ਅਮਰਜੀਤ ਸਿੰਘ ਜੀਤ
(ਸਮਾਜ ਵੀਕਲੀ) ਕਹਿੰਦੇ ਨੇ ਕਿ ਜਦੋਂ ਤੋਂ ਧਰਤੀ ਤੇ ਜੀਵਨ ਪਣਪਨਾਂ ਸ਼ੁਰੂ ਹੋਇਆ ਉਹ ਪਾਣੀ ਸੋਮਿਆਂ ਦੇ ਆਲੇ ਦੁਆਲੇ ਹੀ ਵਿਗਸਦਾ ਰਿਹਾ ਹੈ।ਸਦੀਆਂ ਪਹਿਲਾਂ ਪਾਣੀਆਂ ਦੇ ਕੁਦਰਤੀ ਵਹਿਣਾਂ ਤੇ ਜੀਵਨ ਨਿਰਭਰ ਕਰਦਾ ਸੀ । ਮਨੁੱਖ ਜਿਉਂ ਜਿਉਂ ਸਭਿਆਕ ਹੁੰਦਾ ਗਿਆ ਉਸਨੇ ਦਰਿਆਵਾਂ ,ਨਦੀਆਂ -ਨਾਲਿਆਂ , ਕੁਦਰਤੀ ਝੀਲਾਂ ਦੇ ਦੁਆਲੇ ਬਸਤੀਆਂ ਦੇ ਰੂਪ ਵਿੱਚ ਵਸੇਬ ਕਰਨਾ ਸ਼ੁਰੂ ਕਰ ਦਿੱਤਾ ਅੱਗੇ ਜਾ ਕੇ ਇਹੀ ਬਸਤੀਆਂ ਵੱਡੇ ਸ਼ਹਿਰਾਂ ਦੇ ਰੂਪ ਵਿੱਚ ਵਿਕਸਤ ਹੋ ਗਈਆਂ । ਅੱਜ ਵੀ ਸਦੀਆਂ ਪੁਰਾਣੇ ਸ਼ਹਿਰ ਇਹਨਾਂ ਦਰਿਆਵਾਂ ਨਦੀਆਂ-ਨਾਲਿਆਂ ਦੇ ਕੰਢੇ ਹੀ ਵਸੇ ਹੋਏ ਨੇ।ਮਨੁੱਖ ਨੇ ਜੀਵਨ ਨੂੰ ਸੁਖਾਲਾ ਕਰਨ ਲਈ ਬੇਹੱਦ ਤਰੱਕੀ ਕੀਤੀ ਹੈ ਪਰ ਜਿਉਂ ਜਿਉਂ ਉਹ ਤਰੱਕੀ ਕਰਦਾ ਗਿਆ ਕੁਦਰਤੀ ਸੋਮਿਆਂ ਦੀ ਵਰਤੋਂ ਕਰਦੇ ਸਮੇਂ ਉਨਾਂ ਹੀ ਲਾਪਰਵਾਹ ਹੁੰਦਾ ਗਿਆ। ਦਰਿਆਵਾਂ ਦੇ ਵਹਿਣਾਂ ਨੂੰ ਪਾਕ ਪਵਿੱਤਰ ਮੰਨਿਆ ਜਾਂਦਾ ਸੀ ,ਵਗਦੇ ਪਾਣੀਆਂ ਨੂੰ ਅੰਮ੍ਰਿਤ ਨਿਆਈਂ ਜਾਣਿਆ ਜਾਂਦਾ ਸੀ।ਅੱਜ ਤੋਂ ਪੰਜਾਹ ਕੁ ਸਾਲ ਪਹਿਲਾਂ ਦੇ ਇਕ ਪੰਜਾਬੀ ਗੀਤ ਦੇ ਬੋਲ ਵਗਦੇ ਪਾਣੀਆਂ ਦੀ ਸਵੱਛਤਾ ਬਿਆਨਦੇ ਹਨ :
ਗੋਡੀ ਲਾ ਕੇ ਪੀ ਲੈ ਬੱਲੀਏ
ਠੰਡਾ ਠਾਰ ਨੀ ਕੱਸੀ ਦਾ ਪਾਣੀ
ਉਪਰੋਕਤ ਸਤਰਾਂ ਬੀਤੇ ਸਮੇਂ ਦੀਆਂ ਗੱਲਾਂ ਹੋ ਗਈਆਂ ਹਨ,ਮਨੁੱਖ ਨੇ ਜਦੋਂ ਐਨੀ ਤਰੱਕੀ ਨਹੀਂ ਸੀ ਕੀਤੀ । ਭਲਿਆਂ ਵੇਲੇ ਦੀ ਗੱਲ ਚੇਤੇ ਕਰਕੇ ਅੱਜ ਦਾ ਤਰੱਕੀ ਯੁੱਗ ਮਨ ਨੂੰ ਉਪਰਾਮ ਕਰਨ ਵਾਲਾ ਜਾਪਦਾ ਹੈ । ਮਨੁੱਖ ਦੀ ਵਧਦੀ ਆਬਾਦੀ ਨੇ ਸਭ ਕੁਦਰਤੀ ਸੋਮਿਆਂ ਨੂੰ ਵਿਗਾੜ ਕੇ ਰੱਖ ਦਿੱਤਾ ਹੈ ।ਪੂਰੇ ਵਿਸ਼ਵ ਵਿਚ ਵੱਡੇ ਦਰਿਆ ਐਮਾਜ਼ਾਨ, ਮਿਸੀ ਸਿੱਪੀ,ਨੀਲ,ਹਵਾਂਗ, ਸਿੰਧ ਆਦਿ ਪ੍ਰਦੂਸ਼ਿਤ ਹੋ ਗਏ ਹਨ ।ਭਾਰਤ ਦਾ ਸਭ ਤੋਂ ਪਵਿੱਤਰ ਮੰਨਿਆ ਜਾਂਦਾ ਦਰਿਆ ਗੰਗਾ (ਨਦੀ) ਵੀ ਅੱਜ ਪ੍ਰਦੂਸ਼ਿਤ ਹੋ ਚੁੱਕਿਆ ਹੈ।
‘ਰਾਮ ਤੇਰੀ ਗੰਗਾ ਮੈਲੀ ਹੋ ਗਈ ਪਾਪੀਆਂ ਕੇ ਪਾਪ ਧੋਤੇ ਧੋਤੇ’
ਪਾਪ ਧੋਣ ਤੱਕ ਤਾਂ ਗੱਲ ਚੱਲ ਜਾਂਦੀ ਪਰ ਹੁਣ ਤਾਂ ਗੰਗਾ ਦੁਆਲੇ ਵਸਦੇ ਸ਼ਹਿਰਾਂ ਦੇ ਸੀਵਰੇਜ ਪਲਾਂਟਸ ਦਾ ਪਾਣੀ ਵੀ ਗੰਗਾ ਚ ਸੁੱਟਿਆ ਜਾ ਰਿਹਾ ਹੈ।ਕੋਈ ਸਮਾਂ ਸੀ ਲੋਕ ਗੰਗਾਜਲ ਨੂੰ ਘਰਾਂ ਚ ਪਵਿੱਤਰ ਮੰਨ ਕੇ ਅਧਿਆਤਮਕ ਕੰਮਾਂ ਲਈ ਵਰਤਦੇ ਸਨ ਪਰ ਅਫਸੋਸ ਮਨੁੱਖ ਨੇ ਅਧਿਆਤਮਿਕਤਾ ਨਾਲ ਜੁੜੇ ਇਸ ਦਰਿਆ ਨੂੰ ਵੀ ਨਹੀਂ ਬਖਸ਼ਿਆ ਆਪਣੇ ਮਤਲਬ ਲਈ ਬੇਹੱਦ ਪ੍ਰਦੂਸ਼ਿਤ ਕਰ ਦਿੱਤਾ ਹੈ।ਭਾਵੇਂ ਕਿ ਗੰਗਾ ਦੀ ਸਵੱਛਤਾ ਲਈ 2011 ‘ਚ ਗੰਗਾ-ਪੁੱਤਰ ਸੁਆਮੀ ਨਿਗਮਾਨੰਦ 126 ਦਿਨ ਦੇ ਮਰਨ ਵਰਤ ਤੋਂ ਬਾਅਦ,ਅਤੇ 2018 ‘ਚ ਸੁਆਮੀ ਜੀ ਡੀ ਅਗਰਵਾਲ (ਸੁਆਮੀ ਸਾਨੰਦ) 113 ਦਿਨ ਦੇ ਮਰਨ ਵਰਤ ਉਪਰੰਤ ਆਪਣੇ ਪ੍ਰਾਣਾਂ ਦੀ ਆਹੂਤੀ ਪਾ ਗਏ ਪਰ ਪਰਨਾਲਾ ਉੱਥੇ ਦੀ ਉੱਥੇ ਹੈ। ਅੱਜ ਤੱਕ ਨੈਸ਼ਨਲ ਗਰੀਨ ਟ੍ਰਿਬਿਊਨਲ, ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ, ਸਰਕਾਰੀ ਤੇ ਗੈਰ ਸਰਕਾਰੀ ਅਨੇਕਾਂ ਵਾਤਾਵਰਣ ਬਚਾਓ ਏਜੰਸੀਆਂ ਦੇ ਸਿਰਤੋੜ ਯਤਨਾਂ ਸਦਕਾ ਕਰੋੜਾਂ ਰੁਪਇਆਂ ਦੇ ਪ੍ਰਾਜੈਕਟ ਲਗਾ ਕੇ ਵੀ ਗੰਗਾ ਨੂੰ ਪ੍ਰਦੂਸ਼ਣ ਮੁਕਤ ਨਹੀਂ ਕੀਤਾ ਜਾ ਸਕਿਆ ,ਇਸ ਦਾ ਪਾਣੀ ਅੱਜ ਵੀ ਪੀਣਯੋਗ ਨਹੀਂ ਹੋ ਸਕਿਆ।ਇਹ ਤਾਂ ਇੱਕ ਮਿਸਾਲ ਹੈ ਭਾਰਤ ਦੇ ਕਰੋੜਾਂ ਲੋਕਾਂ ਦੀ ਧਾਰਮਿਕ ਆਸਥਾ ਨਾਲ ਜੁੜੇ ਇੱਕ ਦਰਿਆ ਦੀ।ਇੱਥੇ ਹੀ ਬੱਸ ਨਹੀਂ ਪੂਰੇ ਭਾਰਤ ਵਿਚ ਕੋਈ ਵੀ ਦਰਿਆ ਅਜਿਹਾ ਨਹੀਂ ਜਿਸ ਵਿੱਚ ਸ਼ਹਿਰਾਂ ਦੀ ਉਦਯੋਗਿਕ ਰਹਿੰਦ ਖੂੰਹਦ ਨਾ ਰੋੜ੍ਹੀ ਜਾਂਦੀ ਹੋਵੇ, ਫੈਕਟਰੀਆਂ ਚੋਂ ਨਿਕਲਦਾ ਗੰਧਲਾ ਪਾਣੀ ਦਰਿਆਵਾਂ ਵਿੱਚ ਨਾ ਸੁੱਟਿਆ ਜਾਂਦਾ ਹੋਵੇ । ਜੇ ਪੰਜਾਬ ਦੀ ਗੱਲ ਕਰੀਏ ਤਾਂ ਇਸ ਦੇ ਪੰਜਾਂ ਪਾਣੀਆਂ ਦਾ ਹੋਰ ਵੀ ਬੁਰਾ ਹਾਲ ਹੈ। ਰਾਵੀ ਦਰਿਆ ਨੂੰ ਲਹਿੰਦੇ ਪੰਜਾਬ ਚ ਦੁਨੀਆ ਦਾ ਸਭ ਤੋਂ ਵੱਧ ਪ੍ਰਦੂਸ਼ਿਤ ਦਰਿਆ ਸਮਝਿਆ ਜਾਂਦਾ ਹੈ।ਬਿਆਸ ਦਰਿਆ ਚ ਬੇਸ਼ੱਕ ਪ੍ਰਦੂਸ਼ਣ ਦਾ ਅਸਰ ਘੱਟ ਕਰਕੇ ਵੇਖਿਆ ਜਾਂਦਾ ਸੀ ਪਰ ਮਈ 2018 ‘ਚ ਇਹ ਭਰਮ ਵੀ ਉਸ ਵੇਲੇ ਟੁੱਟ ਗਿਆ ਜਦੋਂ ਇਕ ਸਵੇਰ ਦਰਿਆ ਨੇੜੇ ਵਸਦੇ ਲੋਕਾਂ ਨੇ ਪਾਣੀ ‘ਚ ਮਰੀਆਂ ਮੱਛੀਆਂ ਅਤੇ ਪਾਣੀ ਵਾਲੇ ਹੋਰ ਮਰੇ ਹੋਏ ਜੀਵ ਵੱਡੀ ਪੱਧਰ ਤੇ ਤੈਰਦੇ ਦੇਖੇ ਬਾਅਦ ਵਿਚ ਜਾਂਚ ਉਪਰੰਤ ਗੱਲ ਸਾਹਮਣੇ ਆਈ ਕਿ ਗੁਰਦਾਸਪੁਰ ਦੇ ਸ਼ੂਗਰ ਮਿੱਲ ਚੋਂ ਬਹੁਤ ਜ਼ਿਆਦਾ ਕੈਮੀਕਲ ਯੁਕਤ ਪਦਾਰਥ ਦਰਿਆ ‘ਚ ਰਲਣ ਕਾਰਨ ਦਰਿਆ ਦਾ ਪਾਣੀ ਏਨਾ ਜ਼ਹਿਰੀਲਾ ਹੋ ਗਿਆ ਸੀ, ਜਿਸ ਨਾਲ ਪਾਣੀ ਵਿਚਲੇ ਅਨੇਕਾਂ ਹੀ ਜੀਵ ਮਰ ਗਏ।ਇਸ ਘਟਨਾ ਨੇ ਉਦਯੋਗਿਕ ਇਕਾਈਆਂ ਦੇ ਕਾਰਜ ਪ੍ਰਬੰਧਾਂ ਚ ਵਰਤੀ ਜਾਂਦੀ ਅਣਗਹਿਲੀ ਤੇ ਲਾਪ੍ਰਵਾਹੀ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ।ਸਾਲ 2022 ਦੇ ਨੇੜੇ ਅਜਿਹੀ ਹੋਰ ਘਟਨਾ ਸਾਹਮਣੇ ਆਈ ਜਦ ਜ਼ੀਰਾ ਸ਼ਰਾਬ ਫੈਕਟਰੀ ਦੇ ਨੇੜੇ ਬੋਰਵੈਲਾਂ ਦਾ ਪਾਣੀ ਬਦਬੂਦਾਰ ਤੇ ਗੰਧਲਾ ਹੋਣ ਲਗ ਪਿਆ।ਸ਼ਰਾਬ ਫੈਕਟਰੀ ਦਾ ਕੈਮੀਕਲ ਯੁਕਤ ਸਾਰਾ ਪਾਣੀ ਧਰਤੀ ‘ਚ ਹੀ ਡੰਪ ਕਰ ਦਿੱਤਾ ਜਾਂਦਾ ਰਿਹਾ।ਇਹ ਕੰਮ ਫੈਕਟਰੀ ਚ ਲਗਭਗ 25 ਅਣਅਧਿਕਾਰਤ ਬੋਰਵੈਲਾਂ ਰਾਹੀਂ ਕੀਤਾ ਜਾਂਦਾ ਰਿਹਾ , ਨਤੀਜਨ ਫੈਕਟਰੀ ਦੁਆਲੇ 15 ਕਿਲੋਮੀਟਰ ਤੱਕ ਧਰਤੀ ਹੇਠਲਾ ਪਾਣੀ ਏਨਾ ਪ੍ਰਦੂਸ਼ਿਤ ਹੋ ਗਿਆ ਕਿ ਨਾ ਉਹ ਪੀਣਯੋਗ ਰਿਹਾ ਨਾ ਹੀ ਸਿੰਜਾਈ-ਯੋਗ ।ਆਖਰ ਇਕ ਲੰਬੇ ਸੰਘਰਸ਼ ਤੋਂ ਬਾਅਦ ਇਲਾਕੇ ਦੇ ਲੋਕਾਂ ਨੂੰ ਓਦੋਂ ਰਾਹਤ ਮਿਲੀ ਜਦ ਫੈਕਟਰੀ ਬੰਦ ਕਰਨ ਦੇ ਸਰਕਾਰੀ ਹੁਕਮ ਪਾਸ ਹੋਏ।ਸਾਫ ਜ਼ਾਹਿਰ ਹੈ ਕਿ ਉਦਯੋਗਿਕ ਇਕਾਈਆਂ ਦੇ ਪ੍ਰਬੰਧਕ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਸ਼ਰਤਾਂ ਤੇ ਕਦੇ ਵੀ ਪੂਰੀ ਤਰ੍ਹਾਂ ਸੁਹਿਰਦਤਾ ਨਾਲ ਅਮਲ ਨਹੀਂ ਕਰਦੇ। ਲਿਖਤੀਂ-ਪੜਤੀਂ ਬੇਸ਼ੱਕ ਸ਼ਰਤਾਂ ਮੰਨ ਲੈਂਦੇ ਹਨ ਪਰ ਮਿੱਥੇ ਮਾਪ-ਦੰਡਾਂ ਤੇ ਕਦੇ ਵੀ ਪੂਰੇ ਨਹੀਂ ਉਤਰਦੇ।
ਸਤਲੁਜ ਦਰਿਆ ਦਾ ਹਾਲ ਇਸ ਨਾਲੋਂ ਵੀ ਮਾੜਾ ਹੈ ਇਸ ਚ ਰਲਣ ਵਾਲੀਆਂ ਸਹਾਇਕ ਨਦੀਆਂ ਦਾ ਪਾਣੀ ਜੋ ਕਿ ਉਦਯੋਗਿਕ ਖੇਤਰਾਂ ਦੇ ਰਸਾਇਣਕ ਰਿਸਾਵ ਕਾਰਨ ਬੇਹੱਦ ਪ੍ਰਦੂਸ਼ਿਤ ਹੈ ,ਇਸ ‘ਚ ਮਿਲਣ ਕਾਰਨ ਸਥਿਤੀ ਖਤਰਨਾਕ ਹੋਈ ਪਈ ਹੈ।ਇਹਨਾਂ ਸਹਾਇਕ ਨਦੀਆਂ ਚੋਂ ਸਭ ਤੋਂ ਅਹਿਮ ਨਦੀ ਬੁੱਢੇ ਦਰਿਆ ਦੇ ਕਾਲੇ ਪਾਣੀ ਦੀ ਸਮੱਸਿਆ ਵਿਕਰਾਲ ਰੂਪ ਧਾਰਨ ਕਰੀ ਖੜੀ ਹੈ। ਬੁੱਢਾ ਦਰਿਆ ਹੁਣ ਗੰਦੇ ਨਾਲੇ ਦਾ ਰੂਪ ਧਾਰਨ ਕਰ ਗਿਆ ਹੈ। ਦੱਸਦੇ ਹਨ ਕਿ 1980ਵਿਆਂ ਤੱਕ ਇਸ ਦਰਿਆ ਦਾ ਪਾਣੀ ਪੀਣ ਲਈ ਵਰਤਿਆ ਜਾਂਦਾ ਰਿਹਾ ਹੈ ।ਮਤਲਬ ਚਮਕੌਰ ਸਾਹਿਬ ਤੋਂ ਬਹਿਲੋਲਪੁਰ,ਮਾਛੀਵਾੜਾ ,ਕੂੰਮਕਲਾਂ ,ਲੁਧਿਆਣਾ,ਹੰਬੜਾਂ ,ਭੂੰਦੜੀ ਤੇ ਵਲੀਪੁਰ ਤੱਕ ਦੇ ਖੇਤਰ ਦੀ ਪਿਆਸ ਬੁਝਾਉਂਦਾ ਰਿਹਾ ਹੈ ।ਪਰ 1984 ਤੋਂ ਬਾਅਦ ਲੁਧਿਆਣਾ ਸ਼ਹਿਰ ਦੀ ਆਬਾਦੀ ਵਧਣ ਦੇ ਨਾਲ ਨਾਲ ਸ਼ਹਿਰ ਦਾ ਵੱਡੇ ਪੱਧਰ ਤੇ ਉਦਯੋਗੀਕਰਣ ਹੋਣ ਨਾਲ ਇਸ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਗਈ। ਏਥੇ ਵਸਦੇ ਲੋਕਾਂ ਦੇ ਕਹਿਣ ਮੁਤਾਬਕ, ਹੁਣ ਹਾਲਤ ਇਹ ਹੈ ਕਿ ਸ਼ਹਿਰ ਦੇ ਸੀਵਰੇਜ ਪਲਾਂਟਸ ਅਤੇ ਡੇਅਰੀ ਫਾਰਮਿੰਗ ਦਾ ਅਣਸੁਧਿਆ ਪਾਣੀ ਤਾਂ ਨਾਲੇ ਚ ਸੁੱਟਿਆ ਹੀ ਜਾਂਦਾ ਹੈ ਕਪੜੇ ਰੰਗਣ ਵਾਲੀਆਂ ਫੈਕਟਰੀਆਂ ਅਤੇ ਇਲੈਕਟਰੋਪਲੇਟਿੰਗ ਉਦਯੋਗਿਕ ਇਕਾਈਆਂ ਦਾ ਕੈਮੀਕਲ ਯੁਕਤ ਸਾਰਾ ਪਾਣੀ ਵੀ ਨਾਲੇ ਵਿਚ ਪਾਇਆ ਜਾ ਰਿਹਾ ਹੈ ।ਬੇਸ਼ੱਕ ਉਦਯੋਗਪਤੀਆਂ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਦਾਅਵੇ ਕੀਤੇ ਜਾਂਦੇ ਹਨ ਸਾਰਾ ਪਾਣੀ ਸੁਧਾਈ ਉਪਰੰਤ ਹੀ ਨਾਲੇ ਵਿੱਚ ਪਾਇਆ ਜਾਂਦਾ ਹੈ ਪਰ ਇਹ ਪੂਰਾ ਸੱਚ ਨਹੀਂ ।ਵਾਟਰ ਟ੍ਰੀਟਮੈਂਟ ਪਲਾਂਟ ਬੇਸ਼ੱਕ ਲਗਾਏ ਗਏ ਹਨ ਪਰ ਅਸਲੀਅਤ ਚ ਇਹ ਪਲਾਂਟਸ ਉਨੀ ਸਮੱਰਥਾ ਨਾਲ ਕੰਮ ਨਹੀਂ ਕਰਦੇ ਜਿੰਨੀ ਦੀ ਲੋੜ ਹੈ।ਜੇਕਰ ਟ੍ਰੀਟਮੈਂਟ ਪਲਾਂਟ ਲਗਾਏ ਵੀ ਹੋਏ ਨੇ ਉਹਨਾਂ ਦਾ ਫਾਇਦਾ ਤਾਂ ਹੀ ਹੈ ਜੇ ਪੂਰੀ ਤਰਾਂ ਪਾਣੀ ਦੀ ਸੁਧਾਈ ਹੋ ਸਕੇ ਪਰ ਇਹ ਨਹੀਂ ਹੋ ਰਿਹਾ। ਹਾਲਤ ਵਿਗੜਦੇ ਜਾ ਰਹੇ ਹਨ। ਬੁੱਢੇ ਨਾਲੇ ਦਾ ਕਾਲਾ ਪਾਣੀ ਸਤਲੁਜ ਚ ਮਿਲ ਕੇ ਵੱਡੇ ਪੱਧਰ ਤੇ ਪਾਣੀ ਪ੍ਰਦੂਸ਼ਿਤ ਕਰ ਰਿਹਾ ਹੈ , ਜੋ ਦੱਖਣੀ ਪੰਜਾਬ ਦੇ ਮਾਲਵੇ ਤੋਂ ਰਾਜਸਥਾਨ ਤੱਕ ਕੈਂਸਰ,ਕਾਲਾ ਪੀਲੀਆ ,ਹੈਪੇਟਾਈਟਸ ਸੀ,ਚਮੜੀ ਦੀਆਂ ਬਿਮਾਰੀਆਂ ਸਮੇਤ ਅਨੇਕਾਂ ਭਿਆਨਕ ਰੋਗਾਂ ਦਾ ਕਾਰਨ ਬਣ ਰਿਹਾ ਹੈ ਅਤੇ ਬੁੱਢੇ ਨਾਲੇ ਦੇ ਆਸੇ ਪਾਸੇ ਦੇ ਖੇਤਰ ਦਾ ਜਮੀਨਦੋਜ਼ ਪਾਣੀ ਵੀ ਏਨਾ ਦੂਸ਼ਿਤ ਹੋ ਚੁੱਕਿਆ ਹੈ ਕਿ ਪੀਣਯੋਗ ਤਾਂ ਕੀ ਸਿੰਜਾਈ-ਯੋਗ ਵੀ ਨਹੀਂ ਰਿਹਾ । ਏਥੋਂ ਦੇ ਲੋਕਾਂ ਦਾ ਜਿਉਣਾ ਦੁੱਭਰ ਹੋਇਆ ਪਿਆ ਹੈ।ਪਿਛਲੇ ਕੁਝ ਸਮੇਂ ਤੋਂ ਵਾਤਾਵਰਣ ਪ੍ਰੇਮੀ ਅਤੇ ਸਮਾਜਸੇਵੀ ਜਥੇਬੰਦੀਆਂ ਨੇ ਬੁੱਢੇ ਨਾਲੇ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ‘ਕਾਲੇ ਪਾਣੀ ਦਾ ਮੋਰਚਾ’ ਦੇ ਨਾਂ ਥੱਲੇ ਮੁਹਿੰਮ ਚਲਾਈ ਹੋਈ ਹੈ। ਦਸੰਬਰ ਦੇ ਸ਼ੁਰੂ ਵਿਚ ਮੋਰਚੇ ਵੱਲੋਂ ਸ਼ਾਂਤਮਈ ਰੋਸ ਪ੍ਰਦਰਸ਼ਨ ਲਈ ਲੁਧਿਆਣਾ ਦੇ ਵੇਰਕਾ ਮਿਲਕ ਪਲਾਂਟ ਲਾਗੇ ਇੱਕਠੇ ਹੋਣ ਲਈ ਕਾਲ ਦਿੱਤੀ ਗਈ ਸੀ ।ਜਿਸ ਤੋਂ ਘਬਰਾ ਕੇ ਕਪੜਾ ਰੰਗਣ ਵਾਲੀਆਂ ਫੈਕਟਰੀਆਂ ਦੇ ਪ੍ਰਬੰਧਕਾਂ ਨੇ ਸਹਿਯੋਗ ਕਰਨ ਦੀ ਬਜਾਏ ਹਮਲਾਵਰ ਰੁਖ ਅਖਤਿਆਰ ਕਰਦਿਆਂ ਸਮਾਜਸੇਵੀ ਮੋਰਚੇ ਦੇ ਆਗੂਆਂ ਤੇ ਬਲੈਕਮੇਲਰ ਹੋਣ ਤੱਕ ਦੇ ਦੋਸ਼ ਲਾ ਧਰੇ। ਧਮਕੀਆਂ ਦਿੱਤੀਆਂ ਕਿ ਫੈਕਟਰੀ ਮਜਦੂਰਾਂ ਨੂੰ ਮੋਰਚੇ ਦੇ ਖਿਲਾਫ ਲਿਆ ਖੜਾ ਕਰ ਦਿੱਤਾ ਜਾਵੇਗਾ।ਪ੍ਰਸ਼ਾਸਨ ਨੇ ਭੜਕਾਊ ਭਾਸ਼ਣ ਕਰਨ ਵਾਲੇ ਉਦਯੋਗਪਤੀਆਂ ਤੇ ਬਣਦੀ ਕਾਰਵਾਈ ਤਾਂ ਕੀ ਕਰਨੀ ਸੀ ਸਗੋਂ ਉਹਨਾਂ ਦਾ ਸਾਥ ਦਿੰਦਿਆਂ 3 ਦਸੰਬਰ ਨੂੰ ਉਦਯੋਗਪਤੀਆਂ ਦੀ ਸਟੇਜ ਵੀ ਲਗਵਾਈ ਅਤੇ ਫੈਕਟਰੀ ਮਜਦੂਰਾਂ ਸਮੇਤ ਵੱਡੀ ਗਿਣਤੀ ਚ ਭੀੜ ਜਮਾ ਕਰਨ ਚ ਉਹਨਾਂ ਦੀ ਪਿੱਠ ਵੀ ਪੂਰੀ ਗਈ।ਦੂਜੇ ਬੰਨੇ ਪੰਜਾਬ ਭਰ ਤੋਂ ਪੀੜਤ ਲੋਕਾਂ ਅਤੇ ਮੋਰਚੇ ਦੇ ਆਗੂਆਂ ਨੂੰ ਗ੍ਰਿਫਤਾਰ ਕਰਕੇ ਸ਼ਾਂਤਮਈ ਪ੍ਰਦਰਸ਼ਨ ਨੂੰ ਕੁਚਲਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਦਿੱਤਾ। ਅਜਿਹੇ ਹਾਲਾਤਾਂ ਚ ਲੋਕਾਂ ਨੂੰ ਜ਼ਹਿਰ ਦੇ ਘੁੱਟ ਭਰਨ ਲਈ ਮਜਬੂਰ ਵੀ ਕੀਤਾ ਜਾ ਰਿਹਾ ਤੇ ਰੋਣ ਵੀ ਨਹੀਂ ਦਿੱਤਾ ਜਾ ਰਿਹਾ।ਮੁੱਕਦੀ ਗੱਲ ਲੰਬੇ ਸਮੇਂ ਤੋਂ ਚਲਦਾ ਆ ਰਿਹਾ ਅਜਿਹਾ ਵਰਤਾਰਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਸਗੋਂ ਹੋਰ ਗੰਭੀਰ ਰੂਪ ਧਾਰਨ ਕਰਦਾ ਜਾ ਰਿਹਾ ਹੈ। ਇਸ ਵਿਰੁੱਧ ਸਮਾਜਸੇਵੀ ਤੇ ਵਾਤਾਵਰਣ ਬਚਾਓ ਜਥੇਬੰਦੀਆਂ ਲੰਮੇ ਸਮੇਂ ਤੋਂ ਆਪਣੀ ਆਵਾਜ ਬੁਲੰਦ ਕਰਕੇ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਸੰਘਰਸ਼ ਦੇ ਰਾਹ ਪਈਆਂ ਹੋਈਆਂ ਹਨ।ਪਰ ਪਾਣੀ ਪਲੀਤ ਕਰਨ ਲਈ ਜਿੰਮੇਵਾਰ ਢੀਠ ਤੰਤਰ ਦੇ ਕੰਨ ਤੇ ਜੂੰ ਤੱਕ ਨਹੀਂ ਸਰਕਦੀ।ਲੋਕ ਮਜਬੂਰ ਹਨ ਬੋਤਲ ਬੰਦ ਪਾਣੀ ਪੀਣ ਲਈ, ਘਰ ਘਰ ਆਰ ਓ ਸਿਸਟਮ ਲਗਾ ਕੇ ਪਾਣੀ ਪੀਣਯੋਗ ਬਣਾਉਣ ਲਈ, ਬੇਸ਼ੱਕ ਇਸ ਲਈ ਉਹਨਾਂ ਨੂੰ ਭਾਰੀ ਕੀਮਤ ਹੀ ਕਿਉਂ ਨਾ ਤਾਰਨੀ ਪੈਂਦੀ ਹੋਵੇ। ਅੱਜ ਕੋਈ ਵੀ ਨਲਕਿਆਂ , ਘੜਿਆਂ ,ਖੂਹਾਂ ਜਾ ਖੁੱਲ੍ਹੀਆਂ ਟੂਟੀਆਂ ਦਾ ਪਾਣੀ ਨਹੀਂ ਪੀ ਸਕਦਾ, ਨਹਿਰਾਂ ਜਾਂ ਕੱਸੀਆਂ ਤੋਂ ਓਕ ਲਾ ਕੇ ਪਾਣੀ ਪੀਣਾ ਤਾਂ ਦੂਰ ਦੀ ਗੱਲ ਹੈ। ਆਰ ਓ ਸਿਸਟਮ ਅਤੇ ਬੰਦ ਬੋਤਲ ਪਾਣੀ ਦਾ ਵੀ ਇਕ ਵੱਖਰਾ ਉਦਯੋਗ ਹੋਂਦ ਚ ਆ ਗਿਆ ਹੈ।
“ਘੜੇ ,ਨਲਕੇ ਅਤੇ ਦਰਿਆ ਨਮੋਸ਼ੀ ਵਿੱਚ ਡੁੱਬੇ ਨੇ,
ਜਦੋਂ ਦਾ ਬੋਤਲਾਂ ਵਿੱਚ ਬੰਦ ਹੋ ਕੇ ਵਿਕ ਰਿਹਾ ਪਾਣੀ।
ਇਹ ਵਰਤਾਰਾ ਵੀ ਅੱਖੀਂ ਦੇਖ ਸਾਨੂੰ ਪੈ ਰਿਹਾ ਜੀਣਾ,
ਵਿਕੇ ਮੰਡੀ ‘ਚ ਸਸਤਾ ਖੂਨ ,ਮਹਿੰਗਾ ਵਿਕ ਰਿਹਾ ਪਾਣੀ।”
(ਸੁਰਿੰਦਰਪ੍ਰੀਤ ਘਣੀਆ)
ਉਪਰੋਕਤ ਸਤਰਾਂ ਦੇ ਸ਼ਾਇਰ ਨੇ ਅੱਜ ਦੇ ਦੌਰ ਦੀ ਸਪਸ਼ਟ ਤਸਵੀਰ ਪੇਸ਼ ਕਰ ਦਿੱਤੀ ਹੈ।ਜੇ ਹੁਣ ਵੀ ਪਾਣੀਆਂ ਦੀ ਸੰਭਾਲ ਨਾ ਕੀਤੀ ਨਤੀਜੇ ਹੋਰ ਵੀ ਭਿਆਨਕ ਹੋ ਸਕਦੇ ਹਨ।ਜਿਸ ਤਰ੍ਹਾਂ ਕਿ ਭਵਿੱਖਬਾਣੀ ਸੁਣਦੇ ਆਏ ਹਾਂ ” ਆਉਂਦੇ ਸਮਿਆਂ ਚ ਤੀਜੀ ਵਿਸ਼ਵ ਜੰਗ ਪਾਣੀ ਲਈ ਲੱਗੇਗੀ” ਇਹ ਭਵਿੱਖਬਾਣੀ ਸੱਚ ਹੋਣ ਚ ਸ਼ਾਇਦ ਬਹੁਤੀ ਦੇਰ ਨਹੀਂ ਲੱਗਣੀ ਜੇ ਅਸੀਂ ਹੁਣ ਵੀ ਨਾ ਸੰਭਲੇ। ਜੇ ਪਾਣੀ,ਹਵਾ ਤੇ ਧਰਤ ਨੂੰ ਦੂਸ਼ਿਤ ਹੋਣੋ ਨਾ ਬਚਾਇਆ।
ਇਸ ਲਈ ਹੁਣ ਚਾਹੀਦਾ ਇਹ ਹੈ ਕਿ ਆਲਮੀ ਪੱਧਰ ਤੇ ਸਾਰੇ ਮੁਲਕਾਂ ਦੀਆਂ ਸਰਕਾਰਾਂ ਤੇ ਪ੍ਰਸ਼ਾਸਨ ਵੱਲੋਂ ਪੂਰੀ ਸੰਜੀਦਗੀ ਨਾਲ ਪਾਣੀ ਪ੍ਰਦੂਸ਼ਣ ਦੀ ਸਮੱਸਿਆ ਨੂੰ ਹੱਲ ਕਰਨ ਲਈ ਸਖਤ ਕਦਮ ਚੁੱਕੇ ਜਾਣ। ਸ਼ਹਿਰਾਂ ,ਕਸਬਿਆਂ ਅਤੇ ਪਿੰਡਾਂ ਲਈ ਸੀਵਰੇਜ ਟ੍ਰੀਟਮੈਂਟ ਪਲਾਂਟ ਲਗਾਏ ਜਾਣ, ਉਦਯੋਗਿਕ ਖੇਤਰਾਂ ਵਿਚ ਵੱਡੀ ਸਮਰੱਥਾ ਵਾਲੇ ਕਾਮਨ ਐਫਲੂਏਂਟ ਟ੍ਰੀਟਮੈਂਟ ਪਲਾਂਟ ਸਥਾਪਤ ਕੀਤੇ ਜਾਣ , ਲੋੜ ਮੁਤਾਬਕ ਉਦਯੋਗਿਕ ਇਕਾਈਆਂ ਕੈਪਟੀਵ ਐਫਲੂਏਂਟ ਟ੍ਰੀਟਮੈਂਟ ਪਲਾਂਟਸ ਵੀ ਲਗਾਉਣ ਅਤੇ ਇਹਨਾਂ ਸੀਵਰੇਜ ਟ੍ਰੀਟਮੈਂਟ ਪਲਾਂਟਸ ,ਕਾਮਨ ਐਫਲੂਏਂਟ ਟ੍ਰੀਟਮੈਂਟ ਪਲਾਂਟਸ ਦੀ ਸਮੇਂ ਸਮੇਂ ਜਾਂਚ ਕਰਨੀ ਯਕੀਨੀ ਬਣਾਈ ਜਾਵੇ।ਪੁਰਾਣੇ ਟ੍ਰੀਟਮੈਂਟ ਪਲਾਂਟਸ ਨੂੰ ਲੋੜ ਮੁਤਾਬਕ ਮੁੜ ਨਵਿਆਇਆ ਜਾਵੇ ਤਾਂ ਕਿ ਉਹਨਾਂ ਦੇ ਕੰਮ ਕਰਨ ਦੀ ਸਮਰੱਥਾ ਬਣੀ ਰਹੇ। ਇਸ ਤੋਂ ਇਲਾਵਾ ਮਾਹਿਰ ਵਾਤਾਵਰਣ ਵਿਗਿਆਨੀਆਂ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਨਵੀਆਂ ਤਕਨੀਕਾਂ ਅਮਲ ਚ ਲਿਆਦੀਆਂ ਜਾਣ ਅਤੇ ਪੂਰੀ ਸੁਹਿਰਦਤਾ ਨਾਲ ਪਾਣੀ ਦੀ ਸੁਧਾਈ ਯਕੀਨੀ ਬਣਾਈ ਜਾਵੇ। ਜੇ ਹੋ ਸਕੇ ਤਾਂ ਸੋਧੇ ਹੋਏ ਪਾਣੀਆਂ ਦੀ ਮੁੜ ਵਰਤੋਂ ਖੇਤੀਬਾੜੀ ਤੇ ਉਦਯੋਗਿਕ ਕਾਰਜਾਂ ਵਿੱਚ ਕਰਨ ਦੀ ਵੱਧ ਤੋਂ ਵੱਧ ਕੋਸ਼ਿਸ਼ ਕਰਨੀ ਚਾਹੀਦੀ ਹੈ , ਇਸ ਲਈ ਯੋਜਨਾਬੱਧ ਪ੍ਰਾਜੈਕਟ ਤਿਆਰ ਕੀਤੇ ਜਾਣ । ਇਸ ਤਰ੍ਹਾਂ ਦੇ ਪ੍ਰਬੰਧ ਤੇ ਕੋਸ਼ਿਸ਼ ਵੀ ਕੀਤੀ ਜਾਵੇ ਕਿ ਸੋਧੇ ਹੋਏ ਪਾਣੀ ਵੀ ਪੀਣ ਵਾਲੇ ਪਾਣੀਆਂ ਦੇ ਕੁਦਰਤੀ ਸੋਮਿਆਂ ‘ਚ ਮੁੜ ਨਾ ਰਲ ਸਕਣ।
ਸਰਕਾਰਾਂ,ਪ੍ਰਸ਼ਾਸਨ ਅਤੇ ਉਦਯੋਗਪਤੀਆਂ ਦੇ ਨਾਲ-ਨਾਲ ਪੂਰੀ ਦੁਨੀਆ ਦੇ ਲੋਕ ਵੀ ਜਾਗਰੂਕ ਹੋਣ ਤਾਂ ਕਿ ਉਹ ਅਜੋਕੀ ਤਰੱਕੀ-ਦੌੜ ਅਤੇ ਵਾਤਾਵਰਣ ‘ਚ ਏਨਾ ਕੁ ਸੰਤੁਲਨ ਬਣਾਈ ਰੱਖਣ ਕੇ ਜ਼ਿੰਦਗੀ ਮਾਣਨਯੋਗ ਬਣੀ ਰਹੇ। ਪਰ ਅੱਜ ਮਨੁੱਖ ਅਜੋਕੀ ਤਰੱਕੀ-ਦੌੜ ਚ ਏਨਾ ਗਲਤਾਨ ਹੋ ਗਿਆ ਹੈ ਕਿ ਉਹ ਆਪਣੀ ਮੌਤ ਦਾ ਸਮਾਨ ਆਪ ਤਿਆਰ ਕਰੀ ਜਾ ਰਿਹਾ ਹੈ। ਚੰਗੀ ਜ਼ਿੰਦਗੀ ਜਿਉਣ ਦਾ ਸਭਨਾਂ ਨੂੰ ਬਰਾਬਰ ਹੱਕ ਹੈ ।ਇਹ ਗੱਲ ਹਰੇਕ ਇਨਸਾਨ ਨੂੰ ਸਮਝ ਲੈਣੀ ਚਾਹੀਦੀ ਹੈ।ਇਹ ਨਾ ਹੋਵੇ ਤੁਹਾਡੀ ਤਰੱਕੀ ਦੇ ਰਾਹ ਚ ਆਉਣ ਵਾਲੇ ਲੋਕਾਂ ਨੂੰ ਤੁਸੀਂ ਕੀੜੇ ਮਕੌੜੇ ਸਮਝ ਕੇ ਦਰੜਦੇ ਜਾਓਂ। ਸੋਹਣੀ ਜ਼ਿੰਦਗੀ ਜੀਓ, ਦੂਸਰਿਆਂ ਨੂੰ ਜੀਣ ਦਿਓ! ਇਹ ਤਾਂ ਹੀ ਸੰਭਵ ਹੋ ਸਕੇਗਾ ਜੇਕਰ ਅਸੀਂ ਗੁਰੂਆਂ, ਪੀਰਾਂ ਅਤੇ ਅਸਾਡੇ ਰਹਿਬਰਾਂ ਦੇ ਕਥਨ ਤੇ ਅਮਲ ਕਰਕੇ ਸਬਰ-ਸੰਤੋਖ ਵਾਲੀ ਜੀਵਨ ਜਾਚ ਅਪਨਾ ਲਈਏ , ਕੇਵਲ ਪਾਣੀ ਨੂੰ ਹੀ ਨਹੀਂ ਬਲਕਿ ਪੂਰੇ ਵਾਤਾਵਰਣ ਨੂੰ ਸਵੱਛ ਰੱਖੀਏ ਅਤੇ ਗੁਰਬਾਣੀ ਦੇ ਸ਼ਬਦਾਂ ਤੇ ਪਹਿਰਾ ਦਿੰਦਿਆਂ ਕੁਦਰਤ ਦੇ ਨਿਯਮਾਂ ਨੂੰ ਸਮਝੀਏ :
ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ।।
ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ ।।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly