ਹਰਪ੍ਰੀਤ ਪੱਤੋ
(ਸਮਾਜ ਵੀਕਲੀ) ਮਨੁੱਖ ਜਨਮ ਤੋਂ ਲ਼ੈ ਕੇ ਮਰਣ ਤੱਕ ਆਪਣੇ ਆਪ ਦੀ ਪ੍ਰਵਾਹ ਨਹੀਂ ਕਰਦਾ। ਆਪਣੀ ਜ਼ਿੰਦਗੀ ਪ੍ਰਤੀ ਲਾਪਰਵਾਹ ਰਹਿੰਦਾ। ਇਹ ਖੂਬਸੂਰਤ ਜ਼ਿੰਦਗੀ ਖ਼ੂਬਸੂਰਤ ਤਰੀਕੇ ਨਾਲ ਹੀ ਜਿਊਣੀ ਚਾਹੀਦੀ ਹੈ, ਬਹੁਤਾ ਜ਼ਿੰਦਗੀ ਵਿੱਚ ਉਲਝਣਾ ਆਪਣੀ ਅਜ਼ਾਦੀ ਤੇ ਖੁਸ਼ੀਆਂ ਨੂੰ ਛਿੱਕੇ ਟੰਗਣ ਵਾਲੀ ਗੱਲ ਹੈ। ਮੈਂ ਆਪਣੇ ਬੱਚਿਆਂ ਲਈ ਆਹ ਕਰ
ਦਿਆ ਉਹ ਕਰ ਦਿਆ ਕਈ ਵਾਰੀ ਆਦਮੀ ਆਪਣੀ ਜ਼ਿੰਦਗੀ ਵਿੱਚ ਵੱਡੇ ਵੱਡੇ ਜੋਖਮ ਵੀ ਉਠਾ ਲੈਂਦਾ। ਜਿੰਨਾਂ ਦਾ ਬਾਅਦ ਵਿੱਚ ਕੋਈ ਮੁੱਲ ਨਹੀਂ ਪੈਂਦਾ।ਜਦੋਂ ਕਿ ਇਹ ਜ਼ਿੰਦਗੀ ਬੜੀ ਅਮੋਲਕ ਹੈ। ਜੋ ਕਿਸੇ ਵੀ ਕੀਮਤ ਤੇ ਨਹੀਂ ਮਿਲਦੀ। ਇਹ ਇੱਕ
ਪ੍ਰਮਾਤਮਾ ਦੀ ਦਿੱਤੀ ਮਨੁੱਖ ਨੂੰ ਸਭ ਤੋਂ ਕੀਮਤੀ ਦਾਤ ਹੈ। ਜੋ ਇੱਕ ਵਾਰੀ ਹੱਥ ਚੋਂ ਗਈ ਮੁੜ ਹੱਥ ਨਹੀਂ ਲੱਗਦੀ। ਜਦ ਸਮਾਂ ਗਵਾਚ ਜਾਂਦਾ ਫਿਰ ਪਛਤਾਵੇ ਦੇ ਸਿਵਾਏ ਪੱਲੇ ਕੁਝ ਵੀ ਨਹੀਂ ਰਹਿੰਦਾ। ਸਿਆਣੇ ਕਹਿੰਦੇ, ਜੇ ਜੀਅ ਹੈ ਤਾਂ ਜਹਾਨ ਹੈ ਪਰ ਵਧੀਆ ਜ਼ਿੰਦਗੀ ਜਿਊਣ ਦਾ ਢੰਗ ਵੀ ਕਿਸੇ ਕਿਸੇ ਕੋਲ ਹੁੰਦਾ।
ਕਈ ਤਾਂ ਸਾਰੀ ਜ਼ਿੰਦਗੀ ਪਸ਼ੂਆਂ ਸਮਾਨ ਕੱਟ ਜਾਂਦੇ ਹਨ। ਜੇਹੇ ਇਸ ਧਰਤੀ ਤੇ ਆਏ ਜੇਹੇ ਨਾ ਆਏ। ਅਸੀਂ ਸੋਚੀਏ ਜੇ ਪ੍ਰਮਾਤਮਾ ਨੇ ਸਾਨੂੰ ਇਹ ਜ਼ਿੰਦਗੀ ਬਖ਼ਸ਼ੀ ਹੈ। ਤਾਂ ਚੰਗੀ ਸੰਗਤ ਕਰੀਏ ਸਾਡੇ ਅੰਦਰ ਚੰਗੇ ਵਿਚਾਰ ਬਣਨ। ਚੰਗੀਆਂ ਕਿਤਾਬਾਂ ਪੜ੍ਹ ਉਹਨਾਂ ਵਿੱਚੋਂ ਜੋ ਸਾਡੇ ਬੁੱਧੀਜੀਵੀ ਲੋਕ ਹੋਏ ਹਨ।
ਉਹਨਾਂ ਤੋਂ ਸਿੱਖ ਆਪਣੇ ਫ਼ਰਜ਼ਾਂ ਦੀ ਪਛਾਣ ਕਰ ਅਸਲ ਜ਼ਿੰਦਗੀ
ਪ੍ਰਤੀ ਸੁਚੇਤ ਹੋਈਏ ਚੰਗੇ ਕਰਮ ਕਰੀਏ। ਜੇ ਕੋਈ ਸਾਡੀ ਗਲਤੀ ਦੱਸਦਾ ਤਾਂ ਗੁੱਸਾ ਨਹੀਂ ਕਰਨਾ ਚਾਹੀਦਾ। ਸਗੋਂ ਆਪਣੇ ਵਿੱਚ ਸੁਧਾਰ ਕਰ ਉਸ ਦਾ ਅਹਿਸਾਨ ਮੰਨਣਾ ਚਾਹੀਦਾ। ਅਸੀਂ ਕਿਸੇ ਬੇ ਆਸਰੇ ਦਾ ਆਸਰਾ ਦੁਖੀਆ ਲੋੜਵੰਦਾਂ ਦੀ ਮਦਦ ਕਰੀਏ।
ਚਲੋ ਜੇ ਅਸੀਂ ਇਹ ਨਹੀਂ ਕਰ ਸਕਦੇ ਤਾਂ ਅਸੀਂ ਆਪਣੇ ਜ਼ਿੰਦਗੀ ਦੇ ਫ਼ਰਜ਼ਾਂ ਪ੍ਰਤੀ ਸੁਚੇਤ ਹੋ ਕਿਸੇ ਤੇ
ਬੋਝ ਤਾਂ ਨਾ ਬਣੀਏ। ਜੇ ਇਹ ਅਮੋਲਕ ਜ਼ਿੰਦਗੀ ਮਿਲੀ ਹੈ ਤਾਂ ਇਸ ਦਾ ਪੂਰਾ ਪੂਰਾ ਲਾਹਾ ਲਈਏ। ਬਹੁਤੇ ਮਨੁੱਖ ਤਾਂ ਆਪਣੀ ਜ਼ਿੰਦਗੀ ਵਿੱਚ ਆਪ ਦੁੱਖ ਸਹੇੜ ਲੈਂਦੇ ਹਨ। ਫਿਰ ਉਹਨਾਂ ਤੋਂ ਛੁਟਕਾਰਾ ਪਾਉਣ ਲਈ ਜਾਂ ਤਾਂ ਨਸ਼ਿਆਂ ਵਿੱਚ ਗ੍ਰਸਤ ਹੋ ਜਾਂਦੇ ਆ ਜਾਂ ਆਪੂ ਬਣੇ ਬਾਬਿਆਂ ਦੇ ਡੇਰਿਆਂ ਸਾਰੀ ਉਮਰ ਨੱਕ ਰਗੜ ਜ਼ਿੰਦਗੀ ਵਿੱਚ ਪਛਤਾ ਕੇ ਇਸ ਜਹਾਨ ਤੋਂ ਰੁਖ਼ਸਤ ਹੋ ਜਾਂਦੇ ਹਨ। ਸਾਨੂੰ ਚਾਹੀਦਾ ਹੈ ਕਿ ਅਸੀਂ ਕੁਝ ਚੰਗਾ ਆਮ ਲੋਕਾਂ ਨਾਲੋਂ ਵੱਖਰਾ ਕਰ ਕੇ ਜਾਈਏ, ਤਾਂ ਕਿ ਸਾਡੇ ਬਾਅਦ ਵਿੱਚ ਵੀ ਸਾਡੀ ਲੋਕਾਂ ਅੰਦਰ ਯਾਦ ਬਣੀ ਰਹੇ। ਸਾਨੂੰ ਆਪਣੀ ਜ਼ਿੰਦਗੀ ਵਿੱਚ ਮਿਲੇ ਫਰਜ਼ ਚੰਗੀ ਤਰਾਂ ਨਿਭਾਉਣੇ ਚਾਹੀਦੇ ਹਨ, ਤੇ ਅਸੀਂ ਆਪਣੀ ਜ਼ਿੰਦਗੀ ਪ੍ਰਤੀ ਸੁਚੇਤ ਹੋਈਏ।
ਸੁਚੇਤ ਦਾ ਭਾਵ *ਆਪਣੀ ਜ਼ਿੰਦਗੀ ਨੂੰ ਹੋਸ਼ ਨਾਲ ਜਿਉਂਣਾ।
ਬੇਹੋਸ਼ ਹੋ ਕੇ ਨਹੀਂ*।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly