(ਸਮਾਜ ਵੀਕਲੀ) ਪੰਜਾਬ ਦੇ ਸੀ ਐਮ ਵੱਲੋਂ ਕਿਸਾਨ ਆਗੂਆਂ ਨਾਲ ਮੀਟਿੰਗ ਕਿਸੇ ਸਾਰਥਿਕ ਸਿੱਟੇ ਤੇ ਨਾ ਪੁਜਣ ਕਾਰਨ ਕਿਸਾਨ ਜਥੇਬੰਦੀਆਂ ਵੱਲੋਂ ਚੰਡੀਗੜ੍ਹ ਵੱਲ ਕੂਚ ਕਰਨ ਲਈ ਤਿਆਰੀਆਂ ਵਿੱਢ ਦਿਤੀਆਂ ਹਨ। ਆਗੂਆਂ ਦਾ ਕਹਿਣਾ ਹੈ ਕਿ ਇਹ ਮੀਟਿੰਗ ਦੌਰਾਨ ਉਨ੍ਹਾਂ ਦੀਆਂ ਹੱਕੀ ਮੰਗਾਂ ਬਾਬਤ ਸਰਕਾਰ ਵੱਲੋਂ ਦਿਲਚਸਪੀ ਨਹੀਂ ਦਿਖਾਈ ਗਈ। ਇਸ ਲਈ ਉਨ੍ਹਾਂ ਵੱਲੋਂ ਹੱਕੀ ਮੰਗਾਂ ਮਨਵਾਉਣ ਲਈ 4 ਮਾਰਚ ਨੂੰ ਚੰਡੀਗੜ੍ਹ ਕੂਚ ਕਰਨ ਲਈ ਮਜਬੂਰ ਹੋਣਾ ਪਿਆ ਹੈ। ਦੂਜੇ ਪਾਸੇ ਪੰਜਾਬ ਦੇ ਸੀ ਐਮ ਭਗਵੰਤ ਮਾਨ ਵੱਲੋਂ ਕਿਹਾ ਗਿਆ ਹੈ ਕਿ ਧਰਨੇ ਕਿਸੇ ਸਮੱਸਿਆ ਦਾ ਹੱਲ ਨਹੀਂ ਹੋ ਸਕਦੇ। ਇਨ੍ਹਾਂ ਦਾ ਹੱਲ ਕੇਵਲ ਤੇ ਕੇਵਲ ਟੇਬਲ ਟੌਕ ਦੇ ਹੀ ਹੋ ਸਕਦਾ ਹੈ। ਇਹ ਖੇਤੀ ਸੈਕਟਰ ਤੇ ਹੱਕੀ ਮੰਗਾਂ ਇਕੱਲੇ ਪੰਜਾਬ ਦੇ ਕਿਸਾਨਾਂ ਦੀ ਸਮੱਸਿਆਂ ਨਹੀਂ ਇਹ ਸਾਰੇ ਭਾਰਤ ਦੇ ਖੇਤੀ ਸੈਕਟਰ ਨਾਲ ਜੁੜਿਆ ਹੋਇਆ ਮਸਲਾ ਹੈ। ਜੇਕਰ ਗਹਿਰਾਈ ਨਾਲ ਦੇਖਿਆ ਜਾਵੇ ਤਾਂ ਹੁਣ ਤੱਕ ਖੇਤੀਬਾੜੀ ਨੂੰ ਲੈ ਕੇ ਕੋਈ ਅਜਿਹਾ ਠੋਸ ਕਨੂੰਨ ਜਾਂ ਨੀਤੀ ਨਜ਼ਰ ਨਹੀਂ ਆਉਂਦੀ ਜਿਸ ਤੋਂ ਚੰਗੇਰੇ ਭਵਿੱਖ ਦੀ ਆਸ ਕੀਤੀ ਜਾਵੇ। ਖੇਤੀ ਸੈਕਟਰ ਵਿੱਚ ਜੁੜੇ ਕਿਸਾਨ ਨੂੰ ਕਦੇ ਨਕਲੀ ਬੀਜ, ਦਵਾਈਆਂ, ਖਾਂਦਾ ਦੀ ਮਾਰ ਚਲਣੀ ਪੈਂਦੀ ਹੈ ਤੇ ਕਦੇ ਮੰਡੀਆਂ ਵਿੱਚ ਮੰਦੀ ਦੀ ਮਾਰ ਹੇਠ ਰੁਲਦੀ ਫਸਲ ਦੀ। ਬਹੁਤੇ ਕਿਸਾਨ ਗਰੀਬੀ ਰੇਖਾ ਤੋਂ ਕਿਤੇ ਹੇਠ ਮਜ਼ਦੂਰਾਂ ਵਰਗੀ ਜ਼ਿੰਦਗੀ ਬਸਰ, ਕਰ ਰਹੇ ਹਨ। ਜਿਨ੍ਹਾਂ ਨੂੰ ਪਰਿਵਾਰ ਸਮੇਤ ਥੋੜੀ ਜ਼ਮੀਨ ਵਿਚ ਪੇਟ ਦੀ ਖਾਤਰ ਮਿਟੀ ਨਾਲ ਮਿਟੀ ਹੋਣਾ ਪੈਂਦਾ ਹੈ ਪਰ ਉਨ੍ਹਾਂ ਦੀ ਹੱਠ ਭੰਨਵੀ ਮਿਹਨਤ ਉਨ੍ਹਾਂ ਦੀ ਤਕਦੀਰ ਲਿਖਣ ਵਿਚ ਹਮੇਸ਼ਾ ਫੇਲ੍ਹ ਹੋ ਜਾਂਦੀ ਹੈ। ਕੋਈ ਸ਼ਕ਼ ਨਹੀਂ ਕਿ ਦੇਸ਼ ਦੀਆਂ ਬਹੁਤਾਤ ਖੇਤੀਬਾੜੀ ਯੂਨੀਵਰਸਿਟੀਆਂ ਵੀ ਕਿਰਸਾਨੀ ਨੂੰ ਗ਼ੁਰਬਤ ਦੀ ਦਲਦਲ ਵਿਚੋਂ ਕੱਢਣ ਵਿਚ ਉਨ੍ਹਾਂ ਕਾਮਯਾਬ ਨਹੀਂ ਹੋ ਸਕੀਆਂ ਜਿਨੀ ਉਨ੍ਹਾਂ ਤੋਂ ਉਮੀਦ ਕੀਤੀ ਜਾਂਦੀ ਹੈ। ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਪੂਰੇ ਦੇਸ਼ ਵਿਚ ਫਸਲਾਂ ਦੇ ਮੰਡੀਕਰਨ ਨੂੰ ਲੈ ਕੇ ਬਣਦੀ ਸੁਵਿਧਾ ਨਹੀਂ ਮਿਲ ਸਕੀ।ਬਹੁਤੀ ਜਗਾਂ ਇਸ ਕੰਮ ਲਈ ਪ੍ਰਾਈਵੇਟ ਸਰਮਾਏਦਾਰਾਂ ਵਲੋਂ ਮਨਮਰਜ਼ੀ ਦੀ ਬੋਲੀ ਪ੍ਰਥਾ ਦੁਆਰਾ ਫਸਲ ਦੀ ਖਰੀਦ ਕੀਤੀ ਜਾਂਦੀ ਹੈ। ਫਸਲ ਦੇ ਘੱਟੋ ਘੱਟ ਸਮਰਥਨ ਮੁੱਲ ਤੈਅ ਕਰਨ ਦੀ ਮੰਗ ਅੱਜ ਵੀ ਜਿਓਂ ਦੀ ਤਿਓ ਦਰੀਆਂ ਵਿਛਾਈ ਨਜ਼ਰ ਆਉਂਦੀ ਹੈ। ਕਿਸਾਨੀ ਲਾਹੇਵੰਦ ਧੰਦਾ ਸਾਬਤ ਨਹੀਂ ਹੋ ਰਿਹਾ ਇਸ ਦਾ ਕੀ ਕਾਰਨ ਹੋ ਸਕਦਾ ਹੈ ਇਸ ਤੇ ਗੰਭੀਰਤਾ ਨਾਲ ਵਿਚਾਰ ਚਰਚਾ ਕਰਨ ਦੀ ਜ਼ਰੂਰਤ ਹੈ ਇਸ ਤੋਂ ਵੀ ਸੰਵੇਦਨਸ਼ੀਲ ਹੈ ਖੇਤੀਬਾੜੀ ਸੈਕਟਰ ਤੇ ਮੰਡਰਾਉਂਦੇ ਸੰਕਟ ਦੇ ਬੱਦਲਾਂ ਦਾ ਢੁਕਵਾਂ ਪ੍ਰਬੰਧ ਕਰਨ ਲਈ ਜੋਗ ਉਪਰਾਲਾ ਕਰਨ ਵਲ ਧਿਆਨ ਦੇਣਾ। ਦੇਸ਼ ਦੇ ਕਿਸਾਨ ਦਾ ਮੋਹ ਖੇਤੀ ਸੈਕਟਰ ਤੋਂ ਭੰਗ ਹੋ ਰਿਹਾ ਹੈ ਆਏ ਸਾਲ ਅਣਗਿਣਤ ਕਿਸਾਨ ਖੇਤੀਬਾੜੀ ਨੂੰ ਅਲਵਿਦਾ ਕਹਿ ਰਹੇ ਹਨ। ਧੰਦਾ ਲਾਹੇਵੰਦ ਨਾ ਹੋਣ ਕਰਕੇ ਲੋਕ ਜ਼ਮੀਨਾਂ ਵੇਚ ਕੇ ਪ੍ਰਵਾਸ ਕਰ ਰਹੇ ਹਨ ਜਿਸ ਦਾ ਨਤੀਜਾ ਨਾਲੋਂ ਨਾਲ ਮਿਲ ਰਿਹਾ ਹੈ। ਡੇਅਰੀ ਫਾਰਮਿੰਗ, ਪੋਲਟਰੀ ਫਾਰਮਿੰਗ, ਮੱਛੀ ਪਾਲਣ, ਮੱਖੀ ਪਾਲਣ, ਸੂਰ ਪਾਲਣ, ਆਦਿ ਸਹਾਇਕ ਧੰਦੇ ਵੀ ਦਮ ਤੋੜਦੇ ਦਿਖਾਈ ਦੇ ਰਹੇ ਹਨ। ਪੰਜਾਬ ਵਿੱਚ ਅਜੋਕੇ ਸਮੇਂ ਜ਼ਮੀਨਾਂ ਦੇ ਭਾਅ ਅਸਮਾਨ ਚੜ੍ਹੇ ਹੋਏ ਹਨ ਮਧ ਵਰਗ ਇਨ੍ਹਾਂ ਹਲਾਤਾਂ ਵਿੱਚ ਜ਼ਮੀਨ ਲੈਣ ਬਾਰੇ ਸੋਚ ਵੀ ਨਹੀਂ ਸਕਦਾ। ਜੇਕਰ ਧਿਆਨ ਨਾਲ ਵਿਚਾਰਿਆ ਜਾਵੇ ਤਾਂ ਹੈਰਾਨੀ ਦੀ ਗੱਲ ਹੈ ਕਿ ਸਰਕਾਰੀ ਰੇਟ ਦੇ ਹਿਸਾਬ ਨਾਲ ਤਾਂ ਖੇਤੀ ਦਾ ਪੂਰਾ ਮੁੱਲ ਨਹੀਂ ਪੈਂਦਾ ਤੇ ਲੱਖਾਂ ਰੁਪਏ ਵੱਧ ਲਗਾ ਕੇ ਖਰੀਦ ਕੀਤੀ ਜ਼ਮੀਨ ਵਿਚ ਧੰਦਾ ਲਾਹੇਵੰਦ ਸਾਬਤ ਕਿਵੇਂ ਹੋ ਸਕਦਾ ਹੈ। ਦੂਜੇ ਪਾਸੇ ਜੇਕਰ ਜ਼ਮੀਨ ਦੇ ਠੇਕਿਆਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦੇ ਰੇਟ ਵੀ ਅਸਮਾਨ ਛੂਹ ਰਹੇ ਹਨ। ਇਸ ਤੋਂ ਵੀ ਹਾਸੋਹੀਣੀ ਗੱਲ ਹੈ ਕਿ ਜ਼ਮੀਨ ਠੇਕੇ ਤੇ ਦੇਣ ਵਾਲਾ ਵੀ ਕਿਸਾਨ ਹੈ ਤੇ ਲੈਣ ਵਾਲਾ ਵੀ ਕਿਸਾਨ ਦੂਜਾ ਜੋਂ ਪਿਰਤ ਅਡਵਾਸ ਠੇਕਾ ਲੈਣ ਦੀ ਚਲ ਪਈ ਹੈ ਉਸ ਨਾਲ ਕਾਸ਼ਤਕਾਰਾਂ ਦਾ ਦਿਵਾਲਾ ਨਿਕਲਿਆ ਪਿਆ ਹੈ। ਇਸ ਬਾਰੇ ਕਿਸਾਨ ਜਥੇਬੰਦੀਆਂ ਨੂੰ ਵੀ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕਰਦੇ ਕੋਈ ਸਾਰਥਿਕ ਹੱਲ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਦੇਸ਼ ਵਿਚ ਵਾਰ ਵਾਰ ਲੱਗਦੇ ਧਰਨੇ, ਰੋਡ ਜਾਮ, ਬੰਦ ਦੀ ਕਾਲ ਜਿਥੇ ਲੋਕਾਂ ਨੂੰ ਖੱਜਲ ਖੁਆਰ ਹੋਣ ਤੇ ਮਜਬੂਰ ਕਰਦੀ ਹੈ ਉਥੇ ਦੇਸ਼ ਦੀ ਅਰਥਵਿਵਸਥਾ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ। ਅੱਜ ਜ਼ਰੂਰਤ ਹੈ ਦੇਸ਼ ਦੇ ਹੁਕਮਰਾਨਾਂ, ਕਿਸਾਨਾਂ, ਬੁਧੀਜੀਵੀਆਂ ਨੂੰ ਇਕ ਮੰਚ ਤੇ ਬੈਠ ਕੇ ਕੋਈ ਸਾਰਥਿਕ ਹੱਲ ਲੱਭਣ ਦੀ ਤਾਂ ਕਿ ਦੇਸ਼ ਦੀ ਜਵਾਨੀ, ਕਿਸਾਨੀ ਅਤੇ ਪਾਣੀ ਦੇ ਨਾਲ -ਨਾਲ ਵਾਤਾਵਰਨ ਨੂੰ ਬਚਾਇਆ ਜਾ ਸਕੇ।
ਲੇਖਕ ਹਰਜਿੰਦਰ ਸਿੰਘ ਚੰਦੀ
ਸੂਬਾ ਪ੍ਰੈੱਸ ਸਕੱਤਰ ਬੀਕੇਯੂ ਪੰਜਾਬ
981460168
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj