*ਖੁਸ਼ੀਆਂ ਕਿਵੇਂ ਮਿਲਦੀਆਂ ਹਨ*

"ਨੀਲਮ ਕੁਮਾਰੀ

 

(ਸਮਾਜ ਵੀਕਲੀ)

*ਜੇ ਗਮ ਮਿਲੇ ਤਾਂ ਆਉਣ ਗਈਆਂ ਖੁਸ਼ੀਆ,
ਰੱਬ ਦਿਨ ਨਾ ਬਦਲੇ, ਇੰਝ ਹੋ ਨੀ ਸਕਦਾ।**

ਦੁਨੀਆ ਵਿੱਚ ਹਰ ਇੱਕ ਇਨਸਾਨ ਕਿਸੇ ਨਾ ਕਿਸੇ ਕਾਰਨ ਦੁਖੀ ਹੈ। ਖੁਸ਼ੀਆਂ ਪਾਉਣ ਲਈ ਸਾਨੂੰ ਜ਼ਿੰਦਗੀ ਵਿੱਚ ਬਹੁਤ ਸੰਘਰਸ਼ ਕਰਨਾ ਪੈਂਦਾ ਹੈ। ਜਦੋਂ ਸਾਨੂੰ ਕੋਈ ਖੁਸ਼ੀ ਨਹੀਂ ਮਿਲਦੀ ਤਾਂ ਅਸੀਂ ਅਕਸਰ ਆਪਣੇ ਨਸੀਬ ਨੂੰ ਕੋਸਦੇ ਹਾਂ, ਜੋ ਕਿ ਬਿਲਕੁਲ ਗਲਤ ਹੈ। ਅਸੀਂ ਹਮੇਸ਼ਾ ਖੁਦ ਬਾਰੇ ਹੀ ਸੋਚਦੇ ਹਾਂ ਤੇ ਸਾਨੂੰ ਆਪਣਾ ਛੋਟਾ ਜਿਹਾ ਦੁੱਖ ਵੀ ਵੱਡਾ ਨਜ਼ਰ ਆਉਂਦਾ ਹੈ। ਪਰ ਦੁਨੀਆਂ ਵਿੱਚ ਬਹੁਤ ਸਾਰੇ ਅਜਿਹੇ ਲੋਕ ਹਨ ਜੋ ਸਾਡੇ ਤੋਂ ਵੀ ਕਿਤੇ ਵੱਧ ਦੁਖੀ ਹਨ। ਜਿਵੇਂ.. ਇਕ ਵਿਅਕਤੀ ਮੰਦਰ ਵਿਚ ਜਾ ਕੇ ਪਰਮਾਤਮਾ ਨੂੰ ਇਸ ਕਰ ਕੇ ਕੋਸ ਰਿਹਾ ਸੀ ਕਿ ਉਹਦੇ ਨੰਗੇ ਪੈਰ ਸਨ, ਉਸ ਕੋਲ ਜੁੱਤੇ ਨਹੀਂ ਸਨ।

ਪਰ ਉਸ ਵਿਅਕਤੀ ਦੀ ਇਹ ਗਲਤ-ਫਹਿਮੀ ਕਿ ਉਹ ਦੁਖੀ ਹੈ, ਪਰਮਾਤਮਾ ਨੇ ਇਕ ਪਲ ਵਿਚ ਹੀ ਦੂਰ ਕਰ ਦਿੱਤੀ, ਜਦੋਂ ਇੱਕ ਦੂਸਰਾ ਵਿਅਕਤੀ ਜਿਸ ਦੇ ਪੈਰ ਹੀ ਨਹੀਂ ਸਨ, ਮੰਦਰ ਵਿਚ ਆਇਆ ਅਤੇ ਪਰਮਾਤਮਾ ਦਾ ਸ਼ੁਕਰੀਆ ਅਦਾ ਕਰਨ ਲੱਗਾ ਕਿ ਹੇ ਪਰਮਾਤਮਾ ਤੇਰਾ ਬਹੁਤ-ਬਹੁਤ ਸ਼ੁਕਰੀਆ! ਤੂੰ ਮੈਨੂੰ ਏਨੀ ਸੋਹਣੀ,ਰੰਗ- ਰੰਗੀਲੀ ਦੁਨੀਆ ਵਿੱਚ ਵਿਚਰਨ ਦਾ ਮੌਕਾ ਦਿੱਤਾ। ਹੁਣ ਪਹਿਲੇ ਵਿਅਕਤੀ ਨੂੰ ਆਪਣਾ ਦੁੱਖ ਦੂਜੇ ਵਿਅਕਤੀ ਦੇ ਮੁਕਾਬਲੇ ਇੱਕ ਤਿਣਕੇ ਦੇ ਸਮਾਨ ਲੱਗਿਆ।

ਜੇਕਰ ਅਸੀ ਆਪਣੇ ਦੁੱਖਾਂ ਨੂੰ ਭੁੱਲ ਕੇ, ਆਪਣੇ ਆਲੇ-ਦੁਆਲੇ ਬਿਖਰੀਆ ਹੋਈਆਂ ਨਿੱਕੀਆਂ-ਨਿੱਕੀਆਂ ਖੁਸ਼ੀਆਂ ਨੂੰ ਸਮੇਟ ਲਈਏ ਤਾਂ ਅਸੀ ਖੁਸ਼ੀ ਪ੍ਰਾਪਤ ਕਰ ਸਕਦੇ ਹਾਂ। ਸਾਨੂੰ ਇਹ ਗੱਲ ਸਮਝਣੀ ਪਵੇਗੀ ਕਿ ਜਿਵੇਂ ਫੁੱਲਾਂ ਦੇ ਨਾਲ਼ ਕੰਡੇ ਹੁੰਦੇ ਹਨ ਉਸੇ ਤਰ੍ਹਾਂ ਦੁੱਖਾਂ ਨਾਲ ਖੁਸ਼ੀਆਂ ਹੁੰਦੀਆਂ ਹਨ। ਜਿਵੇਂ ਅਸੀਂ ਕੰਢਿਆਂ ਵੱਲ ਧਿਆਨ ਨਾ ਦੇ ਕੇ ਫੁੱਲ ਦੀ ਖੁਸ਼ਬੂ ਦਾ ਅਨੰਦ ਮਾਣਦੇ ਹਾਂ ਉਸੇ ਤਰ੍ਹਾਂ ਆਪਣੇ ਦੁੱਖਾਂ ਨੂੰ ਭੁੱਲ ਕੇ ਖੁਸ਼ੀਆਂ ਦਾ ਅਨੰਦ ਮਾਣਨਾ ਪਵੇਗਾ।

ਅਸੀਂ ਅਕਸਰ ਵੱਡੀਆਂ ਖ਼ੁਸ਼ੀਆਂ ਦੇ ਲਾਲਚ ਵਿੱਚ ਛੋਟੀਆਂ ਖੁਸ਼ੀਆਂ ਦੇ ਮੌਕਿਆਂ ਵੱਲ ਧਿਆਨ ਹੀ ਨਹੀਂ ਦਿੰਦੇ। ਪਰ ਛੋਟੀਆਂ ਖੁਸ਼ੀਆਂ ਪ੍ਰਾਪਤ ਕਰਕੇ ਅਸੀਂ ਵੱਡੀ ਖ਼ੁਸ਼ੀ ਪ੍ਰਾਪਤ ਕਰ ਸਕਦੇ ਹਾਂ। ਜਿਵੇਂ ਇਕ ਮਾਲਾ ਵਿੱਚ ਇੱਕ ਧਾਗਾ, ਕੁਝ ਛੋਟੇ ਮੋਤੀ ਅਤੇ ਇਕ ਵੱਡਾ ਮੋਤੀ ਹੈ।ਧਾਗਾ ਸਾਡੇ ਦੁੱਖ, ਛੋਟੇ ਮੋਤੀ ਛੋਟੀਆਂ ਖੁਸ਼ੀਆਂ ਅਤੇ ਵੱਡੇ ਮੋਤੀ ਵੱਡੀਆਂ ਖ਼ੁਸ਼ੀਆਂ ਹਨ।ਮਾਲਾ ਵਿੱਚ ਛੋਟੇ ਮੋਤੀ ਆਲੇ- ਦੁਆਲੇ ਤੇ ਵੱਡਾ ਮੋਤੀ ਵਿਚਕਾਰ ਹੈ। ਵੱਡੇ ਮੋਤੀ ਤੱਕ ਪਹੁੰਚਣ ਲਈ ਸਾਨੂੰ ਦੁੱਖ ਰੂਪੀ ਧਾਗਾ ਅਤੇ ਛੋਟੀਆਂ ਖੁਸ਼ੀਆਂ ਰੂਪੀ ਛੋਟੇ ਮੋਤੀਆਂ ਵਿੱਚੋਂ ਲੰਘਣਾ ਹੀ ਪਏਗਾ। ਇਸੇ ਲਈ ਜ਼ਿੰਦਗੀ ਵਿਚ ਛੋਟੇ-ਛੋਟੇ ਖੁਸ਼ ਰਹਿਣ ਦੇ ਮੌਕੇ ਨਹੀਂ ਗੁਆਉਣੇ ਚਾਹੀਦੇ।

ਖੁਸ਼ੀ ਸਾਡੇ ਮਨ ਦੇ ਅੰਦਰ ਹੀ ਲੁਕੀ ਹੁੰਦੀ ਹੈ।ਹਰ ਸਮੇਂ ਸਾਨੂੰ ਚਿੰਤਾ ਅਤੇ ਦੁੱਖਾਂ ਵਿੱਚ ਨਹੀਂ ਘਿਰੇ ਰਹਿਣਾ ਚਾਹੀਦਾ, ਸਗੋਂ ਮਨ ਦੇ ਅੰਦਰ ਲੁਕੀਆ ਹੋਈਆ ਖੁਸ਼ੀਆਂ ਨੂੰ ਬਾਹਰ ਕੱਢ ਕੇ ਆਨੰਦ ਲੈਣਾ ਚਾਹੀਦਾ ਹੈ। ਦੂਜਿਆਂ ਦੀ ਮਦਦ ਕਰਕੇ,ਉਹਨਾਂ ਨੂੰ ਸਹੀ ਸੇਧ ਦੇ ਕੇ ਵੀ ਅਸੀਂ ਖ਼ੁਸ਼ੀਆਂ ਪ੍ਰਾਪਤ ਕਰ ਸਕਦੇ ਹਾਂ।

**ਕਿਸੇ ਦੇ ਚਿਹਰੇ ਦੀ ਮੁਸਕਰਾਹਟ ਦੀ ਵਜ੍ਹਾ ਤਾਂ ਬਣੋ,
ਖੁਸ਼ੀ ਹੀ ਨਹੀਂ ਸਕੂਨ ਵੀ ਮਿਲੇਗਾ।**

ਦੂਸਰਿਆਂ ਦੀ ਖੁਸ਼ੀ ਵਿੱਚ ਸ਼ਾਮਿਲ ਹੋ ਕੇ ਵੀ ਅਸੀ ਖੁਸ਼ ਹੋ ਸਕਦੇ ਹਾਂ ਇਸ ਲਈ ਦੂਜਿਆ ਨਾਲ ਮਿਲ ਕੇ ਰਹਿਣਾ ਚਾਹੀਦਾ ਹੈ।

**ਵੰਡੀਏ ਖੁਸ਼ੀ ਦਾ ਹੋਵੇ ਦੂਣੀ,
ਵੰਡੀਏ ਗਮ ਤਾਂ ਹੋਵੇ ਉਣੀ**

ਆਪਣੇ ਆਪ ਨੂੰ ਇਸ ਤਰਾਂ ਢ਼ਾਲਣਾ ਚਾਹੀਦਾ ਹੈ ਕਿ ਦੁੱਖਾਂ ਦਾ ਸਾਡੇ ਤੇ ਕੋਈ ਅਸਰ ਨਾ ਹੋਵੇ। ਖ਼ੁਸ਼ੀਆਂ ਤੋਂ ਬਿਨਾਂ ਜ਼ਿੰਦਗੀ ਬੇਰੰਗ ਤੇ ਉਬਕਾਉ ਹੈ।ਆਪਣੀ ਜ਼ਿੰਦਗੀ ਵਿਚ ਖੁਸ਼ੀ, ਹਾਸੇ ,ਮੁਸਕਰਾਹਟ ਦੇ ਪਲਾਂ ਨੂੰ ਕਦੇ ਵੀ ਅਜਾਈਂ ਨਾ ਜਾਣ ਦਿਓ। ਕਿਉਂਕਿ

**ਜ਼ਿੰਦਗੀ ਜੋ ਵੀ ਦਿੰਦੀ ਹੈ,
ਉਸ ਨੂੰ ਖਿੜੇ ਮੱਥੇ ਸਵੀਕਾਰ ਕਰੋ,
ਕਿਉ ਕਿ ਜਿੰਦਗੀ ਜਦੋ ਕੁਝ ਲੈਣ ਤੇ ਆਉਂਦੀ ਹੈ,
ਤਾਂ ਆਖਰੀ ਸਾਹ ਤੱਕ ਵੀ ਲੈ ਜਾਂਦੀ ਹੈ।**

ਨੀਲਮ ਕੁਮਾਰੀ

ਪੰਜਾਬੀ ਮਿਸਟ੍ਰੈਸ, ਸਰਕਾਰੀ ਹਾਈ ਸਕੂਲ, ਸਮਾਉ। (97797 88365)

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇੱਕ ਮਿੱਠੀ ਜਿਹੀ ਯਾਦ…
Next articleਸਟੇਜ ਸਰਗਰਮੀਆਂ।