ਹੈ ਮੁੰਡਾ ਨਿਰਾ ਗੁਣਾਂ ਦੀ ਗੁਥਲੀ ਕੁਝ ਵਰ੍ਹੇ ਪਹਿਲਾਂ ਅਚਾਨਕ ਗਾਇਬ ਹੋ ਗਿਆ, ਪਤਾ ਲੱਗਿਆ ਦੂਰ ਕਿਤੇ ਕੰਪਨੀ ਵਿਚ ਜੌਬ ਕਰਨ ਲਗ ਪਿਆ ਸੀ। ਅਚਾਨਕ ਇਕ ਦਿਨ ਇਕ ਵੱਡੇ ਮੈਗਜ਼ੀਨ ਵਿੱਚ ਵੱਡੀ ਸਾਰੀ ਫੋਟੋ ਦੇਖੀ ਤਾ ਅੱਖਾਂ ਅੱਡੀਆਂ ਰਹਿ ਗਈਆਂ ਹੈ ਇਹ ਕੀ ਬਾਬਾ ਚੌਧਰ ਸ਼ਾਹ ਇਹ ਦਰਬਾਰ ਦਾ ਮੁਖੀ ਕੁਝ ਜਾਣਿਆਂ ਪਛਾਣਿਆਂ ਲੱਗਿਆ ਯਾਦ ਆਇਆ ਇਹ ਤਾਂ ਆਪਣਾ ਉਹ ਹਾਂ ਖੈਰ ਆਪਾ ਕੀ ਲੈਣਾ, ਨਾ ਲੈਣਾ ਕਿਓਂ ਨਹੀਂ ਸਾਡਾ ਆੜੀ ਆ ਬਚਪਨ ਦਾ ਯਾਰ ਮਿਲਣਾ ਚਾਹੀਦਾ। ਇਕ ਰਾਤ ਸਬੱਬ ਬਣ ਗਿਆ ਵਰਿਆਂ ਬਾਅਦ ਯਾਰ ਦੇ ਦਿਦਾਰ ਕਰਕੇ ਬੜਾ ਸਕੂਨ ਮਿਲਿਆ ਕਿਆ ਡੇਰਾ ਯਾਰ ਕਿਆ ਲਗਜ਼ਰੀ ਗੱਡੀਆਂ, ਕਿਆ ਠਾਠ ਬਾਠ , ਨੌਕਰ ਚਾਕਰ, ਚੜਾਵਾ ਤੇ ਚੜਾਈ ਸਿਥੇ ਫੋਨ ਸਰਕਾਰੇ ਦਰਬਾਰੇ ਖੜਕਦੇ ਯਾਰ ਫੈਨ ਹੋ ਗਏ ਧਰਮ ਨਾਲ ਸਾਨੂੰ ਯਾਰ ਦੇ ਦਿਦਾਰ ਵਿਚੋਂ ਰੱਬ ਮਿਲਿਆ। ਧਰਮ ਨਾਲ ਬੜੀ ਆਓ ਭਗਤ ਕੀਤੀ ਯਾਰ ਨੇ ਖੈਰ ਦੂਸਰੇ ਦਿਨ ਦਿਨ ਚੜਦਿਆਂ ਦਰਬਾਰ ਵਿੱਚ ਸੰਗਤਾਂ ਦਾ ਤਾਂਤਾ ਲੱਗ ਗਿਆ। ਬਾਹਰ ਤੋਂ ਅਵਾਜ਼ ਪੈਂਦੀ ਸੱਜਣ ਸਿੰਘ ਕੌਣ ਹੈ ਬਈ, ਸੱਜਣ ਸਿੰਘ ਜਲਾਲਾਬਾਦੀ। ਸੰਗਤ ਵਿਚੋਂ ਇਕ ਬਜ਼ੁਰਗ ਉਠਿਆ ਮੈਂ ਹਾਂ ਜੀ ,ਚੱਲ ਮਹਾਂਪੁਰਖ ਯਾਦ ਕਰਦੇ ਹਨ। ਸੱਜਣ ਸਿੰਘ ਅੰਦਰ ਆਇਆ ਤੇ ਬਾਬਾ ਜੀ ਨੇ ਬਚਨਾਂ ਦੀ ਝੜੀ ਲਾ ਦਿੱਤੀ, ਪਹਿਲੀ ਵਾਰ ਆਇਆ ਜੀ ਬਾਬਾ ਜੀ, ਪਹਿਲੀ ਘਰ ਵਾਲੀ ਨਹੀਂ ਰਹੀ , ਜੀ ਬਾਬਾ ਜੀ , ਵੀਹ ਕਿਲੇ ਪੈਲੀ ਆ , ਜੀ ਬਾਬਾ ਜੀ, ਬੱਚੇ ਵਿਦੇਸ਼ ਹਨ , ਜੀ ਬਾਬਾ ਜੀ , ਦੂਜੇ ਵਿਆਹ ਦੀ ਦੁਚਿਤੀ ਵਿਚ ਹੈ, ਜੀ ਬਾਬਾ ਜੀ , ਹੋ ਜਾਏਗਾ ਵਿਆਹ ਸਭ ਕੰਮ ਆਪਣੇ ਆਪ ਹੋਣਗੇ ਉਹ ਜਾਣੀ ਜਾਣ ਹੈ ਬੋਲ ਜੈ ਸੰਤਾਂ ਦੀ , ਜੈ ਸੰਤਾਂ ਦੀ । ਕਮਾਲ ਸੀ ਇਕ ਤੋਂ ਬਾਅਦ ਇਕ ਬਾਬਾ ਜੀ ਕੋਲ ਆ ਰਿਹਾ ਸੀ ਮਹਾਂਪੁਰਖ ਸਭ ਦੀਆਂ ਰਮਜ਼ਾਂ ਪਛਾਣਦੇ ਤੇ ਲੋਕ ਚੜਾਵਾ ਦਿੰਦੇ ਤੇ ਜੈ ਜੈ ਕਾਰ ਕਰਦੇ ਮੈਂ ਹੈਰਾਨ ਸੀ ਕਿਤੇ ਟਪਲਾ ਨਹੀਂ ਕੋਈ ਗਲਤੀ ਨਹੀਂ ਸਾਡੇ ਯਾਰ ਦੀਆਂ ਰਮਜ਼ਾਂ ਤਾਂ ਸੱਚਮੁੱਚ ਉਸ ਮਾਲਕ ਨਾਲ ਜੁੜ ਗਈਆ ਇਹ ਚਮਤਕਾਰ ਨਹੀਂ ਤਾਂ ਹੋਰ ਕੀ। ਕੁਝ ਦਿਨ ਡੇਰੇ ਰਹਿਣ ਦਾ ਸਬੱਬ ਬਣਿਆ ਤਾਂ ਹੋਲੀ ਹੋਲੀ ਪਰਤਾਂ ਖੁੱਲਣੀਆਂ ਸ਼ੁਰੂ ਹੋ ਗਈਆ। ਹੁਣ ਖੁਲ ਕੇ ਵਿਚਾਰ ਚਰਚਾ ਹੁੰਦੀ ਅੰਦਰ ਬਾਹਰ ਵਾਲੇ ਚੇਲੇ ਸਾਰੇ ਜਾਨਣ ਲਗ ਪਏ ਸਨ ਹੁਣ ਪਤਾ ਲੱਗਿਆ ਕਿ ਨੈਟਵਰਕ ਕਿਨੀ ਕੁਤੀ ਚੀਜ਼ ਹੈ। ਬਾਬਾ ਜੀ ਨੂੰ ਇਕ ਇਕ ਗੱਲ ਫੋਨ ਜ਼ਰੀਏ ਪਹਿਲਾਂ ਹੀ ਦੱਸ ਦਿੱਤੀ ਜਾਂਦੀ ਸੀ ਇਕ ਇਕ ਬੰਦੇ ਦਾ ਡਾਟਾ ਲੈਪਟੌਪ ਵਿਚ ਚਾੜ ਦਿੱਤਾ ਜਾਂਦਾ ਹਫਤੇ ਬਾਅਦ ਸੰਗਤਾਂ ਵਿਚੋਂ ਉਸ ਨੂੰ ਹੀ ਅਵਾਜ਼ ਪੈਂਦੀ ਜਿਸ ਦੀ ਨਬਜ਼ ਬਾਬਾ ਜੀ ਪਛਾਣ ਜਾਂਦੇ। ਸਭ ਖੁਸ਼ ਬਾਬਾ ਖੁਸ਼ ਚੇਲਾ ਖੁਸ਼ ਭਗਤ ਖੁਸ਼ ਮੈਂ ਵਾਪਸ ਆਉਣ ਲੱਗਿਆ ਤਾਂ ਯਾਰਾਂ ਦਾ ਯਾਰ ਬੋਲਿਆ ਕੀ ਕਰਦਾ ਅਜਕਲ ਮੇਰਾ ਜਵਾਬ ਸੀ ਉਹੀ ਮਿਹਨਤ ਮਜ਼ਦੂਰੀ। ਕੁਝ ਸਮਾਂ ਮੇਰੇ ਨਾਲ ਹੋਰ ਲਾ ਲੈ ਅਹਿਮਦਾਬਾਦ ਵਿਚ ਇਕ ਡੇਰਾ ਖੋਲ੍ਹਣ ਦਾ ਵਿਚਾਰ ਹੈ ਨਾਲੇ ਤੂੰ ਭਰੋਸੇ ਵਾਲਾ ਹੈ ਤੇ ਨਾਲੇ ਹੁਣ ਤੂੰ ਜਾਣੀ ਜਾਣ ਹੋ ਗਿਆ , ਮੈਂ ਹੈਰਾਨ ਹੋ ਕੇ ਪੁੱਛਿਆ ਮੈਂ, ਬਾਬੇ ਦਾ ਜਵਾਬ ਸੀ ਹਾਂ ਤੂੰ ਤੇ ਬਾਬੇ ਦੀ ਗੱਲ ਸੁਣ ਕੇ ਸਾਰੇ ਖਿੜਖਿੜਾ ਕੇ ਹੱਸ ਪਏ।
https://play.google.com/store/apps/details?id=in.yourhost.samajweekly



