ਸ਼ੁੱਧ ਪੰਜਾਬੀ ਕਿਵੇਂ ਲਿਖੀਏ?

ਜਸਵੀਰ ਸਿੰਘ ਪਾਬਲਾ,

(ਸਮਾਜ ਵੀਕਲੀ)-ਪੰਜਾਬੀ ਵਿੱਚ ਅਕਸਰ ਗ਼ਲਤ ਲਿਖੇ ਜਾਣ ਵਾਲ਼ੇ ਕੁਝ ਸ਼ਬਦ: ਭਾਗ- ੬. ‘ਕਰਿੰਦਾ’ ਕਿ ‘ਕਾਰਿੰਦਾ’?

             ‘ਕਾਰ’ ਇੱਕ ਅਜਿਹਾ ਸ਼ਬਦ ਹੈ ਜੋਕਿ ਸੰਸਕ੍ਰਿਤ ਅਤੇ ਫ਼ਾਰਸੀ, ਦੋਂਹਾਂ ਭਾਸ਼ਾਵਾਂ ਵਿੱਚ ਹੀ ਪਾਇਆ ਜਾਂਦਾ ਹੈ ਅਤੇ ਇਹਨਾਂ ਦੋਂਹਾਂ ਹੀ ਭਾਸ਼ਾਵਾਂ ਵਿੱਚ ਇਸ ਦੇ ਅਰਥ ਹਨ- ਕੰਮ, ਧੰਦਾ, ਰੁਜ਼ਗਾਰ ਆਦਿ। ਦੋਂਹਾਂ ਹੀ ਭਾਸ਼ਾਵਾਂ ਵਿੱਚ ਇਸ ਦੀ ਮਦਦ ਨਾਲ਼ ਅਨੇਕਾਂ ਸ਼ਬਦ ਵੀ ਬਣਦੇ ਹਨ ਪਰ ਸੰਸਕ੍ਰਿਤ ਭਾਸ਼ਾ ਵਿਚਲਾ ਕਾਰ ਸ਼ਬਦ ਜਿੱਥੇ ਸੰਸਕ੍ਰਿਤ ਦੇ ਕ੍ਰ (कृ) ਧਾਤੂ (ਜਿਸ ਦੇ ਅਰਥ ਹਨ- ਕੋਈ ਕੰਮ ਕਰਨਾ) ਤੋਂ ਬਣਿਆ ਹੋਇਆ ਹੈ, ਉੱਥੇ ਫ਼ਾਰਸੀ ਭਾਸ਼ਾ ਦਾ ਕਾਰ ਸ਼ਬਦ ਕਿਸੇ ਅਜਿਹੇ ਧਾਤੂ ਤੋਂ ਨਹੀਂ ਬਣਿਆ ਹੋਇਆ ਸਗੋਂ ਇਹ ਆਪਣੇ-ਆਪ ਵਿੱਚ ਹੀ ਇੱਕ ਧਾਤੂ ਅਰਥਾਤ ਇੱਕ ਸੰਪੂਰਨ ਸ਼ਬਦ ਹੈ। ਇਸ ਦੀ ਸ਼ਮੂਲੀਅਤ ਨਾਲ਼ ਅੱਗੋਂ ਕਈ ਹੋਰ ਸ਼ਬਦ ਬਣੇ ਹੋਏ ਹਨ, ਜਿਵੇਂ: ਕਾਰਖ਼ਾਨਾ (ਕਾਰਜ-ਸਥਾਨ), ਕਾਰਖ਼ਾਨਰੇਦਾਰ, ਕਾਰਗੁਜ਼ਾਰੀ (ਖ਼ਿਦਮਤਗੁਜ਼ਾਰੀ), ਕਾਰਆਮਦ (ਕੰਮ ਆਉਣ ਵਾਲ਼ੀ ਚੀਜ਼), ਕਾਰੀਗਰ (ਕਿਸੇ ਕਲਾ ਦਾ ਮਾਲਕ), ਕਾਰੀਗਰੀ (ਮੁਹਾਰਤ, ਹੁਨਰਮੰਦੀ) ਕਾਰੋਬਾਰ (ਕੰਮ-ਕਾਜ, ਕੰਮ-ਧੰਦਾ), ਕਾਰੀ (ਅਸਰਦਾਰ, ਕਾਰਗਰ, ਮਾਰੂ; ਜਿਵੇਂ: ਕਾਰੀ ਜ਼ਖ਼ਮ), ਕਾਰਾ (ਪੁੱਠਾ ਕੰਮ), ਕਾਰਿੰਦਾ (ਕੰਮ ਕਰਨ ਵਾਲ਼ਾ), ਕਾਰਵਾਈ (ਅਸਲ ਵਿੱਚ ਕਾਰ+ਰਵਾਈ=ਕੰਮ ਦਾ ਪ੍ਰਚਲਨ), ਕਾਰਨਾਮਾ (ਬਹਾਦਰੀ ਵਾਲ਼ਾ ਕੰਮ/ਵਰਨਣਯੋਗ ਕੰਮ), ਕਾਰਸਤਾਨੀ (ਅਸਲ ਵਿੱਚ ਕਾਰ-ਏ-ਸ਼ੈਤਾਨੀ= ਸ਼ੈਤਾਨਾਂ ਵਾਲ਼ਾ ਕੰਮ), ਕਾਰਕੁੰਨ (ਕੰਮ ਕਰਨ ਵਾਲ਼ਾ) ਆਦਿ।
           ਦੂਜੇ ਪਾਸੇ ਸੰਸਕ੍ਰਿਤ ਮੂਲ ਵਾਲ਼ਾ ਕਰ ਸ਼ਬਦ, ਜਿਵੇਂਕਿ ਉੱਪਰ ਦੱਸਿਆ ਗਿਆ ਹੈ, ‘ਕ੍ਰ’ ਧਾਤੂ ਤੋਂ ਬਣਿਆ ਹੋਇਆ ਹੈ। ਇਸ ਦੀ ਮਦਦ ਨਾਲ਼ ਵੀ ਸੰਸਕ੍ਰਿਤ/ਹਿੰਦੀ/ਪੰਜਾਬੀ ਆਦਿ ਭਾਸ਼ਾਵਾਂ ਦੇ ਅਨੇਕਾਂ ਸ਼ਬਦ ਬਣੇ ਹਨ, ਜਿਵੇਂ: ਕਰ, ਕਰਨਾ, ਕਾਰ, ਕਰ (ਹੱਥ), ਕਿਰਿਆ, ਕਰਮ, ਕਾਰਜ, ਕਾਰਜਸ਼ੀਲ, ਕਾਰਜਕਾਰੀ, ਕਾਰਜ-ਕਾਲ, ਕਰਤਾ, ਕਾਰਕ, ਕਾਰਨ, ਕ੍ਰਿਤ, ਕਿਰਤ ਆਦਿ ਅਤੇ ਅਨੇਕਾਂ ਹੋਰ।
            ਦਰਅਸਲ ਦੋਂਹਾਂ ਭਾਸ਼ਾਵਾਂ ਵਿੱਚ ‘ਕਾਰ’ ਸ਼ਬਦ ਅਤੇ ਇਸ ਦੇ ਅਰਥਾਂ ਦੀ ਸਾਂਝ ਇੱਕ ਹੀ ਆਰੀਆਈ ਭਾਸ਼ਾ-ਪਰਿਵਾਰ ਦੀਆਂ ਭਾਸ਼ਾਵਾਂ ਹੋਣ ਕਾਰਨ ਇਹਨਾਂ ਦੇ ਪਿਛੋਕੜ ਨਾਲ਼ ਸੰਬੰਧਿਤ ਹੈ‍ ਜੋਕਿ ਮੂਲ ਆਰੀਆਈ ਭਾਸ਼ਾ ਜਾਂ ਮੁਢਲੀ ਸੰਸਕ੍ਰਿਤ ਨਾਲ਼ ਜੁੜਦਾ ਹੈ। ‘ਕਾਰ’ ਸ਼ਬਦ ਵਾਂਗ ‘ਰੰਗ’ ਸ਼ਬਦ ਵੀ ਉਪਰੋਕਤ ਭਾਸ਼ਾਵਾਂ (ਫ਼ਾਰਸੀ ਅਤੇ ਹਿੰਦੀ/ਪੰਜਾਬੀ ਆਦਿ) ਅਤੇ  ਅਜੋਕੀਆਂ ਹੋਰ ਕਈ ਉੱਤਰ ਭਾਰਤੀ ਭਾਸ਼ਾਵਾਂ ਵਿੱਚ ਵਰਤਿਆ ਜਾਣ ਵਾਲ਼ਾ ਇੱਕ ਸਾਂਝਾ ਸ਼ਬਦ ਹੈ।
           ਫ਼ਾਰਸੀ ਭਾਸ਼ਾ ਵਾਲ਼ੇ ਉਪਰੋਕਤ ਸ਼ਬਦਾਂ ਵਿੱਚੋਂ ‘ਕਾਰਿੰਦਾ’ ਇੱਕ ਅਜਿਹਾ ਸ਼ਬਦ ਹੈ ਜਿਸ ਨੂੰ ਪੰਜਾਬੀ ਵਿੱਚ ਲਿਖਣ ਵੇਲ਼ੇ ਅਕਸਰ ਅਸੀਂ ਬਿਨਾਂ ਕੰਨੇ ਤੋਂ ਅਰਥਾਤ ‘ਕਰਿੰਦਾ’ ਹੀ ਲਿਖ ਦਿੰਦੇ ਹਾਂ। ਗ਼ਲਤੀ ਇਸ ਵਿੱਚ ਇਹ ਹੈ ਕਿ ‘ਕਰਿੰਦਾ’ ਤਾਂ ਅਸੀਂ ਇਸ ਨੂੰ ਤਦ ਲਿਖਦੇ ਜੇਕਰ ਇਹ ਸ਼ਬਦ ‘ਕ੍ਰ’ ਧਾਤੂ ਤੋਂ ਬਣਿਆ ਹੁੰਦਾ। ਕਾਰਿੰਦਾ ਸ਼ਬਦ ਤਾਂ ਬਣਿਆ ਹੀ ਫ਼ਾਰਸੀ ਭਾਸ਼ਾ ਦੇ ਕਾਰ ਧਾਤੂ/ਸ਼ਬਦ ਤੋਂ ਹੈ ਫਿਰ ਅਸੀਂ ਇਸ ਨੂੰ ਆਪਣੀ ਮਰਜ਼ੀ ਨਾਲ਼ ‘ਕਰਿੰਦਾ’ ਕਿਵੇਂ ਲਿਖ ਸਕਦੇ ਹਾਂ? ਇਸ ਨੂੰ ਤਾਂ ਇਸ ਦੇ ਮੂਲ ਸ਼ਬਦ ‘ਕਾਰ’ ਅਨੁਸਾਰ ਕੰਨਾ ਪਾ ਕੇ ‘ਕਾਰਿੰਦਾ’ ਹੀ  ਲਿਖਣਾ ਪਵੇਗਾ ਤੇ ਇਹੋ ਹੀ ਇਸ ਦਾ ਸ਼ੁੱਧ ਰੂਪ ਹੈ। ਸਾਨੂੰ ਸ਼ਬਦਾਂ ਦੇ ਮੂਲ ਨਾਲ਼ ਜੁੜੀਆਂ ਅਜਿਹੀਆਂ ਬਰੀਕੀਆਂ ਵੱਲ ਵੀ ਧਿਆਨ ਦੇਣ ਦੀ ਲੋੜ ਹੈ। ਇਸ ਲਈ ਕਾਰਿੰਦਾ ਸ਼ਬਦ ਨੂੰ ਹਮੇਸ਼ਾਂ ਕ ਅੱਖਰ ਨੂੰ ਕੰਨਾ ਪਾ ਕੇ ਹੀ ਲਿਖਣਾ ਚਾਹੀਦਾ ਹੈ,  ਕ-ਮੁਕਤੇ ਨਾਲ਼ ਨਹੀਂ।
‘ਖ਼ਰੀਦਦਾਰ’ ਕਿ ‘ਖ਼ਰੀਦਾਰ’?
          ਪੰਜਾਬੀ ਵਿੱਚ ਵਰਤੇ ਜਾਣ ਵਾਲ਼ੇ ‘ਖ਼ਰੀਦ’ ਅਤੇ ‘ਖ਼ਰੀਦਾਰ’ ਸ਼ਬਦ ਫ਼ਾਰਸੀ ਮੂਲ ਦੇ ਹਨ। ਇਹਨਾਂ ਵਿਚਲਾ ਸ਼ਬਦ ਖ਼ਰੀਦਾਰ (ਖ਼ਰੀਦਣ ਵਾਲ਼ਾ) ਦੋ ਸ਼ਬਦਾਂ- ਖ਼ਰੀਦ ਅਤੇ ਦਾਰ ਨਾਲ਼ ਮਿਲ਼ ਕੇ ਬਣਿਆ ਹੋਇਆ ਸਮਾਸੀ ਸ਼ਬਦ ਹੈ। ਫ਼ਾਰਸੀ ਭਾਸ਼ਾ ਵਿੱਚ ‘ਖ਼ਰੀਦ’ ਸ਼ਬਦ ਦੇ ਅਰਥ ਹਨ- ਖ਼ਰੀਦਣਾ ਅਤੇ ਪਿਛੇਤਰ ਸ਼ਬਦ ਦਾਰ ਦੇ ਅਰਥ- ਵਾਲ਼ਾ। ਇਹੋ-ਜਿਹੇ ਸ਼ਬਦਾਂ ਵਿੱਚ ਜੇਕਰ ਮੂਲ ਸ਼ਬਦ ਦੇ ਅਖ਼ੀਰ (ਜਿਵੇਂ: ਖ਼ਰੀਦ) ਅਤੇ ਪਿਛੇਤਰ (ਜਿਵੇਂ: ਦਾਰ) ਦੇ ਸ਼ੁਰੂ ਵਿੱਚ ਇੱਕ ਹੀ ਅੱਖਰ (ਜਿਵੇਂ: ਇੱਥੇ ‘ਦ’) ਆ ਜਾਵੇ ਤਾਂ ਉੱਥੇ ਉਹੀ ਅੱਖਰ ਦੋ ਵਾਰ ਪਾਉਣ ਦੀ ਲੋੜ ਨਹੀਂ ਹੈ ਸਗੋਂ ਇੱਕ ਹੀ ਅੱਖਰ ਪਾ ਕੇ ਸਾਰ ਲਿਆ ਜਾਂਦਾ ਹੈ, ਜਿਵੇਂ: ਖ਼ਰੀਦ+ਦਾਰ=ਖ਼ਰੀਦਾਰ ਨਾਕਿ ‘ਖ਼ਰੀਦਦਾਰ’। ਇਸੇ ਤਰ੍ਹਾਂ ਫ਼ਾਰਸੀ ਭਾਸ਼ਾ ਤੋਂ ਆਏ ਕਾਰਵਾਈ (ਅਸਲ ਵਿੱਚ ਕਾਰ+ਰਵਾਈ=ਕਾਰਰਵਾਈ= ਕਿਸੇ ਕੰਮ ਦੀ ਰਵਾਈ/ਚਲਨ) ਸ਼ਬਦ ਨੂੰ ਵੀ ਵਿਚਕਾਰਲੇ ਦੋ ‘ਵਾਵਿਆਂ’ ਦੀ ਥਾਂ ਕੇਵਲ ਇੱਕ ਹੀ ਵਾਵੇ ਨਾਲ਼ (ਕਾਰਵਾਈ) ਲਿਖਣਾ ਹੀ ਇਸ ਦਾ ਸ਼ੁੱਧ ਸ਼ਬਦ-ਰੂਪ ਹੈ। ਇਸੇ ਤਰ੍ਹਾਂ ਦੇ ਕੁਝ ਹੋਰ ਸ਼ਬਦ ਵੀ ਹਨ ਜੋਕਿ ਵਿਚਕਾਰ ਆਉਂਦੇ ਦੋ ਅੱਖਰਾਂ ਦੀ ਥਾਂ ਕੇਵਲ ਇੱਕ ਅੱਖਰ ਪਾ ਕੇ ਹੀ ਲਿਖਣੇ ਹਨ। ਇਸੇ ਕਾਰਨ ‘ਪੰਜਾਬੀ ਸ਼ਬਦ-ਰੂਪ ਅਤੇ ਸ਼ਬਦ-ਜੋੜ ਕੋਸ਼’ ਨੂੰ ਲਿਖਣ ਵਾਲ਼ੇ ਵਿਦਵਾਨਾਂ ਨੇ ਵੀ ਇਸ ਸ਼ਬਦ ਨੂੰ ਫ਼ਾਰਸੀ ਭਾਸ਼ਾ ਦੇ ਨਿਯਮਾਂ ਅਨੁਸਾਰ ਉਪਰੋਕਤ ਢੰਗ ਨਾਲ਼ ‘ਖ਼ਰੀਦਾਰ’ ਹੀ ਲਿਖਣ ਦੀ ਸਿਫ਼ਾਰਸ਼ ਕੀਤੀ ਹੈ, ਨਾਕਿ ‘ਖ਼ਰੀਦਦਾਰ’।
ਰਾਇਆਂ ਕਿ ਰਾਵਾਂ?
              ਬਹੁਤ ਸਾਰੇ ਪੰਜਾਬੀ ਸ਼ਬਦਾਂ ਦੇ ਅੰਤ  ਵਿੱਚ ਲੱਗਣ ਵਾਲ਼ੀ ਸਿਹਾਰੀ ਨੂੰ ਅਜੋਕੇ ਵਿਆਕਰਨਿਕ ਨਿਯਮਾਂ ਅਨੁਸਾਰ ਜਾਂ ਤਾਂ ਬਿਹਾਰੀ ਵਿੱਚ ਬਦਲ ਦਿੱਤਾ ਗਿਆ ਹੈ ਜਾਂ ਫਿਰ ਲਾਂ ਵਿੱਚ, ਜਿਵੇਂ: ਅਰਬੀ ਮੂਲ ਦਾ ‘ਰਾਏ’ ਸ਼ਬਦ ਪਹਿਲਾਂ ਸਿਹਾਰੀ ਪਾ ਕੇ ਰਾਇ (ਹਿੰਦੀ ਵਿੱਚ ‘राय’) ਦੇ ਤੌਰ ‘ਤੇ ਲਿਖਿਆ ਜਾਂਦਾ ਸੀ ਪਰ ਹੁਣ ‘ਰਾਏ’। ਇਸੇ ਤਰ੍ਹਾਂ ‘ਹਾਏ’ (हाय) ਅਤੇ ‘ਓਏ’ ਆਦਿ ਸ਼ਬਦਾਂ ਵਾਂਗ ਹੁਣ ‘ਬਜਾਇ’ (ਫ਼ਾਰਸੀ) ਸ਼ਬਦ ਨੂੰ ਵੀ ਸਿਹਾਰੀ ਦੀ ਥਾਂ ‘ਲਾਂ’ ਪਾ ਕੇ ‘ਬਜਾਏ’ ਲਿਖਣਾ ਹੀ ਇਸ ਦਾ ਸ਼ੁੱਧ ਰੂਪ ਹੈ ਪਰ ਅਧਿਆਇ ਸ਼ਬਦ ਨੂੰ ਅਧਿਆਇ ਹੀ ਲਿਖਣਾ ਹੈ। ‘ਰਾਏ’ ਸ਼ਬਦ ਦਾ ਬਹੁਵਚਨ ‘ਰਾਵਾਂ’ ਹੈ ਪਰ ਬਹੁਤੇ ਲੋਕ ਇਸ ਨੂੰ ‘ਰਾਇਆਂ’ ਹੀ ਲਿਖ ਅਤੇ ਬੋਲ ਰਹੇ ਹਨ ਜੋਕਿ ਪੂਰੀ ਤਰ੍ਹਾਂ ਗ਼ਲਤ ਹੈ।
ਸਬੰਧ ਕਿ ਸੰਬੰਧ?
       ਸੰਸਕ੍ਰਿਤ ਮੂਲ ਦਾ ‘ਸੰਬੰਧ’ ਸ਼ਬਦ ਦੋ ਸ਼ਬਦਾਂ: ਸਮ+ਬੰਧ/ਬੰਧਨ ਦੇ ਮੇਲ਼ ਤੋਂ ਬਣਿਆ ਹੋਇਆ ਹੈ। ਇਸ ਵਿੱਚ ਸਮ ਦੇ ਅਰਥ ਬਰਾਬਰ ਅਤੇ ਬੰਧ ਦੇ ਅਰਥ ਬੰਧਨ ਅਰਥਾਤ ਬੱਝਿਆ ਹੋਇਆ ਹਨ। ਪਹਿਲੇ ਅੱਖਰ ਸ ਉੱਤੇ ਟਿੱਪੀ ਦਰਅਸਲ ਇਸ ਵਿਚਲੇ ‘ਸਮ’ ਸ਼ਬਦ ਦੀ /ਮ/ ਧੁਨੀ ਨੂੰ ਹੀ ਪ੍ਰਗਟਾਉਂਦੀ ਹੈ। ਸੋ, ਜੇਕਰ ਅਸੀਂ ਇਹ ਟਿੱਪੀ ਹੀ ਨਹੀਂ ਪਾਉਂਦੇ ਤਾਂ ਇਹ ਸਮੁੱਚੇ ਸ਼ਬਦ ਦੇ ਅਰਥਾਂ ਵਿੱਚ ਅੰਤਰ ਪਾ ਦੇਵੇਗੀ ਕਿਉਂਕਿ ਸ ਅਗੇਤਰ ਦੇ ਅਰਥ ਹੁੰਦੇ ਹਨ- ਚੰਗਾ ਅਤੇ ਸਮ ਅਗੇਤਰ ਦੇ ਉਪਰੋਕਤ ਅਨੁਸਾਰ ਬਰਾਬਰ/ਬਰਾਬਰ ਦਾ ਬੰਧਨ: ਦੋਂਹਾਂ ਪਾਸਿਆਂ ਵੱਲੋਂ ਇੱਕੋ-ਜਿਹਾ। ਮੀਡੀਆ ਦੇ ਕਈ ਖੇਤਰਾਂ ਵਿੱਚ ਅਜੇ ਵੀ ਸੰਬੰਧ ਸ਼ਬਦ ਨੂੰ ਅਕਸਰ ‘ਸਬੰਧ’ ਲਿਖਿਆ ਹੋਇਆ ਹੀ ਮਿਲ਼ਦਾ ਹੈ ਜਿਸ ਵੱਲ ਸੰਬੰਧਿਤ ਅਦਾਰਿਆਂ ਨੂੰ ਧਿਆਨ ਦੇਣ ਦੀ ਲੋੜ ਹੈ। ਇਸ ਦੇ ਨਾਲ਼ ਹੀ ਸੰਬੰਧ ਸ਼ਬਦ ਤੋਂ ਬਣੇ ਸ਼ਬਦਾਂ-  ‘ਸੰਬੰਧੀ’ ਅਤੇ ‘ਸੰਬੰਧਿਤ’ ਆਦਿ ਸ਼ਬਦਾਂ ਨੂੰ ਵੀ ‘ਸੰਬੰਧ’ ਸ਼ਬਦ ਵਾਂਗ ਦੋ ਟਿੱਪੀਆਂ ਪਾ ਕੇ ਹੀ ਲਿਖਣਾ ਚਾਹੀਦਾ ਹੈ।
‘ਦੋ’ ਤੋਂ ਬਣੇ ਕੁਝ ਹੋਰ ਸ਼ਬਦ ਅਤੇ ਸਹੀ ਸ਼ਬਦ-ਜੋੜ:
         ਗਿਣਤੀ ਵਾਲ਼ੇ ‘ਦੋ’ ਸ਼ਬਦ ਨਾਲ਼ ਸੰਬੰਧਿਤ ਬਹੁਤ ਸਾਰੇ ਸ਼ਬਦ ਹਨ, ਜਿਵੇਂ: ਦੁਆਬਾ, ਦੁਬਾਰਾ, ਦੋ-ਪਹੀਆ, ਦੁਪਹਿਰ (ਦੋ+ਪਹਿਰ), ਦੁਫਾੜ, ਦੁਨਾਲ਼ੀ, ਦੁਗਣਾ, ਦੁਪਹਿਰ, ਦੁਚਿਤੀ, ਦੁਮੂੰਹੀ (ਸੱਪ ਦੀ ਇੱਕ ਕਿਸਮ), ਦੁਗਾੜਾ, ਦੁਗਾਣਾ, ਦੁਲੱਤੀ ਆਦਿ। ਅਜਿਹੇ ਸ਼ਬਦ ਕਈ ਵਾਰ ਜਦੋਂ ਕਿਸੇ ਸਮਾਸੀ ਸ਼ਬਦ ਦਾ ਰੂਪ ਧਾਰ ਲੈਂਦੇ ਹਨ ਤਾਂ ਅਗੇਤਰ ਦੇ ਤੌਰ ‘ਤੇ ਵਰਤੇ ਗਏ ਸ਼ਬਦ ‘ਦੋ’ ਦੀ ਦੀਰਘ ਮਾਤਰਾ (ਹੋੜਾ) ਆਮ ਤੌਰ ‘ਤੇ ਲਘੂ ਮਾਤਰਾ (ਔਂਕੜ) ਵਿੱਚ ਬਦਲ ਜਾਂਦੀ ਹੈ, ਜਿਵੇਂ: ਦੁਆਬਾ (ਦੋ+ਆਬ+ਆ), ਦੁਨਾਲ਼ੀ (ਦੋ+ਨਾਲ਼ੀ) ਆਦਿ। ਪਰ ਅਸੀਂ ਇਹ ਸਮਝਦਿਆਂ ਹੋਇਆਂ ਕਿ ਇਹ ਸ਼ਬਦ ਤਾਂ ਦੋ ਤੋਂ ਬਣਿਆ ਹੋਇਆ ਹੈ ਇਸ ਲਈ ਇਸ ਵਿੱਚ ਦੋ ਦੀ ਧੁਨੀ ਤਾਂ ਇਸੇ ਤਰ੍ਹਾਂ ਕਾਇਮ ਰਹੇਗੀ ਜਿਸ ਕਾਰਨ ਅਸੀਂ ਕਈ ਸ਼ਬਦਾਂ, ਜਿਵੇਂ: ਦੁਆਬਾ ਨੂੰ ਦੋਆਬਾ ਆਦਿ ਲਿਖ ਦਿੰਦੇ ਹਾਂ ਜੋਕਿ ਸਹੀ ਨਹੀਂ ਹੈ। ਇਸ ਦੇ ਉਲਟ ‘ਦੋ-ਪਹੀਆ’ ਸ਼ਬਦ ਨੂੰ ਜੋੜਨੀ ਪਾ ਕੇ ਦੋ ਅਗੇਤਰ ਨਾਲ਼ ਹੀ ਲਿਖਣ ਦੀ ਹਿਦਾਇਤ ਹੈ ਪਰ ਇਸ ਨੂੰ ਅਸੀਂ ਗ਼ਲਤ ਢੰਗ ਨਾਲ਼ ‘ਦੁਪਹੀਆ’ ਹੀ ਲਿਖ ਦਿੰਦੇ ਹਾਂ। ਸਾਨੂੰ ਅਜਿਹੀਆਂ ਕੁਤਾਹੀਆਂ ਤੋਂ ਵੀ ਬਚਣ ਦੀ ਲੋੜ  ਹੈ।
             ਦੂਜੇ ਪਾਸੇ ਦੋ ਤੋਂ ਬਣੇ ਸ਼ਬਦ ‘ਦੋਂਹ’ ਤੇ ‘ਦੋਂਹਾਂ’ ਦੇ ਸ਼ਬਦ-ਰੂਪਾਂ ਨੂੰ ਅਸੀਂ ਉੱਕਾ ਹੀ ਵਿਸਾਰ ਦਿੱਤਾ ਹੈ ਅਤੇ ‘ਦੋਂਹ’ ਦੀ ਥਾਂ ਕੇਵਲ ਦੋ ਅਤੇ ਦੋਂਹਾਂ ਸ਼ਬਦ ਦੀ ਥਾਂ ਦੋਨਾਂ/ਦੋਵਾਂ/ਦੋਹਾਂ (ਇੱਕ ਬਿੰਦੀ ਨਾਲ਼) ਆਦਿ ਸ਼ਬਦ ਲਿਖਣੇ ਸ਼ੁਰੂ ਕਰ ਦਿੱਤੇ ਹਨ। ‘ਦੋਵੇਂ’ ਸ਼ਬਦ ਦੀ ਥਾਂ ਵੀ ਕਈ ਵਾਰ ਹਿੰਦੀ ਦੀ ਨਕਲ ਕਰਦਿਆਂ  ‘ਦੋਨੋਂ’ ਜਾਂ  ਫਿਰ ‘ਦੋਹੇਂ’ ਸ਼ਬਦ ਵੀ ਲਿਖ ਰਹੇ ਹਾਂ। ‘ਦੋਂਹਾਂ’ ਸ਼ਬਦ ‘ਦੋਂਹ’ ਦਾ ਬਹੁਵਚਨ ਰੂਪ ਹੈ ਅਤੇ ‘ਦੋਂਹ’ ਅੱਗੋਂ ਉਪਰੋਕਤ ਨਿਯਮ ਅਨੁਸਾਰ ‘ਦੋ’ ਸ਼ਬਦ ਤੋਂ ਬਣਿਆ ਹੈ। ਵਿਆਕਰਨਿਕ ਨਿਯਮਾਂ ਅਨੁਸਾਰ ਨਾਸਿਕੀ ਚਿੰਨ੍ਹ ਬਿੰਦੀ ਵਾਲ਼ੇ ਕਿਸੇ ਸ਼ਬਦ ਦਾ ਬਹੁਵਚਨ ਬਣਾਉਣ ਸਮੇਂ ਉਸ ਦੀ ਪਹਿਲੀ ਬਿੰਦੀ ਨਹੀਂ ਹਟਾਉਣੀ ਸਗੋਂ ਬਹੁਵਚਨ ਬਣਾਉਣ ਵਾਲ਼ੇ ਸ਼ਬਦ ਦੀ  ਲਗ ਨਾਲ਼ ਇੱਕ ਬਿੰਦੀ ਹੋਰ ਪਾ ਦੇਣੀ ਹੈ, ਜਿਵੇਂ: ਥਾਂ ਤੋਂ ਥਾਂ+ਵਾਂ=ਥਾਂਵਾਂ; ਮਾਂ ਤੋਂ ਮਾਂਵਾਂ; ਗਾਂ ਤੋਂ ਗਾਂਵਾਂ, ਛਾਂ ਤੋਂ ਛਾਂਵਾਂ ਅਤੇ ਸਰਾਂ ਤੋਂ ਸਰਾਂਵਾਂ ਆਦਿ। ਇਸ ਲਈ ਦੋਂਹ (ਇਹ ਕੰਮ ਅਸੀਂ ਦੋਂਹ ਜਣਿਆਂ ਨੇ ਰਲ਼ ਕੇ ਕੀਤਾ ਹੈ) ਤੋਂ ਬਣੇ ਸ਼ਬਦ ਦੋਂਹਾਂ (ਇਹ ਕੰਮ ਅਸੀਂ ਦੋਂਹਾਂ ਨੇ ਰਲ਼ ਕੇ ਕੀਤਾ ਹੈ) ਨੂੰ ਦੋ ਬਿੰਦੀਆਂ ਸਮੇਤ ਹੀ ਲਿਖਣਾ ਹੈ, ਇੱਕ ਬਿੰਦੀ ਨਾਲ਼ ਨਹੀਂ। ‘ਦੋਂਹਾਂ’ ਦੀ ਥਾਂ ਦੋਵਾਂ, ਦੋਹੇਂ ਜਾਂ ਦੋਨੋਂ (ਹਿੰਦੀ ਵਾਂਗ) ਲਿਖਣਾ ਪੂਰੀ ਤਰ੍ਹਾਂ ਗ਼ਲਤ ਹੈ। ਹਾਂ, ਕੇਵਲ ‘ਦੋਵੇਂ’ (ਤੁਸੀਂ ਦੋਵੇਂ ਜਣੇ ਇੱਧਰ ਆਓ) ਸ਼ਬਦ ‘ਵਾਵੇ’ ਨਾਲ਼ ਲਿਖਣਾ ਬਿਲਕੁਲ ਸਹੀ ਹੈ।
                                                     —-(ਚੱਲਦਾ)
ਜਸਵੀਰ ਸਿੰਘ ਪਾਬਲਾ,
ਲੰਗੜੋਆ, ਨਵਾਂਸ਼ਹਿਰ।
ਫ਼ੋਨ ਨੰ. 98884-03052.
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articlePunjabi play, Lacchu Kabadia, stimulates minds to overcome caste based discrimination
Next articleHIS MAJESTY KING CHARLES DEEPLY TOUCHED AND GRATEFUL TO PUNJABI LISTENERS CLUB, LEICESTER