ਹਾਸ ਵਿਅੰਗ

ਪ੍ਰੋਫੈਸਰ ਸ਼ਾਮ ਲਾਲ ਕੌਸ਼ਲ

ਸਾੜਨ ਵਾਲੀ ਗਰਮੀ ਦਫਾ ਹੋ ਜਾ

(ਸਮਾਜ ਵੀਕਲੀ) ਕੁਦਰਤ ਨੇ ਅਲੱਗ ਅਲੱਗ ਮੌਸਮ ਬਣਾਏ ਹਨ ਉਹਨਾਂ ਵਿੱਚੋਂ ਗਰਮੀ ਵੀ ਇੱਕ ਹੈ। ਜਦੋਂ ਠੰਡ ਦਾ ਮੌਸਮ ਹੁੰਦਾ ਹੈ ਤਾਂ ਅਸੀਂ ਕਹਿੰਦੇ ਹਾਂ ਕਿ ਇਸ ਨਾਲੋਂ ਤਾਂ ਗਰਮੀ ਹੀ ਚੰਗੀ ਹੈ ਪਰ ਇਸ ਵਾਰ ਜਿਹੜੀ ਸਾੜਨ ਵਾਲੀ ਗਰਮੀ ਪੈ ਰਹੀ ਹੈ ਉਸਨੇ ਪਿਛਲੇ 50 ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ। ਦੇਸ਼ ਦੇ ਕਈ ਭਾਗਾਂ ਵਿੱਚ ਟੈਂਪਰੇਚਰ 51 ਦਰਜੇ ਨੂੰ ਪਾਰ ਕਰ ਗਿਆ ਹੈ, ਕਈ ਲੋਕ ਲੂ ਲੱਗਣ ਨਾਲ ਬਿਮਾਰ ਪੈ ਗਏ ਹਨ। ਇਕ ਅਨੁਮਾਨ ਅਨੁਸਾਰ ਹੁਣ ਤੱਕ ਇਸ ਮਾਰੂ ਗਰਮੀ ਕਰਕੇ 50 ਤੋਂ ਜਿਆਦਾ ਲੋਕ ਮਰ ਗਏ ਹਨ। ਇਸ ਵਾਰ ਗਰਮੀ ਦਾ ਮੌਸਮ ਲੰਬਾ ਹੀ ਨਹੀਂ ਬਲਕਿ ਰਿਕਾਰਡ ਤੋੜ ਵੀ ਹੈ। ਇਹ ਗਰਮੀ ਸਾਰੀ ਕੁਦਰਤ ਦੇ ਨਾਲ ਛੇੜ ਛਾੜ ਕਰਨ, ਊਰਜਾ ਦਾ ਹੱਦੋਂ ਵੱਧ ਇਸਤੇਮਾਲ ਕਰਨ ਕਰਕੇ ਹੋਈ ਹੈ। ਗਲੋਬਲ ਵਾਰਵਿੰਗ ਇਸ ਦਾ ਮੁੱਖ ਕਾਰਨ ਹੈ।ਆਰਥਿਕ ਵਿਕਾਸ ਦੀ ਅੰਨੀ ਦੌੜ ਵਿੱਚ ਅਸੀਂ ਬਿਨਾਂ ਸੋਚੇ ਸਮਝੇ ਦਰਖਤਾਂ ਨੂੰ ਕੱਟੇ ਜਾ ਰਹੇ ਹਾਂ, ਸੜਕਾਂ, ਪੁਲ, ਪਹਾੜਾਂ ਤੇ ਸੁਰੰਗਾਂ ਬਣਾਈ ਜਾ ਰਹੇ ਹਾਂ, ਬਿਜਲੀ, ਪੈਟਰੋਲ, ਡੀਜ਼ਲ, ਕੋਲੇ ਦਾ ਇਸਤੇਮਾਲ ਵਧ ਗਿਆ ਹੈ। ਥਾਂ ਥਾਂ ਤੇ ਸੀਮਿੰਟ ਦੀਆਂ ਬਹੁ ਮੰਜਲੀਆਂ ਇਮਾਰਤਾਂ ਬਣ ਗਈਆਂ ਹਨ। ਕਿਸੇ ਪਾਸੇ ਖੁੱਲੀ ਹਵਾ ਹੈ ਨਹੀਂ। ਪਹਿਲਾਂ ਦਿਨ ਵਿੱਚ ਗਰਮੀ ਪਿਆ ਕਰਦੀ ਸੀ ਲੇਕਿਨ ਰਾਤ ਨੂੰ ਮੌਸਮ ਠੰਡਾ ਹੋ ਜਾਇਆ ਕਰਦਾ ਸੀ। ਲੇਕਿਨ ਅੱਜ ਕੱਲ ਤਾਂ ਦਿਨ ਦੇ ਟਾਈਮ ਗਰਮੀ ਸਾੜਨ ਵਿੱਚ ਕੋਈ ਕਸਰ ਨਹੀਂ ਛੱਡ ਰਹੀ ਅਤੇ ਰਾਤ ਨੂੰ ਵੀ ਮੌਸਮ ਗਰਮ ਹੁੰਦਾ ਹੈ, ਦਿਨ ਭਰ ਕੰਮ ਕਰਨ ਤੋਂ ਬਾਅਦ ਬੰਦਾ ਥੱਕ ਜਾਂਦਾ ਹੈ ਲੇਕਿਨ ਗਰਮੀ ਉਸਨੂੰ ਸੌਣ ਨਹੀਂ ਦਿੰਦੀ। ਗਰਮੀ ਨਾਲ ਜੋ ਸਾਨੂੰ ਜਖਮ ਮਿਲੇ ਹਨ ਉਸ ਤੇ ਲੂਣ ਪਾਉਣ ਵਾਸਤੇ ਵਾਟਰ ਸਪਲਾਈ ਅਤੇ ਬਿਜਲੀ ਦੀ ਸਪਲਾਈ ਵਿੱਚ ਲਗਾਤਾਰ ਰੁਕਾਵਟ ਆ ਰਹੀ ਹੈ। ਪੀਣ ਦੇ ਪਾਣੀ ਦੀ  ਵੀ ਕਮੀ ਹੈ। ਅਮੀਰ ਲੋਕ ਤਾਂ ਏਸੀ ਵਿੱਚ ਬੈਠੇ ਠਾਠ ਕਰਦੇ ਹਨ। ਉਨਾਂ ਵਿਚਾਰੇ ਕਿਸਾਨਾਂ, ਮਜ਼ਦੂਰਾਂ, ਰਿਕਸ਼ਾ ਚਲਾਉਣ ਵਾਲਿਆਂ ਅਤੇ ਖੁੱਲੇ ਵਿੱਚ ਕੰਮ ਕਰਨ ਵਾਲੇ ਵਿਚਾਰੇ ਲੋਕਾਂ ਬਾਰੇ ਸੋਚੋ ਜਿਹੜੇ ਇਸ ਤਪਦੀ ਧੁੱਪ ਵਿੱਚ ਕੰਮ ਕਰਦੇ ਹਨ ਅਤੇ ਉਹਨਾਂ ਦੇ ਨਿਆਣੇ ਵੀ ਇਸ ਝੁਲਸਦੀ ਗਰਮੀ ਵਿੱਚ ਉਹਨਾਂ ਦੇ ਨਾਲ ਹੁੰਦੇ ਹਨ। ਇਸ ਨੂੰ ਸਰਕਾਰ ਦੀ ਅਕਲਮੰਦੀ ਕਹਿਣਾ ਚਾਹੀਦਾ ਹੈ ਕਿ ਸਕੂਲਾਂ ਵਿੱਚ ਬੱਚਿਆਂ ਦੀਆਂ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ ਲੇਕਿਨ ਕਈ ਲਾਲਚੀ ਅਧਿਆਪਕ ਇਸ ਗਰਮੀ ਵਿੱਚ ਵੀ ਜਾਂ ਤਾਂ ਸਮਰ ਕੈਂਪ ਜਾਂ ਫਿਰ ਬੱਚਿਆਂ ਨੂੰ ਟਿਊਸ਼ਨ ਤੇ ਬੁਲਾ ਕੇ ਉਹਨਾਂ ਨੂੰ ਗਰਮੀ ਦਾ ਸਾਹਮਣਾ ਕਰਨ ਲਈ ਮਜਬੂਰ ਕਰਦੇ ਹਨ। ਇਸ ਮੌਕੇ ਤੇ ਸਰਕਾਰ ਵੱਲੋਂ ਥਾਂ ਥਾਂ ਤੇ ਪੀਣ ਦੇ ਪਾਣੀ ਲਈ ਕੂਲਰ ਰਖਵਾਉਣਾ ਚਾਹੀਦੇ ਹਨ, ਸਮਾਜਿਕ ਸੰਸਥਾਵਾਂ ਨੂੰ ਥਾਂ ਥਾਂ ਤੇ
ਪੀਣ ਦੇ ਪਾਣੀ ਲਈ ਛਬੀਲ ਲਗਾਉਣੇ ਚਾਹੀਦੇ ਹੈ, ਬਸ ਸਟੈਂਡਾਂ ਅਤੇ ਰੇਲਵੇ ਸਟੇਸ਼ਨਾਂ ਤੇ ਸਮਾਜਿਕ ਸੰਸਥਾਵਾਂ ਨੂੰ ਪੀਣ ਦੇ ਪਾਣੀ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਦਫਤਰਾਂ ਵਿੱਚ ਵੀ ਕੰਮ ਦੇ ਘੰਟੇ ਘਟਾ ਕੇ ਇਸ ਪ੍ਰਕਾਰ ਕਰਨੀ ਚਾਹੀਦੇ ਹਨ ਕਿ ਕਰਮਚਾਰੀ ਲੋਕ ਗਰਮੀ ਤੋਂ ਬਚ ਸਕਣ। ਸਰਕਾਰ ਨੂੰ ਚਾਹੀਦਾ ਹੈ ਕਿ ਜਿੱਥੇ ਤੱਕ ਹੋ ਸਕੇ ਆਮ ਲੋਕਾਂ ਦੀ ਭਲਾਈ ਲਈ ਪੀਣ ਦੇ ਪਾਣੀ ਦੀ ਸਪਲਾਈ ਅਤੇ ਬਿਜਲੀ ਦੀ ਸਪਲਾਈ ਨਿਰੰਤਰ ਜਾਰੀ ਰਹਿਣੀ ਚਾਹੀਦੀ ਹੈ ਤਾਂ ਕਿ ਲੋਕਾਂ ਨੂੰ ਦਿੱਕਤ ਨਾ ਹੋਵੇ। ਗਰਮੀ ਤੋਂ ਬਚਣ ਲਈ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਧੁੱਪ ਦੇ ਸਮੇਂ ਜਿੱਥੇ ਤੱਕ ਹੋ ਸਕੇ ਘਰੋਂ ਬਾਹਰ ਨਾ ਨਿਕਲਣ, ਜੇਕਰ ਮਜਬੂਰੀ ਹੋਵੇ ਤਾਂ ਸਿਰ ਤੇ ਕੋਈ ਕੱਪੜਾ ਜਾਂ ਛਤਰੀ ਲੈ ਕੇ ਬਾਹਰ ਨਿਕਲਣ। ਬੱਚਿਆਂ ਨੂੰ ਘਰ ਦੇ ਆਮ ਅੰਦਰ ਬੈਠਣ ਲਈ ਮਜਬੂਰ ਕਰਨਾ ਚਾਹੀਦਾ ਹੈ, ਜਿਆਦਾ ਤੋਂ ਜਿਆਦਾ ਪਾਣੀ ਪੀਣਾ ਚਾਹੀਦਾ ਹੈ, ਸ਼ਰਬਤ, ਲੱਸੀ, ਸ਼ਿਕੰਜਵੀ ਅਤੇ ਹੋਰ ਠੰਡੇ ਪੀਣ ਵਾਲੇ ਪਦਾਰਥ ਇਸਤੇਮਾਲ ਕਰਨੇ ਚਾਹੀਦੇ ਹਨ। ਗਰਮੀ ਦੇ ਮੌਸਮ ਵਿੱਚ ਜਿਆਦਾ ਖਾਣਾ ਪੀਣਾ ਨਹੀਂ ਚਾਹੀਦਾ ਕਿਉਂਕਿ ਗਰਮੀ ਨਾਲ ਉਂਜ ਹੀ ਭੁੱਖ ਮਰ ਜਾਂਦੀ ਹੈ। ਲੋਕਾਂ ਨੂੰ ਚਾਹੀਦਾ ਕਿ ਕੂਲਰ ਜਾਂ ਏਸੀ ਵਿੱਚ ਸਮਾਂ ਬਿਤਾਨ ਤੋਂ ਬਾਅਦ ਗਰਮੀ ਵਿੱਚ ਬਾਹਰ ਨਹੀਂ ਜਾਣ ਇਸ ਨਾਲ ਉਹਨਾਂ ਦੇ ਬਿਮਾਰ ਹੋਣ ਦਾ ਖਤਰਾ ਹੈ। ਕਿਉਂਕਿ ਗਰਮੀ ਬਹੁਤ ਪੈ ਰਹੀ ਹੈ ਇਸ ਲਈ ਜੋ ਲੋਕ ਜਿਆਦਾ ਗਰਮੀ ਨਾਲ ਬਿਮਾਰ ਹੋ ਜਾਂਦੇ ਹਨ ਉਹਨਾਂ ਦੀ ਇਲਾਜ ਲਈ ਹਸਪਤਾਲਾਂ ਵਿੱਚ ਐਮਰਜੈਂਸੀ ਪ੍ਰਬੰਧ ਕਰਨੇ ਚਾਹੀਦੇ ਹਨ। ਅੱਗ ਲਵਾਉਣ ਵਾਲੀ ਗਰਮੀ! ਹੁਣ ਤੂੰ ਜਾ। ਬਹੁਤ ਹੋ ਗਿਆ। ਇਨੀ ਗਰਮੀ ਲੋਕਾਂ ਤੋਂ ਸਹਿਨ ਨਹੀਂ ਹੁੰਦੀ। ਪਰਮਾਤਮਾ ਸਾਡੇ ਤੇ ਮਿਹਰ ਕਰ। ਗਰਮੀ ਦੇ ਮੌਸਮ ਨੂੰ ਬਰਸਾਤ ਦੇ ਮੌਸਮ ਵਿੱਚ ਛੇਤੀ ਤੋਂ ਛੇਤੀ ਬਦਲ ਦੇ ਤਾਂ ਕਿ ਆਮ ਜਨਤਾ, ਕਿਸਾਨ, ਮਜ਼ਦੂਰ ਅਤੇ ਰਿਕਸ਼ੇ ਚਲਾਉਣ ਵਾਲੇ ਸੁਖ ਦੀ ਸਾਂ ਲੈਣ। ਹੇ ਗਰਮੀ! ਤੂੰ ਜਾ। ਤੈਨੂੰ ਸ਼ਰਮ ਨਹੀਂ ਆਉਂਦੀ। ਤੂੰ ਅਜਿਹੇ ਮਹਿਮਾਨ ਦੀ ਤਰ੍ਹਾਂ ਹੈ ਜਿਸ ਨੂੰ ਕੋਈ ਪਸੰਦ ਨਹੀਂ ਕਰਦਾ ਅਤੇ ਆਖਿਰਕਾਰ ਉਹ ਚਲਾ ਵੀ ਜਾਂਦਾ ਹੈ। ਹੁਣ ਤੂੰ ਜਾ ਅਗਲੇ ਸਾਲ ਆਈ। ਲੇਕਿਨ ਇਸ ਤਰ੍ਹਾਂ ਨਹੀਂ ਆਈ ਕਿ ਸਾਡੇ ਕੋਲੋਂ ਸਹਿਣ ਵੀ ਨਾ ਹੋਵੇ।

ਪ੍ਰੋਫੈਸਰ ਸ਼ਾਮ ਲਾਲ ਕੌਸ਼ਲ
ਮੋਬਾਇਲ 94 16 35 90 45
ਰੋਹਤਕ 12 40 01 ਹਰਿਆਣਾ 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
Previous articleਸ. ਚਰਨਜੀਤ ਸਿੰਘ ਚੰਨੀ ਸਾਬਕਾ ਮੱਖ ਮੰਤਰੀ ਪੰਜਾਬ ਭਾਰੀ ਫਰਕ ਨਾਲ ਲੋਕ ਸਭਾ ਚੋਣਾਂ ‘ਚ ਜਿੱਤ ਪ੍ਰਾਪਤ ਕਰਨਗੇ-ਰਜਿੰਦਰ ਸੰਧੂ ਫਿਲੌਰ
Next articleਕਵਿਤਾ