HOME ਹਾਸ ਵਿਅੰਗ – ਜ਼ਬਾਨ ਸੰਭਾਲ ਕੇ

ਹਾਸ ਵਿਅੰਗ – ਜ਼ਬਾਨ ਸੰਭਾਲ ਕੇ

8
ਪ੍ਰੋਫੈਸਰ ਸ਼ਾਮ ਲਾਲ ਕੌਸ਼ਲ

   (ਸਮਾਜ ਵੀਕਲੀ)   ਉਂਜ ਤਾਂ ਮਨੁੱਖ ਦੇ ਸ਼ਰੀਰ ਦੇ ਸਾਰੇ ਅੰਗ ਮਹਤਵਪੂਰਨ ਹਨ। ਆਖਿਰ ਕਾਰ ਰੱਬ ਨੇ ਕੁਝ ਸੋਚ ਕੇ ਹੀ ਸਾਡੇ ਸਰੀਰ ਦੇ ਵੱਖ ਵੱਖ ਅੰਗ ਸਾਡੇ ਸਰੀਰ ਨਾਲ ਲਾਏ ਹਨ ਲੇਕਿਨ ਸਾਡੇ ਸਰੀਰ ਦੇ ਸਾਰਿਆਂ ਅੰਗਾਂ ਵਿੱਚ ਸਾਡੀ ਜੀਭ ਜਾਂ ਜੁਬਾਨ ਸਭ ਤੋਂ ਜਿਆਦਾ ਮਹਤਪੂਰਨ ਹੈ। ਜੀਭ ਨਾ ਹੋਣ ਕਰਕੇ ਗੁੰਗਾ ਆਦਮੀ ਆਪਣੇ ਦਿਲ ਦੀ ਗੱਲ ਕਿਸੇ ਨੂੰ ਦੱਸ ਨਹੀਂ ਸਕਦਾ, ਆਪਣੀ ਗੱਲ ਦੂਜਿਆਂ ਨੂੰ ਜੀਭ ਤੋਂ ਬਿਨਾਂ ਸਮਝਾਉਣ ਵਿੱਚ ਜਾਂ ਦੂਜਿਆਂ ਦੀ ਗੱਲ ਸਮਝਣ ਵਿੱਚ ਬਹੁਤ ਕਠਿਨਾਈ ਹੁੰਦੀ ਹੈ। ਗੱਲ ਸਾਫ ਹੈ ਆਦਮੀ ਦੇ ਸਰੀਰ ਵਿੱਚ ਹੋਰ ਅੰਗਾਂ ਦੇ ਨਾਲ ਨਾਲ ਜੁਬਾਨ ਦਾ ਹੋਣਾ ਵੀ ਬਹੁਤ ਜਰੂਰੀ ਹੈ। ਪ੍ਰੇਮੀ ਅਤੇ ਪ੍ਰੇਮਿਕਾ ਇੱਕ ਦੂਜੇ ਨੂੰ ਜਿੰਨਾ ਪਿਆਰ ਕਰਦੇ ਹਨ ਆਪਣੀ ਜੁਬਾਨ ਦੇ ਨਾਲ ਇਜਹਾਰ ਕੀਤੇ ਬਿਨਾਂ ਦਸ ਨਹੀਂ ਸਕਦੇ। ਪਰਮਾਤਮਾ ਨੇ ਅਰਦਾਸ ਕਰਨ ਲਈ ਵੀ ਸਾਨੂੰ ਇਹ ਜੁਬਾਨ ਦਿੱਤੀ ਹੈ। ਬੇਸ਼ਕ ਅਸੀਂ ਮਨ ਹੀ ਮਨ ਵਿੱਚ ਵੀ ਅਰਦਾਸ ਕਰ ਸਕਦੇ ਹਾਂ ਲੇਕਿਨ ਮਨ ਦੇ ਨਾਲ ਜੇਕਰ ਜੁਬਾਨ ਦੇ ਨਾਲ ਵੀ ਅਰਦਾਸ ਕੀਤੀ ਜਾਵੇ ਤਾਂ ਜਿਆਦਾ ਚੰਗਾ ਲੱਗਦਾ ਹੈ। ਅਸੀਂ ਜੁਬਾਨ ਤੋਂ ਬਿਨਾਂ ਆਪਣੇ ਦਿਲ ਦੀ ਭੜਾਸ ਕਿਸੇ ਹੋਰ ਅੱਗੇ ਨਹੀਂ ਕੱਢ ਸਕਦੇ। ਅਤੇ ਡਾਕਟਰ ਲੋਕ ਕਹਿੰਦੇ ਹਨ ਭੜਾਸ ਕੱਢ ਦਿਓ, ਨਹੀਂ ਤਾਂ ਬਲੱਡ ਪਰੈਸ਼ਰ ਜਾਂ ਹਾਰਟ ਅਟੈਕ ਹੋ ਜਾਊਗਾ। ਇੱਕ ਵਾਰ ਚੀਨੀ ਦਾਰਸ਼ਨਿਕ ਕਨਫਿਊਸਿ਼ਅਸ ਨੇ ਆਪਣੇ ਚੇਲਿਆਂ ਨੂੰ ਕਿਹਾ ਜਾਓ ਅਤੇ ਕਿਸੇ ਮਨੁੱਖ ਦੇ ਸਭ ਤੋਂ ਜਰੂਰੀ ਅੰਗ ਨੂੰ ਕੱਟ ਕੇ ਲਿਆਓ। ਉਸ ਦੇ ਚੇਲੇ ਗਏ ਅਤੇ ਕਿਸੇ ਬੰਦੇ ਦੀ ਜੁਬਾਨ ਕੱਟ ਕੇ ਲਿਆਏ। ਇਸ ਦੇ ਬਾਅਦ ਕਨਫਯੂਸ਼ਅਸ ਨੇ ਆਪਣੇ ਚੇਲਿਆਂ ਨੂੰ ਕਿਹਾ,,,, ਜਾਓ ਅਤੇ ਮਨੁੱਖ ਦੇ ਸਰੀਰ ਦਾ ਉਹ ਅੰਗ ਕੱਢ ਕੇ ਲਿਆਓ ਜੋ ਸਭ ਤੋਂ ਬੁਰਾ ਹੋਵੇ,,,। ਇਸ ਵਾਰ ਉਸ ਦੇ ਚੇਲੇ ਗਏ ਅਤੇ ਮਰੇ ਹੋਏ ਇੱਕ ਬੰਦੇ ਦੀ ਜੀਭ ਕੱਟ ਕੇ ਲਿਆਏ। ਜਦੋਂ ਕਨਫਯੂਸ਼ਅਸ ੍ਨੇ ਇਸਦਾ ਕਾਰਨ ਪੁੱਛਿਆ ਉਸਦੇ ਇਹ  ਚੇਲੇ ਨੇ ਜਵਾਬ ਦਿਤਾ,,, ਜਨਾਬ! ਜੇਕਰ ਜੁਬਾਨ ਨਾਲ ਮਿੱਠੇ ਬਚਨ ਬੋਲੇ ਜਾਣ, ਕਿਸੇ ਦੀ ਵਡਿਆਈ ਕੀਤੀ ਜਾਵੇ, ਇਸ ਜੁਬਾਨ ਨਾਲ ਸੱਚ ਬੋਲਿਆ ਜਾਏ, ਜਾਂ ਫਿਰ ਪ੍ਰਭੂ ਦੀ ਪ੍ਰਸ਼ੰਸਾ ਕੀਤੀ ਜਾਏ ਤਾਂ ਇਹ ਜੁਬਾਨ ਬਹੁਤ ਚੰਗੀ ਹੈ। ਲੇਕਿਨ ਜੇਕਰ ਕੋਈ ਆਦਮੀ ਇਸ ਜੁਬਾਨ ਨੂੰ ਬਿਨਾਂ ਵਜਹਾ ਨਾਲ ਐਵੇਂ ਹੀ ਹਿਲਾਉਂਦਾ ਰਹੇ, ਬਕਵਾਸ ਕਰਦਾ ਰਹੇ, ਨਿੰਦਾ, ਚੁਗਲੀ , ਬੁਰਾਈ ਕਰਦਾ ਰਹੇ, ਇਧਰ ਦੀ ਗੱਲ ਉਧਰ ਅਤੇ ਉਧਰ ਦੀ ਗੱਲ ਇਧਰ ਕਰਦਾ ਰਹੇ, ਲੋਕਾਂ ਵਿੱਚ ਫੁੱਟ ਪਾਂਦਾ ਰਹੇ, ਅਫਵਾਹ ਫੈਲਾਉਂਦਾ ਰਹੇ ਉਸ ਵੇਲੇ ਇਹ ਜਵਾਨ ਸਰੀਰ ਦਾ ਸਭ ਤੋਂ ਬੁਰਾ ਹਿੱਸਾ ਬਣ ਜਾਂਦੀ ਹੈ। ਅਸੀਂ ਆਪਣੀ ਜੁਬਾਨ ਦਾ ਇਸਤੇਮਾਲ ਕਿਵੇਂ, ਕਦੋਂ ਅਤੇ ਕਿਤਨਾ ਕਰੀਏ ਇਹ ਸਾਡੀ ਆਦਤ, ਵਿਵੇਕ, ਹਾਲਾਤ ਅਤੇ ਸਮੇਂ ਤੇ ਹੀ ਨਿਰਭਰ ਕਰਦਾ ਹੈ। ਫੇਰ ਵੀ ਜਬਾਨ ਤੇ ਕੰਟਰੋਲ ਕਰਨਾ ਬਹੁਤ ਜਰੂਰੀ ਹੈ। ਜਿਆਦਾ ਬੋਲਣ ਦੇ ਨਾਲ ਤਾਕਤ ਤਾਂ ਬੇਕਾਰ ਜਾਂਦੀ ਹੀ ਹੈ, ਸੁਣਨ ਵਾਲਾ ਵੀ ਪਰੇਸ਼ਾਨ ਹੋ ਜਾਂਦਾ ਹੈ। ਇਹ ਜੁਬਾਨ ਹੀ ਹੈ ਜੋ ਆਪਣੇ ਮੇ ਬੇਗਾਨਾ ਅਤੇ ਬੇਗਾਨੇ ਨੂੰ ਆਪਣਾ ਬਣਾਉਂਦੀ ਹੈ। ਆਦਮੀ ਮਿੱਠਾ ਬੋਲੇ, ਥੋੜਾ ਬੋਲੇ ਲੇਕਿਨ ਸੱਚ ਬੋਲੇ। ਨਹੀਂ ਤਾਂ ਇਸ ਜੁਬਾਨ ਦਾ ਕੋਈ ਫਾਇਦਾ ਹੈ ਨਹੀਂ । ਇਸ ਤੋਂ ਜਿਆਦਾ ਬੁਰਾ ਅੰਗ ਕੋਈ ਨਹੀਂ ਹੋ ਸਕਦਾ ਅਸੀਂ ਜੁਬਾਨ ਦਾ ਇਸਤੇਮਾਲ ਖਾਣ ਅਤੇ ਪੀਣ ਦੀਆਂ ਵਸਤੂਆਂ ਅਤੇ ਉਹਨਾਂ ਦੇ ਸਵਾਦ ਨੂੰ ਜਾਣਨ ਵਾਸਤੇ ਵੀ ਕਰਦੇ ਹਾਂ। ਇਹ ਜੁਬਾਨ ਹੀ ਹੈ ਜੋ ਸਾਨੂੰ ਕਿਸੇ ਵਸਤੂ ਦੇ ਮਿੱਠੇ, ਕੌੜੇ, ਖੱਟੇ ਜਾਂ ਕਸੈਲੇ ਹੋਣ ਦਾ ਦਸਦੀ ਹੈ। ਬਹੁਤ ਸਾਰੇ ਬੰਦਿਆਂ ਨੂੰ ਖਾਣ ਪੀਣ ਦਾ ਬਹੁਤ ਸ਼ੌਕ ਹੁੰਦਾ ਹੈ। ਹਰ ਵੇਲੇ ਕੁਝ ਨਾ ਕੁਝ ਚਰਦੇ ਹੀ ਰਹਿੰਦੇ ਹਨ। ਕਦੇ ਮਿੱਠੀ ਚੀਜ਼ ਖਾਦੇ ਹਨ। ਕਿਸੇ ਵੇਲੇ  ਚਾਟ ਪਕੌੜੇ ਖਾਂਦੇ ਹਨ। ਕਿਸੇ ਵੇਲੇ ਜਲੇਬੀ ਜਾਂ ਕਿਸੇ ਵੇਲੇ ਸਮੋਸੇ ਖਾਣ ਨੂੰ ਦਿਲ ਕਰਦਾ। ਤੁਸੀਂ ਵਿਆਹ ਸ਼ਾਦੀਆਂ ਤੇ ਕਈ ਬੰਦਿਆਂ ਨੂੰ ਖਾਣ ਪੀਣ ਦੀਆਂ ਚੀਜ਼ਾਂ ਤੇ ਟੁੱਟ ਕੇ ਪੈਂਦੇ ਹੋਏ ਦੇਖਿਆ ਹੋਏਗਾ। ਕਈ ਲੋਕ ਤਾਂ ਡੋਂਗੇ ਵਿੱਚ ਹੀ ਖਾਣਾ ਸ਼ੁਰੂ ਕਰ ਦਿੰਦੇ ਹਨ। ਕੋਈ ਚਾਟ ਖਾ ਰਿਹਾ ਹੁੰਦਾ ਹੈ। ਕੋਈ ਬਰਗਰ, ਪੀਜ਼ਾ, ਚਾਓਮਿਨ ਆਦੀ ਖਾ ਰਹੇ ਹੁੰਦੇ ਹਨ। ਮਿਠਾਈਆਂ ਤਾਂ ਛੱਡਦੇ ਹੀ ਨੇ। ਸਭ ਕੁਝ ਖਾਣ ਤੋਂ ਬਾਅਦ ਬਾਅਦ ਵਿੱਚ ਚਲਦੇ ਚਲਦੇ ਫਲਾਂ ਦਾ ਜੂਸ ਜਾਂ ਕਾਫੀ ਪੀਣਾ ਵੀ ਨਹੀਂ ਭੁੱਲਦੇ। ਕਈ ਲੋਕ ਸਿਹਤ ਬਣਾਉਣ ਦੇ ਹਿਸਾਬ ਨਾਲ ਰਜ ਰਜ ਕੇ ਖਾਂਦੇ ਹਨ। ਕਈ ਲੋਕ ਵਿਆਹ ਸ਼ਾਦੀ ਤੇ ਜਾਣ ਦਾ ਮਤਲਬ ਹੋਰ ਗੱਲਾਂ ਤੋਂ ਇਲਾਵਾ ਸ਼ਰਾਬ ਪੀਣਾ ਵੀ ਸਮਝਦੇ। ਜੇ ਕਿਸੇ ਫੰਕਸ਼ਨ ਵਿੱਚ ਜਾਂ ਵਿਆਹ ਸ਼ਾਦੀ ਵਿੱਚ ਜਾ ਕੇ ਸ਼ਰਾਬ ਨਾ ਪੀਤੀ ਜਾਏ ਤਾਂ ਮਜ਼ਾ ਨਹੀਂ ਆਉਂਦਾ। ਲੇਕਿਨ ਸਾਨੂੰ ਇਹ ਗੱਲ ਕਦੇ ਨਹੀਂ ਭੁੱਲਣੀ ਚਾਹੀਦੀ ਕਿ ਇਸ ਜੁਬਾਨ ਦਾ ਇਸਤੇਮਾਲ ਕਰਨ ਤੇ ਸਾਡੇ ਤਨ ਅਤੇ ਮਨ ਦੋਹਾਂ ਤੇ ਅਸਰ ਪੈਂਦਾ ਹੈ। ਜੇਕਰ ਅਸੀਂ ਇਸ ਜੁਬਾਨ ਦਾ ਇਸਤੇਮਾਲ ਸੋਚ ਸਮਝ ਕੇ ਗੱਲ ਬਾਤ ਜਾਂ ਪ੍ਰਭੂ ਦਾ ਸਿਮਰਨ ਕਰਨ ਵਿੱਚ ਕਰਾਂਗੇ ਤਾਂ ਸਾਡਾ ਮਨ ਅਤੇ ਆਪਸੀ ਸਬੰਧ ਸੁਧਰ ਜਾਣਗੇ। ਜੇਕਰ ਅਸੀਂ ਕਿਸੇ ਬੰਦੇ ਦੇ ਨਾਲ ਪਿਆਰ ਨਾਲ ਬੋਲਾਂਗੇ ਤਾਂ ਉਪਰਾ ਹੋਣ ਦੇ ਬਾਵਜੂਦ ਵੀ ਉਹ ਸਾਡਾ ਆਪਣਾ ਬਣ ਜਾਏਗਾ ਜੇਕਰ ਉਸ ਨੂੰ ਸਾਡੇ ਨਾਲ ਕੋਈ ਸ਼ਿਕਾਇਤ ਹੈ ਉਸ ਦੀ ਸ਼ਿਕਾਇਤ ਦੂਰ ਹੋ ਜਾਏਗੀ। ਰੱਬ ਨੇ ਸਾਨੂੰ ਇਹ ਜੁਬਾਨ ਮਿੱਠਾ, ਥੋੜਾ ਅਤੇ ਪਰਮਾਤਮਾ ਦਾ ਸ਼ੁਕਰ ਕਰਨ ਲਈ ਦਿੱਤੀ ਹੈ ਕਿਸੇ ਦੀ ਨਿੰਦਾ ਅਤੇ ਚੁਗਲੀ ਕਰਨ ਜਾਂ ਲੜਾਈ ਝਗੜਾ ਕਰਨ ਲਈ ਨਹੀਂ ਦਿੱਤੀ। ਇਸ ਜੁਬਾਨ ਦਾ ਖਾਣ ਪੀਣ ਲਈ ਇਸਤੇਮਾਲ ਕਰਨ ਲਈ ਰੱਬ ਨੇ ਸਾਨੂੰ ਦਿਮਾਗ ਵੀ ਦਿੱਤਾ ਹੈ। ਖਾਣ ਪੀਣ ਲੱਗਿਆਂ ਸਾਨੂੰ ਆਪਣੀ ਭੁੱਖ ਤੋਂ ਥੋੜਾ ਜਿਹਾ ਘੱਟ ਹੀ ਖਾਣਾ ਚਾਹੀਦਾ, ਸਵਾਦ ਦੇ ਪਿੱਛੇ ਸਰੀਰ ਖਰਾਬ ਨਹੀਂ ਕਰਨਾ ਚਾਹੀਦਾ, ਥੋੜੀ ਦੇਰ ਦੇ ਸਵਾਦ ਦੇ ਪਿੱਛੇ ਸਰੀਰ ਦਾ ਨਾਸ ਹੋ ਜਾਂਦਾ ਹੈ, ਜਿਹੜੇ ਲੋਕ ਸ਼ਰਾਬ ਪੀ ਕੇ ਇਹ ਸੋਚਦੇ ਹਨ ਕਿ ਉਹਨਾਂ ਨੂੰ ਬਹੁਤ ਆਨੰਦ ਆ ਗਿਆ ਹੈ , ਮੇਰੇ ਖਿਆਲ ਵਿੱਚ ਉਹਨਾਂ ਦੀ ਇਹ ਸੋਚ ਠੀਕ ਨਹੀਂ। ਸ਼ਰਾਬ ਪੀਣ ਦੇ ਨੁਕਸਾਨ ਸ਼ਰਾਬੀਆਂ ਨੂੰ ਪਤਾ ਹੁੰਦੇ ਹਨ ਲੇਕਿਨ ਇਸ ਦੇ ਬਾਵਜੂਦ ਵੀ ਕਿਉਂਕਿ ਉਹਨਾਂ ਦੀ ਜੁਬਾਨ ਨੂ ਸ਼ਰਾਬ ਦਾ ਚਸਕਾ ਪਿਆ ਹੁੰਦਾ ਹੈ ਇਸ ਲਈ ਉਹ ਇਸਤੇ ਕੰਟਰੋਲ ਨਹੀਂ ਕਰ ਸਕਦੇ। ਸਮੇਂ ਤੋਂ ਪਹਿਲਾਂ ਅਤੇ ਜਰੂਰਤ ਤੋਂ ਜਿਆਦਾ ਖਾਣ ਪੀਣ ਲਈ ਜ਼ੁਬਾਨ ਦਾ ਇਸਤੇਮਾਲ ਕਰਨ ਕਰਕੇ ਸਾਨੂੰ ਕਈ ਬਿਮਾਰੀਆਂ ਲੱਗ ਸਕਦੀਆਂ ਹਨ। ਜਿਹੜੀਆਂ ਚੀਜ਼ਾਂ ਨੂੰ ਅਸੀਂ ਵਿਆਹ ਸ਼ਾਦੀਆਂ ਵਿੱਚ ਰਜ ਰਜ ਕੇ ਖਾਂਦੇ ਹਾਂ ਅਤੇ ਹੱਦ ਵੀ ਪਾਰ ਕਰ ਜਾਂਦੇ ਹਾਂ ਤੁਸੀਂ ਦੇਖਿਆ ਹੋਏਗਾ ਅਜਿਹੇ ਬੰਦਿਆਂ ਵਿੱਚੋਂ ਬਹੁਤ ਸਾਰੇ ਬੰਦੇ ਤੁਹਾਨੂੰ ਇਹੋ ਜਿਹੇ ਮਿਲਣਗੇ ਜਿਹੜੇ ਕਹਿਣਗੇ ਕਿ ਕੱਲ ਬਰਾਤ ਵਿੱਚ ਗਏ ਸੀ ਉਥੇ ਕੁਝ ਖਾਣ ਪੀਣ ਵਿੱਚ ਲਾਪਰਵਾਹੀ ਹੋ ਗਈ ਇਸ ਲਈ ਅਸੀਂ ਬਿਮਾਰ ਹੋ ਗਏ ਹਾਂ। ਇਸ ਲਈ ਜੇਕਰ ਜੁਬਾਨ ਦਾ ਸੋਚ ਸਮਝ ਕੇ ਇਸਤੇਮਾਲ ਕੀਤਾ ਜਾਏ ਤਾਂ ਨਾ ਸਿਰਫ ਸਾਡਾ ਮਨ ਅਤੇ ਆਪਸੀ ਸਮ ਠੀਕ ਰਹਿਣਗੇ ਬਲਕਿ ਸਾਡਾ ਸਰੀਰ ਵੀ ਨਿਰੋਗ ਰਹੇਗਾ ਅਤੇ ਫਾਲਤੂ ਖਾਣ ਕਰਕੇ ਜੋ ਬਿਮਾਰੀਆਂ ਲੱਗਦੀਆਂ ਹਨ ਉਹਨਾਂ ਤੋਂ ਵੀ ਅਸੀਂ ਬਚ ਜਾਵਾਂਗੇ। ਇਸੇ ਲਈ ਕਿਹਾ ਜਾਂਦਾ ਹੈ,,,,, ਜੁਬਾਨ ਸੰਭਾਲ ਕੇ,,,,,।

ਪ੍ਰੋਫੈਸਰ ਸ਼ਾਮ ਲਾਲ ਕੌਸ਼ਲ
ਮੋਬਾਈਲ 94 16 35 90 45
ਰੋਹਤਕ —124001(ਹਰਿਆਣਾ) 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਖਿੱਦੋ ਦੀਆਂ ਗੰਦੀਆਂ ਲੀਰਾਂ!
Next articleਸਿਵਲ ਸਰਜਨ ਮਾਨਸਾ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਮੈਡੀਕਲ ਕੈਂਪਾਂ ਦਾ ਕੀਤਾ ਦੌਰਾ