HOME ਗੁਰਮਤਿ ਵਿੱਚ ਮਨੁੱਖੀ ਸਮਾਨਤਾ ਦੀ ਵਿਲੱਖਣ ਦ੍ਰਿਸ਼ਟੀ 

ਗੁਰਮਤਿ ਵਿੱਚ ਮਨੁੱਖੀ ਸਮਾਨਤਾ ਦੀ ਵਿਲੱਖਣ ਦ੍ਰਿਸ਼ਟੀ 

4

 ਡਾ. ਸਤਿੰਦਰ ਪਾਲ ਸਿੰਘ

ਡਾ. ਸਤਿੰਦਰ ਪਾਲ ਸਿੰਘ

  (ਸਮਾਜ ਵੀਕਲੀ)    ਗੁਰੂ ਨਾਨਕ ਸਾਹਿਬ ਨੇ ਸ੍ਰਿਸ਼ਟੀ ਦੀ ਰਚਨਾ ਦੀ ਵਿਆਖਿਆ ਕਰਦਿਆਂ ਕਿਹਾ ਕਿ ਪਰਮਾਤਮਾ ਦੀ ਆਗਿਆ ਅਤੇ ਇੱਛਾ ਨਾਲ ਹੀ ਸਮੂਹ ਸ੍ਰਿਜਨ ਅਤੇ ਵਿਨਾਸ਼ ਹੋ ਰਿਹਾ ਹੈ। ਉਸ ਦੀ ਆਗਿਆ ਅਨੁਸਾਰ ਹੀ ਕਿਸੇ ਨੂੰ ਸ਼੍ਰੇਸ਼ਠਤਾ ਅਤੇ ਨਿਕ੍ਰਿਸ਼ਟਤਾ ਪ੍ਰਾਪਤ ਹੁੰਦੀ ਹੈ ਅਤੇ ਸੁਖ-ਦੁੱਖ ਮਿਲਦੇ ਹਨ। ਗੁਰੂ ਸਾਹਿਬ ਨੇ ਇਸ ਨੂੰ ਅਸਮਾਨਤਾ ਦੇ ਰੂਪ ਵਿੱਚ ਨਹੀਂ, ਪਰਮਾਤਮਾ ਦੀ ਵਿਵਸਥਾ ਦੇ ਰੂਪ ਵਿੱਚ ਵੇਖਿਆ ਅਤੇ ਕਿਹਾ ਕਿ ਸਾਰਾ ਸੰਸਾਰ ਉਸ ਦੀ ਆਗਿਆ ਨਾਲ ਬੱਝਿਆ ਹੋਇਆ ਹੈ।ਸੰਸਾਰ ਵਿੱਚ ਜਿਸ ਨੂੰ ਵੀ ਜੋ ਕੁਝ ਪ੍ਰਾਪਤ ਹੋਇਆ ਹੈ, ਉਸ ਵਿੱਚ ਉਸ ਦੀ ਯੋਗਤਾ ਜਾਂ ਸਮਰਥਾ ਦੀ ਕੋਈ ਭੂਮਿਕਾ ਨਹੀਂ ਹੈ, ਕਿਉਂਕਿ ਉਸ ਨੂੰ ਜੋ ਕੁਝ ਵੀ ਮਿਲਿਆ ਹੈ ਉਹ ਪਰਮਾਤਮਾ ਨੇ ਦਿੱਤਾ ਹੈ।

“ਸਭਨਾ ਜੀਆ ਕਾ ਇਕੁ ਦਾਤਾ” ਉਹ ਸਭ ਦਾ ਦਾਤਾ ਹੈ।ਉਹ ਇੱਕੋ ਦਾਤਾ ਹੈ ਅਤੇ ਸਾਰੇ ਹੀ  ਉਸ ਦੇ ਸਾਹਮਣੇ ਭਿਖਾਰੀ ਬਣ ਕੇ ਖੜ੍ਹੇ ਹਨ। ਸਭ ਦਾ ਭਿਖਾਰੀ ਹੋਣਾ ਆਪਸੀ  ਸਮਾਨਤਾ ਦਾ ਇੱਕ ਅਜਿਹਾ ਆਧਾਰ ਹੈ, ਜਿਸ ਨੂੰ ਕੋਈ ਵੀ ਅਸਵੀਕਾਰ ਨਹੀਂ ਕਰ ਸਕਦਾ। ਗੁਰੂ ਅਰਜਨ ਸਾਹਿਬ ਨੇ ਕਿਹਾ ਕਿ ਮਨੁੱਖ ਆਪਣੀ ਹੋਂਦ ਲਈ ਪੂਰੀ ਤਰ੍ਹਾਂ ਪਰਮਾਤਮਾ ਉੱਤੇ ਨਿਰਭਰ ਹੈ—

              ਕਹਿਆ ਕਰਣਾ ਦਿਤਾ ਲੈਣਾ॥

              ਗਰੀਬਾ ਅਨਾਥਾ ਤੇਰਾ ਮਾਣਾ॥

              ਸਭ ਕਿਛੁ ਤੂੰਹੈ ਤੂੰਹੈ ਮੇਰੇ ਪਿਆਰੇ

              ਤੇਰੀ ਕੁਦਰਤਿ ਕਉ ਬਲਿ ਜਾਈ ਜੀਉ॥

                         (ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ ੯੮)

 ਮਨੁੱਖ ਨੂੰ ਅਕਸਰ ਆਪਣੇ ਕਰਮਾਂ ਉੱਤੇ ਅਭਿਮਾਨ ਹੁੰਦਾ ਹੈ। ਇਸ ਅਹੰਕਾਰ ਵਿੱਚ ਉਹ ਹੋਰਾਂ ਨੂੰ ਤੁੱਛ ਸਮਝਣ ਲੱਗ ਪੈਂਦਾ ਹੈ। ਉਸ ਨੂੰ ਜੋ ਉਪਲਬਧੀਆਂ ਪ੍ਰਾਪਤ ਹੁੰਦੀਆਂ ਹਨ, ਉਹਨਾਂ ਦਾ ਸਿਹਰਾ  ਵੀ ਉਹ ਆਪਣੇ ਸਿਰ ਤੇ ਬੰਨ ਲੈਂਦਾ  ਹੈ ਅਤੇ  ਆਪਣੇ ਆਪ ਨੂੰ ਹੋਰਾਂ ਨਾਲੋਂ ਸ਼੍ਰੇਸ਼ਠ ਮੰਨਣ ਲੱਗ ਪੈਂਦਾ ਹੈ। ਇਸ ਅਹੰਕਾਰ ਤੋਂ ਹੀ ਆਪਸ ਦੀ ਊਚ ਨੀਚ ‘ ਤੇ ਅਸਮਾਨਤਾ ਜਨਮ ਲੈਂਦੀ ਹੈ।

ਸਮਾਜ ਵਿੱਚ ਅਸਮਾਨਤਾ ਦੀ ਭਾਵਨਾ ਸਭ ਤੋਂ ਵੱਡੀ ਤ੍ਰਾਸਦੀ  ਹੈ, ਜਿਸ ਨੇ ਦੁੱਖ ਅਤੇ ਸੰਤਾਪ ਪੈਦਾ ਕੀਤੇ ਹਨ। ਗੁਰੂ ਅਰਜਨ ਸਾਹਿਬ ਨੇ ਕਿਹਾ ਕਿ ਇਹ ਮੂਲਤ: ਅਸੱਤ ਹੈ। ਮਨੁੱਖ ਜੀਵਨ ਵਿੱਚ ਉਹੀ ਕਰਦਾ ਹੈ ਜੋ ਪਰਮਾਤਮਾ ਉਸ ਤੋਂ ਕਰਾਂਦਾ ਹੈ। ਪਰਮਾਤਮਾ ਦੀ ਇੱਛਾ ਅਤੇ ਹੁਕਮ ਤੋਂ ਬਿਨਾਂ ਉਹ ਕੁਝ ਵੀ ਨਹੀਂ ਕਰ ਸਕਦਾ। ਉਸ ਨੂੰ ਉਹੀ ਪ੍ਰਾਪਤ ਹੁੰਦਾ ਹੈ ਜੋ ਪਰਮਾਤਮਾ ਦਿੰਦਾ ਹੈ।ਪਰਮਾਤਮਾ ਦੇ ਹੁਕਮ ਅਤੇ ਇੱਛਾ ਤੋਂ ਬਿਨਾਂ ਮਨੁੱਖ ਨੂੰ ਕੁਝ ਵੀ ਪ੍ਰਾਪਤ ਨਹੀਂ ਹੋ ਸਕਦਾ। ਮਨੁੱਖ ਆਪਣੇ ਆਪ ਵਿੱਚ ਦੀਨ ਹੈ। ਉਸ ਦਾ ਮਾਣ ਪਰਮਾਤਮਾ ਦੀ ਕਿਰਪਾ ਵਿੱਚ ਹੈ।

ਮਨੁੱਖ ਨੂੰ ਸਭ ਤੋਂ ਵੱਧ ਅਹੰਕਾਰ ਆਪਣੀ ਬੁੱਧੀ ਉੱਤੇ ਹੁੰਦਾ ਹੈ। ਸੰਸਾਰ ਵਿੱਚ ਸ਼ਾਇਦ  ਕੋਈ ਹੀ ਹੋਵੇਗਾ ਜੋ ਆਪਣੇ ਆਪ ਨੂੰ ਬੁੱਧਿਮਾਨ ਨਾ ਸਮਝਦਾ ਹੋਵੇ। ਮਨੁੱਖ ਹੰਕਾਰ ਵੱਸ ਆਪਣੇ ਆਪ ਨੂੰ ਤਾਂ ਬੁੱਧਿਮਾਨ ਸਮਝਦਾ ਹੀ ਹੈ, ਪਰ ਹੋਰਾਂ ਨੂੰ ਮੂਰਖ ਵੀ ਸਮਝਦਾ ਹੈ। ਇਸ ਨਾਲ ਉਹ ਆਪਣੇ ਆਪ ਨੂੰ ਹੋਰਾਂ ਤੋਂ ਵੱਖ ਕਰ ਲੈਂਦਾ ਹੈ ਅਤੇ ਭੇਦਭਾਵ ਭਰਿਆ ਵਿਵਹਾਰ ਕਰਦਾ ਹੈ।

ਗੁਰੂ ਅਰਜਨ ਸਾਹਿਬ ਨੇ ਇਸ ਭ੍ਰਮ ਦਾ ਵੀ ਖੰਡਨ ਕੀਤਾ—

             ਨਾ ਕੋ ਮੂਰਖੁ ਨਾ ਕੋ ਸਿਆਣਾ॥

             ਵਰਤੈ ਸਭ ਕਿਛੁ ਤੇਰਾ ਭਾਣਾ॥

             ਅਗਮ ਅਗੋਚਰ ਬੇਅੰਤ ਅਥਾਹਾ 

             ਤੇਰੀ ਕੀਮਤਿ ਕਹਣੁ ਨ ਜਾਈ ਜੀਉ॥

                         (ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ ੯੮)

ਗੁਰੂ ਸਾਹਿਬ ਦੇ ਅਨੁਸਾਰ ਕੋਈ ਮੂਰਖ ਨਹੀਂ ਅਤੇ ਕੋਈ ਬੁੱਧਿਮਾਨ ਨਹੀਂ। ਪਰਮਾਤਮਾ ਨੇ ਜਿਸ ਨੂੰ ਜਿਵੇਂ ਬਣਾਇਆ ਹੈ, ਉਹ ਉਹੋ ਜਿਹਾ ਹੀ ਹੈ। ਇਹ ਪਰਮਾਤਮਾ ਦੀ ਰਚੀ ਹੋਈ ਵਿਵਸਥਾ ਹੈ, ਜਿਸ ਨੂੰ ਉਹ ਆਪ ਹੀ ਜਾਣਦਾ ਹੈ। ਮਨੁੱਖ ਇਸ ਦਾ ਰਹੱਸ ਨਹੀਂ ਸਮਝ ਸਕਦਾ।ਪਰਮਾਤਮਾ ਦੀ ਵਿਵਸਥਾ ਦਾ ਆਧਾਰ ਅਨੰਤ, ਅਗਮ ਅਤੇ ਦ੍ਰਿਸ਼ਟੀ ਤੋਂ ਪਰੇ ਹੈ। ਉਸ ਦਾ ਮੁਲਾਂਕਣ ਕਰ ਪਾਉਣਾ ਮਨੁੱਖ ਦੇ ਵੱਸ ਵਿੱਚ ਨਹੀਂ। ਇਸ ਲਈ ਪਰਮਾਤਮਾ ਦੀ ਵਿਵਸਥਾ ਉੱਤੇ ਪ੍ਰਸ਼ਨ ਉਠਾਉਣ ਦਾ ਵੀ ਮਨੁੱਖ ਨੂੰ ਅਧਿਕਾਰ ਨਹੀਂ। ਕੌਣ ਮੂਰਖ ਹੈ ਅਤੇ ਕੌਣ ਬੁੱਧਿਮਾਨ ਹੈ, ਇਹ ਪਰਮਾਤਮਾ ਹੀ ਜਾਣ ਸਕਦਾ ਹੈ।ਇਸ ਦਾ ਸਪਸ਼ਟ ਅਰਥ ਇਹ ਹੈ ਕਿ ਮਨੁੱਖ ਕਿਸੇ ਦਾ ਤਿਰਸਕਾਰ ਨਹੀਂ ਕਰ ਸਕਦਾ ਅਤੇ ਨਾ ਹੀ ਕਿਸੇ ਨਾਲ ਭੇਦਭਾਵ ਕਰ ਸਕਦਾ ਹੈ। ਅਜਿਹਾ ਕਰਨਾ ਪਰਮਾਤਮਾ ਦੀ ਰਚਨਾ ਅਤੇ ਵਿਧਾਨ ਦੇ ਵਿਰੁੱਧ ਹੈ।

ਗੁਰੂ ਨਾਨਕ ਸਾਹਿਬ ਨੇ ਵੀ ਇਸੇ ਤੱਤ ਨੂੰ ਦ੍ਰਿੜ੍ਹ ਕੀਤਾ—

        ਨਾ ਜਾਣਾ ਮੂਰਖੁ ਹੈ ਕੋਈ ਨ ਜਾਣਾ ਸਿਆਣਾ॥

        ਸਦਾ ਸਾਹਿਬ ਕੈ ਰੰਗੇ ਰਾਤਾ ਅਨਦਿਨੁ ਨਾਮੁ ਵਖਾਣਾ॥੧॥

        ਬਾਬਾ ਮੂਰਖੁ ਹਾ ਨਾਵੈ ਬਲਿ ਜਾਉ॥

        ਤੂ ਕਰਤਾ ਤੂ ਦਾਣਾ ਬੀਣਾ ਤੈਰੇ ਨਾਮਿ ਤਰਾਉ॥੧॥ ਰਹਾਉ॥

                        (ਸ੍ਰੀ ਗੁਰੂ ਗ੍ਰੰਥ ਸਾਹਿਬ,  ਅੰਗ ੧੦੧੫)

ਗੁਰੂ ਸਾਹਿਬ ਨੇ ਸੇਧ  ਦਿੱਤੀ  ਕਿ ਮਨੁੱਖ ਕਿਸੇ ਨੂੰ ਅਜਾਣ ਜਾਂ ਗਿਆਨੀ ਸਮਝ ਕੇ ਆਪਣੇ ਮਨ ਵਿੱਚ ਉੱਚ-ਨੀਚ ਦੀ ਭਾਵਨਾ ਨਾ ਪੈਦਾ ਕਰੇ। ਕਿਸੇ ਮਨੁੱਖ ਦੇ ਸੁਭਾਅ ਜਾਂ ਸਮਰਥਾ ਨੂੰ ਪਰਖਣ ਵਿੱਚ ਸਮਾਂ ਗੁਆਉਣ ਦੀ ਥਾਂ ਮਨੁੱਖ ਨੂੰ ਪਰਮਾਤਮਾ ਦੀ ਭਗਤੀ ਕਰਨੀ ਚਾਹੀਦੀ ਹੈ ਅਤੇ ਆਪਣੇ ਮਨ ਨੂੰ ਉਸ ਦੇ ਨਾਮ ਵਿੱਚ ਇਕਾਗਰ ਕਰਨਾ ਚਾਹੀਦਾ ਹੈ।ਜੇ ਕੋਈ ਅਜਾਣ ਹੈ ਤਾਂ ਅਸਲ ਵਿੱਚ ਉਹ ਮਨੁੱਖ ਆਪ ਹੀ ਹੈ, ਕਿਉਂਕਿ ਅਜੇ ਤੱਕ ਉਸ ਨੂੰ ਪਰਮਾਤਮਾ ਦੀ ਸ਼ਰਨ ਨਹੀਂ ਮਿਲੀ। ਆਪਣੇ ਆਪ ਨੂੰ ਅਜਾਣ ਸਮਝ ਕੇ ਜਦੋਂ ਮਨੁੱਖ ਪਰਮਾਤਮਾ ਦੀ ਮਹਿਮਾ ਦੇ ਦਰਸ਼ਨ ਕਰਦਾ ਹੈ ਤਾਂ ਉਸ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਇਕ ਪਰਮਾਤਮਾ ਹੀ ਗਿਆਨ ਦਾ ਸਾਗਰ ਹੈ ਅਤੇ ਉਹੀ ਸ੍ਰਿਸ਼ਟੀ ਦਾ ਸੰਚਾਲਨ ਕਰ ਰਿਹਾ ਹੈ।ਜੇ ਹਰ ਮਨੁੱਖ ਇਸ ਸੱਚ ਨੂੰ ਹਿਰਦੇ ਵਿੱਚ ਧਾਰਨ ਕਰ ਲਵੇ ਤਾਂ ਸਮਾਜ ਵਿੱਚ ਸਮਰਸਤਾ ਵਿਆਪਤ ਹੋ ਜਾਵੇਗੀ ਅਤੇ ਆਪਸੀ ਪ੍ਰੇਮ ਦੀ ਅਵਸਥਾ ਬਣੇਗੀ। ਮਨੁੱਖ ਵੱਲੋਂ ਬਣਾਏ ਗਏ ਭੇਦਭਾਵ ਨਿਰਰਥਕ ਹਨ। ਇਨ੍ਹਾਂ ਤੋਂ ਸਮਾਜ ਵਿੱਚ ਸ਼ੋਸ਼ਣ ਅਤੇ ਅਨਿਆਂ ਦੀ ਪ੍ਰਵਿਰਤੀ ਜਨਮ ਲੈਂਦੀ ਹੈ। ਗੁਰੂ ਨਾਨਕ ਸਾਹਿਬ ਨੇ ਕਿਹਾ “ਮੂਰਖੁ ਸਿਆਣਾ ਏਕੁ ਹੈ ਏਕ ਜੋਤਿ ਦੁਇ ਨਾਉ” ਭਾਵ  ਸਭ ਇਕ ਜੋਤ ਤੋਂ ਹੀ ਪੈਦਾ  ਹੋਏ ਹਨ। ਉਨ੍ਹਾਂ ਦੇ ਰੂਪ ਅਤੇ ਰੰਗ ਵੱਖ ਹੋ ਸਕਦੇ ਹਨ, ਪਰ ਹਕੀਕਤ ਵਿੱਚ ਕੋਈ ਅੰਤਰ ਨਹੀਂ। ਉਹ ਇਕ ਹੀ ਪਿਤਾ ਦੀ ਸੰਤਾਨ ਹਨ। ਭਗਤ ਕਬੀਰ ਜੀ ਨੇ ਇਸ ਤੱਤ ਨੂੰ ਹੋਰ ਸਪਸ਼ਟ ਕਰਦਿਆਂ ਪਰਮਾਤਮਾ ਨੂੰ ਕੁੰਭਾਰ ‘ਤੇ ਜੀਵਾਂ ਨੂੰ ਮਿੱਟੀ ਦੇ ਭਾਂਡਿਆਂ ਦੀ ਉਪਮਾ ਦਿੱਤੀ ।

     ਮਾਟੀ ਏਕ ਅਨੇਕ ਭਾਂਤਿ ਕਰਿ ਸਾਜੀ ਸਾਜਨਹਾਰੈ॥

     ਨਾ ਕਛੁ ਪੋਚ ਮਾਟੀ ਕੇ ਭਾਂਡੇ ਨਾ ਕਛੁ ਪੋਚ ਕੁੰਭਾਰੈ॥

                        (ਸ੍ਰੀ ਗੁਰੂ ਗ੍ਰੰਥ ਸਾਹਿਬ,ਅੰਗ ੧੩੪੯)

ਪਰਮਾਤਮਾ ਨੇ ਕੁੰਭਾਰ ਦੀ ਤਰ੍ਹਾਂ ਜੀਵ ਰਚੇ ਹਨ। ਜਿਵੇਂ ਕੁੰਭਾਰ ਇਕ ਵਾਰ ਮਿੱਟੀ ਗੁੰਨਦਾ ਹੈ ਅਤੇ ਉਸੇ ਮਿੱਟੀ ਤੋਂ, ਉਸੇ ਚਾਕ ਉੱਤੇ ਅਤੇ ਉਸੇ ਵਿਧੀ ਨਾਲ ਵੱਖ-ਵੱਖ ਆਕਾਰ ਦੇ ਭਾਂਡੇ ਤਿਆਰ ਕਰ ਲੈਂਦਾ ਹੈ, ਉੱਸੇ ਤਰ੍ਹਾਂ ਪਰਮਾਤਮਾ ਨੇ ਵੀ ਸਭ ਦੇ ਤਨ ਪੰਜ ਤੱਤਾਂ—ਜਲ, ਵਾਯੂ, ਅਗਨਿ, ਧਰਤੀ ਅਤੇ ਆਕਾਸ਼ ਤੋਂ ਰਚੇ ਹਨ। ਕੋਈ ਵੀ ਐਸਾ ਨਹੀਂ ਜਿਸ ਵਿੱਚ ਇਹ ਤੱਤ ਨਾ ਹੋਣ। ਸਭ ਨੂੰ ਸਮਾਨ ਅੰਗ ਦਿੱਤੇ ਗਏ ਹਨ ਅਤੇ ਸਭ ਦੇ ਤਨ ਇਕੋ ਸਮਾਨ ਪ੍ਰਕ੍ਰਿਆ ਨਾਲ ਗਤਿਸ਼ੀਲ ਹਨ।ਭਗਤ ਕਬੀਰ ਜੀ ਨੇ ਅੱਗੇ ਕਿਹਾ ਕਿ ਪਰਮਾਤਮਾ ਇਕ ਕੁਸ਼ਲ ਰਚਨਹਾਰ ਹੈ। ਨਾ ਉਸ ਵਿੱਚ ਕੋਈ ਤ੍ਰੁੱਟੀ ਹੈ ਅਤੇ ਨਾ ਉਸ ਦੀ ਰਚਨਾ ਵਿੱਚ ਕੋਈ ਭੁੱਲ ਹੋ ਸਕਦੀ ਹੈ। ਪਰ ਵਿਡੰਬਨਾ ਇਹ ਹੈ ਕਿ ਮਨੁੱਖ ਇਸ ਸੱਚ ਨੂੰ ਜਾਣਦਾ ਹੋਇਆ ਵੀ ਸਵੀਕਾਰ ਨਹੀਂ ਕਰਦਾ। ਮਾਇਆ ਦਾ ਪ੍ਰਭਾਵ ਇੰਨਾ ਗਹਿਰਾ ਹੈ ਕਿ ਮਨ ਭਟਕਦਾ ਰਹਿੰਦਾ ਹੈ ਅਤੇ ਇਸ ਸੱਚ ਉੱਤੇ ਟਿਕਦਾ ਨਹੀਂ । ਮਨੁੱਖ ਆਤਮਕੇਂਦ੍ਰਿਤ ਹੋ ਜਾਂਦਾ ਹੈ। ਉਹ ਐਸਾ ਜੀਵਨ ਜੀਉਂਦਾ ਹੈ ਜਿਵੇਂ ਉਸ ਨੂੰ ਸੰਸਾਰ ਤੋਂ ਕਦੇ ਜਾਣਾ ਹੀ ਨਹੀਂ। ਧਨ, ਦੌਲਤ, ਸ਼ੋਹਰਤ, ਬਲ ਅਤੇ ਸੱਤਾ ਇਕੱਠੀ ਕਰਨ ਵਿੱਚ ਉਹ ਦਿਨ-ਰਾਤ ਇਕ ਕਰ ਦਿੰਦਾ ਹੈ ਅਤੇ ਪਰਮਾਤਮਾ ਨੂੰ ਭੁੱਲ ਕੇ ਦੁੱਖ ਭੋਗਦਾ ਹੈ । 

        ਮੇਰੀ ਮੇਰੀ ਕਰਿ ਮੁਏ ਵਿਣੁ ਨਾਵੈ ਦੁਖੁ ਭਾਲਿ॥

        ਗੜ ਮੰਦਰ ਮਹਲਾ ਕਹਾ ਜਿਉ ਬਾਜੀ ਦੀਬਾਣੁ॥

                          (ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ ੯੨੯)

ਗੁਰੂ ਨਾਨਕ ਸਾਹਿਬ ਨੇ ਸਚੇਤ ਕੀਤਾ ਕਿ ਜਦੋਂ ਮਨੁੱਖ ਦਾ ਮਨ ਤ੍ਰਿਸ਼ਨਾ ਅਤੇ ਲਾਲਸਾ ਵਿੱਚ ਲਿਪਤ ਹੋ ਕੇ ਪਰਮਾਤਮਾ ਨੂੰ ਭੁੱਲ ਜਾਂਦਾ ਹੈ ਅਤੇ ਆਪਣੇ ਸਵਾਰਥਾਂ ਦੀ ਪੂਰਤੀ ਵਿੱਚ ਲੱਗ ਜਾਂਦਾ ਹੈ ਤਾਂ ਇਸ ਦਾ ਨਤੀਜਾ ਦੁੱਖ ਅਤੇ ਸੰਤਾਪ ਦੇ ਰੂਪ ਵਿੱਚ ਹੀ ਨਿਕਲਦਾ ਹੈ। ਉਸ ਸਮੇਂ ਨਾ ਧਨ ਕੰਮ ਆਉਂਦਾ ਹੈ, ਨਾ ਸੰਪੱਤੀ, ਨਾ ਸੱਤਾ ਅਤੇ ਨਾ ਹੀ ਬਲ ਸਾਥ ਰਹਿੰਦਾ ਹੈ।

ਗੁਰੂ ਸਾਹਿਬ ਨੇ ਕਿਹਾ ਕਿ ਇਹ ਸਭ ਕੁਝ ਮਦਾਰੀ ਦੇ ਤਮਾਸ਼ੇ ਵਾਂਗ ਹੈ। ਮਾਇਆ ਮਦਾਰੀ ਦੀ ਤਰ੍ਹਾਂ ਮਨੁੱਖ ਨੂੰ ਨਚਾਂਦੀ ਹੈ ਅਤੇ ਭੀੜ ਇਕੱਠੀ ਹੋ ਜਾਂਦੀ ਹੈ, ਪਰ ਖੇਡ ਖਤਮ ਹੋਣ ਨਾਲ ਹੀ ਸਭ ਕੁਝ ਛਿੰਨ-ਭਿੰਨ ਹੋ ਜਾਂਦਾ ਹੈ।ਸੱਚ ਇਹ ਹੈ “ਮਾਇਆ ਮਾਇਆ ਕਰਿ ਮੁਏ ਮਾਇਆ ਕਿਸੈ ਨ ਸਾਥਿ”ਮਾਇਆ ਕਦੇ ਕਿਸੇ ਦੀ ਸੰਗੀ ਨਹੀਂ ਬਣੀ।ਗੁਰੂ ਨਾਨਕ ਸਾਹਿਬ ਨੇ ਮਨੁੱਖ ਨੂੰ ਪਰਮਾਤਮਾ ਨਾਲ ਜੋੜਿਆ, ਪਰ ਨਾਲ ਹੀ ਜੀਵਨ ਦੀ ਸਦ ਵਰਤੋਂ  ਦੀ ਪ੍ਰੇਰਣਾ ਵੀ ਦਿੱਤੀ। ਇਵੇਂ ਮਨ ਅੰਦਰ ਪਰਮਾਤਮਾ ਲਈ ਤੇ ਨਾਲ ਹੀ ਉਸ ਦੀ ਰਚੀ ਸਾਰੀ ਸ੍ਰਿਸ਼ਟੀ, ਸਾਰੇ ਜੀਆਂ ਪ੍ਰਤੀ ਪ੍ਰੇਮ ਦੀ ਭਾਵਨਾ ਜਨਮ ਲੈਂਦੀ ਹੈ ਜੋ ਮਨੁੱਖੀ ਸਮਾਨਤਾ ਦਾ ਅਡੋਲ ਆਧਾਰ ਬਣਦੀ ਹੈ। ਗੁਰਬਾਣੀ ਸਮਾਨਤਾ ਦੇ  ਸਿਧਾਂਤ ਨੂੰ ਵਿਵਹਾਰ ਨਾਲ ਜੋੜ ਕੇ ਸਮਾਨਤਾ ਦੇ ਚਿੰਤਨ ਨੂੰ ਪੂਰਨ ਤੇ ਪਰਿਪੱਕ  ਬਣਾਉਂਦੀ ਹੈ। 

            ਘਾਲਿ ਖਾਇ ਕਿਛੁ ਹਥਹੁ ਦੇਇ॥

            ਨਾਨਕ ਰਾਹੁ ਪਛਾਣਹਿ ਸੋਇ॥

                      ( ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ ੧੨੪੫)

ਗੁਰੂ ਸਾਹਿਬਾਨ ਨੇ ਸਦਾ ਪਰ-ਹਿਤ ਦੀ ਪ੍ਰੇਰਣਾ ਦਿੱਤੀ। ਇਕ ਵਾਰ ਬਾਦਸ਼ਾਹ ਅਕਬਰ ਨੇ ਗੁਰੂ ਅਮਰਦਾਸ ਸਾਹਿਬ ਨਾਲ ਮਿਲਣ ਦੀ ਇੱਛਾ ਜਤਾਈ। ਗੁਰੂ ਅਮਰਦਾਸ ਸਾਹਿਬ ਨੇ ਆਪ ਨਾ ਜਾ ਕੇ ਭਾਈ ਜੇਠਾ ਜੀ ( ਗੁਰੂ ਰਾਮਦਾਸ ਸਾਹਿਬ) ਨੂੰ  ਲਾਹੌਰ ਭੇਜਿਆ। ਅਕਬਰ ਨੇ ਧਰਮ ਅਤੇ ਸਿੱਖ ਪੰਥ ਬਾਰੇ ਕਈ ਪ੍ਰਸ਼ਨ ਕੀਤੇ, ਜਿਨ੍ਹਾਂ ਦੇ ਉੱਤਰ ਭਾਈ ਜੇਠਾ ਜੀ ਨੇ ਬਹੁਤ ਵਿਦਵਤਾ ਅਤੇ ਸਪਸ਼ਟਤਾ ਨਾਲ ਦਿੱਤੇ। ਅਕਬਰ ਪ੍ਰਭਾਵਿਤ ਹੋਇਆ ਅਤੇ ਕੁਝ ਮੰਗਣ ਲਈ ਕਿਹਾ।ਗੁਰੂ ਰਾਮਦਾਸ ਜੀ ਨੇ ਆਪਣੇ ਲਈ ਕੁਝ ਨਾ ਮੰਗ ਕੇ ਹਿੰਦੂਆਂ ਉੱਤੇ ਲਗਾਏ ਵਿਸ਼ੇਸ਼ ਕਰ ਨੂੰ ਮਾਫ਼ ਕਰਨ ਦੀ ਬੇਨਤੀ ਕੀਤੀ। ਅਕਬਰ ਨੇ ਤੁਰੰਤ ਇਹ ਮੰਗ ਸਵੀਕਾਰ ਕਰ ਲਈ ਅਤੇ ਕਰ ਮੁਆਫ਼ੀ ਦਾ ਹੁਕਮ ਜਾਰੀ ਕਰ ਦਿੱਤਾ। ਗੁਰੂ ਰਾਮਦਾਸ ਸਾਹਿਬ ਨੇ ਗੁਰੂ ਘਰ ਦੀ ਮਹਾਨਤਾ ਵੀ ਕਾਇਮ ਰੱਖੀ , ਅਨਿਆਂ ਸਹਿ ਰਹੇ ਹਿੰਦੂਆਂ ਦੀ ਵੀ ਬਿਨ ਮੰਗੀਆਂ ਮਦਦ ਕਰ ਦਿੱਤੀ । ਇਹੋ  “ਘਾਲਿ ਖਾਇ ਕਿਛੁ ਹਥਹੁ ਦੇਇ” ਦੀ ਗੁਰਮਤਿ ਪ੍ਰੇਰਿਤ ਜੀਵਨ-ਪ੍ਰਣਾਲੀ ਹੈ। ਇਹ ਮਨੁੱਖੀ ਸਮਾਨਤਾ ਨੂੰ ਸਨਮਾਨ ਨਾਲ ਵੀ ਜੋੜਦੀ ਹੈ। ਹਰ ਮਨੁੱਖ ਬਰਾਬਰੀ ਦੇ ਸਨਮਾਨ ਦਾ ਵੀ ਹੱਕਦਾਰ ਹੈ। 

ਸੰਸਾਰ ਵਿੱਚ ਪਹਿਲਾਂ ਪਰੰਮਪਰਾ ਸੀ ਕਿ ਗੁਰੂ ਗਿਆਨ ਦਾ ਮਾਲਕ ਰਹਿੰਦਾ ਸੀ ਅਤੇ ਆਪਣੇ ਅਨੁਆਈਆਂ ਨੂੰ ਸੀਮਿਤ ਗਿਆਨ ਦਿੰਦਾ ਸੀ ਤਾਂ ਜੋ ਗੁਰੂ ਦਾ ਮਹੱਤਵ ਬਣਿਆ ਰਹੇ। ਗੁਰੂ ਸਾਹਿਬਾਨ ਨੇ ਆਪਣੇ ਸਿੱਖ ਨੂੰ ਆਪਣੇ ਵਰਗਾ ਬਣਾਇਆ ਅਤੇ ਆਪਣਾ ਸਮੂਹ ਗਿਆਨ ਗੁਰਬਾਣੀ ਰਾਹੀਂ ਉਨ੍ਹਾਂ ਨੂੰ ਸੌਂਪ ਦਿੱਤਾ। ਇਸ ਨਾਲ ਗੁਰੂ ਅਤੇ ਸਿੱਖ ਇਕ ਸਮਾਨ ਤਲ ਉੱਤੇ ਆ ਗਏ। ਗੁਰਸਿੱਖ ਭਗਤੀ ਆਪਣੇ ਤੱਕ ਹੀ ਸੀਮਤ ਨਹੀਂ ਰੱਖਦਾ ਹੋਰਨਾਂ ਨੂੰ ਵੀ ਇਸ ਲਈ ਪ੍ਰੇਰਿਤ ਕਰਦਾ ਹੈ ਤਾਂ ਜੋ ਇੱਕ ਸ੍ਰੇਸ਼ਟ ਸਮਾਜ ਵਿਕਸਿਤ ਹੋ ਸਕੇ । 

             ਆਪਿ ਜਪਹੁ ਅਵਰਾ ਨਾਮੁ ਜਪਾਵਹੁ॥

             ਸੁਨਤ ਕਹਤ ਰਹਤ ਗਤਿ ਪਾਵਹੁ॥

                         (ਸ੍ਰੀ ਗੁਰੂ ਗ੍ਰੰਥ ਸਾਹਿਬ,ਅੰਗ ੨੮੮)

ਮਨੁੱਖ ਦਾ ਆਪਣੇ ਆਪ ਵਿੱਚ ਸੀਮਿਤ ਨਾ ਰਹਿ ਕੇ ਸਮੂਹ ਮਨੁੱਖਤਾ ਨੂੰ ਆਪਣਾ ਅੰਗ ਬਣਾ ਲੈਣਾ ਹੀ ਗੁਰਮਤਿ ਅਨੁਸਾਰ ਸਭ ਤੋਂ ਉੱਚੀ ਆਤਮਿਕ ਅਵਸਥਾ ਹੈ। 

ਡਾ. ਸਤਿੰਦਰ ਪਾਲ ਸਿੰਘ  ਈ-੧੭੧੬, ਰਾਜਾਜੀਪੁਰਮ  ਲਖਨਊ – ੨੨੬੦੧੭

             

Previous articleKeir Starmer: The Man Who Cannot See The Door
Next articleA Review of a Unique Rajbanshi Literature Book