ਘਰ ਇੱਕ ਪੁੱਤ

ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
(ਸਮਾਜ ਵੀਕਲੀ) ਬੱਬੂ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਜਨਮਿਆ ਸੀ l ਉਸ ਦਾ ਬਾਪ ਸਰਕਾਰੀ ਨੌਕਰੀ ਕਰਦਾ ਸੀ ਅਤੇ ਮਾਂ ਬਿਮਾਰ ਰਹਿੰਦੀ ਸੀ l ਉਸ ਦਾ ਇੱਕ ਵੱਡਾ ਭਰਾ ਸੀ ਜੋ ਉਸ ਤੋਂ ਉਮਰ ਵਿੱਚ ਕਾਫੀ ਵੱਡਾ ਸੀ l ਭਰਾ ਸਰਕਾਰੀ ਨੌਕਰੀ ਕਰਦਾ ਸੀ l
ਅਜੇ ਬੱਬੂ ਦੇ ਭਰਾ ਦਾ ਵਿਆਹ ਹੋਇਆ ਹੀ ਸੀ ਕਿ ਦੋ ਕੁ ਮਹੀਨੇ ਬਾਦ ਹੀ ਬੱਬੂ ਦੇ ਬਾਪ ਦੀ ਮੌਤ ਹੋ ਗਈ l ਵੱਡੇ ਭਰਾ ਭਰਜਾਈ ਨੇ ਹੀ ਬੱਬੂ ਦੀ ਦੇਖਭਾਲ ਕਰਨੀ ਸ਼ੁਰੂ ਕੀਤੀ l
ਪੜ੍ਹਾਈ ਵਿੱਚ ਹੁਸ਼ਿਆਰ ਹੋਣ ਦੇ ਬਾਵਯੂਦ ਘਰ ਦੀ ਕਮਜ਼ੋਰ ਆਰਥਿਕਤਾ ਕਾਰਣ ਬੱਬੂ ਦਸ ਜ਼ਮਾਤਾਂ ਹੀ ਪੜ੍ਹ ਸਕਿਆ ਸੀ l
ਘਰ ਦੀ ਜ਼ਮੀਨ ਕਨਾਲਾਂ ਵਿੱਚ ਹੀ ਹਿੱਸੇ ਆਉਂਦੀ ਸੀ ਜੋ ਮਾਮਲੇ ਤੇ ਦਿੱਤੀ ਹੋਈ ਸੀ l
ਬੱਬੂ ਨੇ ਪੈਰਾਂ ਤੇ ਖੜ੍ਹੇ ਹੋਣ ਲਈ ਨੌਕਰੀ ਦੀ ਭਾਲ ਕੀਤੀ ਜਿਸ ਵਿੱਚ ਉਸ ਨੂੰ ਕਾਮਯਾਬੀ ਨਹੀਂ ਮਿਲੀ l  ਇੱਕ ਪਰਿਵਾਰਿਕ ਦੋਸਤ ਨੇ ਉਸ ਨੂੰ 1977 ਵਿੱਚ ਰਾਹਦਾਰੀ ਦੇ ਕੇ ਨਿਊਜ਼ੀਲੈਂਡ ਬੁਲਾ ਲਿਆ l ਬੱਬੂ 1980 ਵਿੱਚ ਪੱਕਾ ਹੋ ਗਿਆ l
ਇਨ੍ਹਾਂ ਸਾਲਾਂ ਵਿੱਚ ਬੱਬੂ ਨੇ ਫਲਾਂ ਦੇ ਬਾਗਾਂ ਅਤੇ ਫਾਰਮਾਂ ਵਿੱਚ ਕੰਮ ਕਰਕੇ ਕੁੱਝ ਪੈਸਾ ਜੋੜ ਲਿਆ ਸੀ l ਉਹ ਕਿਸੇ ਵੀ ਕੰਮ ਜਾਂ ਵਿਅਕਤੀ ਨੂੰ ਛੋਟਾ ਵੱਡਾ ਨਹੀਂ ਸਮਝਦਾ ਸੀ l ਬੇਝਿਜਕ ਕਿਸੇ ਵੀ ਕੰਮ ਤੇ ਦਿਹਾੜੀ ਲਗਾ ਆਉਂਦਾ ਸੀ l ਜੋੜੇ ਹੋਏ ਪੈਸੇ ਨਾਲ ਉਸ ਨੇ ਵਿਆਹ ਕਰਵਾ ਲਿਆ, ਕੁੱਝ ਪੈਸਾ ਪੰਜਾਬ ਵਸਦੇ ਪਰਿਵਾਰ ਨੂੰ ਭੇਜਿਆ l
 1981 ਵਿੱਚ ਇੱਕ ਘਰ ਦਾ ਡਿਪੋਜਿਟ ਦੇ ਕੇ ਬਾਕੀ ਬੈਂਕ ਤੋਂ ਕਰਜ਼ਾ ਲੈ ਕੇ ਬੱਬੂ ਨੇ ਆਕਲੈਂਡ ਸੈਂਟਰਲ ਵਿੱਚ ਇੱਕ ਘਰ ਖਰੀਦ ਲਿਆ ਜੋ 2000 ਸੁਕੇਅਰ ਮੀਟਰ ਜ਼ਮੀਨ ਤੇ ਬਣਿਆ ਹੋਇਆ ਸੀ ਭਾਵ ਅੱਧਾ ਕਿੱਲਾ ਜ਼ਮੀਨ ਤੇ ਬਣਿਆ ਹੋਇਆ ਸੀ l ਇਹ ਚਾਰ ਬੈੱਡਰੂਮ ਘਰ ਸੀ l ਘਰ ਦੀ ਕੀਮਤ ਉਸ ਸਮੇਂ ਸਿਰਫ $30,000 ਸੀ l
ਉਸ ਸਮੇਂ ਏਨੀ ਕੀਮਤ ਦਾ ਘਰ ਖਰੀਦਣਾ ਬਹੁਤ ਮੁਸ਼ਕਲ ਕੰਮ ਸੀ l ਕਰਜ਼ਾ 25 ਕੁ ਸਾਲਾਂ ਵਿੱਚ ਕਿਸ਼ਤਾਂ ਨਾਲ ਬੈਂਕ ਨੂੰ ਮੋੜਨਾ ਸੀ l ਬੱਬੂ ਨੇ ਆਪਣੇ ਦੋ ਬੱਚੇ ਪਾਲਦਿਆਂ ਆਪਣੇ ਘਰ ਦੇ ਕਰਜ਼ੇ ਦੀਆਂ ਕਿਸ਼ਤਾਂ ਵੀ ਮੋੜਨੀਆਂ ਜਾਰੀ ਰੱਖੀਆਂ l ਬੱਬੂ ਦੀ ਪਤਨੀ ਥੋੜ੍ਹਾ ਕੰਮ ਵੀ ਕਰਦੀ, ਬੱਚੇ ਵੀ ਸਾਂਭਦੀ ਸੀ l ਦੋਨੋਂ ਜਣੇ ਰਲ ਕੇ ਬੱਚਿਆਂ ਨੂੰ ਸਕੂਲ ਤੋਂ ਚੁੱਕਦੇ ਅਤੇ ਛੱਡਦੇ ਰਹੇ l
ਉਸ ਨੂੰ ਬਹੁਤ ਦੋਸਤਾਂ ਨੇ ਆਖਿਆ ਕਿ ਉਹ ਹੁਣ ਕਾਫੀ ਸੈੱਟ ਹੋ ਗਿਆ ਹੈ l ਇਸ ਕਰਕੇ ਪੁਰਾਣਾ ਘਰ ਵੇਚ ਕੇ ਕੋਈ ਨਵਾਂ ਘਰ ਖਰੀਦ ਲਵੇ ਪਰ ਬੱਬੂ ਦਾ ਮਨ ਹੋਰ ਕਰਜ਼ਾ ਚੁੱਕਣ ਨੂੰ ਨਾ ਮੰਨਿਆ l
ਉਸੇ ਘਰ ਵਿੱਚ ਉਸ ਨੇ ਬੱਚੇ ਪਾਲੇ ਅਤੇ ਉਨ੍ਹਾਂ ਦੇ ਵਿਆਹ ਕੀਤੇ l ਬੱਚਿਆਂ ਦੇ ਵਿਆਹ ਤੋਂ ਬਾਦ ਵੀ ਉਹ ਘਰ ਰਹਿਣ ਲਈ ਸਭ ਵਾਸਤੇ ਕਾਫੀ ਵੱਡਾ ਸੀ ਪਰ ਨੂੰਹਾਂ ਦੀ ਆਪਸ ਵਿੱਚ ਨਾ ਬਣੀ ਜਿਸ ਕਾਰਣ ਉਨ੍ਹਾਂ ਕਿਰਾਏ ਤੇ ਵੱਖਰੇ ਵੱਖਰੇ ਘਰ ਲੈ ਲਏ l
ਬੱਬੂ ਤਾਂ ਪੰਜਾਬ ਦੇ ਪਿੰਡ ਤੋਂ ਆਇਆ ਹੋਣ ਕਰਕੇ ਸਾਂਝੇ ਪਰਿਵਾਰਾਂ ਵਿੱਚ ਰਹਿਣ ਦਾ ਆਦੀ ਸੀ l ਬੱਬੂ ਨੂੰ ਸੁੰਨਾ ਹੋਇਆ ਘਰ ਦੇਖ ਬੜਾ ਦੁੱਖ ਹੁੰਦਾ ਕਿ ਜਿਨ੍ਹਾਂ ਬੱਚਿਆਂ ਲਈ ਇਹ ਘਰ ਬਣਾਇਆ ਸੀ ਉਹ ਤਾਂ ਬੁਢਾਪੇ ਵਿੱਚ ਉਨ੍ਹਾਂ ਨੂੰ ਅਤੇ ਘਰ ਨੂੰ ਛੱਡ ਕੇ ਤੁਰ ਗਏ ਸਨ l
ਸਾਰੀ ਉਮਰ ਬੱਬੂ ਨੇ ਬੜਾ ਕੰਮ ਕੀਤਾ ਪਰ ਕਮਾਈ ਘਰ ਦੇ ਖਰਚੇ, ਬੱਚਿਆਂ ਦੇ ਪਾਲਣ ਪੋਸਣ, ਬੱਚਿਆਂ ਨੂੰ ਕਾਰਾਂ ਖਰੀਦ ਕੇ ਦੇਣ ਅਤੇ ਬੱਚਿਆਂ ਦੇ ਵਿਆਹਾਂ ਤੇ ਲੱਗ ਗਈ l ਕਦੇ ਕਦੇ ਸਾਰੇ ਪਰਿਵਾਰ ਨੇ ਪੰਜਾਬ ਜਾਣਾ ਤਾਂ ਉੱਥੇ ਵੀ ਕਾਫੀ ਖਰਚਾ ਆ ਜਾਂਦਾ ਸੀ l ਉਸ ਦੀ ਅਤੇ ਪਰਿਵਾਰ ਦੀ ਜ਼ਿੰਦਗੀ ਭਾਵੇਂ ਠੀਕ ਠਾਕ ਗੁਜ਼ਰੀ ਸੀ ਪਰ ਉਸ ਕੋਲ ਕੋਈ ਸਰਮਾਇਆ ਇਕੱਠਾ ਨਹੀਂ ਹੋਇਆ ਸੀ l
ਵਿਰਲਾ ਵਿਰਲਾ ਦੋਸਤ ਉਸ ਦਾ ਪੁਰਾਣਾ ਘਰ ਅਤੇ ਦਰਮਿਆਨੀ ਕਾਰ ਦੇਖ ਕੇ ਕਦੇ ਕਦਾਈਂ ਆਖ ਜਾਂਦਾ ਕਿ ਤੈਥੋਂ ਵੀ ਜ਼ਿੰਦਗੀ ਵਿੱਚ ਕੁੱਝ ਨਹੀਂ ਹੋਇਆ l ਸ਼ਾਇਦ ਕਹਿਣ ਵਾਲਾ ਤਾਂ ਆਪਣੇ ਲੈਵਲ ਨੂੰ ਦੇਖ ਕੇ ਗੱਲ ਕਹਿੰਦਾ ਹੋਵੇ ਪਰ ਬੱਬੂ ਨੂੰ ਸਮਝ ਨਾ ਆਉਂਦੀ ਕਿ ਸਾਰੀ ਉਮਰ ਉਸ ਨੇ ਵਿਹਲਾ ਰਹਿ ਕੇ ਨਹੀਂ ਦੇਖਿਆ ਸੀ l ਹੋਰ ਮੈਂ ਕਰ ਵੀ ਕੀ ਸਕਦਾ ਸੀ? ਇੱਕ ਦਸ ਪੜ੍ਹੇ ਲਿਖੇ ਵਿਅਕਤੀ ਦੁਆਰਾ ਬੇਗ਼ਾਨੇ ਮੁਲਕ ਵਿੱਚ ਜਾ ਪੱਕੇ ਹੋਣਾ, ਘਰ ਖਰੀਦਣਾ, ਵਿਆਹ ਕਰਾਉਣਾ ਅਤੇ ਬੱਚੇ ਪਾਲਣਾ ਵੀ ਬਹੁਤ ਸੰਘਰਸ਼ ਹੁੰਦਾ ਹੈ l ਉਹ ਕਈ ਵਾਰ ਸੋਚੀਂ ਪੈ ਜਾਂਦਾ ਕਿ ਕਿਵੇਂ ਉਸ ਨੂੰ ਵਿਦੇਸ਼ ਵਿੱਚ ਇੱਕ ਨਿੱਕੇ ਜਿਹੇ ਚਮਚੇ ਤੋਂ ਲੈ ਕੇ ਸਭ ਕੁੱਝ ਖੁਦ ਹੀ ਬਣਾਉਣਾ ਪਿਆ ਸੀ l
ਬੱਬੂ ਅਤੇ ਉਸ ਦੀ ਪਤਨੀ ਹੁਣ 65 ਸਾਲ ਦੀ ਉਮਰ ਵਿੱਚ ਪੈਨਸ਼ਨ ਤੇ ਆ ਗਏ ਸਨ l ਘਰ ਤੇ ਭਾਵੇਂ ਕੋਈ ਕਰਜ਼ਾ ਨਹੀਂ ਰਿਹਾ ਸੀ ਪਰ ਉਸ ਦੀ ਕੰਮ ਵਾਲੀ ਆਮਦਨ ਵੀ ਖਤਮ ਹੋ ਗਈ ਸੀ l
ਪੈਨਸ਼ਨ ਤਾਂ ਕੰਮ ਵਾਲੇ ਪੈਸਿਆਂ ਤੋਂ ਵੀ ਘੱਟ ਮਿਲਦੀ ਸੀ l ਉਸ ਨੂੰ ਮਹਿਸੂਸ ਹੋਇਆ ਕਿ ਉਸ ਨੇ ਸਾਰੀ ਉਮਰ ਕੰਮ ਸ਼ਾਇਦ ਗਰੀਬ ਹੋਣ ਲਈ ਹੀ ਕੀਤਾ ਸੀ l
ਬੁਢਾਪੇ ਵਿੱਚ ਉਸ ਨੂੰ ਆਸ ਸੀ ਕਿ ਉਸ ਦੇ ਬੱਚੇ ਉਸ ਦੀ ਆਰਥਿਕ ਮੱਦਦ ਕਰਨਗੇ ਪਰ ਬੱਚਿਆਂ ਦਾ ਆਪਣਾ ਖਰਚਾ ਹੀ ਬੜੀ ਮੁਸ਼ਕਲ ਨਾਲ ਚੱਲਦਾ ਸੀ l
ਹਰ ਹਫ਼ਤੇ ਬੱਬੂ ਤੇ ਉਸ ਦੀ ਪਤਨੀ ਨੂੰ ਜੋ ਪੈਨਸ਼ਨ ਮਿਲਦੀ ਉਸ ਨਾਲ ਗੁਜ਼ਾਰਾ ਬਹੁਤ ਮੁਸ਼ਕਲ ਹੁੰਦਾ l ਬੱਬੂ ਦੇ ਘਰ ਦੀ ਵੈਲਿਊ (ਮਾਰਕੀਟ ਕੀਮਤ) ਤਿੰਨ ਮਿਲੀਅਨ ਡਾਲਰ ਹੋ ਗਈ ਸੀ l ਬੱਬੂ ਦਾ ਦਿਲ ਕੀਤਾ ਕਿ ਉਹ ਇਸ ਘਰ ਨੂੰ ਵੇਚ ਕੇ ਕਿਰਾਏ ਦੇ ਘਰ ਵਿੱਚ ਰਹਿਣਾ ਸ਼ੁਰੂ ਕਰ ਦੇਵੇ ਪਰ ਉਸ ਘਰ ਨਾਲ ਜੁੜੀਆਂ ਯਾਦਾਂ ਨੇ ਉਸ ਨੂੰ ਉਹ ਘਰ ਵੇਚਣ ਨਾ ਦਿੱਤਾ l
ਬੱਬੂ ਅੱਜ ਵੀ ਯਾਦ ਕਰਦਾ ਕਿ ਕਿਵੇਂ ਉਸ ਦਾ ਵਿਆਹ ਇਸੇ ਘਰ ਵਿੱਚ ਹੋਇਆ ਸੀ l ਉਹ ਅੱਜ ਵੀ ਆਪਣੇ ਛੋਟੇ ਛੋਟੇ ਬੱਚਿਆਂ ਨਾਲ ਖੁਦ ਨੂੰ ਖੇਡਦਾ ਮਹਿਸੂਸ ਕਰਦਾ l ਭਾਵੇਂ ਕਿ ਇਨ੍ਹਾਂ ਯਾਦਾਂ ਦਾ ਅਸਰ ਉਸ ਦੇ ਬੱਚਿਆਂ ਤੇ ਕੋਈ ਖਾਸ ਨਹੀਂ ਹੋਇਆ ਸੀ l ਉਸੇ ਘਰ ਵਿੱਚ ਉਹ ਬੱਚਿਆਂ ਨੂੰ ਮੋਢੇ ਚੁੱਕ ਖਿਡਾਉਂਦਾ ਹੁੰਦਾ ਸੀ l ਹੁਣ ਉਸ ਕੋਲ ਇਹ ਯਾਦਾਂ ਹੀ ਸਨ ਜਿਹੜੀਆਂ ਇਸ ਘਰ ਨਾਲ ਜੁੜੀਆਂ ਹੋਈਆਂ ਸਨ ਜਿਨ੍ਹਾਂ ਨੂੰ ਕਿਸੇ ਵੀ ਕੀਮਤ ਤੇ ਉਹ ਗੁਆਉਣਾ ਨਹੀਂ ਚਾਹੁੰਦਾ ਸੀ l
ਬੱਬੂ ਆਪਣੀ ਆਰਥਿਕ ਸਮੱਸਿਆ ਦਾ ਹੱਲ ਕਿਸੇ ਕੋਲੋਂ ਪੁੱਛਦਾ ਵੀ ਨਹੀਂ ਸੀ ਕਿਉਂਕਿ ਉਸ ਨੂੰ ਲਗਦਾ ਸੀ ਕਿ ਜੇ ਆਪਣੇ ਬੱਚੇ ਹੀ ਇਹ ਹੱਲ ਨਹੀਂ ਕਰ ਸਕੇ ਤਾਂ ਹੋਰ ਕੌਣ ਹੱਲ ਕਰੇਗਾ?
ਇਸੇ ਸੋਚ ਵਿੱਚ ਉਹ 70 ਸਾਲ ਦੀ ਉਮਰ ਤੱਕ ਪਹੁੰਚ ਗਿਆ l ਇੱਕ ਦਿਨ ਉਸ ਨੂੰ ਜਵਾਨੀ ਵੇਲੇ ਦੇ ਇੱਕ ਦੋਸਤ ਦੇ ਨਾਲ ਉਸ ਦਾ ਬੇਟਾ ਵੀ ਮਿਲਣ ਆਇਆ l ਉਸ ਨੂੰ ਬਹੁਤ ਚੰਗਾ ਲੱਗਾ ਕਿ ਦੋਸਤ ਤੇ  ਦੋਸਤ ਦਾ ਪੁੱਤਰ ਉਸ ਨੂੰ ਇਕੱਠੇ ਮਿਲਣ ਆਏ ਸਨ l
ਉਹ ਮਨ ਹੀ ਮਨ ਸੋਚਦਾ ਕਿ ਕਾਸ਼! ਉਸ ਦੇ ਬੱਚੇ ਵੀ ਇਸੇ ਤਰ੍ਹਾਂ ਹੀ ਉਸ ਨਾਲ ਘੁੰਮਦੇ l
ਆਪਣੇ ਦੋਸਤ ਅਤੇ ਉਸ ਦੇ ਪੁੱਤਰ ਨਾਲ ਗੱਲਬਾਤ ਕਰਦਿਆਂ ਪਤਾ ਲੱਗਾ ਕਿ ਦੋਸਤ ਦਾ ਬੇਟਾ ਇੱਕ ਬੈਂਕ ਵਿੱਚ ਕੰਮ ਕਰਦਾ ਹੈ l ਉਸ ਨੇ ਦੋਸਤ ਦੇ ਬੇਟੇ ਨੂੰ  ਆਪਣੀ ਆਰਥਿਕ ਸਮੱਸਿਆ ਦੱਸੀ ਕਿ ਉਸ ਦਾ ਪੈਨਸ਼ਨ ਨਾਲ ਗੁਜ਼ਾਰਾ ਬਹੁਤ ਔਖਾ ਹੁੰਦਾ ਹੈ l ਉਸ ਨੂੰ ਦੋ ਕੁ ਸੌ ਡਾਲਰ ਹਫ਼ਤੇ ਦੀ ਹੋਰ ਲੋੜ ਰਹਿੰਦੀ ਹੈ ਤਾਂ ਕਿ ਲੋੜ ਪੈਣ ਤੇ ਕੁੱਝ ਪੈਸੇ ਕੋਲ ਰਹਿਣ l
ਬੈਂਕ ਵਾਲੇ ਮੁੰਡੇ ਨੇ ਬੱਬੂ ਨੂੰ ਦੱਸਿਆ ਕਿ ਉਹ 200 ਡਾਲਰ ਬੈਂਕ ਤੋਂ ਕਰਜ਼ੇ ਦੇ ਰੂਪ ਵਿੱਚ ਹਰ ਹਫ਼ਤੇ ਲੈ ਸਕਦਾ ਹੈ ਜੋ ਕਰਜ਼ੇ ਦੇ ਰੂਪ ਵਿੱਚ ਜ਼ਮਾਂ ਹੁੰਦਾ ਰਹੇਗਾ l ਬੱਬੂ ਦੇ ਘਰ ਦੀ ਮਾਰਕੀਟ ਕੀਮਤ ਤਿੰਨ ਮਿਲੀਅਨ ਦੇ ਲਾਗੇ ਸੀ ਜਿਸ ਕਰਕੇ ਉਸ ਨੂੰ 200 ਡਾਲਰ ਪ੍ਰਤੀ ਹਫ਼ਤਾ ਕਰਜ਼ੇ ਦੇ ਤੌਰ ਤੇ ਬਹੁਤ ਸਾਲ ਮਿਲ ਸਕਦਾ ਸੀ l
ਬੱਬੂ ਨੂੰ ਇਹ ਬਹੁਤ ਵਧੀਆ ਸੁਝਾਅ ਲੱਗਾ l ਇਸ ਤਰ੍ਹਾਂ ਕਰਨ ਨਾਲ ਬਿਨਾਂ ਘਰ ਵੇਚੇ ਹੀ ਉਸ ਦਾ ਵਧੀਆ ਗੁਜ਼ਾਰਾ ਹੋਣ ਲੱਗ ਪਿਆ l ਉਸ ਦੇ ਘਰ ਦੀ ਕੀਮਤ ਵੀ ਹੋਰ ਵਧਦੀ ਗਈ l
ਬੱਬੂ ਹਰ ਵੇਲੇ ਸੋਚਦਾ ਕਿ ਜਿਨ੍ਹਾਂ ਬੱਚਿਆਂ ਨੂੰ ਪਾਲਿਆ, ਪੜ੍ਹਾਇਆ ਲਿਖਾਇਆ, ਵਿਆਹਿਆ ਅਤੇ ਨੌਕਰੀਆਂ ਤੇ ਲਗਵਾਇਆ ਉਹ ਲੋੜ ਪੈਣ ਤੇ ਸਾਥ ਛੱਡ ਗਏ l ਦੂਜੇ ਪਾਸੇ ਉਹ ਆਪਣੇ ਘਰ ਵੱਲ ਨਿਗਾਹ ਮਾਰਦਾ ਕਿ ਕਿਵੇਂ ਇਸ ਨੇ ਸਾਰੀ ਉਮਰ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਛੱਤ ਨਾਲ ਢੱਕਿਆ, ਕੁਦਰਤੀ ਆਫ਼ਤਾਂ ਤੋਂ ਬਚਾਇਆ ਅਤੇ ਬੁੱਢੇ ਬਾਰੇ ਮੇਰੀ ਆਰਥਿਕ ਮੱਦਦ ਵੀ ਕਰ ਰਿਹਾ ਹੈ l
ਬੱਬੂ ਨੂੰ ਮਹਿਸੂਸ ਹੋਇਆ ਕਿ ਘਰ ਵੀ ਇੱਕ ਪੁੱਤ ਵਾਂਗ ਹੈ ਬਲਕਿ ਪੁੱਤ ਤੋਂ ਵੀ ਉੱਤੇ ਹੈ l ਪੁੱਤ ਤਾਂ ਘਰ ਵਾਲੀ ਦੇ ਕਹੇ ਲੱਗ ਮਾਂ ਬਾਪ ਨੂੰ ਛੱਡ ਜਾਂਦੇ ਹਨ ਪਰ ਘਰ ਬੁਢਾਪੇ ਵਿੱਚ ਵੀ ਰੋਟੀ ਦਾ ਇੰਤਜ਼ਾਮ ਕਰ ਦਿੰਦਾ ਹੈ l
ਬੱਬੂ ਨੂੰ ਹਮੇਸ਼ਾਂ ਅਫਸੋਸ ਰਿਹਾ ਕਿ ਘਰ ਬਾਰੇ ਕੋਈ ਪਾਠ ਸਕੂਲ ਵਿੱਚ ਕਿਉਂ ਨਹੀਂ ਪੜ੍ਹਾਇਆ ਗਿਆ? ਇਸੇ ਪਾਠ ਨੇ ਹੀ ਤਾਂ ਸਾਰੀ ਉਮਰ ਕੰਮ ਆਉਣਾ ਸੀ l ਇਹ ਸੋਚਦਿਆਂ ਸੋਚਦਿਆਂ ਬੱਬੂ ਦੀ ਅੱਖ ਲੱਗ ਗਈ ਅਤੇ ਉਹ ਉਸੇ ਘਰ ਵਿੱਚ ਬੇਫਿਕਰੀ ਦੇ ਘੁਰਾੜੇ ਮਾਰਨ ਲੱਗ ਪਿਆ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ 
  ਜੱਦੀ ਪਿੰਡ ਖੁਰਦਪੁਰ (ਜਲੰਧਰ)
  006421392147
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਤੁਹਾਡੇ ਆਸ ਪਾਸ ਦੇ”ਪ੍ਰਧਾਨ ਸਾਬ”-
Next articleਗਜਲ