ਗੁਲਾਮ ਹਾਜ਼ਰ ਹੈ
ਪ੍ਰੋਫੈਸਰ ਸ਼ਾਮ ਲਾਲ ਕੌਸ਼ਲ
(ਸਮਾਜ ਵੀਕਲੀ) ਗੁਲਾਮ ਵਿਚਾਰਾ ਇਕ ਅਜਿਹਾ ਲਾਚਾਰ, ਬੇਬਸ ਅਤੇ ਗਰੀਬ ਆਦਮੀ ਹੁੰਦਾ ਹੈ, ਉਹ ਜਿਸ ਦੇ ਅਧੀਨ ਹੁੰਦਾ ਹੈ ਉਸ ਨੂੰ ਉਸ ਦੇ ਮੁਤਾਬਿਕ ਹੀ ਕੰਮ ਕਰਨਾ ਪੈਂਦਾ ਹੈ। ਉਸ ਦੇ ਕੋਈ ਅਧਿਕਾਰ ਨਹੀਂ ਹੁੰਦੇ। ਬਸ ਕਰਤਵ ਹੀ ਕਰਤਵ ਹੁੰਦੇ ਹਨ। ਗੁਲਾਮ ਅਤੇ ਨੌਕਰ ਵਿੱਚ ਫਰਕ ਹੁੰਦਾ ਹੈ। ਨੌਕਰ ਨੂੰ ਕੰਮ ਕਰਨ ਦੇ ਬਦਲੇ ਤਨਖਾਹ ਦਿੱਤੀ ਜਾਂਦੀ ਹੈ, , ਵਾਰ ਤਿਉਹਾਰ ਤੇ ਇਨਾਮ ਦਿੱਤੇ ਜਾਂਦੇ ਹਨ, ਉਸਨੂੰ ਕੁਝ ਦਿਨ ਦੀ ਛੁੱਟੀ ਵੀ ਮਿਲ ਜਾਂਦੀ ਹੈ। ਲੇਕਿਨ ਵਿਚਾਰਾ ਗੁਲਾਮ ਇਹਨਾਂ ਸਾਰੀਆਂ ਗੱਲਾਂ ਤੋਂ ਵਾਂਝਿਆ ਹੀ ਰਹਿੰਦਾ ਹੈ। ਉਸ ਨੂੰ ਕੰਮ ਕਰਨ ਦੇ ਬਦਲੇ ਕੋਈ ਤਨਖਾਹ, ਛੁੱਟੀ ਜਾਂ ਇਨਾਮ ਨਹੀਂ ਮਿਲਦਾ। ਕਈ ਵਾਰ ਤਾਂ ਉਸ ਨੂੰ ਕੰਮ ਠੀਕ ਨਾ ਕਰਨ ਕਰਕੇ ਛਮਕਾਂ ਅਤੇ ਸੋਟੀਆਂ ਦੀ ਮਾਰ ਵੀ ਪੈਂਦੀ ਹੈ। ਗੁਲਾਮ ਕਦੇ ਵੀ ਮੁੜ ਕੇ ਆਪਣੇ ਘਰ ਵਾਲਿਆਂ ਨੂੰ ਮਿਲਣ ਵਾਸਤੇ ਨਹੀਂ ਜਾ ਸਕਦਾ। ਜਿਸ ਦੀ ਗੁਲਾਮੀ ਕਰ ਰਿਹਾ ਹੈ ਸਾਰੀ ਉਮਰ ਉਸਦੇ ਕੋਲ ਹੀ ਉਸ ਨੂੰ ਰਹਿਣਾ ਪੈਂਦਾ ਹੈ। ਗੁਲਾਮੀ ਕਦੋਂ ਅਤੇ ਕਿਸ ਦੇਸ਼ ਤੋਂ ਸ਼ੁਰੂ ਹੋਈ ਠੀਕ ਠੀਕ ਨਹੀਂ ਕਿਹਾ ਜਾ ਸਕਦਾ। ਹਾਂ, ਦੁਨੀਆਂ ਦੇ ਪਹਿਲੇ ਵੱਡੇ ਲੋਕ ਤੰਤਰ ਅਮਰੀਕਾ ਵਿੱਚ ਗੋਰਿਆਂ ਅਤੇ ਕਾਲਿਆਂ ਵਿੱਚ ਫਰਕ ਸਮਝਿਆ ਜਾਂਦਾ ਹੈ। ਅਮਰੀਕਾ ਵਿੱਚ ਵੀ ਗੁਲਾਮੀ ਦੀ ਪ੍ਰਥਾ ਰਹੀ ਹੈ। ਅਰਬ ਦੇਸ਼ਾਂ ਵਿੱਚ ਤਾਂ ਗੁਲਾਮਾਂ ਨੂੰ ਪਸ਼ੂਆਂ ਅਤੇ ਪੰਛੀਆਂ ਦੀ ਤਰ੍ਹਾਂ ਵੇਚਿਆ ਅਤੇ ਖਰੀਦਿਆ ਜਾਂਦਾ ਰਿਹਾ ਹੈ। ਅਸਲ ਵਿੱਚ ਬਹੁਤ ਦੇਰ ਪਹਿਲੇ ਕੁਝ ਦੇਸ਼ਾਂ ਦੇ ਲੋਕਾਂ ਨੇ ਦੂਜੇ ਦੇਸ਼ਾਂ ਤੋਂ ਖੇਤੀਬਾੜੀ ਅਤੇ ਹੋਰ ਕੰਮ ਕਰਾਉਣ ਵਾਸਤੇ ਕੁਝ ਬੰਦੇ ਸਦਵਾਏ। ਉਹਨਾਂ ਤੋਂ ਕੰਮ ਕਰਾਇਆ ਅਤੇ ਫਿਰ ਉਹਨਾਂ ਨੂੰ ਆਪਣਾ ਗੁਲਾਮ ਬਣਾ ਲਿਆ ਅਤੇ ਕਦੇ ਵੀ ਉਹਨਾਂ ਨੂੰ ਮੁੜ ਕੇ ਆਪਣੇ ਦੇਸ਼ ਆਪਣੇ ਘਰ ਦੇ ਬੰਦਿਆਂ ਨੂੰ ਮਿਲਣ ਵਾਸਤੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ। ਇੱਕ ਗੁਲਾਮ ਹਮੇਸ਼ਾ ਗੁਲਾਮ ਹੀ ਰਹਿੰਦਾ ਹੈ। ਇਤਿਹਾਸ ਵਿੱਚ ਗੁਲਾਮ ਵੰਸ਼ ਦੇ ਕੁਤਬੋਦੀਨ ਐਬਕ ਦੇ ਹਕੂਮਤ ਕਰਨ ਦੀ ਗੱਲ ਇਕ ਅਪਵਾਦ ਹੈ, ਵਰਨਾ ਗੁਲਾਮ ਤਾਂ ਹਮੇਸ਼ਾ ਗੁਲਾਮ ਹੀ ਰਹੇ ਹਨ। ਬਾਬਰ ਨੇ 1526 ਵਿੱਚ ਹਿੰਦੁਸਤਾਨ ਤੇ ਹਮਲਾ ਕੀਤਾ ਉਸ ਤੇ ਬਾਅਦ ਜਦੋਂ ਉਸਨੇ ਇੱਥੇ ਮੁਗਲ ਸਲਤਨਤ ਦੀ ਨੀਂਹ ਰੱਖ ਲਈ ਤਾਂ ਇੱਕ ਦੇ ਬਾਅਦ ਦੂਜਾ ਮੁਗਲ ਬਾਦਸ਼ਾਹ ਸਾਡੇ ਲੋਕਾਂ ਨੂੰ ਗੁਲਾਮ ਬਣਾ ਕੇ, ਜ਼ੁਲਮ ਕਰਕੇ ਹਕੂਮਤ ਕਰਦਾ ਰਿਹਾ, ਬਹੁਤ ਸਾਰੇ ਹਿੰਦੂ ਮੰਦਰਾਂ ਉੱਤੇ ਮਸੀਤਾਂ ਬਣਵਾ ਦਿੱਤੀਆਂ, ਬਹੁਤ ਸਾਰੇ ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾ ਦਿੱਤਾ। ਮੁਗਲ ਸਲਤਨਤ ਦੇ ਖਤਮ ਹੋਣ ਤੋਂ ਬਾਅਦ ਇਥੇ ਅੰਗਰੇਜ਼ ਆਏ ਅਤੇ ਉਹਨਾਂ ਨੇ ਵੀ ਸਾਡੇ ਲੋਕਾਂ ਨੂੰ ਗੁਲਾਮ ਬਣਾ ਕੇ ਰੱਖਿਆ। ਅਗਰ ਦੇਖਿਆ ਜਾਏ ਤਾਂ ਹਿੰਦੁਸਤਾਨ ਦੇ ਲੋਕਾਂ ਨੇ ਲਗਭਗ 400 ਸਾਲ ਦੀ ਗੁਲਾਮੀ ਭੁਗਤੀ ਹੈ। ਅੰਗਰੇਜ਼ ਲੋਕ ਸਾਡੇ ਦੇਸ਼ ਦੇ ਲੋਕਾਂ ਨੂੰ ਰਾਏ ਸਾਹਿਬ, ਰਾਏ ਬਹਾਦਰ ਅਤੇ Sir ਦਾ ਖਿਤਾਬ ਦੇ ਕੇ ਉਹਨਾਂ ਨੂੰ ਗੁਲਾਮ ਬਣਾਉਂਦੇ ਸਨ ਅਤੇ ਦੇਸ਼ ਦੇ ਸੁਤੰਤਰਤਾ ਸੈਨਾਨੀਆਂ ਦੇ ਖਿਲਾਫ ਗਵਾਹੀ ਦਿਵਾ ਕੇ ਸਜ਼ਾ ਦਿਵਾਉਂਦੇ ਸਨ। ਸਾਡੇ ਦੇਸ਼ ਦੇ ਲੋਕਾਂ ਵਿੱਚ ਗੁਲਾਮ ਮਾਨਸਿਕਤਾ ਕੁੱਟ ਕੁੱਟ ਕੇ ਭਰੀ ਹੋਈ ਹੈ। ਬੇਸ਼ੱਕ ਸਾਡਾ ਦੇਸ਼ 1947 ਵਿੱਚ ਆਜ਼ਾਦ ਹੋ ਗਿਆ ਸੀ ਲੇਕਿਨ ਉਸ ਦੇ ਬਾਵਜੂਦ ਵੀ ਸਾਡੇ ਖਿਆਲ, ਪਹਿਨਾਵਾ ਅਤੇ ਬੋਲੀ ਅੱਜ ਵੀ ਅੰਗਰੇਜ਼ਾਂ ਦੇ ਸਮੇਂ ਭੁਗਤੀ ਹੋਈ ਗੁਲਾਮ ਮਾਨਸਿਕਤਾ ਵਾਲੀ ਹੈ। ਸਾਡੇ ਦੇਸ਼ ਵਿੱਚ ਨਵਾਂ ਸਾਲ ਪਹਿਲੀ ਜਨਵਰੀ ਤੋਂ ਸ਼ੁਰੂ ਹੁੰਦਾ ਹੈ, ਅਸੀਂ ਕ੍ਰਿਸਮਸ, ਗੁਡ ਫਰਾਈਡੇ ਆਦੀ ਅੰਗਰੇਜ਼ਾਂ ਦੀ ਨਕਲ ਕਰਕੇ ਕਰਦੇ ਹਾਂ ਜੋ ਕਿ ਸਾਡੀ ਗੁਲਾਮ ਮਾਨਸਿਕਤਾ ਦਾ ਸੁਨੇਹਾ ਦਿੰਦੇ ਹਨ। ਬੇਸ਼ੱਕ ਅਸੀਂ ਦੂਜਿਆਂ ਸਾਹਮਣੇ ਝੁਕ ਕੇ ਸਲਾਮ ਕਰਦੇ ਹਾਂ, ਬਾਹਰੋਂ ਕੋਈ ਬੰਦਾ ਆਏ ਤਾਂ ਉੱਠ ਖੜੋਂਦੇ ਹਾਂ, ਹੱਥ ਜੋੜਦੇ ਹਾਂ, ਤਿਉਹਾਰਾਂ ਤੇ ਇੱਕ ਦੂਜੇ ਨੂੰ ਤੋਹਫੇ ਦਿੰਦੇ ਹਾਂ, ਇਹ ਸਾਰੀਆਂ ਗੱਲਾਂ ਅੰਗਰੇਜ਼ਾਂ ਦੇ ਜਮਾਨੇ ਦੀਆਂ ਗੁਲਾਮ ਮਾਨਸਿਕਤਾ ਵਾਲੀਆਂ ਹੀ ਹਨ ਲੇਕਿਨ ਸਾਡੇ ਲੋਕਾਂ ਨੇ ਇਹਨਾਂ ਗੱਲਾਂ ਨੂੰ ਚੰਗੇ ਸੰਸਕਾਰਾਂ ਦਾ ਇਕ ਚੋਲਾ ਪੁਆ ਲਿਆ ਹੈ।
ਕਿਸੇ ਜਮਾਨੇ ਸਾਡੇ ਦੇਸ਼ ਵਿੱਚ ਗੁਰੂਕੁਲ ਹੋਇਆ ਕਰਦੇ ਸੀ ਜਿੱਥੇ ਦੇਸ਼ ਦੀ ਸੰਸਕ੍ਰਿਤੀ, ਸਭਿਤਾ ਅਤੇ ਸੰਸਕਾਰ ਸਿਖਾਏ ਜਾਂਦੇ ਸਨ ਲੇਕਿਨ ਅੱਜ ਕੱਲ ਇਹਨਾਂ ਦੇ ਬਦਲੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਅੰਗਰੇਜ਼ੀ ਭਾਸ਼ਾ ਪ੍ਰਧਾਨ ਪਬਲਿਕ ਸਕੂਲ ਖੁਲਣ ਲੱਗੇ ਹਨ ਜਿਨਾਂ ਵਿੱਚ ਗਰੀਬ ਤੋਂ ਗਰੀਬ ਬੰਦਾ ਵੀ ਆਪਣਾ ਢਿੱਡ ਕੱਟ ਕੇ ਆਪਣੇ ਬੱਚੇ ਨੂੰ ਥੈਲਾ ਭਰ ਕੇ ਫੀਸ ਦੇ ਕੇ ਪੜਾਉਣ ਦੀ ਕੋਸ਼ਿਸ਼ ਕਰਦਾ ਹੈ। ਇਹਨਾਂ ਸਕੂਲਾਂ ਵਿੱਚ ਜੋ ਕੁਝ ਵੀ ਸਿਖਾਇਆ ਜਾਂਦਾ ਹੈ ਉਹਦੇ ਵਿੱਚ ਅੰਗਰੇਜ਼ੀ ਜਿਆਦਾ ਹੁੰਦੀ ਹੈ ਅਤੇ ਕੋਈ ਵੀ ਗੱਲ ਹਿੰਦੁਸਤਾਨੀ ਨਹੀਂ ਹੁੰਦੀ। ਪੜ੍ਹਾਈ ਦੇ ਖੇਤਰ ਤੋਂ ਇਲਾਵਾ ਸਾਡੀ ਰਾਜਨੀਤੀ ਵਿੱਚ ਗੁਲਾਮ ਮਾਨਸਿਕਤਾ ਘਰ ਕਰ ਗਈ ਹੈ। ਛੋਟੇ ਛੋਟੇ ਰਾਜਨੇਤਾ ਆਪਣੇ ਤੋਂ ਵੱਡਿਆਂ ਦੀ ਚਾਪਲੂਸੀ ਅਤੇ ਗੁਲਾਮੀ ਕਰਦੇ ਹਨ ਤਾਂ ਕਿ ਉਹਨਾਂ ਨੂੰ ਚੋਣ ਦੇ ਸਮੇਂ ਟਿਕਟ ਮਿਲ ਜਾਏ। ਚੋਣ ਜਿੱਤਣ ਤੋਂ ਬਾਅਦ ਹਾਈ ਕਮਾਂਡ ਦੀ ਗੁਲਾਮੀ ਕਰਦੇ ਹਨ ਤਾਂ ਕਿ ਉਹਨਾਂ ਨੂੰ ਮਨਿਸਟਰ ਬਣਾ ਦਿੱਤਾ ਜਾਏ ਅਤੇ ਇਸ ਦੇ ਬਾਅਦ ਵੀ ਉਹ ਗੁਲਾਮੀ ਕਰਦੇ ਹਨ ਤਾਂ ਕਿ ਉਹਨਾਂ ਨੂੰ ਮਲਾਈ ਮਾਰ ਮਹਿਕਮਾ ਮਿਲ ਜਾਏ, ਚਾਪਲੂਸੀ ਅਤੇ ਗੁਲਾਮੀ ਦਾ ਸਿਲਸਿਲਾ ਲਗਾਤਾਰ ਚਲਦਾ ਰਹਿੰਦਾ ਹੈ ਤਾਕਿ ਉਸ ਬੰਦੇ ਨੂੰ ਮਨਿਸਟਰੀ ਵਿੱਚੋਂ ਕੱਢ ਨਾ ਦਿੱਤਾ ਜਾਏ। ਅੱਜ ਦੀ ਰਾਜਨੀਤੀ ਵਿੱਚ ਜਿਹੜਾ ਬੰਦਾ ਕਿਸੇ ਰਾਜਨੀਤਿਕ ਦਲ ਨਾਲ ਜੁੜਿਆ ਹੁੰਦਾ ਹੈ ਉਸ ਨੂੰ ਹੀ ਸਰਕਾਰੀ ਨੌਕਰੀ ਮਿਲਦੀ ਹੈ, ਕਾਲਜ ਪ੍ਰੋਫੈਸਰ ਅਤੇ ਯੂਨੀਵਰਸਿਟੀ ਵਿੱਚ ਵਾਈਸ ਚਾਂਸਲਰ ਅਤੇ ਕਿਸੇ ਰਾਜ ਦਾ ਗਵਰਨਰ ਬਣਾਇਆ ਜਾਂਦਾ ਹੈ। ਅੱਜ ਦੇ ਜਮਾਨੇ ਵਿੱਚ ਲੋਕ ਆਪਣੇ ਅਣਖ ਨੂੰ ਮਿੱਟੀ ਵਿੱਚ ਮਿਲਾ ਕੇ ਗੁਲਾਮੀ ਕਰਦੇ ਹਨ ਤਾਂ ਜੋ ਤਰੱਕੀ ਕਰ ਸਕਣ ਅਤੇ ਮਨ ਮਾਫਿਕ ਸਟੇਸ਼ਨ ਤੇ ਲੰਮੇ ਸਮੇਂ ਤੱਕ ਟਿਕੇ ਰਹੇ ਸਕਣ।
ਗੁਲਾਮ ਮਾਨਸਿਕਤਾ ਸਾਡੀ ਅਫਸਰ ਸ਼ਾਹੀ ਵਿੱਚ ਦੇਖਣ ਨੂੰ ਬਹੁਤ ਜਿਆਦਾ ਮਿਲਦੀ ਹੈ। ਕਈ ਕਰਮਚਾਰੀਆਂ ਨੂੰ ਆਪਣੇ ਅਫਸਰਾਂ ਦੇ ਮੇਜ ਕੁਰਸੀ ਸਾਫ ਕਰਦੇ ਹੋਏ, ਅਫਸਰ ਲਈ ਚਾਹ ਬਣਾ ਕੇ ਲਿਆਉਣ ਦਾ ਕੰਮ ਕਰਦੇ ਹੋਏ ਦੇਖਿਆ ਜਾ ਸਕਦਾ ਹੈ, ਗੁਲਾਮ ਮਾਨਸਿਕਤਾ ਵਾਲੇ ਕੁਝ ਕਰਮਚਾਰੀ ਆਪਣੇ ਅਫਸਰਾਂ ਦੇ ਬੱਚਿਆਂ ਨੂੰ ਸਕੂਲੋਂ ਲਿਆਣ ਅਤੇ ਘਰ ਛੱਡਣ ਦਾ ਕੰਮ ਕਰਨ ਤੋਂ ਇਲਾਵਾ ਉਹਨਾਂ ਦਾ ਘਰ ਦਾ ਕੋਈ ਨਾ ਕੋਈ ਕੰਮ ਵੀ ਕਰਦੇ ਰਹਿੰਦੇ ਹਨ। ਕੁਝ ਕਰਮਚਾਰੀ ਆਪਣੇ ਸਹਿਯੋਗੀਆਂ ਦੇ ਖਿਲਾਫ ਅਫਸਰ ਨੂੰ ਚੁਗਲੀ ਚਕਾਰੀ ਵੀ ਕਰਦੇ ਰਹਿੰਦੇ ਹਨ ਤਾਂ ਜੋ ਬਾਅਦ ਵਿੱਚ ਉਹ ਆਪਣੇ ਅਫਸਰ ਤੋਂ ਨਜਾਇਜ਼ ਫਾਇਦਾ ਉਠਾ ਸਕਣ। ਇਹ ਰੱਬ ਹੀ ਜਾਣਦਾ ਹੈ ਕਿ ਅਜਿਹੀ ਗੁਲਾਮ ਮਾਨਸਿਕਤਾ ਕਦੋਂ ਖਤਮ ਹੋਏਗੀ। ਜਿਹੜਾ ਆਪਣੇ ਅਫਸਰ ਦੀ ਗੁਲਾਮੀ ਕਰਦਾ ਹੈ ਉਸਨੂੰ ਬਿਨਾਂ ਕੰਮ ਕੀਤੇ ਤਰੱਕੀ ਮਿਲ ਜਾਂਦੀ ਹੈ ਅਤੇ ਜਿਹੜਾ ਇਮਾਨਦਾਰੀ ਨਾਲ ਬਿਨਾਂ ਚਾਪਲੂਸੀ ਅਤੇ ਗੁਲਾਮੀ ਦੇ ਕੰਮ ਕਰਦਾ ਹੈ ਅਤੇ ਕੰਮ ਪੂਰਾ ਕਰਨ ਵਾਸਤੇ ਫਾਈਲਾਂ ਨੂੰ ਘਰ ਵਿੱਚ ਵੀ ਲੈ ਜਾਂਦਾ ਹੈ ਅਜਿਹੇ ਕਰਮਚਾਰੀ ਨੂੰ Explanation letter or warning letter ਇਨਾਮ ਦੇ ਤੌਰ ਤੇ ਮਿਲਦੇ ਹਨ। ਅੱਜ ਕੱਲ ਤਾਂ ਕਿਸੇ ਵੀ ਪਾਸੇ ਜਦ ਤੱਕ ਬੰਦਾ ਇਹ ਨਹੀਂ ਕਹਿੰਦਾ,,, ਗੁਲਾਮ ਹਾਜ਼ਰ ਹੈ,,, ਉਸ ਦਾ ਕੋਈ ਕੰਮ ਨਹੀਂ ਬਣ ਸਕਦਾ। ਗੁਲਾਮ ਮਾਨਸਿਕਤਾ ਸਾਡੀ ਘਰ ਗ੍ਰਹਿਸਤੀ ਵਿੱਚ ਵੀ ਵੜ ਗਈ ਹੈ। ਪਤੀ ਪਤਨੀ ਦਾ ਗੁਲਾਮ ਹੈ, ਪਿਓ ਇਹ ਚਾਹੁੰਦਾ ਹੈ ਕਿ ਉਸਦੇ ਬੱਚੇ ਉਸ ਦੀ ਗੁਲਾਮੀ ਕਰਨ, ਮਾਲਿਕ ਇਹ ਚਾਹੁੰਦਾ ਹੈ ਕਿ ਨੌਕਰ ਉਸਦੀ ਗੁਲਾਮੀ ਕਰਨ। ਵੱਡੀਆਂ ਵੱਡੀਆਂ ਕੰਪਨੀਆਂ ਵਿੱਚ ਅਫਸਰ ਉਹਨਾਂ ਕਰਮਚਾਰੀਆਂ ਨੂੰ ਪਸੰਦ ਕਰਦੇ ਹਨ ਜਿਹੜੇ ਗੁਲਾਮੀ ਕਰਦੇ ਹਨ। ਬੇਸ਼ਕ ਸਾਡਾ ਦੇਸ਼ ਆਜ਼ਾਦ ਹੋ ਗਿਆ ਹੈ ਲੇਕਿਨ ਸਾਡੇ ਖਿਆਲ, ਵਿਹਾਰ ਅਤੇ ਬੋਲੀ ਆਜ਼ਾਦ ਬੰਦਿਆਂ ਵਾਲੀ ਸੁਤੰਤਰ ਨਹੀਂ ਹੈ। ਅੱਜ ਕੱਲ ਜੇ ਕਿਸੇ ਕੋਲ ਕੰਮ ਕਰਾਉਣਾ ਹੋਵੇ ਤਾਂ ਗੁਲਾਮਾਂ ਦੀ ਤਰਹਾਂ ਜੀ ਹਜੂਰੀ ਕਰਵਾ ਕੇ ਹੀ ਕੰਮ ਸਾਰਿਆ ਜਾ ਸਕਦਾ ਹੈ ਨਹੀਂ ਤਾਂ ਕੰਮ ਨਹੀਂ ਹੋਏਗਾ। ਕਿੰਨਾ ਮਰਜ਼ੀ ਕੰਮ ਕਰ ਲਓ, ਤਦ ਤੱਕ ਕੋਈ ਫਾਇਦਾ ਨਹੀਂ ਜਦ ਤੱਕ ਤੁਸੀਂ ਇਹ ਨਹੀਂ ਕਹਿੰਦੇ,,,, ਗੁਲਾਮ ਹਾਜ਼ਰ ਹੈ,,,।
ਪ੍ਰੋਫੈਸਰ ਸ਼ਾਮ ਲਾਲ ਕੌਸ਼ਲ
ਮੋਬਾਈਲ 94 16 35 90 45
ਰੋਹਤਕ 12 40 01 ਹਰਿਆਣਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly