ਸ਼ੁੱਧ ਪੰਜਾਬੀ ਕਿਵੇਂ ਲਿਖੀਏ?

(ਸਮਾਜ ਵੀਕਲੀ)

ਗੁਰਮੁਖੀ ਲਿਪੀ ਵਿੱਚ ਦੁੱਤ ਅੱਖਰ ‘ਰ’ (ਰਾਰੇ) ਦੀ ਵਰਤੋਂ ਕਦੋਂ ਅਤੇ ਕਿਉਂ?
ਗੁਰਮੁਖੀ ਲਿਪੀ ਵਿੱਚ ਕੁੱਲ ਤਿੰਨ ਦੁੱਤ ਅੱਖਰ ਹਨ- ਹ, ਰ ਅਤੇ ਵ।ਵਿਆਕਰਨਿਕ ਭਾਸ਼ਾ ਵਿੱਚ ਦੁੱਤ ਅੱਖਰ ਉਹਨਾਂ ਅੱਖਰਾਂ ਨੂੰ ਕਿਹਾ ਜਾਂਦਾ ਹੈ ਜੋ ਵਿਅੰਜਨ ਅੱਖਰਾਂ (ਸ ਤੋਂ ਲੈ ਕੇ ੜ ਤੱਕ) ਦੇ ਪੈਰਾਂ ਵਿੱਚ ਪਾਏ ਜਾਂਦੇ ਹਨ, ਜਿਵੇਂ: ਪੜ੍ਹ, ਪ੍ਰੇਮ, ਸ੍ਵਰ ਆਦਿ। ਇਸ ਅੰਕ ਵਿੱਚ ਅੱਜ ਅਸੀਂ ਦੇਖਦੇ ਹਾਂ ਕਿ ਇਹਨਾਂ ਵਿਚਲੇ ਦੁੱਤ ਅੱਖਰ ਰ (ਰਾਰਾ) ਦੀ ਵਰਤੋਂ ਕਦੋਂ, ਕਿਵੇਂ ਅਤੇ ਕਿਉਂ ਕੀਤੀ ਜਾਂਦੀ ਹੈ?

ਪੰਜਾਬੀ ਭਾਸ਼ਾ ਵਿੱਚ ਇਹ ਦੁੱਤ ਅੱਖਰ (ਰ) ਸੰਸਕ੍ਰਿਤ ਭਾਸ਼ਾ ਦੀ ਦੇਣ ਹੈ। ਇਸ ਦੁੱਤ ਅੱਖਰ ਦੀ ਸਭ ਤੋਂ ਵੱਧ ਵਰਤੋਂ ਪ ਅੱਖਰ ਨਾਲ਼ ਕੀਤੀ ਦਿਖਾਈ ਦਿੰਦੀ ਹੈ। ਜਿਵੇਂਕਿ ਇਸ ਲੇਖ-ਲੜੀ ਵਿੱਚ ਸ਼ਾਮਲ ਪਹਿਲੇ ਇਕ-ਦੋ ਲੇਖਾਂ ਵਿੱਚ ਇਹ ਗੱਲ ਪੂਰੀ ਤਰ੍ਹਾਂ ਸਪਸ਼ਟ ਕਰ ਦਿੱਤੀ ਗਈ ਹੈ ਕਿ ਪੰਜਾਬੀ ਦੇ ਪ ਅੱਖਰ ਨਾਲ਼ ਇਸ ਦੀ ਵਰਤੋਂ ਪ੍ਰ ਅਗੇਤਰ ਦੇ ਤੌਰ ‘ਤੇ ਕੀਤੀ ਜਾਂਦੀ ਹੈ। ਇੱਥੇ ਇਹ ਵੀ ਯਾਦ ਕਰਵਾਇਆ ਜਾਂਦਾ ਹੈ ਕਿ ਪ੍ਰ,ਪਰ ਅਤੇ ਪਰਿ ਤਿੰਨ ਸਜਾਤੀ ਅਗੇਤਰ ਹਨ। ਸਜਾਤੀ ਇਸ ਲਈ ਕਿਉਂਕਿ ਇਹਨਾਂ ਤਿੰਨਾਂ ਅਗੇਤਰਾਂ ਵਿੱਚ ਵਿੱਚ ਪ ਅਤੇ ਰ ਦੀਅਾਂ ਦੋਵੇਂ ਧੁਨੀਆਂ ਸਾਂਝੀਆਂ ਹਨ। ਇਹਨਾਂ ਅਗੇਤਰਾਂ ਦੇ ਅਰਥਾਂ ਵਿੱਚ ਵਖਰੇਵਾਂ ਇਨ੍ਹਾਂ ਧੁਨੀਆਂ ਅਤੇ ਲਗਾਂ ਦੀਆਂ ਵੱਖੋ-ਵੱਖਰੀਆਂ ਸਥਿਤੀਆਂ ਕਾਰਨ ਪਿਆ ਹੈ। ਪਰ ਅਗੇਤਰ ਦੇ ਅਰਥ ਹਨ: ਦੂਜਾ, ਪਰਾਇਆ, ਬੇਗਾਨਾ ਆਦਿ, ਜਿਵੇਂ: ਪਰਦੇਸ, ਪਰਉਪਕਾਰ ਆਦਿ। ਪਰਿ ਅਗੇਤਰ ਦੇ ਅਰਥ ਹਨ: ਆਲ਼ੇ-ਦੁਆਲ਼ੇ/ਹਰ ਪੱਖੋਂ, ਜਿਵੇਂ: ਪਰਿਭਾਸ਼ਾ, ਪਰਿਕਰਮਾ ਆਦਿ। ਤੀਜੇ ਅਗੇਤਰ ਪ੍ਰ ਦੀ ਪਰਿਭਾਸ਼ਾ,ਵਰਤੋਂ ਅਤੇ ਅਰਥ ਹੇਠ ਲਿਖੇ ਅਨੁਸਾਰ ਹਨ:

ਉਪਰੋਕਤ ਅਗੇਤਰਾਂ ਦੀ ਮਦਦ ਨਾਲ਼ ਬਣੇ ਸੰਸਕ੍ਰਿਤ ਭਾਸ਼ਾ ਤੋਂ ਆਏ ਸ਼ਬਦਾਂ ਵਿੱਚ ਪਰ,ਪਰਿ ਅਤੇ ਪ੍ਰ ਅਗੇਤਰਾਂ ਦੀ ਵਰਤੋਂ ਕਾਰਨ ਪ ਅਤੇ ਰ ਅੱਖਰਾਂ ਦੇ ਅਰਥ ਬੇਸ਼ੱਕ ਸਾਂਝੇ ਹਨ: ਦੋ, ਦੂਜਾ ਜਾਂ ਦੂਜੀ ਥਾਂ ‘ਤੇ ਆਦਿ ਪਰ ਜਦੋਂ ਰ ਅੱਖਰ ਦੀ ਵਰਤੋਂ ਬਤੌਰ ਦੁੱਤ ਅੱਖਰ ਦੇ ਕੀਤੀ ਜਾਂਦੀ ਹੈ ਤਾਂ ਇਸ ਦੇ (ਪ੍ਰ ਅਗੇਤਰ ਦੇ) ਅਰਥ ਹੋ ਜਾਂਦੇ ਹਨ: ਦੂਜੀ ਥਾਂਵੇਂ, ਦੂਰ-ਦੂਰ ਤੱਕ ਚਾਰੇ ਪਾਸੇ ਫੈਲਿਆ ਹੋਇਆ/ਪਹੁੰਚਿਆ ਹੋਇਆ, ਜਿਵੇਂ: ਪ੍ਰਸਿੱਧ (ਜੋ ਦੂਰ-ਦੂਰ ਤੱਕ ਚਾਰੇ ਪਾਸੇ ਸਿੱਧ ਅਰਥਾਤ ਸਾਬਤ ਹੋ ਚੁੱਕਿਆ ਹੋਵੇ; ਪ੍ਰਬਲ- ਜਿਸ ਦੇ ਬਲ ਦਾ ਅਸਰ ਦੂਰ-ਦੂਰ ਤੱਕ ਮਹਿਸੂਸ ਕੀਤਾ ਜਾਵੇ; ਪ੍ਰਗਤੀ ਜਿਸ ਦੀ ਗਤੀ ਦੂਰ-ਦੂਰ ਤੱਕ ਹਰ ਪੱਖੋਂ ਸਪਸ਼ਟ ਤੌਰ ‘ਤੇ ਮਹਿਸੂਸ ਹੋਵੇ ਆਦਿ। ਇਸ ਪ੍ਰਕਾਰ ਪ੍ਰ ਅਗੇਤਰ ਨਾਲ ਜਿੰਨੇ ਵੀ ਸ਼ਬਦ ਬਣੇ ਹੋਏ ਹਨ, ਉਹ ਸਾਰੇ ਉਪਰੋਕਤ ਅਰਥਾਂ ਦੀ ਹੀ ਪ੍ਰੋੜ੍ਹਤਾ ਕਰਦੇ ਹਨ।

ਇਨ੍ਹਾਂ ਸ਼ਬਦਾਂ ਵਿੱਚੋਂ ਹੀ ਇੱਕ ਸ਼ਬਦ ਹੈ- ਪ੍ਰਭੂ ਅਰਥਾਤ ਈਸ਼ਵਰ ਜਾਂ ਪਰਮਾਤਮਾ। ਸ਼ਬਦ-ਵਿਉਤਪਤੀ ਸੰਬੰਧੀ ਵਿਦਵਾਨਾਂ ਦੀ ਆਮ ਰਾਏ ਹੈ ਕਿ ਸ਼ਬਦ ਰਿੜ੍ਹ-ਰਿੜ੍ਹ ਕੇ ਹੀ ਗੋਲ਼ ਹੋਏ ਹਨ। ਇਸ ਕਾਰਨ ਮੇਰੀ ਜਾਚੇ ਪ੍ਰਭੂ ਸ਼ਬਦ ਵੀ ਇਸੇ ਪ੍ਰਕਿਰਿਆ ਵਿੱਚੋਂ ਲੰਘਦਿਆਂ ਹੋਇਆਂ ਹੀ “ਪ੍ਰ+ਭਵ” ਸ਼ਬਦਾਂ ਤੋਂ ਹੀ ਪ੍ਰਭੂ ਬਣਿਆ ਹੈ। ਇਸ ਵਿੱਚ ਪ੍ਰ ਅਗੇਤਰ ਦੇ ਅਰਥ ਤਾਂ ਉਪਰ ਲਿਖੇ ਹੀ ਹਨ ਪਰ ਪ੍ਰਭੂ ਸ਼ਬਦ ਵਿਚਲਾ ਦੂਜਾ ਸ਼ਬਦ/ਸ਼ਬਦਾਂਸ਼ ਭਵ ਸ਼ਬਦ ਤੋਂ ਹੋਂਦ ਵਿੱਚ ਆਇਆ ਜਾਪਦਾ ਹੈ ਅਰਥਾਤ ਭਵ ਸ਼ਬਦ ਹੀ ਹੌਲ਼ੀ-ਹੌਲ਼ੀ ਲੋਕ-ਉਚਾਰਨ ਕਾਰਨ ‘ਭੂ’ ਸ਼ਬਦ ਵਿੱਚ ਤਬਦੀਲ ਹੋ ਗਿਆ ਹੈ। ਭਵ ਸ਼ਬਦ ਦੇ ਅਰਥ ਹਨ: ਹੋਣਾ ਜਾਂ ਬਣਨਾ/ਹੋਂਦ ਵਿੱਚ ਆਇਆ ਮਹਿਸੂਸ ਹੋਣਾ। ਇਸ ਪ੍ਰਕਾਰ ਪ੍ਰਭੂ ਸ਼ਬਦ ਦੇ ਅਰਥ ਹੋਏ- ਸੰਸਾਰ ਵਿੱਚ ਜਿਸ (ਪ੍ਰਭੂ) ਦੀ ਹੋਂਦ ਨੂੰ ਦੂਰ-ਦੂਰ ਤੱਕ ਅਰਥਾਤ ਹਰ ਪਾਸੇ ਜਾਂ ਹਰ ਥਾਂ ਹੀ ਮਹਿਸੂਸ ਕੀਤਾ ਜਾ ਸਕੇ।

ਪ੍ਰ ਅਗੇਤਰ ਤੋਂ ਹੀ ਪ੍ਰਵਾਹ ਪ੍ਰ+ਵਾਹ (ਜਿਸ ਦਾ ਵਹਾਅ ਦੂਰ-ਦੂਰ ਤੱਕ ਜਾਰੀ ਰਹੇ; ਪ੍ਰਨਾਲ਼ੀ (ਉਹ ਰਵਾਇਤ/ਪ੍ਰਵਾਹ ਜੋ ਦੂਰ-ਦੂਰ ਤੱਕ ਉਸੇ ਰੂਪ ਵਿੱਚ ਚੱਲਦੀ ਰਹੇ/ਵਹਿੰਦਾ ਰਹੇ; ਪ੍ਰਭਾਵ- ਪ੍ਰ+ਭਾਵ (ਭਵ ਸ਼ਬਦ ਵਿੱਚ ਮਧੇਤਰ ਕੰਨਾ ਜਾਂ ਆ ਲਾ ਕੇ ਬਣਿਆ ਸ਼ਬਦ)= ਉਹ ਭਾਵ/ ਭਾਵਨਾ ਜਿਸ ਨੂੰ ਦੂਜਿਆਂ ਉੱਤੇ ਸਪਸ਼ਟ ਰੂਪ ਵਿੱਚ ਮਹਿਸੂਸ ਕੀਤਾ ਜਾ ਸਕੇ); ਪ੍ਰੇਰਨਾ, ਪ੍ਰਾਂਤ, ਪ੍ਰੇਮ, ਪ੍ਰੀਤ, ਪ੍ਰਦੇਸ਼ (ਕਿਸੇ ਦੇਸ ਵਿਚਲਾ ਦੂਰ-ਦੂਰ ਤੱਕ ਦਾ ਇਲਾਕਾ/ਖੇਤਰ); ਪ੍ਰਕਾਰ (ਕਿਸਮ), ਪ੍ਰਚੰਡ, ਪ੍ਰਬੋਧ, ਪ੍ਰਬੁੱਧ, ਪ੍ਰਤਾਪ, ਪ੍ਰਾਪਤ, ਪ੍ਰਤਿ ਪ੍ਰਤਿਸ਼ਤ, ਪ੍ਰਫੁਲਿਤ, ਪ੍ਰਗਤੀ (ਜਿਸ ਦੀ ਗਤੀ ਦੂਰ-ਦੂਰ ਤੱਕ ਮਹਿਸੂਸ ਕੀਤੀ ਜਾਵੇ), ਪ੍ਰਕਾਸ਼, ਪ੍ਰਧਾਨ, ਪ੍ਰਸ਼ਨ, ਪ੍ਰਨਾਮ, ਪ੍ਰਪੰਚ, ਪ੍ਰਦੂਸ਼ਣ,ਪ੍ਰਸ਼ਾਸਨ, ਪ੍ਰਯੋਗ, ਪ੍ਰਯਤਨ, ਪ੍ਰਵੇਸ਼ ਆਦਿ ਸ਼ਬਦ ਵੀ ਬਣੇ ਹੋਏ ਹਨ ਅਤੇ ਇਨ੍ਹਾਂ ਸਾਰੇ ਸ਼ਬਦਾਂ ਵਿੱਚ ਵੀ ਪ੍ਰ ਅਗੇਤਰ ਦੇ ਅਰਥ ਉਪਰੋਕਤ ਅਨੁਸਾਰ ਹੀ ਹਨ।

ਕ ਪੈਰ ਰਾਰਾ ਕਦੋਂ ਪਾਈਏ?

ਸੰਸਕ੍ਰਿਤ ਦੇ ਕ੍ਰ ( कृ) ਧਾਤੂ ਦੇ ਅਰਥ ਹਨ- ਕਿਸੇ ਕੰਮ ਦਾ ਹੋਣਾ ਜਾਂ ਕੀਤੇ ਜਾਣਾ। ਇਸੇ ਤੋਂ ਹੀ ਕ੍ਰਿਤ (ਕਿਸੇ ਦੁਆਰਾ ਕੀਤੀ ਗਈ ਰਚਨਾ) ਕ੍ਰਿਦੰਤ (ਕੀਤਾ ਜਾ ਚੁੱਕਿਆ ਕੰਮ)/ਭੂਤ ਕ੍ਰਿਦੰਤ, ਕ੍ਰਿਆ (ਪੰਜਾਬੀ ਵਿੱਚ ਕਿਰਿਆ), ਕ੍ਰਿਤਘਣ/ ਅਕ੍ਰਿਤਘਣ (ਜੋ ਕੀਤੇ ਹੋਏ ਨੂੰ ਨਸ਼ਟ ਕਰ ਦੇਣ ਵਾਲ਼ਾ ਹੋਵੇ), ਕ੍ਰਿਤੱਗ (ਜੋ ਕੀਤੇ ਹੋਏ ਨੂੰ ਜਾਣਨ ਵਾਲਾ ਹੋਵੇ), ਕ੍ਰਿਤਾਰਥ (ਮਨੋਰਥ ਨੂੰ ਪ੍ਰਾਪਤ ਕਰ ਲੈਣ ਵਾਲ਼ਾ), ਕ੍ਰਮ (ਲੜੀਬੱਧ ਕੀਤੇ ਜਾਣ ਦੀ ਪ੍ਰਕਿਰਿਆ), ਕਿਰਸਾਣ (ਸੰਸਕ੍ਰਿਤ ਵਿਚ ਕ੍ਰਿਸ਼ਾਣ= ਕ੍ਰਿਸ਼ੀ ਜਾ ਵਾਹੀ-ਜੋਤੀ ਕਰਨ ਵਾਲਾ ਆਦਿ। ਕਿਰਪਾ (ਹਿੰਦੀ= ਕ੍ਰਿਪਾ) ਸ਼ਬਦ ਮੂਲ ਰੂਪ ਵਿੱਚ ਕ੍ਰਿ+ਪਾ ਸ਼ਬਦਾਂ/ਧੁਨੀਆਂ ਤੋ ਬਣਿਆ ਹੈ। ਇਸ ਦੇ ਅਰਥ ਹਨ: ਕਿਸੇ ਦੂਜੇ ਦੀ ਖ਼ਾਤਰ (ਪ ਧੁਨੀ ਦੇ ਅਰਥ) ਕੀਤਾ ਗਿਆ (ਕ੍ਰ ਧਾਤੂ ਦੇ ਅਰਥ) ਕੰਮ।

ਕ੍ਰ ਧਾਤੂ ਦੇ ਇੱਕ ਅਰਥ ਕਰਨਾ ਜਾਂ ਕਿਰਿਆ ਦੇ ਨਾਲ-ਨਾਲ ਖਿੱਚਣਾ, ਵਾਹੁਣਾ, ਚੀਰਨਾ ਆਦਿ ਵੀ ਹਨ। ਇਹੋ ਕਾਰਨ ਹੈ ਕਿ ਕ੍ਰਿਸ਼ੀ ਸ਼ਬਦ ਮੂਲ ਰੂਪ ਵਿੱਚ ਕ੍ਰਿਸ਼ (ਹਲ਼ ਚਲਾਉਣਾ, ਖੇਤੀ ਕਰਨਾ) ਸ਼ਬਦ ਤੋਂ ਬਣਿਆ ਹੋਇਆ ਹੈ। ਇਸੇ ਕਾਰਨ ਪੰਜਾਬੀ ਵਿੱਚ ਵੀ ਖੇਤੀ ਕਰਨ ਵਾਲ਼ੇ ਨੂੰ ਕਿਰਸਾਣ ਆਖਿਆ ਜਾਂਦਾ ਹੈ; ਹਿੰਦੀ ਵਾਂਗ ‘ਕਿਸਾਨ’ ਨਹੀਂ। ਗੁਰੂ ਨਾਨਕ ਦੇਵ ਜੀ ਨੇ ਵੀ ਖੇਤੀ ਕਰਨ ਵਾਲ਼ੇ ਨੂੰ ਕਿਰਸਾਣ ਹੀ ਆਖਿਆ ਹੈ:

ਮਨੁ ਹਾਲੀ ਕਿਰਸਾਣੀ ਕਰਨੀ ਸਰਮੁ ਪਾਣੀ ਤਨੁ ਖੇਤੁ
ਨਾਮੁ ਬੀਜੁ ਸੰਤੋਖ ਸੁਹਾਗਾ ਰਖੁ ਗਰੀਬੀ ਵੇਸੁ॥
(ਸੋਰਠਿ ਮਹਲਾ ੧ ਘਰ ੧)

ਪੰਜਾਬੀ ਦੇ ਪ੍ਰਸਿੱਧ ਕਵੀ ‘ਧਨੀ ਰਾਮ ਚਾਤ੍ਰਿਕ’ ਜੀ ਨੇ ਵੀ ਆਪਣੀ ਇੱਕ ਪ੍ਰਸਿੱਧ ਕਵਿਤਾ ਦੇ ਇੱਕ ਬੰਦ ਵਿੱਚ ‘ਕਿਰਸਾਣ’ ਦੀਅਾਂ ਮੁਸ਼ਕਲਾਂ ਦਾ ਵਰਨਣ ਇਸ ਪ੍ਰਕਾਰ ਕੀਤਾ ਹੈ:
ਪੱਕੀ ਖੇਤੀ ਦੇਖ ਕੇ ਗਰਬ ਕਰੇ ਕਿਰਸਾਣ,
ਗੜਿਓਂ, ਕੁੰਗੀਓਂ, ਅਹਿਣੋਂ; ਘਰ ਆਵੇ ਤਾਂ ਜਾਣੁ।

ਇਸ ਪ੍ਰਕਾਰ ਅਸੀਂ ਦੇਖਦੇ ਹਾਂ ਕਿ ਹਿੰਦੀ ਭਾਸ਼ਾ ਦੀ ਦੇਖੋ-ਦੇਖੀ ਅੱਜ ਹਰ ਪਾਸੇ ਪੰਜਾਬੀ ਵਿੱਚ ਵੀ ‘ਕਿਸਾਨ’ ਸ਼ਬਦ ਹੀ ਪ੍ਰਚਲਿਤ ਹੁੰਦਾ ਜਾ ਰਿਹਾ ਹੈ। ਅੱਜ ਲੋੜ ਹੈ ਕਿ ਹਿੰਦੀ ਦੇ ‘ਕਿਸਾਨ’ ਸ਼ਬਦ ਨੂੰ ਤਿਆਗ ਕੇ ਪੰਜਾਬੀ ਦੇ ਆਪਣੇ ਮੁੱਢ-ਕਦੀਮੀ ਸ਼ਬਦ ਕਿਰਸਾਣ ਨੂੰ ਹੀ ਵਰਤਿਆ ਜਾਵੇ ਜਿਸ ਦੀ ਵਰਤੋਂ ਸਾਡੇ ਸਮਾਜ ਅਤੇ ਭਾਈਚਾਰੇ ਵਿਚ ਸੈਂਕੜੇ ਸਾਲਾਂ ਤੋਂ ਕੀਤੀ ਜਾ ਰਹੀ ਹੈ।

‘ਕਿਰਪਾਨ’ ਸ਼ਬਦ ਵੀ ਸੰਸਕ੍ਰਿਤ ਭਾਸ਼ਾ ਦੇ ਕਿਰਪਾਣ ਸ਼ਬਦ ਤੋਂ ਬਣਿਆ ਹੈ ਜਿਸ ਦੇ ਅਰਥ ਤਲਵਾਰ ਹਨ। ਇਸ ਸ਼ਬਦ ਵਿੱਚ ਕ੍ਰ ਧਾਤੂ ਦੇ ਅਰਥ ਵੀ ਉਪਰੋਕਤ ਅਨੁਸਾਰ ਕਿਸੇ/ਦੂਜੇ ਨੂੰ (ਪ ਧੁਨੀ ਦੇ ਅਰਥ) ਕੱਟਣਾ, ਪਾੜਨਾ ਜਾਂ ਚੀਰਨਾ (ਕ੍ਰ ਧੁਨੀ ਦੇ ਅਰਥ) ਆਦਿ ਹੀ ਹਨ। ‘ਮਹਾਨ ਕੋਸ਼’ ਵਿੱਚ ਕਿਰਪਾਨ ਦੇ ਅਰਥ ਕਿਰਪਾ+ਨ/ਣ ਸ਼ਬਦਾਂ ਤੋਂ ਲਏ ਦੱਸੇ ਗਏ ਹਨ- “ਜੋ ਕਿਰਪਾ ਨੂੰ ਫੈਕ ਦੇਵੇ, ਜਿਸ ਨੂੰ ਚਲਾਉਣ ਵੇਲ਼ੇ ਰਹਿਮ ਨਾ ਆਵੇ।” ਪਰ ਉਪਰੋਕਤ ਨੁਕਤਿਆਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਇਹ ਅਰਥ ਸਹੀ ਨਹੀਂ ਜਾਪਦੇ।

ਇਸੇ ਤਰ੍ਹਾਂ ਦੁੱਤ ਅੱਖਰ ਰ ਜਦੋਂ ਸ਼ ਅੱਖਰ ਦੇ ਪੈਰਾਂ ਵਿੱਚ ਪਾਇਆ ਜਾਂਦਾ ਹੈ ਤਾਂ ਸੰਸਕ੍ਰਿਤ-ਕੋਸ਼ਾਂ ਅਨੁਸਾਰ ਇਸ ਦੇ ਅਰਥ ਹੋ ਜਾਂਦੇ ਹਨ: ਵੱਡਾ, ਉੱਤਮ, ਮਹਾਨ; ਚਮਕ, ਸੋਭਾ ਆਦਿ, ਜਿਵੇਂ: ਸ੍ਰੀ (ਸ਼੍ਰੀ), ਸ੍ਰੇਸ਼ਟ (ਸ਼੍ਰੇਸ਼ਠ=ਹਿੰਦੀ/ਸੰਸਕ੍ਰਿਤ), ਸ਼੍ਰੀਮਾਨ (ਸ੍ਰੀਮਾਨ=ਪੰਜਾਬੀ), ਸ਼੍ਰੀਮਤੀ (ਸ੍ਰੀਮਤੀ=ਪੰਜਾਬੀ), ਸ਼੍ਰੇਯ (ਹਿੰਦੀ/ਸੰਸਕ੍ਰਿਤ)= ਵਧੀਆ, ਉੱਤਮ, ਚੰਗਾ, ਜਸ ਦੇਣ ਵਾਲਾ। ਇਹਨਾਂ ਤੋਂ ਬਿਨਾਂ ‘ਸ਼ਿਰੋਮਣੀ’ ਸ਼ਬਦ ਦੇ ਅਰਥ ਵੀ ਲਗ-ਪਗ ਉਪਰੋਕਤ ਅਰਥਾਂ ਦੇ ਧਾਰਨੀ ਹੀ ਹਨ: ਸਭ ਤੋਂ ਉੱਪਰਲਾ, ਮਹਾਨ, ਸਭ ਤੋਂ ਵੱਡਾ ਆਦਿ।

ਪੰਜਾਬੀ ਦੇ ਪ੍ਰਸਿੱਧ ਨਿਰੁਕਤਕਾਰ ਸ੍ਰੀ ਜੀ ਐੱਸ ਰਿਆਲ ਜੀ ਅਨੁਸਾਰ ਸਿਰਜਣਾ (सृजन) ਸ਼ਬਦ ਸੰਸਕ੍ਰਿਤ ਦੇ ਸ਼ਬਦ ਸਿਰਜ ( सृज) ਧਾਤੂ ਤੋਂ ਬਣਿਆ ਹੋਇਆ ਹੈ ਜਿਸ ਦੇ ਅਰਥ ਹਨ- ਕਰਤਾਰ ਦੀ ਰਚਨਾ, ਕੁਦਰਤੀ ਪ੍ਰਵਿਰਤੀ। ਉਹਨਾਂ ਅਨੁਸਾਰ ‘ਸ੍ਰਿਸ਼ਟੀ’ ਸ਼ਬਦ ਵੀ ਇਸੇ ਸਿਰਜ ਧਾਤੂ ਤੋਂ ਹੀ ਬਣਿਆ ਹੋਇਆ ਹੈ। ਗੁਰਬਾਣੀ ਵਿੱਚ ਹੇਠ ਲਿਖਿਆ ‘ਸਿਰਿਆ’ ਸ਼ਬਦ ਵੀ ਸਿਰਜ ਧਾਤੂ ਤੋਂ ਹੀ ਬਣਿਆ ਹੋਇਆ ਹੈ ਜਿਸ ਦੇ ਅਰਥ ਹਨ: ਸਿਰਜਿਆ ਗਿਆ/ ਰਚਿਆ ਗਿਆ:
ਧੰਨੁ ਧੰਨੁ ਰਾਮਦਾਸ ਗੁਰੁ
ਜਿਨਿ ਸਿਰਿਆ ਤਿਨੈ ਸਵਾਰਿਆ॥
(ਰਾਮਕਲੀ ਬਲਵੰਡਿ ਤੇ ਸਤਾ)

ਜਿਵੇਂਕਿ ਉੱਪਰ ਦੱਸਿਆ ਗਿਆ ਹੈ ਕਿ ਪੰਜਾਬੀ ਵਿੱਚ ਦੁੱਤ ਅੱਖਰਾਂ ਦੀ ਵਰਤੋਂ ਮੂਲ ਰੂਪ ਵਿੱਚ ਸੰਸਕ੍ਰਿਤ ਭਾਸ਼ਾ ਦੇ ਪਿਛੋਕੜ ਵਾਲ਼ੇ ਸ਼ਬਦਾਂ ਵਿੱਚ ਹੀ ਕੀਤੀ ਜਾਂਦੀ ਹੈ, ਅਰਬੀ/ਫ਼ਾਰਸੀ ਭਾਸ਼ਾਵਾਂ ਦੇ ਮੂਲ ਵਾਲ਼ੇ ਸ਼ਬਦਾਂ ਵਿੱਚ ਨਹੀਂ। ਪਰ ਕੁਝ ਲੋਕ ਕਰੋਡ਼, ਪਰਹੇਜ਼, ਗਰਿਫ਼ਤਾਰ, ਖ਼ਰੀਦ ਆਦਿ ਸ਼ਬਦ ਜੋਕਿ ਫ਼ਾਰਸੀ ਮੂਲ ਦੇ ਹਨ, ਨੂੰ ਵੀ ਕ੍ਰੋੜ, ਪ੍ਰਹੇਜ਼, ਗ੍ਰਿਫ਼ਤਾਰ ਖ਼੍ਰੀਦ ਅਰਥਾਤ ਕ/ਪ/ਗ/ਖ਼ ਆਦਿ ਅੱਖਰਾਂ ਦੇ ਪੈਰਾਂ ਵਿੱਚ ਰ ਪਾ ਕੇ ਹੀ ਲਿਖਦੇ ਹਨ ਜੋਕਿ ਵਿਆਕਰਨਿਕ ਤੌਰ ‘ਤੇ ਪੂਰੀ ਤਰ੍ਹਾਂ ਗ਼ਲਤ ਹੈ। ਇਸੇ ਤਰ੍ਹਾਂ ਪਰਮਾਤਮਾ ਸ਼ਬਦ ਜੋ ਕਿ ਪਰਮ+ਆਤਮਾ ਸ਼ਬਦਾਂ ਦੇ ਮੇਲ ਤੋਂ ਬਣਿਆ ਹੋਇਆ ਹੈ, ਨੂੰ ਵੀ ਬਿਨਾਂ ਇਸ ਗੱਲ ਦਾ ਖਿਆਲ ਕੀਤਿਆਂ ‘ਪ੍ਰਮਾਤਮਾ’ ਹੀ ਲਿਖ ਦਿੰਦੇ ਹਨ ਜਦਕਿ ਇਹ ਸ਼ਬਦ ਪੂਰੇ ਰਾਰੇ ਨਾਲ ਹੀ ਲਿਖਿਆ ਜਾਣਾ ਹੈ।

ਪੰਜਾਬੀ ਦਾ ਕੇਂਦਰਿਤ ਸ਼ਬਦ ਜੋ ਕਿ ਕੇਂਦਰ ਤੋਂ ਬਣਿਆ ਹੈ ਨੂੰ ਵੀ ਕਈ ਲੋਕ ਇਸ ਸ਼ਬਦ ਦੇ ਹਿੰਦੀ ਸ਼ਬਦ-ਜੋੜਾਂ ਅਨੁਸਾਰ ‘ਕੇਂਦ੍ਰਿਤ’ ਹੀ ਲਿਖ ਦਿੰਦੇ ਹਨ ਜੋਕਿ ਸਹੀ ਨਹੀਂ ਹੈ। ਪਰੰਤੂ ਸ਼ਬਦ ਪਰ ਸ਼ਬਦ ਤੋਂ ਬਣਿਆ ਹੈ ਇਸ ਲਈ ਇਸ ਨੂੰ ਵੀ ਪੂਰੇ ਰਾਰੇ ਨਾਲ ਹੀ ਲਿਖਿਆ ਜਾਣਾ ਹੈ। ਇਸੇ ਤਰ੍ਹਾਂ ‘ਪ੍ਰੀਖਿਆ’ ਸ਼ਬਦ ਪਰਿ+ਈਖਿਆ (ਹਿੰਦੀ/ ਸੰਸਕ੍ਰਿਤ ਵਿੱਚ ਪਰੀਕਸ਼ਾ: परीक्षा= परि+ईक्षा) ਸ਼ਬਦਾਂ ਤੋਂ ਬਣਿਆ ਹੋਇਆ ਹੈ ਇਸ ਲਈ ਇਸ ਨੂੰ ‘ਪ੍ਰੀਖਿਆ’ ਲਿਖਣਾ ਉੱਕਾ ਹੀ ਗ਼ਲਤ ਹੈ। ਸੰਸਕ੍ਰਿਤ ਦਾ ਈਕਸ਼ਾ ਸ਼ਬਦ ਅਕਸ਼ਿ/ अक्षि (ਅੱਖ) ਸ਼ਬਦ ਤੋਂ ਬਣਿਆ ਹੋਇਆ ਹੈ ਤੇ ਪੰਜਾਬੀ ਦਾ ਈਖਿਆ ਵੀ ਅੱਖ ਤੋਂ। ਅੱਖ ਜਾਂ ਅਕਸ਼ੀ ਸ਼ਬਦਾਂ ਦਾ ਇਨ੍ਹਾਂ ਸ਼ਬਦਾਂ ਵਿੱਚ ਭਾਵ ਹੈ- ਨਜ਼ਰੀਆ ਜਾਂ ਦ੍ਰਿਸ਼ਟੀਕੋਣ। ਸੋ ਕਿਸੇ ਵਿਸ਼ੇ ਬਾਰੇ ਕਿਸੇ ਦੇ ਨਜ਼ਰੀਏ ਜਾਂ ਦ੍ਰਿਸ਼ਟੀਕੋਣ ਨੂੰ ਹਰ ਪੱਖੋਂ (ਪਰਿ ਅਗੇਤਰ ਦੇ ਅਰਥ) ਜਾਣਨ ਦੀ ਪ੍ਰਕਿਰਿਆ ਨੂੰ ਪਰੀਖਿਆ ਜਾਂ ਪਰੀਕਸ਼ਾ ਆਖ ਦਿੱਤਾ ਜਾਂਦਾ ਹੈ।

ਅੰਗਰੇਜ਼ੀ ਭਾਸ਼ਾ ਵਿੱਚ ਵੀ ਭਾਵੇਂ ਦੁੱਤ ਅੱਖਰਾਂ ਦੀ ਵਰਤੋਂ ਨਹੀਂ ਕੀਤੀ ਪਰ ਇਸ ਭਾਸ਼ਾ ਦੇ ਕੁਝ ਸ਼ਬਦ ਜਦੋਂ ਅਸੀਂ ਤਤਸਮ ਜਾਂ ਮੂਲ ਰੂਪ ਵਿੱਚ ਉਹਨਾਂ ਦੇ ਅੰਗਰੇਜ਼ੀ ਭਾਸ਼ਾ ਦੇ ਲਹਿਜੇ ਅਨੁਸਾਰ ਹੀ ਲਿਖਦੇ ਹਾਂ ਤਾਂ ਕੁਝ ਸ਼ਬਦਾਂ ਦੇ ਪੈਰਾਂ ਵਿੱਚ ਰ ਅੱਖਰ ਦੀ ਵਰਤੋਂ ਕੀਤੀ ਜਾਂਦੀ ਹੈ। ਵਿਸ਼ੇਸ਼ ਤੌਰ ‘ਤੇ ਉਦੋਂ ਜਦੋਂ ਰ (ਅੰਗਰੇਜ਼ੀ ਦੇ ਆਰ ਅੱਖਰ) ਤੋਂ ਪਹਿਲਾ ਅੱਖਰ ਵੀ ਵਿਅੰਜਨ ਅੱਖਰ ਹੋਵੇ ਜਾਂ ਇਹ ਕਹਿ ਲਓ ਕਿ ਜਦੋਂ ਆਰ ਤੋਂ ਪਹਿਲੇ ਅੱਖਰ ਅਤੇ ਆਰ ਦੇ ਦਰਮਿਆਨ ਕੋਈ ਸ੍ਵਰ ਅੱਖਰ ਨਾ ਹੋਵੇ ਤਾਂ ਆਮ ਤੌਰ ‘ਤੇ ਪੰਜਾਬੀ ਵਿੱਚ ਰਾਰਾ ਆਪ ਤੋਂ ਪਹਿਲੇ ਅੱਖਰ ਦੇ ਪੈਰਾਂ ਵਿੱਚ ਹੀ ਪਵੇਗਾ, ਜਿਵੇਂ: ਡ੍ਰਾੲੀਵਰ (driver), ਬ੍ਰੇਕ (brake) ਬ੍ਰੈੱਡ (bread), ਟ੍ਰੇਅ, ਟ੍ਰੇਡ, ਟ੍ਰੱਕ, ਟ੍ਰੰਕ, ਟ੍ਰੈੱਕਟਰ, ਟ੍ਰੈਫ਼ਿਕ, ਕੰਟ੍ਰੋਲ,ਪ੍ਰੋਗ੍ਰਾਮ, ਪ੍ਰੈੱਸ, ਪ੍ਰਾਬਲਮ ਪ੍ਰਾਪੇਗੰਡਾ ਪ੍ਰੋਫ਼ੈਸਰ ਪ੍ਰਿੰਸੀਪਲ ਪ੍ਰੈਕਟੀਕਲ ਪ੍ਰੈਕਟਿਸ ਪ੍ਰੋਟੀਨ ਪ੍ਰੋਟੈੱਸਟ, ਪ੍ਰਿੰਸ, ਪ੍ਰਿਜ਼ਮ, ਫ਼੍ਰਾਂਸ, ਫ਼੍ਰੈਂਚ,ਕ੍ਰੀਮ, ਕ੍ਰਿਸਮਿਸ, ਕ੍ਰੈਕਟਰ, ਲਾਇਬ੍ਰੇਰੀ, ਆਸਟ੍ਰੇਲੀਆ ਆਦਿ।

ਇਸ ਤਰ੍ਹਾਂ ਜਦੋਂ ਅੰਗਰੇਜ਼ੀ ਦੇ ਕਿਸੇ ਹੋਰ ਵਿਅੰਜਨ ਅੱਖਰ ਅਤੇ ਆਰ ਵਿਚਕਾਰ ਕੋਈ ਸ੍ਵਰ ਅੱਖਰ (ਏ ਈ ਆਈ ਓ ਯੂ) ਆ ਜਾਵੇ ਤਾਂ ਪੈਰ ਵਿੱਚ ਰਾਰਾ ਬਿਲਕੁਲ ਨਹੀਂ ਪੈਣਾ, ਜਿਵੇਂ: ਜਰਮਨੀ (Germany), ਅਮਰੀਕਾ (America), ਜਰਸੀ (Jersey), ਸਰਜਨ (surgeon), ਪਰਸ਼ੀਅਨ (Persian) ਆਦਿ। ਅਪ੍ਰੈਲ (April) ਮਹੀਨੇ ਦੇ ਅੰਗਰੇਜ਼ੀ ਦੇ ਸ਼ਬਦ-ਜੋੜਾਂ ਵਿੱਚ ਭਾਵੇਂ ਪੀ ਤੇ ਆਰ ਇਕੱਠੇ ਆਏ ਹਨ ਪਰ ਇਸ ਦੇ ਪੰਜਾਬੀ ਸ਼ਬਦ ਜੋੜਾਂ ਵਿੱਚ ਅਵਾਜ਼ ਕਿਉਂਕਿ ਵਧੇਰੇ ਤੇਜ਼ੀ ਨਾਲ਼ ਨਹੀਂ ਆ ਰਹੀ ਇਸ ਲਈ ਇਸ ਵਿੱਚ ਰਾਰਾ ਅੱਖਰ ਪੂਰਾ ਹੀ ਪਵੇਗਾ।

ਇਸੇ ਤਰ੍ਹਾਂ ਕੁਝ ਹੋਰ ਸ਼ਬਦਾਂ, ਜਿਵੇਂ: ਫ਼ਰਾਕ, ਪਟਰੋਲ ਆਦਿ ਵਿੱਚ ਵੀ ਇਹਨਾਂ ਸ਼ਬਦਾਂ ਦੇ ਉਚਾਰਨ ਅਨੁਸਾਰ ਪੈਰਾਂ ਵਿੱਚ ਰਾਰੇ ਦੀ ਥਾਂ ਪੂਰਾ ਰਾਰਾ ਹੀ ਪਵੇਗਾ। ਇਸ ਤੋਂ ਬਿਨਾਂ ਕੁਝ ਲੋਕ ਅੰਗਰੇਜ਼ੀ ਨੂੰ ਅੰਗ੍ਰੇਜ਼ੀ ਅਤੇ ਅੰਗਰੇਜ਼ ਨੂੰ ਅੰਗ੍ਰੇਜ਼ ਲਿਖਦੇ ਹਨ ਜੋਕਿ ਸਰਾਸਰ ਗ਼ਲਤ ਹੈ। ਇਸੇ ਤਰ੍ਹਾਂ ਕੁਝ ਲੋਕ ਪ੍ਰਵਾਹ (ਵਹਿਣ/ਪ੍ਰੰਪਰਾ) ਅਤੇ ਪਰਵਾਹ ( پروا = ਫ਼ਾਰਸੀ ਮੂਲ ਦਾ ਸ਼ਬਦ ਜਿਸ ਦੇ ਅਰਥ ਹਨ: ਫ਼ਿਕਰ,ਚਿੰਤਾ ਆਦਿ) ਸ਼ਬਦਾਂ ਨੂੰ ਵੀ ਰਲ਼ਗੱਡ ਕਰ ਦਿੰਦੇ ਹਨ ਜੋਕਿ ਚਿੰਤਾ ਦਾ ਵਿਸ਼ਾ ਹੈ। ਪੰਜਾਬੀ ਸ਼ਬਦ-ਜੋੜਾਂ ਵਿੱਚ ਇਕਸਾਰਤਾ ਲਿਆਉਣ ਲਈ ਸਾਨੂੰ ਅਜਿਹੀਆਂ ਕੁਤਾਹੀਆਂ ਤੋਂ ਬਚਣ ਦੀ ਸਖ਼ਤ ਲੋੜ ਹੈ।

ਜਸਵੀਰ ਸਿੰਘ ਪਾਬਲਾ 
ਲੰਗੜੋਆ, ਨਵਾਂਸ਼ਹਿਰ।
9888403052.

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਿਛੋੜੇ ਦੀਆਂ ਘੜੀਆਂ
Next articleਗ਼ਜ਼ਲ