ਬੁੱਧ ਸਿੰਘ ਨੀਲੋਂ
(ਸਮਾਜ ਵੀਕਲੀ)- ਪੰਜਾਬ ਹੀ ਨਹੀਂ ਦੇਸ਼ ਵਿੱਚ ਦਲਿਤਾਂ ਦੇ ਉਪਰ ਲਗਾਤਾਰ ਜੁਲਮ ਹੋ ਰਿਹਾ ਹੈ। ਕੁੱਝ ਹਫਤੇ ਪਹਿਲਾਂ ਇਕ ਦਲਿਤ ਦੇ ਉਪਰ ਪਿਸ਼ਾਬ ਕਰਨ ਦੀ ਖਬਰ ਨੇ ਦੇਸ਼ ਦੇ ਸੰਵੇਦਨਸ਼ੀਲ ਤੇ ਚਿੰਤਨਸ਼ੀਲ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਹੁਣ ਪੰਜਾਬ ਦੇ ਵਿੱਚ ਡੱਬਵਾਲੀ ਦੇ ਪਿੰਡ ਪਥਰਾਲਾ ਦੇ ਵਿੱਚ ਇਕ ਬੱਚੇ ਨੂੰ ਬੁਰੀ ਤਰ੍ਹਾਂ ਕੁੱਟਿਆ ਤੇ ਉਸਦੇ ਗੁਪਤ ਅੰਗ ਵਿੱਚ ਸੋਟੀ ਧਕੀ ਤੇ ਫੇਰ ਹਸਪਤਾਲ ਵਿੱਚ ਦਾਖਲ ਕਰਵਾਇਆ। ਜਿੱਥੇ ਉਸ ਦੀ ਮੌਤ ਹੋ ਗਈ। ਇਸੇ ਤਰ੍ਹਾਂ ਪਠਾਨਕੋਟ ਵਿਚ ਇਕ ਕੁੜੀ ਉਪਰ ਪੁਲਿਸ ਨੇ ਤੀਜੇ ਦਰਜੇ ਦਾ ਤਸ਼ੱਦਦ ਕੀਤਾ। ਉਸਨੇ ਜਦੋਂ ਸੋਸ਼ਲ ਮੀਡੀਏ ਉਤੇ ਆਪਣੇ ਨਾਲ ਹੋਏ ਤਸ਼ੱਦਦ ਦਾ ਬਿਆਨ ਦਿੱਤਾ ਤਾਂ ਇਲਾਕੇ ਦੀ ਕਿਸਾਨ ਮਜ਼ਦੂਰ ਜਥੇਬੰਦੀ ਨੇ ਧਰਨਾ ਦਿੱਤਾ । ਇਸ ਮਾਮਲੇ ਵਿੱਚ ਤਿੰਨ ਪੁਲਿਸ ਅਫਸਰਾਂ ਨੂੰ ਲਾਈਨ ਹਾਜਰ ਕਰ ਦਿੱਤਾ ਹੈ। ਉਸ ਕੁੜੀ ਉਪਰ ਚੋਰੀ ਦਾ ਦੋਸ਼ ਇਕ ਜਜ ਨੇ ਲਗਾਇਆ ਸੀ। ਇਸ ਤਰ੍ਹਾਂ ਦੀਆਂ ਪੰਜਾਬ ਦੇ ਵਿੱਚ ਲਗਾਤਾਰ ਘਟਨਾਵਾਂ ਆ ਰਹੀਆਂ ਹਨ। ਪੰਜਾਬ ਦੇ ਲੋਕਾਂ ਦੀ ਮਾਨਸਿਕਤਾ ਨੂੰ ਕੀ ਹੋਇਆ ਹੈ। ਕੀ ਲੋਕਾਂ ਦੇ ਅੰਦਰੋਂ ਮਨੁੱਖਤਾ ਮਰ ਗਈ ਹੈ? ਉਹ ਐਨੇ ਵਾਹਿਸ਼ੀ ਹੋ ਗਏ ਹਨ। ਸੰਗਰੂਰ, ਪਟਿਆਲਾ ਤੇ ਮਾਨਸਾ ਜ਼ਿਲ੍ਹੇ ਦੇ ਵਿੱਚ ਪੰਚਾਇਤੀ ਜ਼ਮੀਨ ਨੂੰ ਲੈ ਕੇ ਜਿਮੀਂਦਾਰਾਂ ਵਲੋਂ ਉਹਨਾਂ ਉਪਰ ਤਸ਼ੱਦਦ ਕੀਤਾ। ਉਹਨਾਂ ਦੀਆਂ ਫਸਲਾਂ ਉਪਰ ਕਬਜ਼ੇ ਕਰਨ ਦੀਆਂ ਘਟਨਾਵਾਂ ਆ ਰਹੀਆਂ ਸਨ।
ਪੰਜਾਬ ਦੇ ਸੰਗਰੂਰ ਜਿਲੇ ਦੇ ਵਿੱਚ ਕੁੱਝ ਮਹੀਨੇ ਪਹਿਲਾਂ ਦੋ ਵੱਡੀਆਂ ਘਟਨਾਵਾਂ ਵਾਪਰ ਚੁੱਕੀਆਂ, ਮੋਰਾਂਵਾਲੀ ਘਟਨਾ ਦੀ ਅਜੇ ਸਿਆਹੀ ਨਹੀਂ ਸੀ ਸੁਕੀ ਹੁਣ ਪਿੰਡ ਗੁਜਰ ਦੀ ਖਬਰ ਬਹੁਤ ਭਿਆਨਕ ਆ ਗਈ, ਇਸ ਘਟਨਾ ਦੇ ਵਿੱਚ ਇਕ ਵਿਅਕਤੀ ਮੌਤ ਹੋ ਗਈ ਤੇ ਦੂਜਾ ਗੰਭੀਰ ਜਖਮੀ ਹੈ ਤੇ ਤੀਜੇ ਨੇ ਭਜ ਕੇ ਜਾਨ ਬਚਾਈ। ਇਹ ਦੋਵੇਂ ਹੀ ਘਟਨਾਵਾਂ ਹੰਕਾਰ ਦੇ ਘੋੜੇ ਉਤੇ ਸਵਾਰ ਉਹਨਾਂ ਹੰਕਾਰਿਆ ਹੋਇਆ ਕੀਤੀਆਂ ਹਨ ਜਿਹਨਾਂ ਦੇ ਧੌਣ ਵਿੱਚ ਉਚ ਜਾਤ ਦਾ ਕੀਤਾ ਫਸਿਆ ਹੋਇਆ ਹੈ। ਮੋਰਾਂਵਾਲੀ ਘਟਨਾ ਦੇ ਵਿੱਚ ਬੱਚਿਆਂ ਨੂੰ ਨਿਸ਼ਾਨਾ ਬਣਾਇਆ ਹੈ, ਇਸ ਵਿਚ ਦੋ ਦਲਿਤ ਬੱਚਿਆਂ ਨੂੰ ਇਸ ਲਈ ਕੁੱਟਿਆ ਕਿ ਉਹ ਉਹਨਾਂ ਦੇ ਖੇਤ ਵਿੱਚ ਚਲੇ ਗਏ ਸੀ, ਇਸ ਵਿਚ ਇਕ ਦੀ ਕੇਵਲ ਕੁੱਟਮਾਰ ਹੀ ਨਹੀਂ ਸਗੋਂ ਉਸਦੀ ਵੀਡੀਓ ਬਣਾ ਕੇ ਨਸ਼ਰ ਕੀਤੀ। ਪੁਲਸ ਦਾ ਰਵੱਈਆ ਆਮ ਜੋ ਹੁੰਦਾ ਐ ਉਸ ਨੇ ਕੀਤਾ ਪਰ ਸੋਸ਼ਲ ਮੀਡੀਆ ਉਤੇ ਰੌਲਾ ਪੈਣ ਤੋਂ ਪੁਲਸ ਹਰਕਤ ਵਿੱਚ ਆਈ। ਹੁਣ ਵੀ ਇਹੋ ਕੁਝ ਹੋਇਆ ਹੈ। ਪੰਜਾਬ ਦੇ ਅਖੌਤੀ ਉਚ ਵਰਗ ਦੀ ਸੋਚ ਨੂੰ ਕੀ ਹੋਇਆ ਹੈ, ਇਹ ਕੋਈ ਨਵੀਂ ਗੱਲ ਨਹੀਂ । ਇਹ ਸਭ ਕੁੱਝ ਸਦੀਆ ਤੋਂ ਹੋ ਰਿਹਾ ਹੈ। ਇਸ ਤੋਂ ਪਹਿਲਾਂ ਮਾਨਸਾ ਜ਼ਿਲ੍ਹੇ ਦੇ ਵਿੱਚ ਬੰਤ ਸਿੰਘ ਝੱਬਰ ਨੂੰ ਅਖੌਤੀ ਜੱਟਾਂ ਨੇ ਮਾਰ ਕੇ ਸੁੱਟਿਆ ਸੀ। ਉਸ ਦੇ ਦੋਵੇਂ ਹੱਥਾਂ ਨੂੰ ਵੱਢ ਦਿੱਤਾ ਸੀ। ਪਰ ਉਹ ਬਚ ਗਿਆ। ਉਸ ਦੇ ਜੀਵਨ ਬਾਰੇ ਨਿਰੂਪਮਾ ਦੱਤ ਨੇ ਪੁਸਤਕ ਲਿਖੀ ਹੈ। ਇਕ ਉਹ ਘਟਨਾਵਾਂ ਹਨ ਜੋ ਸਾਹਮਣੇ ਆ ਗਈਆਂ ਹਨ ਤੇ ਬਹੁਤ ਕੁੱਝ ਤਾਂ ਹੋਰ ਵੀ ਹੁੰਦਾ ਹੈ। ਜਿਸ ਦੀ ਕਿਧਰੇ ਭਿਣਕ ਤੱਕ ਨਹੀਂ ਨਿਕਲਦੀ। ਸਾਡੇ ਸਮਾਜ ਵਿਚ ਸਭ ਤੋਂ ਵਧੇਰੇ ਸ਼ਕਤੀ ਦਲਿਤ ਸਮਾਜ ਦੇ ਕੋਲ ਹੈ ਪਰ ਇਹ ਭਾਈਚਾਰਾ ਵੱਖ-ਵੱਖ ਖੇਮਿਆਂ ਦੇ ਵਿੱਚ ਵੰਡਿਆ, ਅਨਪੜ੍ਹ ਤੇ ਗੈਰ-ਸੰਗਠਿਨ ਹੋਣ ਕਰਕੇ ਹਰ ਪਾਸੇ ਤੋਂ ਮਾਰ ਖਾ ਰਿਹਾ ਹੈ। ਇਸ ਵਰਗ ਦਾ ਸਮਾਜ, ਆਰਥਿਕ, ਧਾਰਮਿਕ ਤੇ ਰਾਜਨੀਤੀ ਦੇ ਵਿੱਚ ਉਹ ਹਿੱਸਾ ਨਹੀਂ ਜੋ ਹੋਣਾ ਚਾਹੀਦਾ ਹੈ। ਦੁਖ ਦੀ ਗੱਲ ਇਹ ਹੈ ਕਿ ਇਹ ਸਮਾਜ ਇੱਕਜੁੱਟ ਨਹੀਂ। ਇਹਨਾਂ ਨੂੰ ਆਪਣੀ ਸ਼ਕਤੀ ਦਾ ਇਲਮ ਨਹੀਂ ਕਿ ਉਹ ਹੁਣ ਅਖੌਤੀਆਂ ਦਾ ਸੇਵਾਦਾਰ ਨਹੀਂ ਸਗੋਂ ਬਰਾਬਰ ਦਾ ਭਾਈਵਾਲ ਹੈ। ਉਨ੍ਹਾਂ ਕੋਲ ਹਰ ਤਰ੍ਹਾਂ ਦੀ ਸ਼ਕਤੀ ਹੈ, ਇਸ ਨੂੰ ਇੱਕ ਮੰਚ ’ਤੇ ਇੱਕਠੇ ਕਰਨ ਦੀ ਲੋੜ ਹੈ। ਸੰਸਾਰ ਦਾ ਹਰ ਛੇਵਾਂ ਮਨੁੱਖ ਭਾਰਤੀ ਤੇ ਦਲਿਤ ਹੈ, ਜਿਸ ਨੂੰ ਅਛੂਤ ਸਮਝਿਆ ਜਾਂਦਾ ਹੈ। ਭਾਰਤ ਵਿੱਚ ਪੈਂਤੀ ਸੌ ਸਾਲਾ ਤੋਂ ਚੱਲਿਆ ਆ ਰਿਹਾ ਜਾਤ ਪਾਤ ਦਾ ਸਿਸਟਮ ਅੱਜ ਵੀ ਮਨੁੱਖਤਾ ਦੇ ਨਾਂ ’ਤੇ ਧੱਬਾ ਹੈ। ਜਦਕਿ ਦਲਿਤਾਂ ਦੀ 16.5. ਕਰੋੜ ਦੀ ਗਿਣਤੀ ਹੋਣ ਕਾਰਨ ਦਲਿਤ ਅਮਰੀਕਾ ਅਤੇ ਫਰਾਂਸ ਵਿੱਚ ਕੁੱਲ ਵਸੋ ਤੋਂ ਤਿੰਨ ਗੁਣਾਂ ਵੱਧ ਹਨ। ਇਹ ਸੱਚ ਨਰੇਂਦਰ ਯਾਦਵ ਦੀ ਸਵੈਜੀਵਨੀ ‘ਦਾਮੂ ਅਛੂਤ ਅਤੇ ਉਸ ਦੀ ਔਲਾਦ’ ਦਾ ਜੀਵਨਨਾਮਾ ਵਿੱਚ ਇਹ ਦਰਜ ਹੈ। ਭਾਰਤੀ ਸਮਾਜ ਵਿੱਚ 10 ਹਜ਼ਾਰ ਜਾਤਾਂ ਤੇ ਉਪਰ ਜਾਤਾਂ ਹਨ ਜਦਕਿ ਇਕੱਲੇ ਦਲਿਤ ਸਮਾਜ ਵਿੱਚ ਇਨ੍ਹਾਂ ਦੀ ਗਿਣਤੀ 6 ਹਜ਼ਾਰ ਪੰਜ ਸੌ ਦੇ ਕਰੀਬ ਦੱਸੀ ਜਾਂਦੀ ਹੈ। ਸਾਡੇ ਦੇਸ਼ ਦਾ ਬਹੁਤ ਸਮਾਂ ਗੁਲਾਮ ਰਹਿਣ ਕਰਕੇ ਸਾਡੀ ਸਮੁੱਚੀ ਮਾਨਸਿਕਤਾ ਵੀ ਇਸ ਕਦਰ ਗੁਲਾਮ ਹੋ ਗਈ ਕਿ ਅਸੀਂ ਜਾਤ ਪਾਤ ਦੇ ਸਿਸਟਮ ਵਿੱਚ ਇਸ ਤਰ੍ਹਾਂ ਜਕੜੇ ਗਏ ਕਿ ਹੁਣ ਤੱਕ ਅਸੀਂ ਇਸ ਖਲਜਗਣ ਵਿਚੋਂ ਨਿਕਲ ਨਹੀਂ ਸਕੇ। ਇਸੇ ਕਰਕੇ ਸਾਡੇ ਦੇਸ਼ ਵਿੱਚ ਹੋਰ ਕਈ ਤਰ੍ਹਾਂ ਦੇ ਇਨਕਲਾਬ ਤਾਂ ਆਏ, ਜਿਵੇਂ ‘ਹਰੀ ਕ੍ਰਾਂਤੀ, ਚਿੱਟੀ ਕ੍ਰਾਂਤੀ ਤੇ ਨੀਲੀ ਕ੍ਰਾਂਤੀ’ ਪਰ ਸਮਾਜ ਵਿੱਚ ਜਾਤ ਪਾਤ ਨੂੰ ਖਤਮ ਕਰਨ ਲਈ ਅਜਿਹੀ ਕੋਈ ਵੀ ਕ੍ਰਾਂਤੀ ਨਹੀਂ ਆਈ, ਜਿਸ ਨੇ ਇਸ ਢਾਂਚੇ ਨੂੰ ਤਹਿਸ ਨਹਿਸ ਕੀਤਾ ਹੋਵੇ। ਇਸ ਕ੍ਰਾਂਤੀ ਦੇ ਨਾ ਆਉਣ ਦੇ ਮੂਲ ਕਾਰਨਾਂ ਵਿੱਚੋਂ ਇਕ ਕਾਰਨ ਇਹ ਵੀ ਵਧੇਰੇ ਸੀ ਕਿ ਲੜਨ ਦਾ ਕੰਮ ਕੇਵਲ, ਕੱਸ਼ਤਰੀ ਕੋਲ ਸੀ, ਦਲਿਤ ਦਾ ਕੰਮ ਉਨ੍ਹਾਂ ਦੀ ਸੇਵਾ ਕਰਨਾ ਸੀ, ਨਾ ਕਿ ਲੜਨਾ। ਭਾਰਤ ਦੇ ਮੂਲ ਨਿਵਾਸੀਆਂ ਨੂੰ ਆਰੀਅਨਾਂ ਨੇ ਖਦੇੜ ਕੇ ਭਾਰਤ ਦੇ ਦੱਖਣ ਵੱਲ ਪਹੁੰਚਾ ਦਿੱਤਾ ਜਦਕਿ ਇਨ੍ਹਾਂ ਦੀ ਜ਼ਮੀਨਾਂ ਤੇ ਜਾਇਦਾਦਾਂ ਉੱਤੇ ਉਨ੍ਹਾਂ ਅਜਿਹਾ ਕਬਜ਼ਾ ਕੀਤਾ ਕਿ ਅੱਜ ਵੀ ਉਹ ਬਰਕਰਾਰ ਹੈ।
ਭਾਰਤ ਦੇ ਪੂਰੇ ਇਤਿਹਾਸ ਵਿੱਚ ਸਿੱਖ ਧਰਮ ਤੋਂ ਬਿਨਾਂ ਕਿਸੇ ਵੀ ਧਰਮ ਨੇ ਉਨਾਂ ਨਿੱਕੀਆਂ, ਦੱਬੀਆਂ, ਕੁਚਲੀਆਂ ਤੋਂ ਖੇਰੂੰ-ਖੇਰੂੰ ਹੋਈਆਂ ਜਾਤਾਂ ਨੂੰ ਗਲ ਨਾਲ ਕਿਸੇ ਨਾ ਲਾਇਆ ਪਰ ਗੁਰੂ ਸਾਹਿਬਾਨ ਲੰਗਰ ਦੀ ਪ੍ਰਥਾ ਸ਼ੁਰੂ ਕਰਕੇ, ਸੰਗਤ ਦੇ ਪੰਗਤ ਦਾ ਜਿਹੜਾ ਢਾਂਚਾ ਸ਼ੁਰੂ ਕੀਤਾ, ਉਸ ਨੇ ਹਿੰਦੂ ਹੈਂਕੜਬਾਜ਼ਾਂ ਦੀ ਹਿੱਕ ’ਤੇ ਦੀਵੇ ਤਾਂ ਬਾਲੇ ਪਰ ਗੁਰੂ ਸਾਹਿਬਾਨਾਂ ਨੂੰ ਇਨ੍ਹਾਂ ਮੁਲ ਤਾਰਨਾ ਪਿਆ । ਇਸਦਾ ਮੁੱਲ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਦੇ ਕੇ ਉਤਾਰਨਾ ਪਿਆ। ਇਹ ਸਿਲਸਿਲਾ 9ਵੇਂ ਗੁਰੂ ਦੀ ਸ਼ਹੀਦੀ ਤੋਂ ਬਾਅਦ 10ਵੇਂ ਗੁਰੂ ਜੀ ਦੇ ਜੀਵਨ ਵਿੱਚ ਸਰਬੰਸ ਵਾਰਨ ਤੱਕ ਪੁੱਜ ਗਿਆ। ਕਿਉਕਿ ਗੁਰੂ ਗੋਬਿੰਦ ਸਿੰਘ ਜੀ ਨੇ ਭਾਰਤ ਦੀਆਂ ਦੱਬੀਆਂ ਕੁੱਚਲੀਆਂ, ਲਤਾੜੀਆਂ ਤੇ ਅਛੂਤ ਕੌਮਾਂ ਨੂੰ ਆਪਣੀ ਫੌਜ ਵਿੱਚ ਸ਼ਾਮਲ ਹੀ ਨਹੀਂ ਕੀਤਾ । ਸਗੋਂ ਆਪਣੀ ਹਿੱਕ ਦੇ ਨਾਲ ਲਾ ਕੇ ਰੱਖਿਆ। ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਦਿੱਲੀ ਚਾਂਦਨੀ ਚੌਂਕ ਵਿੱਚੋਂ ਗੁਰੂ ਜੀ ਦਾ ਸੀਸ ਲੈ ਕੇ ਆਉਣ ਵਾਲੇ ‘ਰੰਘਰੇਟੇ ਨੂੰ ਗੁਰੂ ਦਾ ਬੇਟਾ’ ਦਾ ਖਿਤਾਬ ਦੇ ਕੇ ਹਿੱਕ ਨਾਲ ਲਾਇਆ ਤੇ ਆਪਣੀ ਫੌਜ ਦਾ ਮੁਖੀ ਭਾਈ ਜੈਤਾ ਜੀ ਬਣਾਇਆ ਸੀ । ਜੋ ਗੁਰੂ ਜੀ ਦਾ ਅੰਗ ਰੱਖਿਅਕ ਸੀ । ਹਰ ਵੇਲੇ ਗੁਰੂ ਜੀ ਨਾਲ ਪਰਛਾਵੇ ਰਹਿੰਦਾ ਸੀ । ਗੁਰੂ ਗੋਬਿੰਦ ਸਿੰਘ ਜੀ ਨੇ ਇਨ੍ਹਾਂ ਕੌਮਾਂ ਨੂੰ ਆਪਣੀ ਫੌਜ ਵਿੱਚ ਸ਼ਾਮਲ ਕਰਕੇ ‘ਹਿੰਦੂਇਜ਼ਮ’ ਦੇ ਵਿਰੁੱਧ ਮੋਰਚਾਬੰਦੀ ਸ਼ੁਰੂ ਕੀਤੀ । ਵਿਸਾਖੀ 1966 ਮੌਕੇ ਜਦੋਂ ਗੁਰੂ ਸਾਹਿਬਾਨ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਹਾਜ਼ਰ ਸੰਗਤਾਂ ਵਿਚੋਂ ਪੰਜ ਸੀਸ ਮੰਗੇ ਤਾਂ ਇਨ੍ਹਾਂ ਵਿਚ ਦੱਬੀਆਂ-ਕੁਚਲੀਆਂ ਤੇ ਲਤਾੜੀਆਂ ਕੌਮਾਂ ਦੇ ਪੰਜ ਸਿੱਖ ਉਨ੍ਹਾਂ ਦੇ ਅੱਗੇ ਸੀਸ ਲੈ ਕੇ ਭੇਟ ਹੋਏ। ਗੁਰੂ ਸਾਹਿਬ ਨੇ ਇਨ੍ਹਾਂ ਪੰਜ ਨੂੰ ਅੰਮਿ੍ਤ ਛਕਾ ਕੇ ਤੇ ਇਨ੍ਹਾਂ ਕੋਲੋਂ ਆਪ ਅੰਮਿ੍ਤ ਛਕ ਕੇ ਗੁਰੂ ਚੇਲਾ ਦਾ ਬਿੰਬ ਸਥਾਪਿਤ ਕੀਤਾ ।
ਵਾਹ ਵਾਹ ਗੁਰੂ ਗੋਬਿੰਦ ਸਿੰਘ
ਆਪੇ ਗੁਰੂ ਤੇ ਆਪੇ ਚੇਲਾ ।
ਇਹ ਸਿਧਾਂਤ ਤੇ ਮਨੁੱਖਤਾ ਦਾ ਫਲਸਫਾ ਹੈ, ਜਿਹੜਾ ਅੱਜ ਤੀਕ ਕਿੱਧਰੇ ਵੀ ਕਿਸੇ ਕੌਮ, ਧਰਮ, ਦੇਸ਼ ਅੰਦਰ ਨਜ਼ਰ ਨਹੀਂ ਆਉਦਾ। ਗੁਰੂ ਸਾਹਿਬਾਨਾਂ ਨੇ ਸਮਾਜ ਵਿੱਚੋਂ ਜਾਤ-ਪਾਤ ਦੇ ਕੋਹੜ ਨੂੰ ਖਤਮ ਕੀਤਾ ਸੀ । ਇਹ ਕੋਹੜ ਖਤਮ ਕਰਨ ਦਾ ਜਿਹੜਾ ਸਾਧਨ ਉਨ੍ਹਾਂ ਨੇ ਆਪਣਾਇਆ ਸੀ । ਉਹ ਮਨੁੱਖਤਾ ਨੂੰ ਜੋੜਦਾ ਸੀ। ਅੱਜ ਸਿੱਖ ਧਰਮ ਵਿੱਚ ਕੁਰਬਾਨੀਆਂ ਦੇਣ ਵਾਲਿਆਂ ਵਿੱਚ ਵਧੇਰੇ ਯੋਗਦਾਨ ਦਲਿਤ ਸ੍ਰੇਣੀਆਂ ਦਾ ਰਿਹਾ ਹੈ, ਪ੍ਰੰਤੂ ਜਦੋਂ ਇਨ੍ਹਾਂ ਸ਼੍ਰੇਣੀਆਂ ਨੂੰ ਗੁਰੂ ਪੰਥ ਵਿੱਚ ਕੋਈ ਥਾਂ ਦੇਣੀ ਹੁੰਦੀ ਹੈ ਤਾਂ ਇਨ੍ਹਾਂ ਨੂੰ ‘ਖਾਲਸਾ’ ਕਹਿ ਕੇ ਵਡਿਆਇਆ ਜਾਂਦਾ ਹੈ। ਇਸ ਸਮੇਂ ਹੁਣ ਜਿਸ ਦੌਰ ਵਿੱਚ ਸਿੱਖ ਧਰਮ ਲੰਘ ਰਿਹਾ ਹੈ। ਇਸ ਸਮੇਂ ਸਿੱਖ ਧਰਮ ਵਿੱਚ ‘ਜੱਟਵਾਦ’ ਦਾ ਵਧੇਰੇ ਬੋਲਵਾਲਾ ਹੈ । ਇਸੇ ਕਰਕੇ ਦੱਬੀਆਂ ਕੁਚਲੀਆਂ ਕੌਮਾਂ ਖਾਸ ਕਰਕੇ ਦਲਿਤ ਸ਼੍ਰੇਣੀਆਂ ਦਾ ਮਾਨਸਿਕ ਤੇ ਸਰੀਰਕ ਸ਼ੋਸ਼ਣ ਕੀਤਾ ਜਾਂਦਾ ਹੈ। ਇਸ ਤਰ੍ਹਾਂ ਦਾ ਸੋਸ਼ਣ ਸ਼ਾਇਦ ਹੀ ਕਿਸੇ ਹੋਰ ਕੌਮ ਵਿੱਚ ਹੀ ਹੁੰਦਾ ਹੋਵੇਗਾ।
ਵਿਆਨਾ ਵਿੱਚ ਵਾਪਰੀ ਮੰਦਭਾਗੀ ਦੁਰਘਟਨਾ ਤੋਂ ਬਾਅਦ ਜਿਸ ਤਰ੍ਹਾਂ ਦਾ ਦਲਿਤ ਸਮਾਜ ਨੇ ਜਵਾਰਭਾਟਾ ਸਮਾਜ ਵਿੱਚ ਲਿਆਂਦਾ ਸੀ। ਭਾਵੇਂ ਇਸ ਸੈਲਾਬ ਦੀ ਕਿਸੇ ਯੋਗ ਵਿਅਕਤੀ ਵੱਲੋਂ ਅਗਵਾਈ ਨਹੀਂ ਕੀਤੀ ਪ੍ਰੰਤੂ ਜਿਸ ਤਰ੍ਹਾਂ ਇਸ ਸੈਲਾਬ ਨੇ ਇਕ ਪਲ ਵਿੱਚ ਸਰਕਾਰੀ ਢਾਂਚੇ ਨੂੰ ਤਹਿਸ ਨਹਿਸ ਕਰ ਦਿੱਤਾ ਹੈ। ਇਸੇ ਹੀ ਤਰ੍ਹਾਂ ਜਦੋਂ ਦਿੱਲੀ ਵਿਚ ਗੁਰੂ ਰਵੀਦਾਸ ਜੀ ਦਾ ਮੰਦਰ ਢਾਹਿਆ ਸੀ ਤਾਂ ਦੇਸ਼ ਇੱਕ ਵਾਰ ਤੂਫਾਨ ਉਠਿਆ । ਇਹ ਤੂਫਾਨ ਕਿਉਂ ਉਠ ਰਹੇ ਹਨ ? ਇਸ ਦੇ ਸਮਾਜਕ ਤੇ ਮਨੋਵਿਗਿਆਨ ਕਾਰਨਾਂ ਨੂੰ ਸਮਝਣ ਦੀ ਲੋੜ ਹੈ। ਜਿਵੇਂ ਫਰਾਂਸ ਦੀ ਕ੍ਰਾਂਤੀ ਸਬੰਧੀ ਨਿਪੋਲੀਅਨ ਬੋਨਾਪਾਰਟ ਲਿਖਦਾ ਹੈ- ‘ਅਜ਼ਾਦੀ ਲੋਕਤੰਤਰ ਤੇ ਬਰਾਬਰਤਾ ਦੀ ਲੋੜ ਹੈ।’
ਪਰ ਇਥੇ ਤਾਂ ਹਰ ਪਾਸੇ ਹੀ ਦਲਿਤ ਭਾਈਚਾਰੇ ਦੇ ਨਾਲ ਧੱਕਾ ਹੋ ਰਿਹਾ ਹੈ। ਬਰਾਬਰਤਾ ਤਾਂ ਕੀ ਦੇਣੀ ਸੀ? ਸਗੋਂ ਉਹਨਾਂ ਦੀ ਹਾਲਤ ਪਤਲੀ ਕਰ ਦਿੱਤੀ ਹੈ।ਸਿੱਖ ਧਰਮ ਵਿੱਚ ਜਿਹੜਾ ਮੁਕਾਮ ਦਲਿਤ ਸਮਾਜ ਦਾ ਸੀ ਉਹ ਗੁਰੂ ਸਾਹਿਬ ਸਮੇਂ ਹੀ ਸੀ ਉਹ ਬਹੁਤ ਹੀ ਵਧੀਆ ਸੀ, ਹਰ ਪਾਸੇ ਹੀ ਦਲਿਤ ਸਨ। ਬੰਦਾ ਸਿੰਘ ਬਹਾਦਰ ਦੀ ਫੌਜ ਵਿੱਚ ਬਹੁ-ਗਿਣਤੀ ਦਲਿਤ ਵਰਗ ਦੀ ਸੀ, ਜਿਸ ਨੇ ਕੁਰਬਾਨੀਆਂ ਦੇਣ ਤੱਕ ਅਜਿਹੀ ਲਹਿਰ ਲਾਈ ਕਿ ਅੱਜ ਵੀ ਜਦੋਂ ਕਦੇ ਅਸੀਂ ਸਿੱਖ ਇਤਿਹਾਸ ਵਿੱਚ ਦਲਿਤ ਵਰਗ ਦੇ ਯੋਗਦਾਨ ਦਾ ਜਿਕਰ ਕਰਦੇ ਹਾਂ ਤਾਂ ਇਨ੍ਹਾਂ ਦਾ ਨਾਮ ਸਭ ਤੋਂ ਉਪਰ ਆਉਦਾ ਹੈ। ਪਰ ਹੁੁਣ ਜਦੋਂ ਅਸੀਂ ਸਮੁੱਚੇ ਤੌਰ ’ਤੇ ਆਜ਼ਾਦ ਵੀ ਹਾਂ, ਸਾਡੇ ਉਪਰ ਕਿਸੇ ਕਿਸਮ ਦੀ ਬੰਦਿਸ਼ ਨਹੀਂ, ਪਰ ਹੁਣ ਫੇਰ ਅਸੀਂ ਜਿਸ ਤਰ੍ਹਾਂ ਜਾਤ-ਪਾਤ ਦੇ ਜੰਜ਼ਾਲ ਵਿੱਚ ਜਕੜੇ ਹੋਏ ਹਾਂ, ਇਸ ਤੋਂ ਅਸੀਂ ਚਾਹੁੰਦੇ ਹੋਏ ਵੀ ਖਹਿੜਾ ਨਹੀਂ ਛੁਡਾ ਸਕਦੇ। ਸਿੱਖ ਧਰਮ ਦੇ ਪਤਨ ਦਾ ਮੂਲ ਕਾਰਨ ਵੀ ਇਹੋ ਹੈ ਕਿ ਇਹ ਧਰਮ ਕੁੱਝ ਚੰਦ ਕੁ ਧਿਰਾਂ ਦੀ ਸੰਪਤੀ ਬਣ ਕੇ ਰਹਿ ਗਿਆ ਹੈ। ਇਸ ਧਰਮ ਵਿੱਚ ‘ਜੱਟਵਾਦ’ ਦਾ ਬੋਲਬਾਲਾ ਵਧੇਰੇ ਹੋਣ ਕਰਕੇ ਇਸ ਦੀਆਂ ਜੜਾਂ (ਜਾਤ-ਪਾਤ) ਦੀਆਂ ਹੋਰ ਵੀ ਡੁੰੰਘੇਰੀਆਂ ਹੋ ਗਈਆਂ ਹਨ।
ਗੁਰਦੁਆਰਿਆਂ ਵਿੱਚ ਦਲਿਤਾਂ ਦੀ ਹਾਲਤ ਕੋਈ ਬਹੁਤੀ ਚੰਗੇਰੀ ਨਹੀਂ ਕਹਿਣ ਨੂੰ ਤਾਂ ਸਿੱਖ ਧਰਮ ਵਿੱਚ ਜਾਤ-ਪਾਤ, ਉਚ-ਨੀਚ ਦੀ ਕੋਈ ਥਾਂ ਨਹੀਂ ਪ੍ਰੰਤੂ ਜਦੋਂ ਸਮਾਜਕ ਨਜ਼ਰੀਏ ਤੋਂ ‘ਬਹੂ-ਬੇਟੀ’ ਦੀ ਸਾਂਝ ਦੀ ਗੱਲ ਆਉਦੀ ਹੈ ਤਾਂ ਸਿੱਖ ਧਰਮ ਵਿੱਚ ਜਾਤ ਦਾ ਕੱਟੜਪੁਣਾ ਸਪੱਸ਼ਟ ਰੂਪ ਵਿੱਚ ਨਜ਼ਰ ਆਉਦਾ ਹੈ। ਅਖ਼ਬਾਰਾਂ ਵਿੱਚ ਛਪਦੇ ਵਿਆਹ-ਸ਼ਾਦੀਆਂ ਦੇ ਇਸ਼ਤਿਹਾਰਾਂ ਵਿੱਚ ਇਸ ਸਪੱਸ਼ਟ ਦੇਖਿਆ ਜਾ ਸਕਦਾ ਹੈ। ਪਿੰਡਾ ਵਿੱਚ ਵੱਖ ਵੱਖ ਜਾਤਾਂ ਦੇ ਨਾਂ ਉਪਰ ਉਸਰੇ ਗੁਰਦੁਆਰੇ ਵੀ ਇਹ ਬੀਮਾਰੀ ਦੇ ਲੱਛਣ ਹਨ। ਹੁਣ ਜਦੋਂ ਸਿੱਖਾਂ ਨੇ ਆਪਣੇ ਗੁਰਦੁਆਰਿਆਂ ਵਿੱਚ ਦਲਿਤਾਂ ਨੂੰ ਮਾਨਤਾ ਹੀ ਨਹੀਂ ਦੇਣੀ ਤਾਂ ਉਨ੍ਹਾਂ ਨੇ ਆਪਣੀ ਆਸਥਾ ਲਈ ਕੋਈ ਨਾ ਕੋਈ ਰਾਹ ਅਪਨਾਉਣਾ ਹੀ ਹੈ। ਇਹੋ ਕਾਰਨ ਹੈ ਇਸ ਦਲਿਤ ਸਮਾਜ ਦਾ ਡੇਰਿਆਂ ਵੱਲ ਝੁਕਣਾ। ਸਪੱਸ਼ਟ ਨਜ਼ਰ ਆਉਦਾ ਹੈ ਕਿ ਇਨਾਂ ਡੇਰਿਆਂ ਵਿੱਚ ਘੱਟੋਂ ਘੱਟ ਉਨ੍ਹਾਂ ਦੀ ਜਾਤ-ਪਾਤ ਦੀ ਨਿਸ਼ਾਨਦੇਹੀ ਤਾਂ ਨਹੀਂ ਹੁੰਦੀ। ਜਦਕਿ ਮਨੁੱਖੀ ਜ਼ਿੰਦਗੀ ਵਿੱਚ ਜਾਤ-ਪਾਤ ਦਾ ਗਿਲਟੀ ਅਜਿਹੀ ਹੈ, ਜਿਹੜੀ ਸੌਖਿਆ ਖਤਮ ਨਹੀਂ ਹੁੰਦੀ।
ਗੁਰੂ ਸਾਹਿਬਾਨ ਨੇ ਤਾਂ 1699 ਦੀ ਵਿਸਾਖੀ ਮੌਕੇ ਜਾਤ-ਪਾਤ, ਉੱਚ-ਨੀਚ ਖਤਮ ਕਰ ਦਿੱਤੀ ਸੀ ਪਰ 400 ਸਾਲ ਲੰਘ ਜਾਣ ਦੇ ਬਾਅਦ ਵੀ ਅਸੀਂ ਇਹ ਬੀਮਾਰੀ ਨੂੰ ਆਪਣੇ ਮੋਢਿਆ ’ਤੇ ਚੁੱਕੀ ਆ ਰਹੇ ਹਾਂ। ਇਸ ਸਮੇਂ ਦਲਿਤ ਸਮਾਜ ਆਪਣੇ ਆਪ ਨੂੰ ਸਿੱਖ ਧਰਮ ਦੇ ਨਾਲੋਂ ਵੱਖ ਹੋਇਆ ਮਹਿਸੂਸ ਕਰਦਾ ਨਜ਼ਰ ਆਉਦਾ ਹੈ। ਹੁਣ ਜਦੋਂ ਡੇਰੇਵਾਦ ਬਾਰੇ ਚਰਚਾ ਚਲਦੀ ਹੈ ਅਸੀਂ ਇਸ ਪਾਸੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦੇ ਹਾਂ। ਗੁਰੂ ਜੀ ਨੇ ਗੁਰਬਾਣੀ ਨੂੰ ਗੁਰੂ ਦਾ ਦਰਜਾ ਦਿੱਤਾ ਹੈ। ਜਦੋਂ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਮੱਥਾ ਟੇਕਦੇ ਹਾਂ ਤਾਂ ਅਸੀਂ ਸਮੁੱਚੇ ਗੁਰੂਆਂ ਤੇ ਭਗਤ ਸਾਹਿਬਾਨਾਂ ਤੋਂ ਇਲਾਵਾ ਸਭ ਦੇ ਅੱਜੇ ਸਜਦਾ ਕਰਦੇ ਹਾਂ।
ਅਸੀਂ ਗੁਰੂ ਅਤੇ ਭਗਤ ਦੇ ਅਰਥ ਵੀ ਸਮਝ ਨਹੀਂ ਸਕੇ। ਜਿਹੜੇ ਦੱਖਣ ਵਿੱਚ ਭਗਤ ਦਾ ਅਰਥ ਨੂੰ ਗੁਰੂ ਹੈ, ਉਹ ਇੱਥੇ ਗੁਰੂ ਦੇ ਅਰਥ ਹਨ। ਪਰ ਅਸੀਂ ਭਗਤ ਨੂੰ ਗੁਰੂ ਨਹੀਂ ਮੰਨਦੇ। ਪਰ ਜੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਨੂੰ ਗੁਰੂ ਨਹੀਂ ਮੰਨਦੇ ਤਾਂ ਅਸੀਂ ਗੁਰੂ ਤੋਂ ਬੇਮੁੱਖ ਹਾਂ। ਹੁਣ ਇਥੇ ਗੁਰੂ ਤੇ ਗੁਰੂ ਬਾਣੀ ਨਾਲੋਂ ਜੱਟ ਤੇ ਦਲਿਤਾਂ ’ਤੇ ਭਾਰੂ ਹੋ ਗਏ ਹਨ। ਅਸੀਂ ਗੁਰਦੁਆਰਿਆਂ ਨੂੰ ਗੁਰੂ ਨਾਲ ਜੁੜਣ ਨੂੰ ਹੀ ਸਿੱਖੀ ਸਮਝਦੇ ਹਾਂ ਪਰ ‘ ਸ਼ਬਦ ਗੁਰੂ ’ ਦੀ ਵਿਚਾਰਧਾਰਾ ਨੂੰ ਨਹੀਂ ਸਮਝਦੇ ਸਗੋਂ ਵੱਧ ਤੋਂ ਵੱਧ ਮਾਇਆ ਇਕੱਠੀ ਕਰਨ ਵਾਲੀ ਥਾਂ ਤੱਕ ਸੀਮਤ ਗਏ ਹਾਂ ਸ਼ਾਇਦ ਸਿੱਖ ਧਰਮ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਸਿੱਖ ਧਰਮ ਦਾ ਪ੍ਰਚਾਰ ਕਰਨ ਵਾਲੇ ਇਕ ਸੰਤ ਨੂੰ ਇਸ ਲਈ ਕਤਲ ਕਰ ਦਿੱਤਾ ਕਿ ਉਹ ਦਲਿਤ ਹੋ ਕੇ ਸਿੱਖ ਧਰਮ ਦਾ ਪ੍ਰਚਾਰ ਕਰ ਰਿਹਾ ਹੈ। ਭਾਵੇਂ ਇਸ ਕਤਲ ਦੇ ਕਈ ਕਾਰਨ ਦਿਸਦੇ ਹਨ। ਪ੍ਰੰਤੂ ਮੁੱਖ ਕਾਰਨ ਤਾਂ ਇਹੋ ਹੈ ਕਿ ਸਿੱਖ ਧਰਮ ਦੇ ਬਰਾਬਰ ਦਲਿਤ ਸਮਾਜ ਵਿੱਚ ਜਿਸ ਤਰ੍ਹਾਂ ਸੰਗਠਿਤ ਹੋ ਰਿਹਾ ਹੈ, ਉਹ ਸਿੱਖ ਧਰਮ ਦੇ ਚੌਧਰੀਆਂ ਲਈ ਖਤਰੇ ਦੀ ਘੰਟੀ ਬਣਦਾ ਨਜ਼ਰ ਆ ਰਿਹਾ ਹੈ।
ਦਲਿਤ ਸਮਾਜ ਦਾ ਬਹੁਤਾ ਹਿੱਸਾ ਡੇਰਾ ਸਰਸਾ, ਡੇਰਾ ਬਿਆਸ, ਨਿਰੰਕਾਰੀ ਤੇ ਭਨਿਆਰਾ ਵਾਲੇ ਤੇ ਹੋਰ ਡੇਰਿਆਂ ਦੇ ਲੜ ਲੱਗਣ ਦਾ ਮਕਸਦ ਵੀ ਇਹੋ ਹੈ ਕਿ ਉਹਨਾਂ ਨੂੰ ਮਾਣ ਤੇ ਸਤਿਕਾਰ ਨਹੀਂ ਦਿੱਤਾ ਜਾ ਰਿਹਾ । ਜੇ ਕਾਤਲ ਸੰਤ ਰਾਮਾਨੰਦ ਜੀ ਕਤਲ ਨੂੰ ਇਹ ਤਰਕ ਦੇਂਦੇ ਹਨ ਕਿ ਉਹ ਗੁਰੂ ਗ੍ਰੰਥ ਸਾਹਿਬ ਦੀ ਦੇ ਬਰਾਬਰ ਆਸਨ ਲਾਉਦਾ ਤੇ ਮੱਥੇ ਟਿਕਾਉਦਾ ਹੈ। ਤਾਂ ਉਨ੍ਹਾਂ ਨੂੰ ਨਾਮਧਾਰੀ ਸੰਪਰਦਾਇ, ਨੀਲਧਾਰੀ, ਸਾਹਿਬ ਸਿੰਘ ਬੇਦੀ ਵਰਗੇ ਕਿਉ ਨਹੀਂ ਨਜ਼ਰ ਆਏ? ਜਿਹੜੇ ਆਪਣੇ ਆਪ ਨੂੰ ਗੁਰੂ ਵੀ ਮੰਨਦੇ ਹਨ – ਨਾਮਧਾਰੀਏ ਤਾਂ ਆਪਣੇ ਗੁਰੂ ‘ਪਾਤਸ਼ਾਹ’ ਕਹਿ ਕੇ ਸਤਿਕਾਰ ਦੇਂਦੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਕਾਗਜ਼ੀ ਕੰਮ ਤਾਂ ਬੜਾ ਹੁੰਦਾ ਹੈ ਪ੍ਰੰਤੂ ਇਨ੍ਹਾਂ ਦੇ ਵਿਚੋਂ ਬਹੁਤ ਸਾਰੇ ਦਲਿਤ ਅੱਜ ਸਿੱਖ ਧਰਮ ਵਿੱਚੋਂ ਸਿਕਲੀਗਰ, ਨਿਰਮਲੇ ਤੇ ਸਿੰਧੀ ਤੋਂ ਇਲਾਵਾ ਕਈ ਹੋਰ ਫਿਰਕੇ ਦੂਰ ਚਲੇ ਗਏ ਹਨ। ਇਨਾਂ ਦੇ ਦੂਰ ਜਾਣ ਦਾ ਮੁੱਖ ਕਰਾਨ ਇਹੋ ਹੈ ਕਿ ਇਨਾਂ ਫਿਰਕਿਆ ਨੂੰ ਸਿੱਖ ਧਰਮ ਵਿੱਚ ਉਹ ਮਾਣ ਦੇ ਸਤਿਕਾਰ ਨਾ ਮਿਲਿਆ, ਜਿਹੜਾ ਇਨਾਂ ਦੇ ਪੁਰਖਿਆ ਨੂੰ ਗੁਰੂ ਸਾਹਿਬਾਨ ਵੱਲੋਂ ਮਿਲਦਾ ਸੀ।
ਅੱਜ ਦਲਿਤ ਵਰਗ ਵੀ ਇਸੇ ਦੁੱਖ ਦਾ ਸ਼ਿਕਾਰ ਹੈ। ਉਸ ਨੂੰ ਸਿੱਖ ਧਰਮ ਵਿੱਚ ਕਿਧਰੇ ਕੋਈ ਥਾਂ ਨਹੀਂ ਮਿਲ ਰਹੀ ਜਿਸ ਕਾਰਨ ਉਹ ਅੱਜ ਸਿੱਖ ਧਰਮ ਤੋਂ ਬੇਮੁੱਖ ਹੋ ਕੇ ਵੱਖ ਵੱਖ ਡੇਰਿਆਂ ਵੱਲ ਝੁਕ ਰਿਹਾ ਹੈ। ਸਿੱਖ ਧਰਮ ਅੱਜ ਇਸ ਪ੍ਰੋਤ ਉੱਤੇ ਆ ਗਿਆ ਹੈ ਜਿਥੇ ਇਸ ਵਿੱਚ ਵੱਧ ਰਹੇ ਜੱਟਵਾਦ ਤੇ ਹਿੰਦੂਵਾਦ ਨੂੰ ਸਮਝਣ ਦੀ ਲੋੜ ਹੈ। ਨਾ ਕਿ ਕਿਸੇ ਦਲਿਤ ਦਾ ਕਤਲ ਕਰਨ ਦੀ। ਕਿਉਕਿ ਹਿੰਦੂਇਜ਼ਮ ਕਦੇ ਵੀ ਨਹੀਂ ਚਾਹੁੰਦਾ ਕਿ ਸਮਾਜ ਵਿਚੋਂ ਜਾਤ-ਪਾਤ, ਧਰਮ ਦਾ ਬੋਲਬਾਲਾ ਖਤਮ ਹੋਵੇ। ਉਸ ਦੇ ਲਈ ਤਾਂ ਇਹ ਸਮਾਜ ਨੂੰ ਵੰਡਣ ਦਾ ਸਭ ਤੋਂ ਸੌਖਾ ਤੇ ਕਾਰਗਰ ਹਥਿਆਰ ਹੈ। ਜਿਹੜਾ ਉਹ ਮੌਕੇ-ਬੇ-ਮੌਕੇ ਵਰਤ ਕੇ ਸਮਾਜ ਵਿੱਚ ਅਜਿਹੀ ਹਲਚਲ ਪੈਦਾ ਕਰ ਦਿੰਦੀ ਹੈ, ਜਿਸ ਨਾਲ ਚੰਗੀ ਭਲੀ ਚਲਦੀ ਜ਼ਿੰਦਗੀ ਇਸ ਕਦਰ ਰੁਕ ਜਾਂਦੀ ਹੈ ਕਿ ਉਸ ਦੇ ਤੁਰਨ ਲਈ ਕਿੰਨਾ ਸਮਾਂ ਲਗਦਾ ਹੈ।
ਪੰਜਾਬ ਦੇ ਐਸ ਸੀ ਤੇ ਓ ਬੀ ਸੀ ਭਾਈਚਾਰੇ ਦੇ ਜਾਅਲੀ ਸਰਟੀਫਿਕੇਟ ਬਣਾ ਕੇ ਨੌਕਰੀਆਂ ਕਰਨ ਵਾਲਿਆਂ ਦੇ ਖਿਲਾਫ ਮੁਹਾਲੀ ਵਿੱਚ ਪੱਕਾ ਮੋਰਚਾ ਲਾਇਆ ਹੋਇਆ ਹੈ । ਹਜਾਰਾਂ ਜੱਟਾਂ ਤੇ ਬ੍ਰਾਹਮਣਾਂ ਨੇ ਜਾਅਲੀ ਦਸਤਾਵੇਜ਼ਾਂ ਬਣਾ ਕੇ ਨੌਕਰੀਆਂ ਹਾਸਲ ਕੀਤੀਆਂ ਹਨ ।
ਇਕ ਪਾਸੇ ਇਹ ਜੱਟ ਰਾਖਵੇਂਕਰਨ ਦਾ ਵਿਰੋਧ ਕਰਦਾ ਤੇ ਦੂਜੇ ਪਾਸੇ ਇਹ ਉਹਨਾਂ ਦੀ ਜਾਤ ਦੇ ਜਾਅਲੀ ਸਰਟੀਫਿਕੇਟ ਬਣਾ ਕੇ ਨੌਕਰੀਆਂ ਕਰਦੇ ਹਨ । ਲਖ ਲਾਹਣਤ ਐ ਇਹਨਾਂ ਨੂੰ । ਪੰਜਾਬ ਸਰਕਾਰ ਦੇ ਸਾਰੇ ਮਹਿਕਮੇ ਤੇ ਯੂਨੀਵਰਸਿਟੀਆਂ ਵਿੱਚ ਇਹੋ ਜਿਹੇ ਜਾਅਲੀ ਸਰਟੀਫਿਕੇਟ ਬਣਾ ਕੇ ਨੌਕਰੀਆਂ ਕਰਨ ਵਾਲਿਆਂ ਦੇ ਖਿਲਾਫ ਮੁਹਾਲੀ ਵਿੱਚ ਪੱਕਾ ਮੋਰਚਾ ਲਾਇਆ ਹੋਇਆ ਹੈ ਪਰ ਪੰਜਾਬ ਸਰਕਾਰ ਨੇ ਇਸ ਮੋਰਚੇ ਨੂੰ ਖਿਲਾਰਨ ਦੀ ਕੋਸ਼ਿਸ਼ ਕੀਤੀ ।ਪਰ ਦਲਿਤ ਭਾਈਚਾਰੇ ਦੇ ਲੋਕਾਂ ਨੇ ਪੰਜਾਬ ਸਰਕਾਰ ਨੂੰ ਇਸ ਵਿੱਚ ਪਾੜ ਪਾਉਣ ਦਾ ਕੋਈ ਮੌਕਾ ਨਹੀਂ ਦਿੱਤਾ ।
ਪੰਜਾਬ ਦੇ ਵਿੱਚ ਇਕ ਸੈਕੜਾਂ ਦਲਿਤ ਭਾਈਚਾਰੇ ਦੀਆਂ ਜਥੇਬੰਦੀਆਂ ਹਨ। ਪੰਜਾਬ ਸਰਕਾਰ ਵਿੱਚ 35 ਐਮ ਐਲ ਏ ਹਨ। ਪਰ ਸਭ ਚੁੱਪ ਹਨ। ਬਸਪਾ ਭਾਜਪਾ ਦੀ ਬੋਲੀ ਬੋਲਦੀ ਹੈ । ਫੇਰ ਦਲਿਤ ਭਾਈਚਾਰਾ ਕੀ ਕਰੇ ?
ਦੁੱਖ ਤੇ ਭੁੱਖ ਦਾ ਸਤਾਇਆ ਬੰਦਾ ਇਕ ਰਸਤਾ ਚੁਣਦਾ ਹੈ। ਮੌਤ ਜਾਂ ਹਥਿਆਰ। ਪੰਜਾਬ ਦੇ ਦਲਿਤਾਂ ਤੋਂ ਪੰਜਾਬ ਸਰਕਾਰ ਤੇ ਅਖੌਤੀ ਜਟਵਾਦ ਕੀ ਚਾਹੁੰਦਾ ਹੈ ?
ਦਲਿਤ ਸਮਾਜ ਵਿੱਚ ਵਧ ਰਿਹਾ ਗੁੱਸਾ ਸਮਝਣ ਲਈ ਇਸ ਦੇ ਸਮਾਜਕ, ਆਰਥਿਕ ਤੇ ਸਭਿਆਚਾਰਕ ਕਾਰਨਾਂ ਨੂੰ ਤਲਾਸ਼ਣ ਦੀ ਲੋੜ ਹੈ। ਇਸ ਕਦਰ ਦਲਿਤ ਸਮਾਜ ਸਿੱਖ ਧਰਮ ਤੋਂ ਦੂਰ ਹੁੰਦਾ ਜਾ ਰਿਹਾ ਹੈ ਉਹ ਦਿਨ ਦੂਰ ਨਹੀਂ ਜਦੋਂ ਸਿੱਖ ਧਰਮ ਕੇਵਲ ਸਵਰਨਾਂ ਦਾ ਹੀ ਰਹਿ ਜਾਵੇਗਾ? ਸਿੱਖ ਧਰਮ ਵਿੱਚ ਵਧ ਰਹੇ ਜੱਟਵਾਦ ਨੂੰ ਰੋਕਣ ਲਈ ਬੇਹੱਦ ਲੋੜ ਹੈ ਤਾਂ ਕਿ ਸਿੱਖ ਧਰਮ ਨੂੰ ਖੇਰੂੰ ਖੇਰੂੰ ਹੋਣ ਤੋਂ ਬਚਾਇਆ ਜਾ ਸਕੇ। ਕੀ ਦਲਿਤ ਭਾੲਚਾਰਾ ਆਪਣੀ ਅੰਦਰਲੀ ਸ਼ਕਤੀ ਨੂੰ ਪਹਿਚਾਣ ਕੇ ਤਖ਼ਤ ’ਤੇ ਕਾਬਜ਼ ਹੋ ਸਕੇਗਾ? ਇਸ ਨੂੰ ਸਮਝਣ ਤੇ ਵਿਚਾਰਨ ਦੀ ਲੋੜ ਹੈ। ਦਲਿਤ ਭਾਈਚਾਰੇ ਨੂੰ ਹੁਣ ਇਕਜੁੱਟ ਹੋਣਾ ਪਵੇਗਾ। ਜਿਹੜੇ ਦਲਿਤ ਆਗੂ ਹਰ ਤਰਾਂ ਦੀਆਂ ਸਿਆਸੀ ਤੇ ਘਰ ਦੀਆਂ ਰੋਟੀਆਂ ਸੇਕਦੇ ਹਨ, ਉਹਨਾਂ ਨੂੰ ਵੀ ਧਰਤੀ ਉਤੇ ਆ ਕੇ ਵਿਚਰਨਾ ਪਵੇਗਾ। ਇਹ ਸਮਾਜ ਤਾਂ ਹੀ ਸੰਗਠਿਤ ਹੋ ਸਕਦਾ ਐ ਜੇਕਰ ਕੋਈ ਭਰੋਸੇਯੋਗ ਆਗੂ ਅਗਵਾਈ ਕਰੇ।
– ਬੁੱਧ ਸਿੰਘ ਨੀਲੋਂ, 9464370823