(ਸਮਾਜ ਵੀਕਲੀ)
ਅੱਜ ਸਾਡੇ ਲਈ ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਆਪਣੇ ਬੱਚਿਆਂ ਦਾ ਖਿਆਲ ਕਿਵੇਂ ਰੱਖੀਏ। ਬਦਲਦੇ ਸਮੇਂ ਵਿੱਚ ਸਭ ਕੁਝ ਬਹੁਤ ਤੇਜ਼ੀ ਨਾਲ ਬਦਲ ਰਿਹਾ ਹੈ। ਡੱਡ-ਬੱਚੇ ਬਹੁਤ ਛੇਤੀ ਵੱਡੇ ਹੋ ਰਹੇ ਹਨ।ਤੀਸਰੀ ਜਮਾਤ ਵਿੱਚ ਪੜ੍ਹਦਾ ਇੱਕ ਬੱਚਾ ਆਪਣੀ ਸਹਿਪਾਠੀ ਕੁੜੀ ਨੂੰ ਕਹਿੰਦਾ ਹੈ ਕਿ ਮੈਂ ਤੈਨੂੰ ਪਿਆਰ ਕਰਦਾ ਹਾਂ ਅਤੇ ਤੇਰੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਹਾਂ।ਜਿੱਥੇ ਕੁੜੀ ਟਿਊਸ਼ਨ ਪੜ੍ਹਦੀ ਹੈ ਉੱਥੇ ਹੀ ਟਿਊਸ਼ਨ ਪੜ੍ਹਨ ਚਲਾ ਜਾਂਦਾ ਹੈ।ਕੁੜੀ ਪਰੇਸ਼ਾਨ ਹੋ ਕੇ ਮਾਂ ਬਾਪ ਨੂੰ ਦੱਸਦੀ ਹੈ।ਮਾਂ ਬਾਪ ਉਲ੍ਹਾਮਾ ਲੈ ਕੇ ਮੁੰਡੇ ਦੇ ਘਰ ਜਾਂਦੇ ਹਨ।ਮੁੰਡੇ ਦੇ ਘਰ ਦੇ ਪਹਿਲਾਂ ਹੀ ਹੱਥ ਖੜ੍ਹੇ ਕਰ ਦਿੰਦੇ ਹਨ ਕਿ ਇਹ ਸਾਡੀ ਕੋਈ ਗੱਲ ਨਹੀਂ ਸੁਣਦਾ।ਜਨਾਬ ਇਹ ਕਹਾਣੀ ਨਹੀਂ ਹਕੀਕਤ ਹੈ।ਇਹ ਸਭ ਗੱਲਾਂ ਬੱਚਿਆਂ ਨੂੰ ਪੰਜਾਬੀ ਗਾਣੇ ਨਹੀਂ ਸਿਖਾ ਰਹੇ।
ਇਹ ਗੱਲਾਂ ਬੱਚੇ ਕਾਰਟੂਨਾਂ ਤੋਂ ਸਿੱਖ ਰਹੇ ਹਨ।ਜਿਹੜੇ ਕਾਰਟੂਨ ਚੈਨਲ ਬੱਚੇ ਸਾਰਾ ਸਾਰਾ ਦਿਨ ਬੈਠੇ ਦੇਖਦੇ ਹਨ ਇਹ ਸਭ ਉਨ੍ਹਾਂ ਵਿੱਚ ਦਿਖਾਇਆ ਜਾਂਦਾ ਹੈ।ਹਰ ਕਾਰਟੂਨ ਕਰੈਕਟਰ ਦੀ ਇਕ ਸਹੇਲੀ ਹੈ ਜਿਸ ਨੂੰ ਉਹ ਪਿਆਰ ਕਰਦਾ ਹੈ।ਅਸੀਂ ਬੱਚਿਆਂ ਨੂੰ ਆਪਣੇ ਗਲੋਂ ਲਾਹ ਕਾਰਟੂਨਾਂ ਦੇ ਮਗਰ ਲਾ ਦਿੰਦੇ ਹਾਂ।ਇਸ ਤਰ੍ਹਾਂ ਮਾਵਾਂ ਨੂੰ ਆਪਣੇ ਕੰਮ ਕਰਨ ਲਈ ਸਮਾਂ ਮਿਲ ਜਾਂਦਾ ਹੈ।ਬੱਚੇ ਕਾਰਟੂਨਾਂ ਵਿੱਚ ਰੁੱਝ ਜਾਂਦੇ ਹਨ।ਪਰ ਕੀ ਕਦੀ ਅਸੀਂ ਇਸ ਗੱਲ ਵੱਲ ਧਿਆਨ ਕੀਤਾ ਹੈ ਕਿ ਇੱਕ ਆਦਮੀ ਸਾਡੇ ਬੱਚਿਆਂ ਤੇ ਕੀ ਅਸਰ ਪਾ ਰਹੇ ਹਨ।ਅਸੀਂ ਤਾਂ ਸਾਰਾ ਦੋਸ਼ ਜ਼ਮਾਨੇ ਦੇ ਸਿਰ ਮੜ੍ਹ ਕੇ ਆਪ ਸੱਚੇ ਹੋ ਜਾਂਦੇ ਹਾਂ।
ਅੱਜ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਕੋਲ ਬਿਠਾ ਕੇ ਗੱਲਾਂ ਕਰਨ ਨੂੰ ਤਿਆਰ ਨਹੀਂ।ਆਪਣੇ ਆਲੇ ਦੁਆਲੇ ਨਜ਼ਰ ਮਾਰ ਕੇ ਦੇਖੋ।ਮਾਤਾ ਪਿਤਾ ਬੱਚਿਆਂ ਨੂੰ ਯਾਦ ਤਾਂ ਟੀਵੀ ਤੇ ਕਾਰਟੂਨ ਲਾ ਦਿੰਦੇ ਹਨ ਜਾਂ ਫੋਨ ਫੜਾ ਦਿੰਦੇ ਹਨ ਗੇਮ ਖੇਡਣ ਲਈ।ਫਿਰ ਬੜੇ ਹੁੱਬ ਕੇ ਦੱਸਦੇ ਹਨ ਕਿ ਇਹ ਤਾਂ ਸਾਰਾ ਦਿਨ ਆਪਣੀ ਮਰਜ਼ੀ ਦਾ ਚੈਨਲ ਦੇਖਦਾ ਹੈ ਜਾਂ ਫਿਰ ਮੋਬਾਈਲ ਤੇ ਗੇਮ ਖੇਡਦਾ ਹੈ।ਬੱਚੇ ਦੇ ਕੋਮਲ ਮਨ ਤੇ ਇਨ੍ਹਾਂ ਗੱਲਾਂ ਦਾ ਕੀ ਪ੍ਰਭਾਵ ਪੈਂਦਾ ਹੈ ਇਸ ਤੋਂ ਅਸੀਂ ਅਣਭਿੱਜ ਹਾਂ।ਇੱਕ ਕਾਰਟੂਨ ਅਸਲ ਵਿਚ ਵਿਦੇਸ਼ਾਂ ਵਿਚ ਬਣੇ ਹਨ।ਉੱਥੋਂ ਦੀ ਸੱਭਿਅਤਾ ਅਤੇ ਸੰਸਕ੍ਰਿਤੀ ਦੇ ਮੁਤਾਬਕ ਹਨ।
ਸਾਡੇ ਚੈਨਲ ਇਨ੍ਹਾਂ ਨੂੰ ਹਿੰਦੀ ਪੰਜਾਬੀ ਵਿਚ ਟਰਾਂਸਲੇਟ ਕਰਕੇ ਦਿਖਾਉਂਦੇ ਹਨ।ਇਸ ਵਿੱਚ ਬੱਚਿਆਂ ਦਾ ਕੋਈ ਕਸੂਰ ਨਹੀਂ।ਉਹ ਜੋ ਦੇਖਣਗੇ ਉਹੀ ਗੱਲਾਂ ਸਮਝਣਗੇ ਤੇ ਉਹੀ ਅਪਨਾਉਣਗੇ।ਅੱਜ ਅਸੀਂ ਕਿਸੇ ਕਿਸਮ ਦਾ ਪਰਦਾ ਰੱਖਦੇ ਹੀ ਨਹੀਂ।ਰਹੀ ਸਹੀ ਕਸਰ ਟੀ ਵੀ ਤੇ ਮੋਬਾਇਲ ਪੂਰੀ ਕਰ ਦਿੰਦੇ ਹਨ।ਵੱਡੇ ਆਪਣੀਆਂ ਗੱਲਾਂ ਕਰਦੇ ਹੋਏ ਇਹ ਨਹੀਂ ਸੋਚਦੇ ਕਿ ਬੱਚਾ ਕੋਲ ਬੈਠਾ ਹੈ ਉਪਰੋਕਤ ਸਾਰੀ ਗੱਲ ਸੁਣ ਰਿਹਾ ਹੈ।ਹਥਿਆਰਾਂ ਵਾਲੇ ਗਾਣਿਆਂ ਨਾਲੋਂ ਵੀ ਮਾਰੂ ਅਸਰ ਇਨ੍ਹਾਂ ਕਾਰਟੂਨਾਂ ਦਾ ਹੋ ਰਿਹਾ ਹੈ।ਇਸ ਵੱਲ ਵਿਸ਼ੇਸ਼ ਧਿਆਨ ਦਿਓ ਕਦੇ ਆਪਣੇ ਬੱਚਿਆਂ ਨੂੰ ਇਨ੍ਹਾਂ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰੋ।
ਆਪਣੇ ਬੱਚਿਆਂ ਨਾਲ ਆਪ ਸਮਾਂ ਬਿਤਾਓ।ਉਨ੍ਹਾਂ ਦੀ ਰੁਚੀ ਕਿਸੇ ਚੰਗੇ ਕੰਮ ਵੱਲ ਲਗਾਓ ਜਿਵੇਂ ਖੇਡਾਂ ਜਾਂ ਪੇਂਟਿੰਗ ਜਾਂ ਕੋਈ ਹੋਰ ਕਲਾ।ਬੱਚੇ ਦੇ ਪਹਿਲੇ ਪੰਜ ਸਾਲ ਬੜੇ ਕੀਮਤੀ ਹੁੰਦੇ ਹਨ।ਇਹ ਉਸ ਦੀ ਜ਼ਿੰਦਗੀ ਦੀ ਦਿਸ਼ਾ ਨਿਰਧਾਰਤ ਕਰਦੇ ਹਨ।ਮਨੋਵਿਗਿਆਨ ਕਹਿੰਦਾ ਹੈ ਕਿ ਜੋ ਇਨ੍ਹਾਂ ਪੰਜ ਸਾਲਾਂ ਵਿੱਚ ਬੱਚੇ ਨੇ ਸਿੱਖ ਲਿਆ ਉਹ ਕਦੇ ਨਹੀਂ ਭੁੱਲਦਾ।ਇਹ ਉਸ ਦੇ ਸਮਾਜਿਕ ਜੀਵਨ ਦੀ ਨੀਂਹ ਬਣਦੇ ਹਨ।ਅਜਿਹੇ ਵਿੱਚ ਬੱਚਿਆਂ ਨੂੰ ਇਸ ਤਰ੍ਹਾਂ ਦੇ ਕਾਰਕੁਨ ਦਿਖਾਉਣਾ ਠੀਕ ਨਹੀਂ।ਵੀਡੀਓ ਖੇਡਾਂ ਵੀ ਅਰਾਜਕਤਾ ਵੱਲ ਲਿਜਾਂਦੀਆਂ ਹਨ ਕਿਉਂਕਿ ਅਕਸਰ ਹਿੰਸਕ ਖੇਡਾਂ ਹੁੰਦੀਆਂ ਹਨ।ਲੋੜ ਹੈ ਸਾਨੂੰ ਇਸ ਪ੍ਰਤੀ ਸੁਚੇਤ ਹੋਣ ਦੀ।
ਹਰਪ੍ਰੀਤ ਕੌਰ ਸੰਧੂ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly