(ਸਮਾਜ ਵੀਕਲੀ)
ਪਰਮਜੀਤ ਜਦੋਂ ਵਿਆਹੀ ਆਈ ਸੀ ਤਾਂ ਉਸ ਦੇ ਰੂਪ ਦੀ ਸਭ ਪਾਸੇ ਚਰਚਾ ਛਿੜੀ ਹੋਈ ਸੀ। ਲੋਕ ਉਸ ਦੀ ਸੱਸ ਮੀਤੋ ਨੂੰ ਵਧਾਈਆਂ ਦੇ ਰਹੇ ਸਨ ਤੇ ਔਰਤਾਂ ਕਹਿ ਰਹੀਆਂ ਸਨ,”ਨੀ ਮੀਤੋ…… ਤੂੰ ਕਿਹੜੇ ਮੋਤੀ ਪੁੰਨ ਕੀਤੇ ਸੀ ਜਿਹੜੀ ਐਨੀ ਸੋਹਣੀ ਕਚਨਾਰ ਵਰਗੀ ਨੂੰਹ ਲੱਭ ਲਿਆਂਦੀ….?” “ਭੈਣੇ ਆਪਣੇ ਆਪਣੇ ਕਰਮ ਹੁੰਦੇ ਆ……ਮੇਰਾ ਪੁੱਤ ਕਿਹੜਾ ਕਿਸੇ ਨਾਲੋਂ ਘੱਟ ਐ…. ਨਾਲ਼ੇ ਓਹ ਤਾਂ ਪਿੰਡ ਦੇ ਸਾਰੇ ਮੁੰਡਿਆਂ ਤੋਂ ਵੱਖ਼ਰੇ ਕਰਮ ਲਿਖਾ ਕੇ ਲਿਆਇਆ….. ਮੇਰੇ ਪੁੱਤ ਦੀ ਤਾਂ ਬਰਾਬਰੀ ਫੇਰ ਵੀ ਨੀ ਕਰ ਸਕਦੀ…..!” ਬੜੇ ਮਾਣ ਭਰੇ ਲਹਿਜੇ ਵਿੱਚ ਮੀਤੋ ਪਿੰਡ ਦੀਆਂ ਔਰਤਾਂ ਨੂੰ ਪਟੱਕ ਦੇਣੇ ਜਵਾਬ ਦਿੰਦੀ।
ਓਧਰ ਪਿੰਡ ਦੀ ਮੰਡੀਰ ਜੱਗੇ ਨੂੰ ਛੇੜਦੇ ਹੋਏ ਕਹਿੰਦੀ,”….ਯਾਰਾ ਤੇਰੀ ਤਾਂ ਲਾਟਰੀ ਨਿਕਲ ਆਈ…. ਐਨੀ ਸੋਹਣੀ ਕੁੜੀ ਤੈਨੂੰ ਕਿੱਥੋਂ ਲੱਭ ਗਈ…. ਆਪਣੇ ਵਿਚੋਲੇ ਨਾਲ ਸਾਡੇ ਘਰਦਿਆਂ ਨੂੰ ਵੀ ਮਿਲ਼ਵਾਦੇ…..!” ਜੱਗੇ ਨੂੰ ਆਪਣੇ ਦੋਸਤਾਂ ਦੇ ਮੂੰਹੋਂ ਆਪਣੀ ਪਤਨੀ ਦੀ ਤਾਰੀਫ਼ ਸੁਣ ਕੇ ਸਾੜਾ ਜਿਹਾ ਹੁੰਦਾ। ਉਹ ਘਰੇ ਆ ਕੇ ਪਰਮਜੀਤ ਵੱਲ ਆਏਂ ਵੇਖਦਾ ਜਿਵੇਂ ਉਸ ਕੋਲੋਂ ਕੋਈ ਗੁਨਾਹ ਹੋ ਗਿਆ ਹੋਵੇ। ਦਰ ਅਸਲ ਜੱਗੇ ਦੀ ਮਾਸੀ ਨੇ ਆਪਣੇ ਪਿੰਡੋਂ ਈ ਗਰੀਬ ਘਰ ਦੀ ਕੁੜੀ ਦਾ ਰਿਸ਼ਤਾ ਕਰਵਾਇਆ ਸੀ।
ਪਰਮਜੀਤ ਦਾ ਪਿਓ ਮਰ ਗਿਆ ਸੀ…… ਦੋਵੇਂ ਭਰਾ ਅਮਲੀ ਸਨ…….ਨਾ ਮਾਂ ਨੂੰ ਪੁੱਛਦੇ ਸਨ ਨਾ ਭੈਣ ਨੂੰ……ਉਹ ਦੋਵੇਂ ਜਾਣੀਆਂ ਘਰ ਵਿੱਚ ਹੀ ਰਹਿੰਦੀਆਂ ਸਨ। ਪਰਮਜੀਤ ਦੀਆਂ ਭਰਜਾਈਆਂ ਤਾਂ ਉਸ ਨੂੰ ਉੱਕਾ ਈ ਨੀ ਦੇਖ ਸਖਾਉਂਦੀਆਂ ਸਨ….. ਆਪਣੇ ਆਪਣੇ ਦੋ ਦੋ ਖਣ ਛੱਤ ਕੇ ਉਹ ਨੇੜੇ ਹੀ ਅੱਡ ਅੱਡ ਰਹਿੰਦੇ ਸਨ। ਪਰਮਜੀਤ ਰੱਜ ਕੇ ਸੋਹਣੀ ਸੀ….. ਬਾਰਾਂ ਜਮਾਤਾਂ ਪੜ੍ਹੀ ਹੋਈ ਸੀ। ਮਾਂ ਨੇ ਇੱਕ ਪਾਸੇ ਦੋ ਕਮਰੇ ਭਈਆਂ ਨੂੰ ਕਿਰਾਏ ਤੇ ਦਿੱਤੇ ਹੋਏ ਸਨ,ਜਿਸ ਨਾਲ ਮਾਵਾਂ ਧੀਆਂ ਦਾ ਰੋਟੀ ਟੁੱਕ ਚੱਲੀ ਜਾਂਦਾ ਸੀ।
ਐਧਰ ਜੱਗੇ ਦਾ ਪਿਓ ਫੌਜ ਵਿੱਚੋਂ ਛੁੱਟੀ ਆਇਆ ਐਕਸੀਡੈਂਟ ਹੋ ਕੇ ਮਰ ਗਿਆ ਸੀ। ਉਦੋਂ ਹਜੇ ਜੱਗਾ ਦੋ ਵਰ੍ਹਿਆਂ ਦਾ ਹੀ ਸੀ । ਮਾਂ ਨੂੰ ਪੈਂਨਸ਼ਨ ਲੱਗ ਗਈ ਸੀ ਤੇ ਚਾਰ ਕੀਲੇ ਜ਼ਮੀਨ ਦਾ ਠੇਕਾ ਆ ਜਾਂਦਾ ਸੀ ਜਿਸ ਕਰਕੇ ਉਹਨਾਂ ਦਾ ਗੁਜ਼ਾਰਾ ਵਧੀਆ ਚੱਲੀ ਜਾਂਦਾ ਸੀ। ਉਸ ਦੇ ਛੋਟੇ ਹੁੰਦੇ ਦੇ ਹੀ ਖੇਡਦੇ ਖੇਡਦੇ ਦੇ ਲੱਤ ਤੇ ਡੂੰਘੀ ਸੱਟ ਲੱਗਣ ਕਾਰਨ ਕਜ ਪੈ ਗਿਆ ਸੀ,ਉਹ ਥੋੜ੍ਹਾ ਜਿਹਾ ਲੰਗੜਾ ਕੇ ਤੁਰਦਾ ਸੀ ਜਿਸ ਕਰਕੇ ਉਹਨਾਂ ਨੇ ਵੀ ਗਰੀਬ ਘਰ ਦੀ ਕੁੜੀ ਦਾ ਰਿਸ਼ਤਾ ਮਨਜ਼ੂਰ ਕਰ ਕੇ ਛੇਤੀ ਦੇਣੇ ਚੁੰਨੀ ਚੜ੍ਹਾ ਕੇ ਵਿਆਹ ਲਿਆਂਦਾ ਸੀ। ਨਹੀਂ ਤਾਂ ਸ਼ਰੀਕਾਂ ਨੇ ਪਹਿਲਾਂ ਉਹਦੇ ਕਜ ਨੂੰ ਮੂਹਰੇ ਰੱਖ ਕੇ ਦੋ ਤਿੰਨ ਰਿਸ਼ਤਿਆਂ ਵਿੱਚ ਭਾਨੀ ਮਾਰ ਦਿੱਤੀ ਸੀ।
ਹੁਣ ਤਾਂ ਵਿਆਹ ਹੋ ਕੇ ਸਭ ਕੁਝ ਠੀਕ ਹੋ ਗਿਆ ਸੀ ਪਰ ਪਰਮਜੀਤ ਦੇ ਰੂਪ ਦੀਆਂ ਸਿਫਤਾਂ ਜੱਗੇ ਤੇ ਮੀਤੋ ਤੋਂ ਬਰਦਾਸ਼ਤ ਨਹੀਂ ਹੁੰਦੀਆਂ ਸਨ। ਵਿਆਹ ਨੂੰ ਛੇ ਮਹੀਨੇ ਲੰਘ ਗਏ ਸਨ ਪਰ ਉਹ ਦੋਵੇਂ ਮਾਂ ਪੁੱਤ ਉਸ ਨੂੰ ਓਪਰੀ ਹੀ ਸਮਝ ਕੇ ਉਸ ਤੋਂ ਬਹੁਤ ਸੜਦੇ ਸਨ। ਕਦੇ ਮਾਂ ਉਸ ਦੇ ਬਣਾਏ ਖਾਣੇ ਵਿੱਚ ਨੁਕਸ ਕੱਢਦੀ ਕਦੇ ਜੱਗਾ ਉਸ ਨੂੰ ਹੱਸਣ ਤੋਂ ਵਰਜਦਾ, ਨਿੱਕੀਆਂ ਨਿੱਕੀਆਂ ਗੱਲਾਂ ਤੇ ਟੋਕਾ ਟਾਕੀ ਕਰਦਾ ,ਉਸ ਦੇ ਵਧੀਆ ਕੱਪੜੇ ਪਾਏ ਦੇਖ ਕੇ ਸੜ ਜਾਂਦਾ ਤੇ ਕਹਿ ਦਿੰਦਾ,” ਸਵੇਰੇ ਈ ਆਏਂ ਤਿਆਰ ਹੋ ਕੇ ਬਹਿ ਜਾਂਦੀ ਆ ਜਿਵੇਂ ਇਹਨੇ ਕਿਤੇ ਮੇਲਾ ਦੇਖਣ ਜਾਣਾ ਹੋਵੇ।” ਪਰਮਜੀਤ ਬਿਲਕੁਲ ਮੱਥੇ ਵੱਟ ਨਾ ਪਾਉਂਦੀ ਕਿਉਂ ਕਿ ਉਸ ਨੂੰ ਆਪਣੀ ਮਾਂ ਦੀਆਂ ਮਜ਼ਬੂਰੀਆਂ ਵੀ ਦਿਸਦੀਆਂ ਸਨ। ਮੱਥੇ ਵੱਟ ਪਾ ਕੇ ਕਿਹੜਾ ਕੋਈ ਹੱਲ ਹੋ ਜਾਣਾ ਸੀ? ਜੱਗੇ ਅਤੇ ਮੀਤੋ ਨੇ ਕਦੇ ਉਸ ਨੂੰ ਆਪਣਿਆਂ ਵਾਲ਼ਾ ਪਿਆਰ ਨਹੀਂ ਦਿੱਤਾ ਸੀ। ਨਾ ਉਹ ਘਰ ਆਏ ਕਿਸੇ ਪ੍ਰਾਹੁਣੇ ਸਾਮ੍ਹਣੇ ਹੋਣ ਦਿੰਦੇ ਤੇ ਨਾ ਹੀ ਕਿਸੇ ਆਂਢ ਗੁਆਂਢ ਦੀ ਕੁੜੀ ਚਿੜੀ ਨਾਲ ਗੱਲਬਾਤ ਕਰਨ ਦਿੰਦੇ।
ਇੱਕ ਦਿਨ ਸ਼ਰੀਕੇ ਵਿੱਚ ਵਿਆਹ ‘ਤੇ ਇਹਨਾਂ ਨੂੰ ਵੀ ਚੁੱਲ੍ਹੇ ਨਿਉਂਦਾ ਸੀ, ਸਾਰੀਆਂ ਸ਼ਰੀਕੇ ਦੀਆਂ ਨੂੰਹਾਂ ਧੀਆਂ ਇਕੱਠੀਆਂ ਹੋਈਆਂ ਸਨ ,ਰਾਤ ਨੂੰ ਗਾਉਣ ਵਜਾਉਣ ਸੀ।ਜਦ ਪਰਮਜੀਤ ਸੂਹਾ ਸੂਟ ਪਾ ਕੇ ਗਈ ਤਾਂ ਉਹ ਗੁਲਾਬ ਦੇ ਫੁੱਲ ਵਾਂਗ ਖਿੜ ਖਿੜ ਹੱਸਦੀ ਹੋਈ ਸਭ ਨੂੰ ਬੁਲਾਉਂਦੀ ਤਾਂ ਉਸ ਦਾ ਹੁਸਨ ਡੁੱਲ੍ਹ ਡੁੱਲ੍ਹ ਪੈਂਦਾ। ਸ਼ਰੀਕੇ ਦੀਆਂ ਕੁੜੀਆਂ ਓਹਨੂੰ ‘ਭਾਬੀ ਭਾਬੀ’ ਕਰਦੀਆਂ ਓਹਦੇ ਨੇੜੇ ਹੋ ਹੋ ਕੇ ਬੈਠਦੀਆਂ। ਰਾਤ ਨੂੰ ਜਦ ਕੁੜੀਆਂ ਵਹੁਟੀਆਂ ਨੱਚਣ ਲੱਗੀਆਂ ਤਾਂ ਉਹ ਪਰਮਜੀਤ ਨੂੰ ਵੀ ਬਾਂਹ ਫ਼ੜ ਕੇ ਗਿੱਧੇ ਵਿੱਚ ਲੈ ਗਈਆਂ। ਜੱਗੇ ਦੇ ਚਾਚੇ ਦੇ ਛੋਟੇ ਮੁੰਡੇ ਨੇ ਚਾਅ ਨਾਲ ਆਪਣੀ ਵੱਡੀ ਭਾਬੀ ਦੀ ਨੱਚਦੀ ਦੀ ਬਾਂਹ ਫੜ ਕੇ ਗਿੱਧੇ ਵਿੱਚ ਗੇੜਾ ਦਿੱਤਾ ਤਾਂ ਜੱਗੇ ਦੀਆਂ ਅੱਖਾਂ ਵਿੱਚ ਲਹੂ ਉਤਰ ਆਇਆ।
ਉਸ ਨੇ ਆਪਣੇ ਚਾਚੇ ਦੇ ਮੁੰਡੇ ਨੂੰ ਉੱਥੋਂ ਈ ਗਲ਼ਾ ਫ਼ੜਕੇ ਘੜੀਸ ਲਿਆ ਤੇ ਦੋ ਤਿੰਨ ਘਸੁੰਨ ਓਹਦੇ ਢਿੱਡ ਵਿੱਚ ਮਾਰੇ ਤਾਂ ਮੁੰਡੇ ਨੇ ਨੇੜੇ ਪਈ ਗੰਡਾਸੀ ਚੁੱਕ ਕੇ ਜੱਗੇ ਦੇ ਸਿਰ ਵਿੱਚ ਮਾਰੀ ਤਾਂ ਉਹ ਓਥੇ ਈ ਲਹੂ ਲੁਹਾਣ ਹੋ ਕੇ ਡਿੱਗ ਗਿਆ। ਹਫ਼ੜਾ ਦਫੜੀ ਵਿੱਚ ਉਸ ਨੂੰ ਹਸਪਤਾਲ ਲੈ ਕੇ ਗਏ ਤਾਂ ਜਾਂਦੇ ਜਾਂਦੇ ਰਸਤੇ ਵਿੱਚ ਹੀ ਉਸ ਨੇ ਪ੍ਰਾਣ ਤਿਆਗ ਦਿੱਤੇ। ਮੀਤੋ ਪਰਮਜੀਤ ਨੂੰ ਕੁਲੱਛਣੀ ਕਹਿੰਦੀ,ਹੋਰ ਬਹੁਤ ਬੁਰਾ ਭਲਾ ਬੋਲਦੀ ।ਜੱਗੇ ਦੀ ਮੌਤ ਤੋਂ ਮਹੀਨਾ ਕੁ ਬਾਅਦ ਪਤਾ ਚੱਲਿਆ ਕਿ ਪਰਮਜੀਤ ਮਾਂ ਬਣਨ ਵਾਲੀ ਸੀ।
ਆਪਣੇ ਪੁੱਤ ਦੀ ਨਿਸ਼ਾਨੀ ਪਰਮਜੀਤ ਦੇ ਢਿੱਡ ਵਿੱਚ ਹੋਣ ਕਰਕੇ ਮੀਤੋ ਦਾ ਰਵਈਆ ਉਸ ਨਾਲ ਬਦਲ ਗਿਆ ,ਉਸ ਨੂੰ ਕੋਈ ਕੰਮ ਨਾ ਕਰਨ ਦਿੰਦੀ,ਉਸ ਦਾ ਬਹੁਤ ਖ਼ਿਆਲ ਰੱਖਦੀ।ਜੱਗੇ ਦੀ ਮੌਤ ਤੋਂ ਸੱਤ ਮਹੀਨੇ ਬਾਅਦ ਪਰਮਜੀਤ ਨੇ ਧੀ ਨੂੰ ਜਨਮ ਦਿੱਤਾ। ਹੁਣ ਸਭ ਕੁਝ ਗੁਆ ਚੁੱਕੀ ਮੀਤੋ ਲਈ ਆਪਣੀ ਕੁਲ ਦੀ ਨਿਸ਼ਾਨੀ ਅਤੇ ਉਸ ਦੀ ਮਾਂ ਦਾ ਸਾਥ ਦੇਣਾ ਬਹੁਤ ਜ਼ਰੂਰੀ ਸੀ। ਉਮਰ ਕਰਕੇ ਅਤੇ ਪੁੱਤ ਦੇ ਦੁੱਖ ਕਰਕੇ ਮੀਤੋ ਦਿਨ ਬ ਦਿਨ ਘਟਦੀ ਜਾ ਰਹੀ ਸੀ। ਪਰਮਜੀਤ ਨੇ ਆਪਣੀ ਸੱਸ ਨੂੰ ਵੀ ਸੰਭਾਲਿਆ,ਧੀ ਦੀ ਪਰਵਰਿਸ਼ ਵਧੀਆ ਢੰਗ ਨਾਲ ਕੀਤੀ ਤੇ ਇੱਲਾਂ ਵਾਂਗ ਅੱਖਾਂ ਟੱਡੀ ਬੈਠੇ ਸ਼ਿਕਾਰੀਆਂ ਤੋਂ ਵੀ ਆਪਣੀ ਤਪਦੀ ਜਵਾਨੀ ਨੂੰ ਸਾਂਭ ਕੇ ਰੱਖਿਆ। ਪਰਮਜੀਤ ਨੇ ਸਾਰੀਆਂ ਜ਼ਿੰਮੇਵਾਰੀਆਂ ਨੂੰ ਇੱਕ ਮਰਦ ਵਾਂਗ ਸੰਭਾਲਿਆ।
ਜੱਗੇ ਦੀ ਮੌਤ ਹੋਏ ਪੂਰੇ ਪੱਚੀ ਵਰ੍ਹੇ ਹੋ ਗਏ ਸਨ। ਅੱਜ ਪਰਮਜੀਤ ਬਹੁਤ ਖੁਸ਼ ਸੀ ਕਿਉਂਕਿ ਅੱਜ ਉਸ ਦੀ ਧੀ ਮਾਣੋਂ ਡਾਕਟਰੀ ਦੀ ਪੜ੍ਹਾਈ ਪੂਰੀ ਕਰਕੇ ਘਰ ਆ ਰਹੀ ਸੀ । ਦਸ ਦਿਨ ਬਾਅਦ ਉਸ ਨੇ ਅਮਰੀਕਾ ਚਲੇ ਜਾਣਾ ਸੀ ਕਿਉਂਕਿ ਉਸ ਨੂੰ ਉੱਥੇ ਦੇ ਕਿਸੇ ਵੱਡੇ ਹਸਪਤਾਲ ਵਿੱਚ ਨੌਕਰੀ ਮਿਲ ਗਈ ਸੀ।
ਪਰਮਜੀਤ ਜੱਗੇ ਦੀ ਫੋਟੋ ਅੱਗੇ ਖੜ੍ਹੀ ਹੋ ਕੇ ਉਸ ਨਾਲ ਗੱਲਾਂ ਕਰਦੀ ਹੈ,” ਚੰਦਰਿਆ, ਜਿਹੜੇ ਰੂਪ ਕਰਕੇ ਤੂੰ ਇਸ ਜਹਾਨੋਂ ਤੁਰ ਗਿਆ ਸੀ….ਉਹ ਉਸੇ ਤਰ੍ਹਾਂ ਤੇਰੇ ਸਾਹਮਣੇ ਬਰਕਰਾਰ ਹੈ। ਜਿਹੜੀ ਇੱਜ਼ਤ ਦੀ ….. ਜਿਹੜੇ ਹੁਸਨ ਦੀ….. ਤੈਨੂੰ ਐਨੀ ਬੇਭਰੋਸਗੀ ਸੀ….. ਉਹ ਐਨੀ ਕਮਜ਼ੋਰ ਨਹੀਂ ਸੀ….. ਕੁਝ ਸਮਾਂ ਲਾ ਕੇ ਤਾਂ ਮੈਨੂੰ ਸਮਝਦਾ …..ਆਹ ਦੇਖ! ਤੇਰੇ ਬਿਨਾਂ ….. ਆਹ! ਤੇਰੇ ‘ਘਰ ਦੀ ਲਾਜ’ ਅੱਜ ਵੀ ਸਿਰ ਉਠਾ ਕੇ ਜਿਓਂ ਰਹੀ ਹੈ। ” ਰੋਂਦੀ ਹੋਈ ਗੋਡਿਆਂ ਭਾਰ ਬੈਠ ਕੇ ਜੱਗੇ ਦੀ ਫੋਟੋ ਮੂਹਰੇ ਬੈਠ ਕੇ ਫੁੱਟ ਫੁੱਟ ਕੇ ਰੋਣ ਲੱਗਦੀ ਹੈ।
ਪਿੱਛਿਓਂ ਮਾਣੋਂ ਆ ਕੇ ਮਾਂ ਨੂੰ ਉਠਾਉਂਦੀ ਹੈ ਤੇ ਉਸ ਦੇ ਅੱਥਰੂ ਪੂੰਝਦੀ ਹੈ। “ਮੰਮਾ….. ਮੇਰੇ ਨਾਲ ਤੁਸੀਂ ਤੇ ਦਾਦੀ ਵੀ ਅਮਰੀਕਾ ਜਾ ਰਹੇ ਹੋ….. ” ਮਾਣੋਂ ਫਿਰ ਆਪਣੇ ਪਿਓ ਦੀ ਫੋਟੋ ਵੱਲ ਦੇਖ ਕੇ ਆਖਦੀ ਹੈ,” ਪਾਪਾ ਦੇਖੋ! ਮੈਂ ਤੁਹਾਡੇ ‘ਘਰ ਦੀ ਲਾਜ’ ਨੂੰ ਬਿਲਕੁਲ ਇਕੱਲਾ ਨਹੀਂ ਛੱਡਾਂਗੀ,ਇਸ ਦਾ ਪੂਰਾ ਖਿਆਲ ਰੱਖਾਂਗੀ।” (ਉਸ ਦੀ ਗੱਲ ਸੁਣ ਕੇ ਪਰਮਜੀਤ ਤੇ ਮੀਤੋ ਹੱਸ ਪੈਂਦੀਆਂ ਹਨ।)
ਬਰਜਿੰਦਰ ਕੌਰ ਬਿਸਰਾਓ
9988901324
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly