ਹਾਸ ਵਿਅੰਗ

ਪ੍ਰੋਫੈਸਰ ਸ਼ਾਮ ਲਾਲ ਕੌਸ਼ਲ

ਮੈਂ ਇਲੈਕਸ਼ਨ ਕਿਉਂ ਹਾਰਿਆ?
(ਸਮਾਜ ਵੀਕਲੀ) ਮੇਰੇ ਮਨ ਵਿੱਚ ਸਮੇਂ ਸਮੇਂ ਤੇ ਕੋਈ ਇਲੈਕਸ਼ਨ ਲੜਨ ਦਾ ਚਾਓ ਚੜਦਾ ਰਿਹਾ  ਹੈ। ਇਸ ਦੇ ਕਈ ਕਾਰਨ ਹਨ। ਇੱਕ ਤਾਂ ਮੈਂ ਕਾਲਜ ਅਤੇ ਯੂਨੀਵਰਸਿਟੀ ਦੀ ਪੜ੍ਹਾਈ ਦੇ ਦਿਨਾਂ ਵਿੱਚ ਚੋਣਾਂ ਵਿੱਚ ਵੱਧ ਚੜ ਕੇ ਹਿੱਸਾ ਲੈਂਦਾ ਸੀ। ਇੱਕ ਵਾਰ ਮੈਨੂੰ ਸਟੂਡੈਂਟਸ ਯੂਨੀਅਨ ਦੇ ਪ੍ਰਧਾਨ ਚੁਣੇ ਜਾਣ ਦਾ ਸੁਨਹਿਰੀ ਮੌਕਾ ਵੀ ਮਿਲਿਆ। ਦੂਜੇ, ਮੈਨੂੰ ਇਸ ਗੱਲ ਦਾ ਵਿਸ਼ਵਾਸ ਸੀ ਕਿ ਮੈਂ ਗੱਲਬਾਤ ਕਰਕੇ ਦੂਜੇ ਨੂੰ ਪ੍ਰਭਾਵਿਤ ਕਰ ਸਕਦਾ ਹਾਂ। ਇਹਨਾਂ ਦੋਹਾਂ ਗੱਲਾਂ ਕਰਕੇ ਮੇਰੇ ਮਨ ਵਿੱਚ ਸਮੇਂ ਸਮੇਂ ਤੇ ਇਲੈਕਸ਼ਨ ਲੜਨ ਦੀ ਇੱਛਾ ਹਮੇਸ਼ਾ ਛਾਲਾਂ ਮਾਰਦੀ ਰਹੀ ਹੈ। ਇਸ ਵਾਰ ਜਦੋਂ ਪਾਰਲੀਮੈਂਟ ਦੀਆਂ ਚੋਣਾਂ ਹੋਈਆਂ ਤਾਂ ਮੇਰੇ ਇੱਕ ਦੋਸਤ ਨੇ ਮੈਨੂੰ ਇਹਨਾਂ ਚੋਣਾਂ ਵਿੱਚ ਹਿੱਸਾ ਲੈਣ ਵਾਸਤੇ ਤਿਆਰ ਕੀਤਾ ਅਤੇ ਆਪਣੀ ਪਾਰਟੀ ਦਾ ਟਿਕਟ ਅਤੇ ਸੰਗਠਨ ਦੇ ਬੰਦਿਆਂ ਨੂੰ ਮੇਰੀ ਮਦਦ ਵਾਸਤੇ ਦਿਵਾਉਣ ਦਾ ਭਰੋਸਾ ਦਿਵਾਇਆ। ਪਾਰਟੀ ਦਾ ਟਿਕਟ ਲੈਣ ਵਾਸਤੇ ਮੈਨੂੰ ਕੁਝ,,, ਸੇਵਾ,, ਤਾਂ ਕਰਨੀ ਪਈ। ਕੁਝ ਵੱਡੇ ਵੱਡੇ ਬੰਦਿਆਂ ਦੀ ਮਦਦ ਵੀ ਲੈਣੀ ਪਈ ਅਤੇ ਹਾਈ ਕਮਾਂਡ ਨੂੰ ਇਹ ਵਿਸ਼ਵਾਸ ਦਿਲਾਣਾ ਪਿਆ ਕਿ ਮੈਂ ਲੋਕਾਂ ਵਿੱਚ ਹਰਮਨ ਪਿਆਰਾ ਹਾਂ ਅਤੇ ਇਲੈਕਸ਼ਨ ਜਿੱਤਣ ਦੀ ਸਮਰਥਾ ਰੱਖਦਾ ਹਾਂ।। ਆਖਿਰ ਕਾਰ ਕਈ ਦਾਵੇਦਾਰਾਂ ਨੂੰ ਦਰ ਕਿਨਾਰ ਕਰਕੇ ਮੈਨੂੰ ਇਲੈਕਸ਼ਨ ਲੜਨ ਵਾਸਤੇ ਟਿਕਟ ਮਿਲ ਗਿਆ। ਮੈਨੂੰ ਆਪਣੇ ਸ਼ੁਭ ਚਿੰਤਕਾਂ ਦੀ ਮਦਦ ਦੇ ਨਾਲ ਕਈ ਬੰਦੇ ਕਿਰਾਏ ਤੇ ਜਲੂਸ ਕਢਾਉਣ ਵਾਸਤੇ ਲੈਣੇ ਪਏ। ਢੋਲ ਵਾਲੇ ਵੀ ਮੰਗਵਾਉਣੇ ਪਏ। ਕਿਰਾਏ ਦੀ ਭੀੜ ਨੇ ਗਲੀਆਂ ਅਤੇ ਬਾਜ਼ਾਰਾਂ ਵਿੱਚ ਮੇਰੇ ਹੱਕ ਵਿੱਚ ਨਾਰੇ ਲਗਾਏ, ਬੈਨਰ ਲਗਾਏ ਅਤੇ ਲੋਕਾਂ ਵਿੱਚ ਮੇਰੇ ਹੱਕ ਵਿੱਚ ਪ੍ਰਚਾਰ ਕੀਤਾ। ਆਖਿਰਕਾਰ ਇਲੈਕਸ਼ਨ ਲੜਨ ਵਾਸਤੇ ਮੈਂ ਪਰਚਾ ਭਰ ਦਿਤਾ। ਕਈ ਦਿਨ ਲਗਾਤਾਰ ਮੈਨੂੰ ਗਲ ਵਿੱਚ ਹਾਰ ਪਾ ਕੇ ਗਲੀਆਂ, ਮਹੱਲਿਆਂ ਅਤੇ ਬਾਜ਼ਾਰਾਂ ਵਿੱਚ ਜਲੂਸ ਵਿੱਚ ਘੁਮਾਇਆ ਫਿਰਾਇਆ ਗਿਆ। ਸਮੇਂ ਸਮੇਂ ਤੇ ਮੇਰੀ ਸਫਲਤਾ ਲਈ ਬਹੁਤ ਸਾਰਾ ਪੈਸਾ ਖਰਚ ਕਰਕੇ ਹਵਨ ਕਰਵਾਏ ਗਏ ਅਤੇ ਅਖੰਡ ਪਾਠ ਵੀ ਕਰਵਾਇਆ ਗਿਆ।। ਮੇਰੇ ਘਰ ਦੇ ਨਾਲ ਇੱਕ ਖਾਲੀ ਪਲਾਟ ਪਿਆ ਹੈ, ਉਥੇ ਹਰ ਸਮੇਂ ਆਉਣ ਜਾਣ ਵਾਲਿਆਂ ਵਾਸਤੇ ਰੋਟੀ ਪਾਣੀ ਅਤੇ ਚਾਹ ਦਾ ਪ੍ਰਬੰਧ ਕੀਤਾ ਜਾਂਦਾ ਸੀ। ਇਲੈਕਸ਼ਨ ਲੜਨ ਵਾਸਤੇ ਮੈਨੂੰ ਆਪਣਾ ਮਕਾਨ ਅਤੇ ਖੇਤ ਗਿਰਵੀ ਰੱਖ ਕੇ ਲੋਕਾਂ ਦੀ ਇੰਜ ਸੇਵਾ ਕਰਨੀ ਪਈ ਜਿਵੇਂ ਕਿ ਉਹ ਮੇਰੇ ਜਵਾਈ ਹੁੰਦੇ ਹਨ। ਦਿਨੋ ਦਿਨ ਚੋਣ ਪ੍ਰਚਾਰ ਤੇਜ਼ ਹੁੰਦਾ ਗਿਆ ਅਤੇ ਮੇਰੇ ਹਿਮਾਇਤੀਆਂ ਨੇ ਦੱਸਿਆ ਕਿ ਮੇਰੀ ਜੀਤ ਪੱਕੀ ਹੈ। ਆਖਿਰ ਚੋਣ ਦਾ ਦਿਨ ਵੀ ਆ ਗਿਆ ਅਤੇ ਮੇਰੇ ਖਰਚੇ ਦੇ ਹਰ ਬੂਥ ਉੱਤੇ ਮੇਰੇ ਏਜੰਟ ਬਿਠਾਏ ਗਏ। ਮੈਨੂੰ ਇਹ ਵਿਸ਼ਵਾਸ ਦਿਵਾਇਆ ਗਿਆ ਕਿ ਲਾਈਨ ਵਿੱਚ ਖੜੇ ਹੋਏ ਜਿਆਦਾਤਰ ਲੋਕ ਮੇਰੇ ਹੱਕ ਵਿੱਚ ਹੀ ਵੋਟਿੰਗ ਮਸ਼ੀਨ ਦਾ ਬਟਨ ਦਬਾਉਣਗੇ ਅਤੇ ਮੈਂ ਜਿੱਤ ਜਾਵਾਂਗਾ। ਮੈਨੂੰ ਯਕੀਨ ਸੀ ਕਿ ਮੈਂ ਜਿੱਤ ਜਾਊਂਗਾ ਅਤੇ ਉਸ ਦੇ ਬਾਅਦ ਮੇਰੇ ਜਿਹੇ ਜਿਆਦਾ ਪੜੇ ਲਿਖੇ ਆਦਮੀ ਦਾ ਮਿਨਿਸਟਰ ਬਣਨਾ ਤਾਂ ਬਿਲਕੁਲ ਪੱਕਾ ਹੈ। ਇਹ ਇਲੈਕਸ਼ਨ ਲੜਨ ਵਾਸਤੇ ਮੇਰੇ ਉੱਤੇ ਕਾਫੀ ਕਰਜਾ ਚੜ ਗਿਆ ਅਤੇ ਮੈਂ ਸੋਚਣ ਲੱਗਿਆ ਕਿ ਜਿੱਤਣ ਤੋਂ ਬਾਅਦ ਜਦੋਂ ਮੈਂ ਮਨਿਸਟਰ ਬਣੂਗਾ ਸਭ ਦਾ ਕਰਜ਼ਾ ਉਤਾਰ ਦਿਆਂਗਾ। ਮੇਰੇ ਕੋਲ ਬਹੁਤ ਪੈਸਾ ਆ ਜਾਏਗਾ। ਮੈਂ ਇੱਕ ਆਲੀ ਸ਼ਾਨ ਬੰਗਲਾ ਬਣਵਾਊਂਗਾ। ਕਾਰ ਰੱਖੂੰਗਾ। ਸ਼ੇਅਰ ਖਰੀਦੂਂਗਾ। ਆਖਿਰਕਾਰ ਇਲੈਕਸ਼ਨ ਹੋ ਗਏ ਅਤੇ ਨਿਰਧਾਰਤ ਦਿਨ ਤੇ ਵੋਟਿੰਗ ਮਸ਼ੀਨ ਨੂੰ ਖੋਲ ਕੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ। ਸ਼ੁਰੂ ਸ਼ੁਰੂ ਵਿੱਚ ਮੈਂ ਆਪਣੇ ਵਿਰੋਧੀਆਂ ਦੇ ਮੁਕਾਬਲੇ ਅੱਗੇ ਚੱਲ ਰਿਹਾ ਸੀ ਲੇਕਿਨ ਜਿਵੇਂ ਜਿਵੇਂ ਈਵੀਐਮ ਮਸ਼ੀਨ ਵਿੱਚ ਗਿਣਤੀ ਹੁੰਦੀ ਗਈ ਮੈਂ ਪਿਛੜਦਾ ਗਿਆ, ਪਿਛੜਦਾ ਗਿਆ ਅਤੇ ਇਹਨਾਂ ਪਿਛੜ ਗਿਆ ਕਿ ਮੈਂ ਹਾਰਿਆ ਹੀ ਨਹੀਂ ਬਲਕਿ ਮੇਰੀ ਜਮਾਨਤ ਵੀ ਜਬਤ ਹੋ ਗਈ। ਇਲੈਕਸ਼ਨ ਦੇ ਨਤੀਜੇ ਸੁਣ ਕੇ ਮੇਰੇ ਸੁਫਨੇ ਚੂਰ ਚੂਰ ਹੋ ਗਏ। ਮੈਂ ਬੇਹੋਸ਼ ਹੋ ਗਿਆ। ਮੇਰੇ ਹੱਕ ਵਿੱਚ ਸਿਰਫ 420 ਵੋਟ ਹੀ ਪਏ ਸੀ। ਮੇਰਾ ਬਲੱਡ ਪ੍ਰੈਸ਼ਰ ਵਧ ਗਿਆ। ਮੈਨੂੰ ਦਿਲ ਦਾ ਦੌਰਾ ਪੈ ਗਿਆ। ਇੱਕ ਪ੍ਰਾਈਵੇਟ ਹਸਪਤਾਲ ਵਿੱਚ ਮੈਨੂੰ ਦਾਖਲ ਕਰਾਇਆ ਗਿਆ, ਡਾਕਟਰਾਂ ਨੇ ਮੁਸ਼ਕਿਲ ਨਾਲ ਮੇਰੀ ਜਾਨ ਬਚਾਈ। ਮੇਰੇ ਉਪਰ ਕਈ ਲੱਖ ਦਾ ਕਰਜਾ ਚੜ ਗਿਆ ਸੀ। ਕਈ ਵਾਰ ਮੈਂ ਸੋਚਦਾ ਹਾਂ ਕਿ ਮੈਂ ਕਿਉਂ ਹਾਰਿਆ? ਮੇਰਾ ਆਪਣਾ ਵਿਚਾਰ ਹੈ ਕਿ ਮੈਂ ਆਪਣੇ ਜਿੱਤਣ ਬਾਰੇ ਜਰੂਰਤ ਤੋਂ ਜਿਆਦਾ ਉਮੀਦ ਲਗਾ ਲਈ, ਮੇਰੇ ਸ਼ੁਭ ਚਿੰਤਕਾਂ ਨੇ ਮੈਨੂੰ ਝੂਠਾ ਭਰੋਸਾ ਦਿਲਵਾਇਆ, ਮੇਰੇ ਬਹੁਤ ਸਾਰੇ ਹਿਮਾਇਤੀ ਮੇਰੇ ਵਿਰੋਧੀ ਨਾਲ ਮਿਲੇ ਹੋਏ ਸਨ, ਜਿਹੜੇ ਬੰਦਿਆਂ ਨੂੰ ਮੈਂ ਕਿਰਾਏ ਤੇ ਪ੍ਰਚਾਰ ਲਈ ਲਗਾਇਆ ਸੀ ਉਹ ਪ੍ਰਚਾਰ ਕਰਨ ਵਾਸਤੇ ਜਾਣ ਦੇ ਬਦਲੇ ਆਪਣੇ ਘਰ ਵਿੱਚ ਆਰਾਮ ਫਰਮਾਉਂਦੇ ਸਨ ਅਤੇ ਖਾਣ ਪੀਣ ਵਾਸਤੇ ਮੇਰੇ ਟਿਕਾਣੇ ਤੇ ਆ ਜਾਂਦੇ ਸੀ। ਜਿਨਾਂ ਲੋਕਾਂ ਨੂੰ ਟਿਕਟ ਨਹੀਂ ਮਿਲੀ ਉਹ ਸਾਰੇ ਮੇਰੇ ਖਿਲਾਫ ਹੋ ਗਏ। ਇਲੈਕਸ਼ਨ ਜਿੱਤਣ ਵਾਸਤੇ ਪਤਾ ਨਹੀਂ ਮੈਨੂੰ ਕਿੰਨੇ ਪਾਪੜ ਵੇਲਣੇ ਪਏ। ਮੈਨੂੰ ਇੱਕ ਇੱਕ ਬੰਦੇ ਅੱਗੇ ਨਿਮਾਣਾ ਹੋ ਕੇ ਸਿਰ ਝੁਕਾਉਣਾ ਪਿਆ, ਉਨਾਂ ਦੇ ਪੈਰਾਂ ਨੂੰ ਹੱਥ ਲਾਉਣਾ ਪਿਆ ਹੱਥ ਤੇ ਹੱਥ ਜੋੜਨੇ ਪਏ। ਲੇਕਿਨ ਲੋਕ ਇੰਨੇ ਬੇਰਹਿਮ ਸਨ ਕਿ ਉਹਨਾਂ ਨੇ ਮੇਰੀ ਨਿਮਰਤਾ ਨੂੰ ਦਰ ਕਿਨਾਰ ਕਰਕੇ ਮੈਨੂੰ ਵੋਟ ਨਹੀਂ ਦਿੱਤਾ। ਇਹ ਰਾਜਨੀਤੀ ਹੈ ਇਥੇ ਸਭ ਨੇ ਮੁਖੋਟੇ ਲਗਾ ਰੱਖੇ ਨੇ। ਜੋ ਦਿਖਦਾ ਹੈ ਉਹ ਹੁੰਦਾ ਨਹੀਂ ਅਤੇ ਜੋ ਹੁੰਦਾ ਹੈ ਉਹ ਦਿਖਦਾ ਨਹੀਂ। ਮੇਰੀ ਇਲੈਕਸ਼ਨ ਵਿੱਚ ਹਾਰ ਦਾ ਵੱਡਾ ਕਾਰਨ ਇਹੀ ਹੈ। ਹੁਣ ਵੀ ਸੁੱਤੇ ਸੁੱਤੇ ਜਦੋਂ ਕਦੇ ਮੇਰਾ ਧਿਆਨ ਇਲੈਕਸ਼ਨ ਵਿੱਚ ਹਾਰ ਵੱਲ ਜਾਂਦਾ ਹੈ ਤਾਂ ਮੈਂ ਸੁੱਤੇ ਸੁੱਤੇ ਘਬਰਾ ਕੇ ਉਠ ਬੈਠਦਾ ਹਾਂ ਅਤੇ ਮੇਰੇ ਮੂੰਹ ਵਿੱਚੋਂ ਨਿਕਲਦਾ ਹੈ,,,,,, ਇਲੈਕਸ਼ਨ ਲੜਨ ਤੋਂ ਮੇਰੀ ਤੌਬਾ ਅਤੇ ਮੇਰੀ ਵੱਡੇ ਵਡੇਰਿਆਂ ਦੀ ਵੀ ਤੌਬਾ।

ਪ੍ਰੋਫੈਸਰ ਸ਼ਾਮ ਲਾਲ ਕੌਸ਼ਲ
ਮੋਬਾਈਲ 94 16 35 90 45
ਰੋਹਤਕ 12 40 01 ਹਰਿਆਣਾ

Previous article…. ਤੇ ਜਦੋਂ ਨੀਲੀਆਂ ਫੌਜਾਂ ਨੇ ਰਾਤ ਨੂੰ ਇੱਕ ਕੁਲਫ਼ੀ ਵਾਲੇ ਨੂੰ ਲੁੱਟਿਆਂ
Next articleਸ .ਹਰਦਿਆਲ ਸਿੰਘ ਭੋਗ ਤੇ ਅੰਤਿਮ ਅਰਦਾਸ 5 ਨੂੰ ਕਾਲਰਾ ਵਿਖੇ ਹੋਵੇਗੀ