(ਸਮਾਜ ਵੀਕਲੀ)
ਅੱਜ 21ਵੀ ਸਦੀ ਵਿੱਚ ਵਿਗਿਆਨ ਅਤੇ ਤਕਨਾਲੋਜੀ ਨੇ ਬਹੁਤ ਤਰੱਕੀ ਕਰ ਲਈ ਹੈ। ਤਕਨਾਲੋਜੀ ਨੇ ਸਾਡੇ ਬਹੁਤੇ ਕੰਮ ਆਸਾਨ ਕਰ ਦਿੱਤੇ ਹਨ। ਅਸੀਂ ਬਹੁਤ ਤੇਜ਼ੀ ਨਾਲ ਨੈਟਵਰਕ ਦੇ ਖੇਤਰ ਵਿੱਚ ਵੀ 4 ਜੀ ਤੋਂ 5 ਜੀ ਵੱਲ ਵਧ ਰਹੇ ਹਾਂ। ਪਰ ਕਿਤੇ ਨਾ ਕਿਤੇ ਤਕਨਾਲੋਜੀ ਸੋਸ਼ਲ ਮੀਡੀਆ ਰਾਹੀਂ ਸਾਡੇ ਉੱਤੇ ਹਾਵੀ ਹੋ ਰਹੀ ਹੈ।
ਸਵੇਰੇ ਉੱਠਣ ਸਾਰ ਹੀ ਸਾਨੂੰ ਚਾਹ ਮਿਲੇ ਚਾਹੇ ਨਾ, ਪਰ ਮੋਬਾਈਲ ਫੋਨ ਜ਼ਰੂਰ ਮਿਲਣਾ ਚਾਹੀਦਾ ਹੈ। ਵੱਟਸਐਪ, ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ ਆਦਿ ਨੇ ਹੀ ਸਾਨੂੰ ਉਲਝਾ ਰੱਖਿਆ ਹੈ। ਆਪਣੀ ਨਿੱਜੀ ਜ਼ਿੰਦਗੀ ਦੀ ਅਸੀਂ ਪਲ ਪਲ ਦੀ ਖ਼ਬਰ ਕਿੰਨੇ ਵਜੇ ਉੱਠੇ, ਕੀ ਖਾਧਾ,ਕੀ ਪੀਤਾ , ਕਿਥੇ ਗਏ ਆਦਿ ਸੋਸ਼ਲ ਮੀਡੀਆ ਤੇ ਜ਼ਾਹਿਰ ਕਰਨਾ ਅਸੀਂ ਜ਼ਰੂਰੀ ਬਣਾ ਲਿਆ ਹੈ।
ਪਿੱਛੇ ਜਿਹੇ ਮੇਰੀ ਜਾਣ ਪਹਿਚਾਣ ਦਾ ਇੱਕ ਪਰਿਵਾਰ ਬਾਹਰ ਘੁੰਮਣ ਲਈ ਗਿਆ ਉਥੇ ਜਾ ਕੇ ਉਨ੍ਹਾਂ ਨੇ ਆਪਣੀਆਂ ਫੋਟੋਆਂ ਫੇਸਬੁੱਕ ਤੇ ਪਾ ਦਿੱਤੀਆਂ। ਘਰ ਵਾਪਸ ਆਉਣ ਤੇ ਪਤਾ ਲੱਗਿਆ ਕਿ ਉਨ੍ਹਾਂ ਘਰ ਚੋਰੀ ਹੋ ਗਈ ਹੈ। ਬਾਅਦ ਵਿੱਚ ਪੁੱਛ ਪੜਤਾਲ ਰਾਹੀਂ ਪਤਾ ਲੱਗਿਆ ਕਿ ਚੋਰੀ ਉਨ੍ਹਾਂ ਦੇ ਗੁਆਂਢ ਵਿੱਚੋਂ ਹੀ ਕਿਸੇ ਨੇ ਕੀਤੀ ਹੈ ਜੋ ਕਿ ਉਨ੍ਹਾਂ ਨਾਲ ਫੇਸਬੁੱਕ ਸਾਥੀ ਸੀ।
ਸੋਸ਼ਲ ਮੀਡੀਆ ਕਰਕੇ ਇਕ ਹੋਰ ਘਟਨਾ ਮੇਰੀ ਜਾਣ ਪਹਿਚਾਣ ਦੀ ਲੜਕੀ ਨਾਲ ਵਾਪਰੀ ਹੈ ਕਿ ਉਸ ਨੇ ਵਟਸਐਪ ਸਟੇਟਸ ਤੇ ਆਪਣੀ ਮਾਤਾ ਪਿਤਾ ਦੀ ਵਰੇਗੰਢ ਦੀ ਮੁਬਾਰਕਵਾਦ ਦੀ ਤਸਵੀਰ ਪਾਈ ਸੀ ਪ੍ਰੰਤੂ ਉਸੇ ਦਿਨ ਕੁਦਰਤੀਂ ਉਸ ਦੇ ਸੱਸ-ਸਹੁਰੇ ਦੀ ਵੀ ਵਰੇਗੰਢ ਸੀ ਪਰ ਲੜਕੀ ਨੂੰ ਇਹ ਨਹੀਂ ਸੀ ਪਤਾ। ਇਸ ਲਈ ਉਸ ਨੇ ਆਪਣੇ ਸੱਸ-ਸਹੁਰੇ ਦੀ ਵਰੇਗੰਢ ਦਾ ਸਟੇਟਸ ਨਹੀਂ ਪਾਇਆ। ਇਸੇ ਗੱਲ ਨੂੰ ਲੈ ਕੇ ਲੜਕੀ ਦੀ ਨਣਦ ਵੱਲੋਂ ਘਰ ਬਹੁਤ ਕਲੇਸ਼ ਕੀਤਾ ਗਿਆ ਕਿ ਇਹ ਮੇਰੇ ਮਾਂ-ਬਾਪ ਨੂੰ ਆਪਣਾ ਸਮਝਦੀ ਹੀ ਨਹੀਂ, ਤਾਂ ਹੀ ਇਸ ਨੇ ਮੇਰੇ ਮਾਂ ਬਾਪ ਦੀ ਵਰੇਗੰਢ ਸਟੇਟਸ ਨਹੀਂ ਪਾਇਆ।
ਗੱਲਾਂ ਚੱਲਦੀਆਂ ਵਿੱਚ ਪਤਾ ਲੱਗਿਆ ਕਿ ਨਾ ਤਾਂ ਲੜਕੀ ਦੇ ਮਾਤਾ ਪਿਤਾ ਕੋਲ ਸਮਾਰਟਫੋਨ ਸੀ ਅਤੇ ਨਾ ਹੀ ਉਸ ਦੇ ਸੱਸ ਸਹੁਰੇ ਕੋਲ ਸਮਾਰਟਫੋਨ ਸੀ ਜਿੰਨਾ ਨੂੰ ਉਸ ਨੇ ਸਟੇਟਸ ਦਿਖਾਉਣਾ ਸੀ । ਅਸੀਂ ਪੜ੍ਹੇ-ਲਿਖੇ ਹੋ ਕੇ ਵੀ ਕਿੱਧਰ ਨੂੰ ਜਾ ਰਹੇ ਹਾਂ? ਸ਼ੋਸ਼ਲ ਮੀਡੀਆ ਨੇ ਸਾਨੂੰ ਇੰਨਾ ਬੰਨ੍ਹ ਲਿਆ ਹੈ ਕਿ ਅਸੀ ਸੋਚਣ ਦੀ ਕੋਸ਼ਿਸ਼ ਵੀ ਨਹੀਂ ਕਰਦੇ ਕਿ ਕੀ ਸਹੀ ਹੈ ਕੀ ਗਲਤ ।
ਇਕ ਹੋਰ ਘਟਨਾ ਜੋ ਸੋਸ਼ਲ ਮੀਡੀਆ ਨਾਲ ਜੁੜੀ ਹੋਈ ਹੈ , ਇਹ ਵੀ ਮੇਰੀ ਜਾਣ-ਪਹਿਚਾਣ ਦੇ ਪਰਿਵਾਰ ਨਾਲ ਜੁੜ੍ਹੀ ਹੈ । ਅੱਜਕਲ੍ਹ ਵਿਆਹ ਤੋਂ ਪਹਿਲਾਂ ਲੜਕੇ ਅਤੇ ਲੜਕੀ ਫੋਨ ਤੇ ਗੱਲ ਹੋਣਾ ਸੁਭਾਵਿਕ ਹੈ। ਲੜਕੇ ਨੇ ਫ਼ੋਨ ਉੱਤੇ ਲੜਕੀ ਦੀ ਫੇਸਬੁੱਕ ਆਈ ਡੀ ਮੰਗੀ , ਲੜਕੀ ਵੱਲੋਂ ਇਨਕਾਰ ਕਰਨ ਤੇ ਦੋਨਾਂ ਧਿਰਾਂ ਵਿੱਚ ਬਹੁਤ ਬਹਿਸ ਹੋਈ। ਬਸ ਰਿਸ਼ਤਾ ਟੁੱਟ ਕੇ ਹੀ ਬਹਿਸ ਖਤਮ ਹੋਈ।
ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ , ਜਿਨ੍ਹਾਂ ਲਈ ਸਿਰਫ ਸੋਸ਼ਲ ਮੀਡੀਆ ਹੀ ਜ਼ਿੰਮੇਵਾਰ ਹੈ , ਅਸੀਂ ਆਪਣੇ ਆਲੇ ਦੁਆਲੇ ਆਮ ਦੇਖ ਸਕਦੇ ਹਾਂ । ਇਸੇ ਲਈ ਸਾਨੂੰ ਸੋਸ਼ਲ ਮੀਡੀਆ ਦੀ ਵਰਤੋਂ ਸਿਰਫ ਗਿਆਨ ਪ੍ਰਾਪਤ ਕਰਨ ਲਈ ਜਾਂ ਕੁਝ ਨਾ ਕੁਝ ਨਵਾਂ ਸਿੱਖਣ ਲਈ ਕਰਨੀ ਚਾਹੀਦੀ ਹੈ ,ਨਾ ਕਿ ਆਪਣੇ ਨਿੱਜੀ ਪਲਾਂ ਨੂੰ ਸਭ ਅੱਗੇ ਜ਼ਹਿਰ ਕਰਨ ਲਈ। ਨਹੀਂ ਤਾਂ ਸਮਾਜ ਅੱਗੇ ਤਮਾਸ਼ਾ ਬਣ ਜਾਂਦਾ ਹੈ।
ਮਨਪ੍ਰੀਤ ਕੌਰ (ਸਾਇੰਸ ਮਿਸਟ੍ਰੈੱਸ)
ਸਰਕਾਰੀ ਹਾਈ ਸਕੂਲ ਚਕੇਰੀਆਂ (ਮਾਨਸਾ)9041526240