(ਸਮਾਜ ਵੀਕਲੀ)- ਤਣਾਅ ਕੀ ਏ…? ‘ਆਪੇ ਫਾਥੜੀਏ ਤੈਨੂੰ ਕੌਣ ਛੁਡਾਵੇ’, ਕੁਝ ਚੀਜ਼ਾਂ ਲਈ ਜਦੋਂ ਅਸੀਂ ਵਿੱਤੋਂ ਬਾਹਰਾ ਸੋਚਦੇ ਹਾਂ ਜਾਂ ਸਾਡੇ ਆਸ – ਪਾਸ, ਚਾਰ – ਚੁਫੇਰੇ ਕੁਝ ਅਜਿਹੇ ਨੇ ਜੋ ਮੁਸ਼ਕਿਲਾਂ ਨਾਲ ਘਿਰੇ ਹੋਏ ਤਣਾਅਪੂਰਨ ਮਾਹੌਲ ‘ਚ ਰਹਿੰਦੇ ਨੇ, ਅਸੀਂ ਓਹਨਾਂ ਦਾ ਸਾਥ ਦੇਣ ਦਾ ਫਰਜ਼ ਨਿਭਾਉਂਦੇ ਹੋਏ ਖ਼ੁਦ ਹੀ ਤਣਾਅ – ਗ੍ਰਸਤ ਹੋ ਜਾਂਦੇ ਹਾਂ, ਕਹਿਣ ਦਾ ਭਾਵ ਅਸੀਂ ਦੂਜਿਆਂ ਦੀਆਂ ਭਾਰੀ ਪੰਡਾਂ ਸਿਰ ਤੇ ਚੁੱਕ ਕੇ ਉਲਝਣਾਂ ‘ਚ ਰਹਿੰਦੇ ਹਾਂ, ਜੋ ਸਾਨੂੰ ਹਮੇਸ਼ਾਂ ਤਣਾਅ ‘ਚ ਰੱਖਦੀਆਂ ਨੇ ।
ਮੌਜੂਦਾ ਸਮੇਂ ਦੀ ਦੌੜ ‘ਚ ਦੁਨੀਆਂ ਦਾ ਤਕਰੀਬਨ ਹਰ ਬੰਦਾ ਬੁਰੀ ਤਰ੍ਹਾਂ ਤਣਾਅ ਦੇ ਮੱਕੜੀ ਜਾਲ ‘ਚ ਫਸਿਆ ਪਿਆ ਏ, ਅੱਧੇ ਤੋਂ ਵੱਧ ਦੁਨੀਆਂ ਦੇ ਲੋਕ ਤਣਾਅ – ਮੁਕਤ ਹੋਣ ਲਈ ਨੀਂਦ ਦੀਆਂ ਗੋਲੀਆਂ, ਨਸ਼ੇ ਆਦਿ ਵਰਤਦੇ ਨੇ, ਜੋ ਏਸਦਾ ਪੱਕਾ ਹੱਲ ਨਹੀਂ ਸਗੋਂ ਹੋਰ ਬੀਮਾਰੀਆਂ ਨੂੰ ਸੱਦਾ ਦੇਣ ਵਾਲੀ ਗੱਲ ਏ, ਅਜਿਹੇ ਲੋਕਾਂ ਨੂੰ ਮਾਨਸਿਕ ਬਿਮਾਰੀ ਦੇ ਨਾਲ – ਨਾਲ ਸਰੀਰਕ ਬਿਮਾਰੀਆਂ ਵੀ ਪੂਰੀ ਤਰ੍ਹਾਂ ਘੇਰ ਲੈਂਦੀਆਂ ਨੇ ਤੇ ਉਪਰੋਕਤ ਇਨਸਾਨ ਦਿਨੋ – ਦਿਨ ਹੋਰ ਤਣਾਅ ਦੀ ਦਲਦਲ ਵਿੱਚ ਧੱਸਦੇ ਜਾਂਦੇ ਨੇ , ਆਤਮਹੱਤਿਆ ਦਾ ਮੁੱਖ ਕਾਰਨ ਏਸ ਤਰ੍ਹਾਂ ਦੇ ਹੀ ਹਾਲਾਤ ਨੇ, ਆਪਣਾ ਦ੍ਰਿੜ ਇਰਾਦਾ ਕਰਕੇ ਵੇਲ੍ਹਾ ਵਿਚਾਰਦੇ ਹੋਏ ਹਮੇਸ਼ਾਂ ਏਹੋ ਜਿਹੇ ਮਾੜੇ ਵਕ਼ਤ ਤੋਂ ਬਚਣਾ ਚਾਹੀਦਾ।
‘ਸੌ ਹੱਥ ਰੱਸਾ ਸਿਰੇ ਤੇ ਗੰਢ’, ਸਿਆਣਿਆਂ ਦੀ ਨੇਕ ਸਲਾਹ ਹਮੇਸ਼ਾਂ ਏਹੀ ਹੁੰਦੀ ਏ ਕਿ ਰੱਬ ਦਾ ਸ਼ੁਕਰਾਨਾ ਕਰਦੇ ਹੋਏ ਓਸ ਦੀ ਰਜ਼ਾ ‘ਚ ਰਹੋ, “ਚਾਦਰ ਵੇਖ ਕੇ ਪੈਰ ਪਸਾਰੋ” ਤੇ ਜੋ ਕੁਝ ਤੁਹਾਡੇ ਕੋਲ ਓਸੇ ਨੂੰ ਹਸੂੰ – ਹਸੂੰ ਕਰਦਿਆਂ ਕਬੂਲ ਕਰੋ, ‘ਅੱਗਾ ਦੌੜ ਤੇ ਪਿੱਛਾ ਚੌੜ’ ‘ਚ ਹਰ ਚੀਜ਼ ਦੇ ਪਿੱਛੇ ਨਾ ਭੱਜੋ, ਸਗੋਂ ਆਪਣੀ ਮਿਹਨਤ ਨਾਲ ਮੰਜ਼ਿਲ ਹਾਸਲ ਕਰੋ, ਬੀਤੇ ਕੱਲ ਨੂੰ ਹੱਸਦੇ – ਹੱਸਦੇ ਯਾਦ ਕਰਕੇ, ਓਸਤੋਂ ਕੁਝ ਨਵਾਂ ਸਿੱਖਦਿਆਂ ਸੁਨਿਹਰੇ ਉੱਜਲ ਭਵਿੱਖ ਬਾਰੇ ਸੁਚੱਜੀ ਵਿਉਂਤਬੰਦੀ ਕਰਦਿਆਂ ‘ਅੱਜ’ ਨੂੰ ਮਾਣੋ, ਜ਼ਿੰਦਗ਼ੀ ਨੂੰ ਖੜ੍ਹੇ ਪਾਣੀ ਵਾਂਗ ਨਾ ਜੀਓ, ਸਗੋਂ ਬਦਲਾਅ ਦੇ ਨਿਯਮ ਨੂੰ ਹਮੇਸ਼ਾਂ ਅਪਣਾਓ। ਚੰਗਾ ਪ੍ਰੀਵਾਰ, ਚੰਗੇ ਦੋਸਤ, ਚੰਗਾ ਸਾਹਿਤ, ਚੰਗੇ ਵਿਚਾਰ, ਚੰਗਾ ਜੀਵਨ ਜਿਉਣ ਦੀ ਜਾਂਚ, ਹਰ ਸ਼ੈਅ ਨੂੰ ਸਹਿਜ ‘ਚ ਲੈਂਦਿਆਂ, ਦੂਜਿਆਂ ਦੀ ਮੱਦਦ ਕਰਦਿਆਂ ਵਡਮੁੱਲੀ ਜ਼ਿੰਦਗੀ ਜੀਓ, ਕੁਦਰਤ ਨਾਲ ਪਿਆਰ ਕਰਦਿਆਂ ਰੁੱਖ ਲਾਓ, ਤਣਾਅ ਪ੍ਰੇਸ਼ਾਨੀ ਦੇਣ ਵਾਲੀ ਹਰ ਚੀਜ਼ ਤੋਂ ਕਿਨਾਰਾ ਕਰਦਿਆ ਏਹੀ ਬੋਲੋ ‘ਭਲਾ ਹੋਇਆ ਮੇਰਾ ਚਰਖਾ ਟੁੱਟਾ ਜ਼ਿੰਦ ਅਯਾਬੋ ਛੁੱਟੀ’, ਸਿਆਣਿਆਂ ਦੀਆਂ ਭੇਦ ਭਰੀਆਂ ਗੱਲਾਂ ਪੱਲੇ ਬੰਨਦੇ ਹੋਏ ਹਮੇਸ਼ਾਂ ਤਣਾਅ ਮੁਕਤ ਰਹੋਂ, ਖੁਸ਼ ਰਹੋ।
ਜਗਮੋਹਣ ਕੌਰ,
ਬੱਸੀ ਪਠਾਣਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly