ਸ਼ਿੰਦਾ ਬਾਈ
(ਸਮਾਜ ਵੀਕਲੀ) ਮੱਛਰ ਤੇ ਮੱਛਰਾਣੀ ਆਵਦੇ ਘਰ ਲਈ ਬੜੇ ਫ਼ਿਕਰਮੰਦ ਸੀ।
ਇੱਕ ਦਿਨ ਗੁੱਸੇ ਹੋਈ ਗਰਭਵਤੀ ਮੱਛਰਾਣੀ ਨੇ ਮੱਛਰ ਨੂੰ ਅਖ਼ੀਰਲੀ ਚਿਤਾਵਣੀ ਦੇ ਦਿੱਤੀ…” ਤੈਨੂੰ ਪਤਾ ਏ ਨਾ ਬਈ ਮੇਰੇ ਜਾਪੇ ਦਾ ਸਮਾਂ ਕਿਸੇ ਵੇਲ਼ੇ ਵੀ ਆ ਸਕਦਾ ਹੈ ਤੇ ਤੂੰ ਕੋਈ ਓਹੜ ਪੋਹੜ ਈ ਨਹੀਂ ਕਰਦਾ। ਅੱਜ ਸ਼ਾਮ ਤੱਕ ਜੇ ਤੂੰ ਆਪਣੇ ਲਈ ਸੁਰੱਖਿਅਤ ਘਰ ਦਾ ਬੰਦੋਬਸਤ ਨਹੀਂ ਕੀਤਾ ਤਾਂ ਆਵਦਾ ਖਾਧਾ ਪੀਤਾ ਵਿਚਾਰ ਲਵੀਂ..!! ਮੈਥੋਂ ਬੁਰਾ ਕੋਈ ਨਹੀਂ ਹੋਣਾ…!!”
ਮੱਛਰ ਵਿਚਾਰਾ ਸਾਰੇ ਮੁਹੱਲੇ ਵਿੱਚ ਮਾਰਾ ਮਾਰਾ ਫਿਰਿਆ ਪਰ ਕੋਈ ਹੀਲਾ ਨਾ ਬਣਿਆ। ਸ਼ਾਮ ਨੂੰ ਢਿੱਲਾ ਜਿਹਾ ਬੂਥਾ ਲੈ ਕੇ ਮੱਛਰਾਣੀ ਕੋਲ਼ ਆ ਕੇ ਬੈਠਿਆ ਤਾਂ ਉਹ ਚਾਰੇ ਖੁਰ ਚੁੱਕ ਕੇ ਪਈ…” ਕੀ ਗੱਲ,,,ਐਂਏਂ ਆ ਕੇ ਬਹਿ ਗਿਐਂ ਜਿੰਵੇਂ ਕੁੜੀ ਨੱਪ ਕੇ ਆਇਆ ਹੁੰਨੈ,,!! ਹੋਇਆ ਨੀਂ ਇੰਤਜ਼ਾਮ…?”
ਡਰ ਦੇ ਮਾਰੇ ਮੱਛਰ ਦੀ ਅਵਾਜ਼ ਮਸਾਂ ਹੀ ਨਿੱਕਲ਼ੇ…” ਭਲੀਏ ਲੋਕੇ..! ਇਹ ਬੰਦਾ ਵੀ ਬੜਾ ਪਾਪੀ ਜੀਵ ਏ।ਆਪਣੇ ਘਰ ਤੇ ਕਬਜ਼ਾ ਕਰ ਲਿਆ ਇਹਨੇ।”
ਮੱਛਰਾਣੀ..” ਉਹ ਕਿਵੇਂ..?”
ਉਹ ਇਵੇਂ ਕਿ..”ਚੂਹੇ ਦਾਨੀ ਇਹਨੇ ਚੂਹਿਆਂ ਲਈ ਬਣਾਈ ਤੇ ਉਸ ਵਿੱਚ ਚੂਹੇ ਫੜਦਾ ਹੈ। ਸਾਬਣਦਾਨੀ ਇਹਨੇ ਸਾਬਣ ਲਈ ਬਣਾਈ ਤੇ ਉਸ ਵਿੱਚ ਸਾਬਣ ਰੱਖਦਾ ਹੈ , ਤੇ ਮੱਛਰਦਾਨੀ ਇਹਨੇ ਮੱਛਰਾਂ ਲਈ ਬਣਾਈ ਸੀ ਤੇ ਉਹਦੇ ਵਿੱਚ ਆਪ ਵੜ ਕੇ ਪੈ ਜਾਂਦਾ ਹੈ। ਮੈਂ ਦੱਸ ਤੇਰੇ ਲਈ ਘਰ ਦਾ ਇੰਤਜ਼ਾਮ ਕਿੱਥੋਂ ਕਰਾਂ..!!!”
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly