
ਮੈਟਰਨਿਟੀ ਵਾਰਡ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਕਰਨ ਵਾਲਾ ਦੋਸ਼ੀ ਮੋਹੰਮਦ ਫਾਰੂਕ, ਜਿਸਨੂੰ ਅਦਾਲਤ ਨੇ ਘੱਟੋ-ਘੱਟ 37 ਸਾਲ ਕੈਦ ਦੀ ਸਜ਼ਾ ਸੁਣਾਈ।
ਤਸਵੀਰ:- ਸੁਖਜਿੰਦਰ ਸਿੰਘ ਢੱਡੇ
ਲੈਸਟਰ (ਇੰਗਲੈਂਡ), (ਸਮਾਜ ਵੀਕਲੀ) (ਸੁਖਜਿੰਦਰ ਸਿੰਘ ਢੱਡੇ)– ਇੰਗਲੈਂਡ ਦੇ ਲੀਡਜ਼ ਸ਼ਹਿਰ ਦੇ ਸੇਂਟ ਜੇਮਜ਼ ਹਸਪਤਾਲ ਵਿੱਚ ਇਕ ਵਿਅਕਤੀ ਦੀ ਹਿੰਮਤ, ਸਮਝਦਾਰੀ ਅਤੇ ਮਨੁੱਖਤਾ ਭਰੇ ਵਤੀਰੇ ਨਾਲ ਵੱਡਾ ਆਤੰਕੀ ਹਮਲਾ ਟਲ ਗਿਆ। ਜਾਣਕਾਰੀ ਅਨੁਸਾਰ ਮੋਹੰਮਦ ਫਾਰੂਕ ਨਾਮਕ ਵਿਅਕਤੀ ਨੇ ਹਸਪਤਾਲ ਦੇ ਮੈਟਰਨਿਟੀ ਵਿੰਗ ਨੂੰ ਨਿਸ਼ਾਨਾ ਬਣਾਉਂਦੇ ਹੋਏ ਬੰਬ ਧਮਾਕਾ ਕਰਨ ਦੀ ਯੋਜਨਾ ਬਣਾਈ ਹੋਈ ਸੀ, ਪਰ ਉਸੇ ਸਮੇਂ ਹਸਪਤਾਲ ਵਿੱਚ ਮੌਜੂਦ ਮਰੀਜ਼ ਨਾਥਨ ਨਿਊਬੀ ਨੇ ਉਸ ਨਾਲ ਗੱਲਬਾਤ ਕਰਕੇ ਉਸਨੂੰ ਹਮਲਾ ਕਰਨ ਤੋਂ ਰੋਕ ਲਿਆ। ਦੱਸਿਆ ਜਾਂਦਾ ਹੈ ਕਿ 35 ਸਾਲਾ ਨਾਥਨ ਨਿਊਬੀ ਉਸ ਸਮੇਂ ਹਸਪਤਾਲ ਵਿੱਚ ਮਰੀਜ਼ ਵਜੋਂ ਦਾਖ਼ਲ ਸੀ ਅਤੇ ਤਾਜ਼ਾ ਹਵਾ ਲਈ ਬਾਹਰ ਨਿਕਲਿਆ ਹੋਇਆ ਸੀ। ਉਸ ਨੇ ਇੱਕ ਵਿਅਕਤੀ ਨੂੰ ਸ਼ੱਕੀ ਹਾਲਤ ਵਿੱਚ ਖੜਾ ਦੇਖਿਆ ਜੋ ਆਪਣੇ ਬੈਗ ਵੱਲ ਵਾਰ-ਵਾਰ ਦੇਖ ਰਿਹਾ ਸੀ ਅਤੇ ਘਬਰਾਇਆ ਹੋਇਆ ਲੱਗ ਰਿਹਾ ਸੀ। ਨਿਊਬੀ ਨੇ ਮਨੁੱਖੀ ਹਮਦਰਦੀ ਦੇ ਤੌਰ ‘ਤੇ ਉਸ ਕੋਲ ਜਾ ਕੇ ਪੁੱਛਿਆ ਕਿ ਉਹ ਠੀਕ ਹੈ ਜਾਂ ਨਹੀਂ। ਗੱਲਬਾਤ ਦੌਰਾਨ ਉਸ ਵਿਅਕਤੀ ਨੇ ਦੱਸਿਆ ਕਿ ਉਹ ਹਸਪਤਾਲ ਵਿੱਚ “ਬਦਲਾ” ਲੈਣ ਆਇਆ ਹੈ। ਨਾਥਨ ਨਿਊਬੀ ਨੇ ਹੌਲੀ-ਹੌਲੀ ਗੱਲ ਕਰਦਿਆਂ ਉਸਨੂੰ ਪੁੱਛਿਆ ਕਿ ਉਸਦੇ ਬੈਗ ਵਿੱਚ ਕੀ ਹੈ। ਪਹਿਲਾਂ ਤਾਂ ਉਹ ਵਿਅਕਤੀ ਹਿਚਕਚਾਇਆ ਪਰ ਬਾਅਦ ਵਿੱਚ ਉਸ ਨੇ ਮੰਨ ਲਿਆ ਕਿ ਬੈਗ ਵਿੱਚ ਬੰਬ ਹੈ। ਨਿਊਬੀ ਨੇ ਬੇਹੱਦ ਹਿੰਮਤ ਨਾਲ ਉਸਨੂੰ ਬੈਗ ਵਿੱਚ ਪਿਆ ਉਪਕਰਣ ਦਿਖਾਉਣ ਲਈ ਕਿਹਾ ਅਤੇ ਇਹ ਯਕੀਨੀ ਬਣਾਇਆ ਕਿ ਇਹ ਇੱਕ ਖ਼ਤਰਨਾਕ ਧਮਾਕੇ ਵਾਲਾ ਯੰਤਰ ਹੈ। ਇਸ ਤੋਂ ਬਾਅਦ ਨਿਊਬੀ ਨੇ ਸਿਆਣਪ ਨਾਲ ਉਸਨੂੰ ਮੈਟਰਨਿਟੀ ਵਾਰਡ ਤੋਂ ਦੂਰ ਲੈ ਜਾ ਕੇ ਹਸਪਤਾਲ ਦੇ ਬਾਹਰ ਇਕ ਬੈਂਚ ‘ਤੇ ਬਿਠਾ ਲਿਆ ਅਤੇ ਉਸ ਨਾਲ ਲੰਬੀ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ। ਗੱਲਬਾਤ ਦੌਰਾਨ ਦੋਸ਼ੀ ਨੇ ਆਪਣੇ ਪਰਿਵਾਰ, ਬੱਚਿਆਂ ਅਤੇ ਆਪਣੀਆਂ ਮਾਨਸਿਕ ਸਮੱਸਿਆਵਾਂ ਬਾਰੇ ਵੀ ਗੱਲ ਕੀਤੀ। ਇਸ ਦੌਰਾਨ ਉਸ ਨੇ ਕਈ ਵਾਰ ਨਿਊਬੀ ਤੋਂ ਗਲੇ ਮਿਲਣ ਦੀ ਮੰਗ ਵੀ ਕੀਤੀ, ਜਿਸਨੂੰ ਨਿਊਬੀ ਨੇ ਮਨੁੱਖਤਾ ਦੇ ਨਾਤੇ ਸਵੀਕਾਰ ਕਰ ਲਿਆ ਤਾਂ ਜੋ ਉਹ ਸ਼ਾਂਤ ਰਹੇ। ਕੁਝ ਸਮੇਂ ਬਾਅਦ ਦੋਸ਼ੀ ਨੇ ਖੁਦ ਹੀ ਨਿਊਬੀ ਨੂੰ ਕਿਹਾ ਕਿ ਉਹ ਪੁਲਿਸ ਨੂੰ ਫੋਨ ਕਰ ਦੇਵੇ, ਕਿਉਂਕਿ ਹੋ ਸਕਦਾ ਹੈ ਕਿ ਉਹ ਬਾਅਦ ਵਿੱਚ ਆਪਣਾ ਮਨ ਬਦਲ ਲਵੇ। ਨਿਊਬੀ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਅਤੇ ਕੁਝ ਸਮੇਂ ਵਿੱਚ ਹੀ ਹਥਿਆਰਬੰਦ ਪੁਲਿਸ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਬੰਬ ਵੀ ਬਰਾਮਦ ਕਰ ਲਿਆ। ਬਾਅਦ ਵਿੱਚ ਅਦਾਲਤ ਵਿੱਚ ਸੁਣਵਾਈ ਦੌਰਾਨ ਦੱਸਿਆ ਗਿਆ ਕਿ ਮੋਹੰਮਦ ਫਾਰੂਕ ਇੱਕ “ਆਪਣੇ ਆਪ ਰੈਡੀਕਲ ਬਣਿਆ ਇਕੱਲਾ ਆਤੰਕੀ” ਸੀ ਜੋ ਇਸਲਾਮਿਕ ਸਟੇਟ ਤੋਂ ਪ੍ਰਭਾਵਿਤ ਹੋਇਆ ਸੀ। ਉਹ ਪਹਿਲਾਂ ਇਸੇ ਹਸਪਤਾਲ ਵਿੱਚ ਕਲੀਨੀਕਲ ਸਹਾਇਕ ਕਰਮਚਾਰੀ ਵਜੋਂ ਕੰਮ ਕਰਦਾ ਸੀ ਅਤੇ ਨਰਸਾਂ ਨਾਲ ਕਿਸੇ ਪੁਰਾਣੀ ਰੰਜਿਸ਼ ਕਰਕੇ ਉਸ ਨੇ ਹਸਪਤਾਲ ਨੂੰ ਨਿਸ਼ਾਨਾ ਬਣਾਇਆ ਸੀ। ਅਦਾਲਤ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਦੋਸ਼ੀ ਨੂੰ ਘੱਟੋ-ਘੱਟ 37 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਜੱਜ ਨੇ ਆਪਣੇ ਫ਼ੈਸਲੇ ਵਿੱਚ ਕਿਹਾ ਕਿ ਨਾਥਨ ਨਿਊਬੀ ਇੱਕ ਆਮ ਇਨਸਾਨ ਹੋਣ ਦੇ ਬਾਵਜੂਦ ਅਸਧਾਰਣ ਹਿੰਮਤ ਅਤੇ ਮਨੁੱਖਤਾ ਦਾ ਪਰਚਾ ਦਿੱਤਾ ਹੈ ਅਤੇ ਉਸ ਦੀ ਸਿਆਣਪ ਨਾਲ ਇੱਕ ਵੱਡੀ ਤ੍ਰਾਸਦੀ ਤੋਂ ਬਚਾਵ ਹੋਇਆ ਹੈ। ਨਾਥਨ ਨਿਊਬੀ ਦੀ ਇਸ ਬਹਾਦਰੀ ਲਈ ਉਸਨੂੰ ਬ੍ਰਿਟੇਨ ਦਾ ਦੂਜਾ ਸਭ ਤੋਂ ਵੱਡਾ ਨਾਗਰਿਕ ਸਨਮਾਨ “ਜਾਰਜ ਮੈਡਲ” ਨਾਲ ਨਵਾਜਿਆ ਗਿਆ ਹੈ।
https://play.google.com/store/apps/details?id=in.yourhost.samajweekly



