ਬੇਲੋੜੀ ਬਹਿਸਬਾਜੀ ਤੋਂ ਕਿਵੇਂ ਬਚੀਏ

ਬੀਨਾ ਬਾਵਾ,ਲੁਧਿਆਣਾ
   (ਸਮਾਜ ਵੀਕਲੀ) ਕਿਸੇ ਵੀ ਵਿਚਾਰ ਤੇ ਆਪਸੀ ਮਤਭੇਦ ਸਦਕਾ ਆਪਣੇ ਵਿਚਾਰ ਨੂੰ ਸਹੀ ਸਾਬਤ ਕਰਨ ਲਈ ਕੀਤੀ ਗਈ ਵਿਚਾਰ ਚਰਚਾ  ਨੂੰ ਹੀ ਬਹਿਸਬਾਜੀ ਕਿਹਾ ਜਾਂਦਾ ਹੈ |ਜੇ ਇਹ ਵਿਚਾਰ ਚਰਚਾ ਸਕਾਰਾਤਮਕ ਹੁੰਦੀ ਹੈ ਤਾਂ ਕਈ ਭਰਮ ਭੁਲੇਖਿਆਂ ਨੂੰ ਦੂਰ ਕਰਕੇ ਸਪਸ਼ੱਟ ਧਾਰਨਾ ਬਣਾ ਦਿੰਦੀ ਹੈ |ਪਰ ਜਦੋਂ ਇਹ ਵਿਚਾਰ ਚਰਚਾ ਨਕਾਰਾਤਮਕ ਹੋ ਨਿੱਬੜੇ ਤਾਂ ਫੇਰ ਕਿਸੇ ਵੀ ਠੋਸ ਸਿੱਟੇ ਤੇ ਪਹੁੰਚਣ ਤੋਂ ਅਸਮਰੱਥ ਹੀ ਰਹਿ ਜਾਂਦੀ ਹੈ |ਬਹਿਸਬਾਜੀ ਜਦੋਂ ਆਪਣੇ ਹੱਦ ਬੰਨੇ ਟੱਪ ਕੇ ਕਿਸੇ ਇੱਕ ਵੀ ਧਿਰ ਨੂੰ ਬੇਲੋੜੀ ਮਹਿਸੂਸ ਹੋਵੇ ਤਾਂ ਫੇਰ ਅਜਿਹੀ ਬਹਿਸ ਦੇ ਘਾਤਕ ਨਤੀਜੇ ਸਾਹਮਣੇ ਆ ਜਾਂਦੇ ਹਨ |
               ਅੱਜਕਲ੍ਹ ਸਮਾਜ  ਵਿੱਚ ਜ਼ਿੰਦਗੀ ਇਸ ਹੱਦ ਤੱਕ ਸਵੈ ਕੇਂਦਰਿਤ ਹੋ ਚੁੱਕੀ ਹੈ ਕਿ ਹਰ ਇੱਕ ਇਨਸਾਨ ਨੂੰ ਆਪਣਾ ਨਜ਼ਰੀਆ ਹੀ ਸਰਵੋਤਮ ਲੱਗਦਾ ਹੈ,ਕਿਸੇ ਦੂਜੇ ਦਾ ਦ੍ਰਿਸ਼ਟੀਕੋਣ ਅਪਨਾਉਣਾ ਔਖਾ ਲੱਗਦਾ ਹੈ ਤੇ ਫੇਰ ਦੂਜੇ ਦੇ ਵਿਚਾਰਾਂ ਤੇ ਸਹਿਮਤੀ ਨਹੀਂ ਹੁੰਦੀ ਤਾਂ ਫੇਰ ਬਹਿਸਬਾਜੀ ਚੱਲਦੀ ਹੈ |ਇਹ ਬਹਿਸਬਾਜੀ ਹੀ ਰਿਸ਼ਤਿਆਂ ਵਿੱਚ ਦੂਰੀ ਵਧਾ ਰਹੀ ਹੈ,ਰਿਸ਼ਤਿਆਂ ਵਿੱਚ ਤਰੇੜ੍ਹਾਂ ਪਾ ਰਹੀ ਹੈ,ਕਿਤੇ ਬੇਲੋੜੀ ਬਹਿਸਬਾਜੀ ਕਰਕੇ ਹੀ ਆਪਸੀ ਗਾਲ਼ੀ ਗਲੋਚ, ਕੁੱਟਮਾਰ, ਲੜਾਈ ਝਗੜੇ ਹੋ ਰਹੇ ਹਨ |ਇਸ ਲਈ ਬਹਿਸ ਬਾਜੀ ਤੋਂ ਬਚਣਾ ਬਹੁਤ ਜ਼ਰੂਰੀ ਹੈ |
                 ਬੇਲੋੜੀ ਬਹਿਸਬਾਜੀ ਤੋਂ ਬਚਣ ਲਈ ਸਾਨੂੰ ਆਪਣਾ ਮਨੋਬਲ ਮਜ਼ਬੂਤ ਕਰਨਾ ਚਾਹੀਦਾ ਹੈ |ਸਾਨੂੰ ਸਹਿਜ ਨਾਲ਼ ਸਾਹਮਣੇ ਵਾਲ਼ੇ ਦੀ ਗੱਲ ਨੂੰ ਸੁਣਨਾ ਚਾਹੀਦਾ ਹੈ |ਆਪਣੇ ਵਿਚਾਰਾਂ ਨੂੰ ਹੀ ਸਰਵੋਤਮ ਮੰਨਣ ਦੀ ਥਾਂ ਆਪਣੇ ਵਿਚਾਰਾਂ ਦਾ ਸਵੈ -ਨਿਰੀਖਣ ਕਰਨ ਦੀ ਆਦਤ ਬਣਾਉਣੀ ਚਾਹੀਦੀ ਹੈ |ਜੇ ਕਿਸੇ ਵਿਅਕਤੀ ਦਾ ਕੋਈ ਵਿਚਾਰ ਸਾਨੂੰ ਨਾਂ ਵੀ ਜਚੇ,ਹਲਕੀ ਫੁਲਕੀ ਵਿਚਾਰ ਚਰਚਾ ਉਪਰੰਤ ਬਹਿਸ ਨੂੰ ਪੂਰਨ ਵਿਸ਼ਰਾਮ ਦੇ ਦੇਣਾ ਚਾਹੀਦਾ ਹੈ |ਆਮ ਬਹਿਸ ਨੂੰ ਭਖਦਾ ਮੁੱਦਾ ਬਣਾਉਣ ਤੋਂ ਗੁਰੇਜ਼ ਕਰ ਲੈਣਾ ਚਾਹੀਦਾ ਹੈ |
               ਬੱਚਿਆਂ ਤੇ ਮਾਪਿਆਂ,ਭੈਣ -ਭਰਾਵਾਂ, ਸਹਿ -ਕਰਮੀਆਂ,ਦੋਸਤਾਂ -ਮਿੱਤਰਾਂ ਤੇ ਪਤੀ -ਪਤਨੀ ਨੂੰ ਆਪਸੀ ਸਹਿਚਾਰ ਨਾਲ਼ ਇੱਕ ਦੂਜੇ ਦੇ ਵਿਚਾਰਾਂ ਦਾ ਸਮਰਥਨ ਕਰਦਿਆਂ ਬੇਲੋੜੀ ਬਹਿਸਬਾਜੀ ਤੋਂ ਬਚਿਆ ਜਾ ਸਕਦਾ ਹੈ |
            ਪਾਣੀ ਵਿੱਚ ਮਧਾਣੀ ਪਾਉਣ ਸਮਾਨ ਹੀ ਬੇਲੋੜੀ ਬਹਿਸਬਾਜੀ ਵਿੱਚੋਂ ਵੀ ਮਨਾਂ ਦੀ ਕੁੱੜਤਣ ਤੋਂ ਬਿਨਾਂ ਕੋਈ ਸਕਾਰਾਤਮਕ ਲਾਭ ਨਹੀਂ ਹੁੰਦਾ,ਇਸ ਤੋਂ ਪਰਹੇਜ਼ ਕਰਨ ਨਾਲ਼ ਹੀ ਮਾਨਸਿਕ ਸਕੂਨ ਸਥਿਰ ਰਹਿ ਸਕਦਾ ਹੈ |
ਬੀਨਾ ਬਾਵਾ,ਲੁਧਿਆਣਾ।
(ਐੱਮ ਏ ਆਨਰਜ਼, ਐੱਮ ਫ਼ਿਲ, ਪੰਜਾਬੀ )
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article**ਰਸਮ-ਏ-ਸ਼ਹਾਦਤ**
Next articleਬੰਦਾ