(ਸਮਾਜ ਵੀਕਲੀ)
ਪੰਜਾਬੀ ਦੇ ਤਿੱਨ ਸਜਾਤੀ ਅਗੇਤਰਾਂ: ਪਰ,ਪਰਿ ਅਤੇ ਪ੍ਰ ਨਾਲ਼ ਬਣੇ ਕੁਝ ਸ਼ਬਦ:
“””””””””
ਸੰਸਕ੍ਰਿਤ ਮੂਲ ਦੇ ਤਿੰਨ ਅਗੇਤਰਾਂ: ਪਰ, ਪਰਿ ਅਤੇ ਪ੍ਰ ਨਾਲ਼ ਪੰਜਾਬੀ ਭਾਸ਼ਾ ਦੇ ਅਨੇਕਾਂ ਸ਼ਬਦ ਬਣੇ ਹੋਏ ਹਨ। ਇਹਨਾਂ ਅਗੇਤਰਾਂ ਦੀ ਆਪਸ ਵਿੱਚ ਵਿੱਚ ਇੱਕ ਗੱਲ ਸਾਂਝੀ ਹੈ ਕਿ ਪ ਅਤੇ ਰ ਅੱਖਰ ਤਿੰਨਾਂ ਹੀ ਅਗੇਤਰਾਂ ਵਿੱਚ ਸ਼ਾਮਲ ਹਨ। ਇਹਨਾਂ ਅਗੇਤਰਾਂ ਦੀ ਇਸੇ ਸਾਂਝ ਕਾਰਨ ਹੀ ਇਹਨਾਂ ਨੂੰ ਸਜਾਤੀ ਅਗੇਤਰ ਵੀ ਆਖਿਆ ਜਾ ਸਕਦਾ ਹੈ। ਕੁਝ ਲੋਕ ਲਿਖਣ ਸਮੇਂ ਅਕਸਰ ਇਹਨਾਂ ਅਗੇਤਰਾਂ ਬਾਰੇ ਭੁਲੇਖੇ ਵਿੱਚ ਪੈ ਜਾਂਦੇ ਹਨ ਕਿ ਸੰਬੰਧਿਤ ਸ਼ਬਦ ਵਿੱਚ ਇਹਨਾਂ ਵਿੱਚੋਂ ਕਿਹੜਾ ਅਗੇਤਰ ਇਸਤੇਮਾਲ ਕੀਤੇ ਜਾਣਾ ਹੈ। ਇਸੇ ਭੁਲੇਖੇ ਕਾਰਨ ਕਈ ਲੋਕ ਪਰਿਭਾਸ਼ਾ ਨੂੰ ਪ੍ਰੀਭਾਸ਼ਾ, ਪ੍ਰਚਲਿਤ ਨੂੰ ਪਰਚਲਿਤ ਅਤੇ ਪਰੀਖਿਆ ਨੂੰ ਪ੍ਰੀਖਿਆ ਆਦਿ ਲਿਖ ਦਿੰਦੇ ਹਨ।
ਪਰ ਜੇਕਰ ਸਾਨੂੰ ਇਹਨਾਂ ਤਿੰਨਾਂ ਹੀ ਅਗੇਤਰਾਂ ਦੇ ਅਰਥ ਪਤਾ ਹੋਣਗੇ ਤੇ ਇਹਨਾਂ ਦੀ ਸ਼ਬਦ-ਵਿਉਤਪਤੀ ਸੰਬੰਧੀ ਪਤਾ ਹੋਵੇਗਾ ਤਾਂ ਅਸੀਂ ਇਹਨਾਂ ਅਗੇਤਰਾਂ ਦੀ ਵਰਤੋਂ ਕਰਨ ਸਮੇਂ ਹਮੇਸ਼ਾਂ ਢੁਕਵੇਂ ਅਗੇਤਰ ਦੀ ਹੀ ਵਰਤੋਂ ਕਰਾਂਗੇ, ਗ਼ਲਤ ਜਾਂ ਗ਼ੈਰਪ੍ਰਸੰਗਿਕ ਅਗੇਤਰ ਦੀ ਨਹੀਂ। ਸੋ, ਇਸ ਤੋਂ ਪਹਿਲਾਂ ਕਿ ਇਹਨਾਂ ਅਗੇਤਰਾਂ ਤੋਂ ਬਣਨ ਵਾਲੇ ਸ਼ਬਦਾਂ ਬਾਰੇ ਚਰਚਾ ਕੀਤੀ ਜਾਵੇ, ਸਾਡੇ ਲਈ ਇਹ ਜਾਣਨਾ ਅਤਿ ਜ਼ਰੂਰੀ ਹੈ ਕਿ ਇਹਨਾਂ ਅਗੇਤਰਾਂ ਦੇ ਅਰਥ ਕੀ ਹਨ, ਇਹਨਾਂ ਦੀ ਵਿਉਤਪਤੀ ਕਿਵੇਂ ਹੋਈ ਹੈ ਤੇ ਇਹਨਾਂ ਦੀ ਵਰਤੋਂ ਕਿਵੇਂ ਕਰਨੀ ਹੈ?
ਉਪਰੋਕਤ ਅਗੇਤਰਾਂ ਵਿੱਚੋਂ ਪਹਿਲਾ ਅਗੇਤਰ ਹੈ- ਪਰ। ਇਸ ਦੇ ਅਰਥ ਹਨ ਦੂਜਾ, ਬੇਗਾਨਾ ਜਾਂ ਪਰਾਇਆ ਆਦਿ। ਇਸ ਅਗੇਤਰ ਤੋਂ ਬਣਨ ਵਾਲ਼ੇ ਕੁਝ ਸ਼ਬਦ ਹਨ: ਪਰਦੇਸ (ਦੂਜਾ ਦੇਸ), ਪਰਦੇਸੀ, ਪਰਵਾਸ (ਦੂਜੀ ਥਾਂ ‘ਤੇ ਰਹਿਣਾ) ਪਰਉਪਕਾਰ (ਦੂਜੇ ਦਾ ਭਲਾ ਕਰਨਾ), ਪਰਲੋਕ (ਦੂਜਾ ਜਾਂ ਅਗਲਾ ਜਹਾਨ), ਪਰਾਧੀਨ (ਪਰ+ਅਧੀਨ= ਕਿਸੇ ਦੂਜੇ ਦੇ ਅਧੀਨ ਹੋਣਾ, ਪਰਲਾ (ਪਰ+ਲਾ)= ਦੂਜੇ ਪਾਸੇ ਦਾ, ਉਰਲੇ ਦਾ ਉਲਟ; ਪਰਨਾਰੀ, ਪਰਜੀਵੀ, ਪਰਵੱਸ, ਪਰਤੰਤਰ ਆਦਿ।
ਉਂਞ ਇੱਕ ‘ਪਰ’ ਸ਼ਬਦ ‘ਪਰੰਤੂ’ ਤੋਂ ਵੀ ਬਣਿਆ ਹੈ ਜਿਸ ਦੇ ਅਰਥ ਹਨ- ਲੇਕਿਨ। ਜੇਕਰ ਧੁਨੀਆਂ ਦੇ ਅਰਥਾਂ ਪੱਖੋਂ ਦੇਖਿਆ ਜਾਵੇ ਤਾਂ ਇੱਥੇ ਵੀ ਪਰ ਜਾਂ ਪ੍ਰੰਤੂ ਸ਼ਬਦ ਦੇ ਅਰਥ ਲਗ-ਪਗ ਉਪਰੋਕਤ ਅਗੇਤਰ ‘ਪਰ’ ਵਾਲ਼ੇ ਹੀ ਹਨ ਅਰਥਾਤ ‘ਦੂਜੀ ਗੱਲ’ ਜਾਂ ‘ਦੂਜੇ ਸਿਰੇ ਵਾਲ਼ੀ ਗੱਲ’, ਜਿਵੇਂ:
“ਉਹ ਕੰਮ ਤੇ ਗਿਆ ‘ਪਰ’ ਛੇਤੀ ਹੀ ਘਰ ਮੁੜ ਆਇਆ।”
ਇਸ ਵਾਕ ਵਿੱਚ ਦੋ ਸਮਾਨ ਜਾਂ ਸਧਾਰਨ ਵਾਕਾਂ ਦੀ ਵਰਤੋਂ ਕੀਤੀ ਗਈ ਹੈ ਤੇ ਇਹਨਾਂ ਦੋਂਹਾਂ ਵਾਕਾਂ ਨੂੰ ‘ਪਰ’ ਯੋਜਕ ਦੀ ਸਹਾਇਤਾ ਨਾਲ਼ ਜੋਡ਼ਿਆ ਗਿਆ ਹੈ। ਇਸ ਵਾਕ ਵਿੱਚ ਪਹਿਲੀ ਗੱਲ ਜਾਂ ਪਹਿਲਾਂ ਵਾਕ ਹੈ, “ਉਹ ਕੰਮ ‘ਤੇ ਗਿਆ” ਅਤੇ ਅਤੇ ਦੂਜੀ ਗੱਲ ਜਾਂ ਦੂਜਾ ਵਾਕ ਹੈ- “ਉਹ ਛੇਤੀ ਹੀ ਘਰ ਮੁੜ ਆਇਆ।” ਇਸ ਪ੍ਰਕਾਰ ਇੱਥੇ “ਦੂਜੀ ਗੱਲ” ਕਹਿਣ ਦੀ ਬਜਾਏ ਕੇਵਲ ਇੱਕ ਸ਼ਬਦ ‘ਪਰ’ ਤੋਂ ਹੀ ਕੰਮ ਲੈ ਲਿਆ ਗਿਆ ਹੈ।
ਤੀਜਾ ‘ਪਰ’ ਸ਼ਬਦ ਫ਼ਾਰਸੀ ਭਾਸ਼ਾ ਦਾ ਹੈ ਜਿਸ ਦੇ ਅਰਥ ਹਨ- ਪੰਛੀ ਦੇ ਖੰਭ। ਇਹਨਾਂ ਤੋਂ ਬਿਨਾਂ ਇੱਕ ਹੋਰ ‘ਪਰ’ ਸ਼ਬਦ ਵੀ ਹੈ ਜੋਕਿ ਬੋਲ-ਚਾਲ ਦੀ ਭਾਸ਼ਾ ਵਿੱਚ “ਉੱਪਰ” ਦੀ ਥਾਂਵੇਂ ਵਰਤਿਆ ਜਾਂਦਾ ਹੈ, ਜਿਵੇਂ:
ਕਿਤਾਬ ਮੇਜ਼ ‘ਪਰ’ ਰੱਖ ਦਿਓ।
‘ਪਰ’ ਤੋਂ ਬਾਅਦ ਦੂਜਾ ਸਜਾਤੀ ਅਗੇਤਰ ਹੈ- ਪਰਿ।
ਇਸ ਅਗੇਤਰ ਦੇ ਅਰਥ ਹਨ- ਕਿਸੇ ਚੀਜ਼ ਦੇ ਆਲ਼ੇ-ਦੁਆਲ਼ੇ। ਦਰਅਸਲ ਇਸ ਵਿੱਚ ਲੱਗੀ ਸਿਹਾਰੀ ਦੇ ਅਰਥ ਹੀ ਇਸ ਸ਼ਬਦ ਦੇ ਅਰਥਾਂ ਨੂੰ ਨਿਰਧਾਰਿਤ ਤੇ ਸੀਮਿਤ ਕਰ ਰਹੇ ਹਨ ਤੇ ‘ਪਰ’ ਅਗੇਤਰ ਦੇ ਅਰਥਾਂ ਨਾਲ਼ੋਂ ਨਿਖੇੜ ਰਹੇ ਹਨ। ‘ਪਰ’ ਸ਼ਬਦ ਵਿਚਲੀ ਸਿਹਾਰੀ ਦੇ ਅਰਥ ਹਨ- ਆਲ਼ੇ- ਦੁਆਲ਼ੇ। ਇਸ ਪ੍ਰਕਾਰ ਪਰਿ (ਪਰ+ਸਿਹਾਰੀ) ਸ਼ਬਦ ਜਾਂ ਅਗੇਤਰ ਦੇ ਅਰਥ ਹੋਏ- ਕਿਸੇ ਚੀਜ਼ ਦੇ ਦੂਜੀ ਥਾਂਵੇਂ (ਸੰਬੰਧਿਤ ਚੀਜ਼ ਤੋਂ ਰਤਾ ਹਟ ਕੇ) ਅਰਥਾਤ ਉਸ ਦੇ ਆਲ਼ੇ-ਦੁਆਲ਼ੇ ਤੱਕ ਸੀਮਿਤ ਰਹਿਣਾ ਜਾਂ ਘੁੰਮਣਾ। ਉਦਾਹਰਨ ਵਜੋਂ ਪਰਿਕਰਮਾ (ਪਰਿ+ਕਰਮ/ ਕਦਮ) ਸ਼ਬਦ ਦਾ ਅਰਥ ਹੈ- ਆਪਣੇ ਇਸ਼ਟ ਦੇ ਆਲ਼ੇ-ਦੁਆਲ਼ੇ ਕਦਮ ਪੁੱਟਣੇ ਜਾਂ ਪਰਿਕਰਮਾ ਕਰਨੀ।
ਇਸੇ ਤਰ੍ਹਾਂ ਪਰਿਵਹਿਨ (ਹਿੰਦੀ= ਕਿਸੇ ਵਿਸ਼ੇਸ਼ ਸਥਾਨ ਦੇ ਆਲ਼ੇ-ਦੁਆਲ਼ੇ ਜਾਂ ਨੇੜੇ-ਤੇੜੇ ਘੁੰਮਣ ਜਾਂ ਚੱਲਣ ਵਾਲ਼ਾ ਵਾਹਨ ਜਾਂ ਗੱਡੀ, ਜਿਵੇਂ: ‘ਹਿਮਾਚਲ ਰਾਜਯ ਪਰਿਵਹਨ ਨਿਗਮ’ ਅਤੇ ‘ਹਰਿਆਣਾ ਰਾਜਯ ਪਰਿਵਹਨ ਨਿਗਮ’ ਆਦਿ); ਪਰਿਭਾਸ਼ਾ= ਜਿਸ ਨੂੰ ਹਰ ਪੱਖੋਂ ਭਾਸ਼ਾ ਵਿੱਚ ਬੰਨ੍ਹਿਆ ਗਿਆ ਹੋਵੇ ਭਾਵ ਜਿਸ ਦੀ ਚੰਗੀ ਤਰ੍ਹਾਂ ਨਿਸ਼ਾਨਦੇਹੀ ਕੀਤੀ ਗਈ ਹੋਵੇ, ਲੱਛਣ ਜਾਂ ਜਾਣ-ਪਛਾਣ ਆਦਿ; ਇਸੇ ਤਰ੍ਹਾਂ ਪਰਿਵਰਤਨ (ਪਰਿ+ਵ੍ਰਿਤ+ਨ)= ਆਲ਼ਾ-ਦੁਆਲ਼ਾ ਬਦਲ ਜਾਣਾ ਜਾਂ ਤਬਦੀਲੀ ਆਉਣੀ, ਪਰਿਪੂਰਨ (ਪਰਿ+ਪੂਰਨ= ਜੋ ਆਲ਼ੇ-ਦੁਆਲ਼ਿਓਂ ਜਾਂ ਹਰ ਪੱਖੋਂ ਪੂਰਨ ਹੋਵੇ), ਪਰਿਤਿਆਗ (ਪਰਿ+ਤਿਆਗ)= ਆਪਣੇ ਆਲ਼ੇ-ਦੁਆਲ਼ੇ ਨਾਲ਼ ਸੰਬੰਧਤ ਹਰ ਚੀਜ਼ ਛੱਡ ਦੇਣੀ/ਤਿਆਗ ਦੇਣੀ; ਪਰਿਵਾਰ= ਚੰਨ ਦੇ ਦੁਆਲ਼ੇ ਪਿਆ ਘੇਰਾ; ਪਰਿਵਾਰ (ਟੱਬਰ, ਕੁਟੰਬ)= ਵਰ ਦੇ ਦੁਆਲ਼ੇ ਅਰਥਾਤ ਨਾਲ਼ ਰਹਿਣ ਵਾਲ਼ੇ ਜੀਅ); ਪਰਿਸਥਿਤੀ (ਪਰਿ+ਸਥਿਤੀ= ਆਲ਼ੇ-ਦੁਆਲ਼ੇ ਦੇ ਹਾਲਾਤ), ਪਰਿਨਾਮ (ਨਤੀਜਾ), ਪਰਿਮਾਣ (ਮਾਤਰਾ), ਪਰੀਖਿਆ (ਇਮਤਿਹਾਨ, ਪਰਖ, ਜਾਂਚ-ਪਡ਼ਤਾਲ ਆਦਿ), ਪਰੀਖਿਅਕ= ਪਰੀਖਿਆ ਲੈਣ ਵਾਲ਼ਾ, ਪਰੀਖਿਆਰਥੀ; ਪਰਿਪਾਟੀ (ਰੀਤ, ਦਸਤੂਰ, ਚਾਲ, ਪਰੰਪਰਾ, ਸਿਲਸਿਲਾ), ਪਰਿਜਨ (ਹਿੰਦੀ= ਪਰਿ+ਜਨ= ਆਲ਼ੇ- ਦੁਆਲ਼ੇ ਅਰਥਾਤ ਪਰਿਵਾਰ ਜਾਂ ਪਰਿਵਾਰ ਨਾਲ਼ ਸੰਬੰਧਿਤ ਲੋਕ/ਰਿਸ਼ਤੇਦਾਰ ਆਦਿ), ਪਰੀਦ੍ਰਿਸ਼ਯ (ਹਿੰਦੀ= ਆਲੇ-ਦੁਆਲ਼ੇ ਦਾ ਦ੍ਰਿਸ਼), ਪਰਿਪੱਕ (ਜੋ ਆਲ਼ੇ-ਦੁਆਲ਼ਿਓਂ ਅਰਥਾਤ ਹਰ ਪੱਖੋਂ ਪੱਕਿਆ ਹੋਇਆ ਜਾਂ ਆਪਣੇ ਕੰਮ ਵਿੱਚ ਮਾਹਰ ਹੋਵੇ) ਆਦਿ।
ਉਪਰੋਕਤ ਉਦਾਹਰਨਾਂ ਵਿੱਚੋਂ ‘ਪਰੀਖਿਆ’ ਇੱਕ ਅਜਿਹਾ ਸ਼ਬਦ ਹੈ ਜਿਸ ਨੂੰ ਬਹੁਤੇ ਲੋਕ ਅਕਸਰ ‘ਪ੍ਰੀਖਿਆ’ ਹੀ ਲਿਖ ਦਿੰਦੇ ਹਨ ਜਦਕਿ ਅਜਿਹਾ ਲਿਖਣਾ ਉੱਕਾ ਹੀ ਗ਼ਲਤ ਹੈ। ਦਰਅਸਲ ਇਹ ਸ਼ਬਦ ਸੰਸਕ੍ਰਿਤ ਮੂਲ ਦਾ ਹੈ ਜੋਕਿ ਸੰਸਕ੍ਰਿਤ-ਕੋਸ਼ਾਂ ਅਨੁਸਾਰ ਪਰਿ+ਈਕਸ਼ਾ (ਪਰੀਕਸ਼ਾ) ਸ਼ਬਦਾਂ ਤੋਂ ਬਣਿਆ ਹੈ। ਪੰਜਾਬੀ ਵਿਚ ਅਾ ਕੇ ‘ਈਕਸ਼ਾ’ ਸ਼ਬਦ ‘ਈਖਿਆ’ ਵਿੱਚ ਬਦਲ ਜਾਂਦਾ ਹੈ। ਇਹਨਾਂ ਵਿੱਚੋਂ ‘ਪਰਿ’ ਅਗੇਤਰ ਦੇ ਅਰਥ ਹਨ- ਆਲ਼ੇ- ਦੁਆਲ਼ਿਓਂ ਅਤੇ ‘ਈਕਸ਼ਾ’ ਸ਼ਬਦ ਜੋਕਿ ਮੂਲ ਰੂਪ ਵਿੱਚ ਸੰਸਕ੍ਰਿਤ ਦੇ ‘ਅਕਸ਼ਿ’ (ਅੱਖ) ਸ਼ਬਦ ਤੋਂ ਬਣਿਆ ਹੈ, ਦੇ ਅਰਥ ਹਨ- ਨਜ਼ਰੀਆ ਅਰਥਾਤ ਖ਼ਿਆਲਾਤ।
ਸੋ, ਪਰੀਖਿਆ ਸ਼ਬਦ ਦੇ ਅਰਥ ਹੋਏ- ਕਿਸੇ ਵਿਸ਼ੇ ਜਾਂ ਖ਼ਿਆਲ ਬਾਰੇ ਆਪਣਾ ਨਜ਼ਰੀਆ ਪੇਸ਼ ਕਰਨਾ ਭਾਵ ਇਹ ਦੱਸਣਾ ਕਿ ਸੰਬੰਧਿਤ ਵਿਸ਼ੇ ਬਾਰੇ ਤੁਸੀਂ ਕੀ ਕੁਝ ਜਾਣਦੇ ਹੋ। ਸੋ, ਇਹ ਸ਼ਬਦ ਕਿਉਂਕਿ ਪਰਿ ਅਗੇਤਰ ਨਾਲ਼ ਬਣਿਆ ਹੋਇਆ ਹੈ; ਪਰ ਜਾਂ ਪ੍ਰ ਅਗੇਤਰ ਨਾਲ਼ ਨਹੀਂ ਇਸ ਲਈ ਇਸ ਨੂੰ ਪੂਰਾ ਰਾਰਾ ਪਾ ਕੇ ਹੀ ਲਿਖਣਾ ਹੈ, ਦੁੱਤ ਅੱਖਰ ਰਾਰੇ ਨਾਲ਼ ਨਹੀਂ। ਇਸ ਵਿੱਚ ਰਾਰੇ ਨੂੰ ਬਿਹਾਰੀ (ਪਰੀਖਿਆ ਵਿਚਲੀ ‘ਰੀ’) ਇਸ ਕਾਰਨ ਪਾਈ ਗਈ ਹੈ ਕਿਉਂਕਿ ਇਸ ਵਿੱਚ ਪਰਿ ਅਗੇਤਰ ਦੀ ਸਿਹਾਰੀ ਇੱਥੇ ਆ ਕੇ ‘ਈ’ (ਈਕਸ਼ਾ ਦੀ ‘ਈ’) ਨਾਲ਼ ਰਲ਼ ਕੇ ਬਿਹਾਰੀ ਦਾ ਰੂਪ ਧਾਰਨ ਕਰ ਗਈ ਹੈ। ਇਸ ਲਈ ਇਸ ਸ਼ਬਦ ਦੇ ਸ਼ੁੱਧ ਸ਼ਬਦ-ਜੋੜ ‘ਪਰੀਖਿਆ’ ਹੀ ਮੰਨੇ ਗਏ ਹਨ,’ਪ੍ਰੀਖਿਆ’ ਨਹੀਂ।
ਤੀਜਾ ਅਗੇਤਰ ਹੈ- ਪ੍ਰ।
ਇਸ ਅਗੇਤਰ ਦੀ ਵਰਤੋਂ ਪੰਜਾਬੀ/ਹਿੰਦੀ/ ਸੰਸਕ੍ਰਿਤ ਆਦਿ ਭਾਸ਼ਾਵਾਂ ਦੇ ਅਨੇਕਾਂ ਸ਼ਬਦਾਂ ਵਿੱਚ ਕੀਤੀ ਗਈ ਹੈ। ਇਸ ਦੇ ਅਰਥ ਹਨ- ਦੂਰ-ਦੂਰ ਤੱਕ, ਚਾਰੇ ਪਾਸੇ। ਇਸ ਅਗੇਤਰ ਨਾਲ਼ ਬਣਨ ਵਾਲ਼ੇ ਕੁਝ ਸ਼ਬਦ ਹਨ: ਪ੍ਰਬੰਧ= ਦੂਰ-ਦੂਰ ਤੱਕ/ਹਰ ਪਾਸਿਓਂ/ਹਰ ਪੱਖੋਂ ਕਿਸੇ ਚੀਜ਼ ਦਾ ਪੂਰੀ ਤਰ੍ਹਾਂ ਬਾਨ੍ਹਣੂ ਬੰਨ੍ਹਣਾ; ਪ੍ਰਚਲਿਤ= ਕਿਸੇ ਚੀਜ਼ ਦਾ ਚਾਰੇ ਪਾਸੇ ਚਲਨ ਹੋ ਜਾਣਾ ਜਾਂ ਚੱਲ ਨਿਕਲ਼ਨਾ; ਪ੍ਰਸਿੱਧ= ਕਿਸੇ ਵਿਅਕਤੀ ਜਾਂ ਚੀਜ਼ ਆਦਿ ਦੀ ਉਪਯੋਗਤਾ ਦਾ ਚਾਰੇ ਪਾਸੇ ਸਿੱਧ ਜਾਂ ਸਾਬਤ ਹੋ ਜਾਣਾ; ਪ੍ਰਦੇਸ਼ (ਪ੍ਰਾਂਤ)= ਕਿਸੇ ਦੇਸ ਵਿਚਲਾ ਦੂਰ- ਦੂਰ ਤੱਕ ਦਾ ਇਲਾਕਾ; ਪ੍ਰਵਾਹ (ਪ੍ਰ+ਵਹਿ)= ਵਹਿਣ, ਵਹਾਣ, ਜਲ ਵਿੱਚ ਵਹਾਉਣ ਦੀ ਕਿਰਿਆ; ਪ੍ਰਫੁਲਿਤ= ਪ੍ਰ+ਫੁਲਿਤ (ਚੰਗੀ ਤਰ੍ਹਾਂ ਖਿੜਿਆ ਹੋਇਆ, ਵਿਕਸਿਤ, ਪ੍ਰਸੰਨ, ਖ਼ੁਸ਼); ਪ੍ਰਨਾਲ਼ੀ= ਪ੍ਰ+ਨਾਲ਼ੀ (ਪਿੱਛਿਓਂ ਚਲੀ ਆ ਰਹੀ ਕੋਈ ਰੀਤ ਜਾਂ ਰਸਮ ਆਦਿ); ਪ੍ਰਦੀਪਿਤ= ਦੂਰ-ਦੂਰ ਤੱਕ ਰੋਸ਼ਨੀ ਫੈਲਾਉਂਦਾ ਹੋਇਆ; ਪ੍ਰਯੋਗ= ਵਰਤੋਂ, ਇਸਤੇਮਾਲ, ਤਜਰਬਾ; ਪ੍ਰਯੋਜਨ (ਮਤਲਬ, ਉਦੇਸ਼, ਮੰਤਵ); ਪ੍ਰਮੁੱਖ (ਸਭ ਤੋਂ ਪਹਿਲਾ, ਪ੍ਰਧਾਨ, ਮੁੱਖ); ਪ੍ਰਬਲ (ਜ਼ੋਰਦਾਰ, ਤਕੜਾ, ਡਾਢਾ); ਪ੍ਰਬੁੱਧ (ਚੰਗੀ ਤਰ੍ਹਾਂ ਜਾਗ੍ਰਿਤ, ਗਿਆਨੀ, ਪੰਡਤ); ਪ੍ਰਕਾਸ਼, ਪ੍ਰਕਾਸ਼ਿਤ, ਪ੍ਰਮਾਣ, ਪ੍ਰਧਾਨ, ਪ੍ਰਕਿਰਿਆ, ਪ੍ਰਯੁਕਤ ਆਦਿ
ਸੋ, ਉਪਰੋਕਤ ਸਾਰੇ ਵਰਤਾਰੇ ਤੋਂ ਇੱਕ ਗੱਲ ਪੂਰੀ ਤਰ੍ਹਾਂ ਸਪਸ਼ਟ ਹੋ ਜਾਂਦੀ ਹੈ ਕਿ ਸੰਸਕ੍ਰਿਤ ਮੂਲ ਵਾਲ਼ੇ ਸ਼ਬਦਾਂ ਦੀ ਹਰ ਧੁਨੀ ਜਾਂ ਅੱਖਰ ਦੇ ਆਪਣੇ ਹੀ ਅਰਥ ਹਨ ਤੇ ਉਹਨਾਂ ਅਰਥਾਂ ਦੇ ਆਧਾਰ ‘ਤੇ ਹੀ ਉਹਨਾਂ ਦੀ ਵੱਖ-ਵੱਖ ਸ਼ਬਦਾਂ ਵਿੱਚ ਵਰਤੋਂ ਕੀਤੀ ਗਈ ਹੈ। ਮਿਸਾਲ ਦੇ ਤੌਰ ‘ਤੇ ਉਪਰੋਕਤ ਅਨੁਸਾਰ ਇਹਨਾਂ ਤਿੰਨਾਂ ਅਗੇਤਰਾਂ ਵਿੱਚ ਹੀ ਭਾਵੇਂ ਪ ਤੇ ਰ ਧੁਨੀਆਂ ਤੇ ਇਹਨਾਂ ਦੇ ਅਰਥਾਂ ਦੀ ਆਪਸੀ ਸਾਂਝ ਹੈ ਪਰ ਵਖਰੇਵਾਂ ਕੇਵਲ ਇਹਨਾਂ ਵਿਚਲੀਆਂ ਧੁਨੀਆਂ ਦੀ ਵਰਤੋਂ ਕਰਨ ਦੀ ਪ੍ਰਕਿਰਿਆ ਦਾ ਹੀ ਹੈ। ਦੇਖਣਾ ਇਹ ਹੈ ਕਿ ਕੀ ਅਸੀਂ ਇਹਨਾਂ ਅੱਖਰਾਂ ਨੂੰ ਇੱਕ-ਦੂਜੇ ਨਾਲ਼ ਮੁਕਤੇ ਦੇ ਤੌਰ ‘ਤੇ ਵਰਤ ਰਹੇ ਹਾਂ, ਜਿਵੇਂ: ਪਰ ਜਾਂ ਇਹਨਾਂ ਵਿਚਲੇ ਕਿਸੇ ਅੱਖਰ ਨੂੰ ਦੁੱਤ ਅੱਖਰ ਵਜੋਂ ਵਰਤ ਰਹੇ ਹਾਂ, ਜਿਵੇਂ: ਪ੍ਰ ਅਤੇ ਜਾਂ ਫਿਰ ਇਹਨਾਂ ਵਿੱਚੋਂ ਕਿਸੇ ਇੱਕ ਅੱਖਰ ਨਾਲ ਸਿਹਾਰੀ ਦੀ ਵਰਤੋਂ ਕਰਨੀ ਹੈ, ਜਿਵੇਂ: ਪਰਿ।
ਇਸ ਦੇ ਨਾਲ਼ ਹੀ ਇੱਕ ਹੋਰ ਗੱਲ ਇਹ ਵੀ ਵਿਸ਼ੇਸ਼ ਤੌਰ ‘ਤੇ ਦੇਖਣ ਵਾਲ਼ੀ ਹੈ ਕਿ ਜਿਵੇਂ-ਜਿਵੇਂ ਸ਼ਬਦਾਂ ਵਿਚਲੀਆਂ ਧੁਨੀਆਂ ਬਦਲਦੀਆਂ ਜਾਂਦੀਆਂ ਹਨ, ਤਿਵੇਂ-ਤਿਵੇਂ ਉਹਨਾਂ ਧੁਨੀਆਂ ਤੋਂ ਬਣੇ ਸ਼ਬਦਾਂ ਦੇ ਅਰਥ ਵੀ ਬਦਲਦੇ ਜਾਂਦੇ ਹਨ। ਦਰਅਸਲ ਸ਼ਬਦ-ਵਿਉਤਪਤੀ ਦਾ ਸਾਰਾ ਵਰਤਾਰਾ ਹੀ ਧੁਨੀਆਂ ਤੇ ਉਹਨਾਂ ਦੇ ਅਰਥਾਂ ਦੀ ਹੀ ਖੇਡ ਹੈ। ਇਸੇ ਕਾਰਨ ਹੀ ਕਿਸੇ ਸ਼ਬਦ ਨੂੰ ਜਿਹੋ- ਜਿਹੇ ਅਰਥ ਦੇਣ ਦੀ ਲੋੜ ਸੀ, ਸਾਡੇ ਵਡੇਰਿਆਂ ਨੇ ਉਸ ਵਿੱਚ ਉਹਨਾਂ ਅਰਥਾਂ ਦੇ ਅਨੁਰੂਪ ਹੀ ਧੁਨੀਆਂ ਦੀ ਵਰਤੋਂ ਕੀਤੀ ਹੈ। ਕਿਧਰੇ ਵੀ ਕੋਈ ਧੁਨੀ ਬਿਨਾਂ ਲੋੜ ਤੋਂ ਜਾਂ ਮਹਿਜ਼ ਖ਼ਾਨਾਪੂਰਤੀ ਦੀ ਖ਼ਾਤਰ ਨਹੀਂ ਵਰਤੀ ਗਈ ਸਗੋਂ ਜਿੱਥੇ ਜਿਸ ਧੁਨੀ ਤੇ ਉਸ ਦੇ ਅਰਥਾਂ ਦੀ ਲੋੜ ਸੀ ਉੱਥੇ ਉਸੇ ਹੀ ਧੁਨੀ ਨੂੰ ਵਰਤਿਆ ਗਿਆ ਹੈ।
…………………………….
ਨੋਟ:- ਵੱਖ-ਵੱਖ ਸ਼ਬਦਾਂ ਵਿੱਚ ‘ਪ’ ਧੁਨੀ ਦੇ ਉਪਰੋਕਤ ਅਰਥ ਵਿਸਤ੍ਰਿਤ ਰੂਪ ਵਿੱਚ ਦੇਖਣ ਲਈ ‘ਸ਼ਬਦਾਂ ਦੀ ਪਰਵਾਜ਼’ ਲੇਖ-ਲੜੀ ਅਧੀਨ ਭਾਗ 4 ਅਤੇ 5 ਵੀ ਦੇਖਿਆ ਜਾ ਸਕਦਾ ਹੈ।
ਜਸਵੀਰ ਸਿੰਘ ਪਾਬਲਾ
ਲੰਗੜੋਆ, ਨਵਾਂਸ਼ਹਿਰ।
ਫ਼ੋਨ ਨੰ. 9888403052.
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly