ਗ਼ਜ਼ਲ

ਮਨਜੀਤ ਕੌਰ ਮੀਸ਼ਾ 

(ਸਮਾਜ ਵੀਕਲੀ)

ਥੋੜਾ  ਤਾਂ ਤਕਰਾਰ  ਵੀ  ਹੋਣਾ ਜ਼ਰੂਰੀ ਹੈ।
ਪਰ ਰਿਸ਼ਤੇ ਵਿੱਚ ਪਿਆਰ ਵੀ ਹੋਣਾ ਜ਼ਰੂਰੀ ਹੈ।
ਜੀਵਨ ਦੇ ਵਿੱਚ ਭਰਨ ਦੇ ਲਈ ਰੰਗ ਕਈ,
ਹਰ ਇੱਕ ਦਾ ਦਿਲਦਾਰ ਵੀ ਹੋਣਾ ਜ਼ਰੂਰੀ ਹੈ।
ਹਰ ਗੱਲ ਹੀ ਹੋਰਾਂ ਦੀ ਮੰਨਣੀ ਠੀਕ ਨਹੀਂ,
ਕਦੀ ਕਦੀ ਇਨਕਾਰ ਵੀ ਹੋਣਾ ਜ਼ਰੂਰੀ ਹੈ।
ਖੁਦ ਲਈ ਇੱਜਤ ਜੇਕਰ ਪਾਉਣਾ ਚਾਹੁੰਦੇ ਹੋ,
ਦੂਜਿਆਂ ਲਈ ਸਤਿਕਾਰ ਵੀ ਹੋਣਾ ਜ਼ਰੂਰੀ ਹੈ।
ਕਿਸੇ ਤੇ ਤੋਹਮਤ ਲਾਉਣ ਤੋਂ ਪਹਿਲਾਂ ਸੋਚ ਲਓ,
ਚੰਗਾ ਆਪਣਾ ਕਿਰਦਾਰ ਵੀ ਹੋਣਾ ਜ਼ਰੂਰੀ ਹੈ।
ਜੀਣ ਨਾ ਦਿੰਦੀ ਦੁਨੀਆਂ ਭਲਿਆਂ ਲੋਕਾਂ ਨੂੰ,
ਹੱਥ ਦੇ ਵਿਚ ਤਲਵਾਰ ਵੀ ਹੋਣਾ ਜ਼ਰੂਰੀ ਹੈ।
ਮੰਨਿਆ ਬੇਫਿਕਰੀ ਨਾਲ ਰਹਿਣਾ ਫੱਬਦਾ ਹੈ,
ਹਰ ਔਕੜ ਲਈ ਤਿਆਰ ਵੀ ਹੋਣਾ ਜ਼ਰੂਰੀ ਹੈ।
ਕਿਸੇ ਨੂੰ ਆਪਣਾ ਕਹਿਣਾ ਸੌਖਾ ਨਹੀਂ ਮਨਜੀਤ,
ਦੁਨੀਆਂ ਤੇ ਇਤਬਾਰ ਵੀ ਹੋਣਾ ਜ਼ਰੂਰੀ ਹੈ।
ਮਨਜੀਤ ਕੌਰ ਮੀਸ਼ਾ 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਿਮਾਰ ਮਾਨਸਿਕਤਾ ਦੇ ਕਾਰੇ
Next articleVladimir Putin facing tough times ahead