ਹਸਪਤਾਲ ਢਾਹਾਂ ਕਲੇਰਾਂ ਵਿਖੇ ਪੇਟ ਦੇ ਰੋਗਾਂ ਅਤੇ ਔਰਤਾਂ ਦੇ ਰਿਆਇਤੀ ਅਪਰੇਸ਼ਨ 20 ਦਸੰਬਰ ਤੋਂ ਆਰੰਭ

ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ) ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮਾਤਾ ਗੁਜਰੀ ਜੀ ਅਤੇ ਸ਼ਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਇਕ ਮਹੀਨੇ ਲਈ ਸਰਜਰੀ ਵਿਭਾਗ ਅਤੇ ਔਰਤਾਂ ਦੇ ਵਿਭਾਗ ਵਿਚ ਵੱਖ ਵੱਖ ਬਿਮਾਰੀਆਂ ਦੇ ਰਿਆਇਤੀ ਅਪਰੇਸ਼ਨ 20 ਦਸੰਬਰ ਦਿਨ ਸ਼ੁੱਕਰਵਾਰ ਤੋਂ ਆਰੰਭ ਹੋਣਗੇ । ਇਹ ਜਾਣਕਾਰੀ ਡਾ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਦਿੱਤੀ । ਹਸਪਤਾਲ ਪ੍ਰਬੰਧਕ ਟਰੱਸਟ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਨੇ ਦੱਸਿਆ ਕਿ ਇਲਾਕਾ ਨਿਵਾਸੀਆਂ ਦੀ ਪੁਰਜ਼ੋਰ ਲੋੜ ਨੂੰ ਧਿਆਨ ਵਿੱਚ ਰੱਖਦੇ ਹੋਏ ਇਕ ਮਹੀਨੇ ਲਈ ਰਿਆਇਤੀ ਪੈਕਜ ਦਰਾਂ ਤੇ ਅਪਰੇਸ਼ਨ ਕੀਤੇ ਜਾਣਗੇ । ਇਹ ਸਹੂਲਤ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮਿਤੀ 20 ਦਸੰਬਰ 2024 ਤੋਂ ਲੈ ਕੇ ਮਿਤੀ 20 ਜਨਵਰੀ 2025 ਤੱਕ ਸਰਜਰੀ ਵਿਭਾਗ ਅਤੇ ਔਰਤਾਂ ਦੇ ਵਿਭਾਗ ਵਿਚ ਚੈੱਕਅਪ ਕਰਵਾਉਣ ਆਏ ਮਰੀਜ਼ਾਂ ਨੂੰ ਮਿਲੇਗੀ । ਸ. ਢਾਹਾਂ ਨੇ ਦੱਸਿਆ ਹਸਪਤਾਲ ਦੇ ਔਰਤਾਂ ਦੀਆਂ ਬਿਮਾਰੀਆਂ ਦਾ ਇਲਾਜ ਅਤੇ ਦੂਰਬੀਨੀ ਅਪਰੇਸ਼ਨ ਕਰਨ ਦੇ ਮਾਹਿਰ ਡਾ. ਸ਼ਵੇਤਾ ਬਗੜੀਆ ਐਮ.ਐਸ. ਰੋਜ਼ਾਨਾ ਸਵੇਰੇ 09 ਤੋਂ 3 ਵਜੇ ਤੱਕ ਚੈੱਕਅਪ ਕਰਦੇ ਹਨ। ਇਸ ਮੌਕੇ ਹਸਪਤਾਲ ਵੱਲੋਂ ਔਰਤਾਂ ਦੀਆਂ ਵੱਖ-ਵੱਖ ਬਿਮਾਰੀਆਂ ਦੇ ਅਪਰੇਸ਼ਨਾਂ ਵਿਚ 50 ਫੀਸਦੀ ਛੋਟ ਦਿੱਤੀ ਜਾਵੇਗੀ ਅਤੇ ਗਭਰਵਤੀ ਔਰਤਾਂ ਦਾ ਅਲਟਰਾ ਸਾਊਂਡ ਸਕੈਨ ਸਿਰਫ 350 ਰੁਪਏ ਵਿਚ ਕੀਤਾ ਜਾਵੇਗਾ । ਜਦ ਕਿ ਹਸਪਤਾਲ ਦੇ ਸਰਜਰੀ ਵਿਭਾਗ ਵਿਚ ਪੇਟ ਦੇ ਰੋਗਾਂ ਦੇ ਜਨਰਲ ਅਤੇ ਦੂਰਬੀਨੀ ਅਪਰੇਸ਼ਨਾਂ ਦੇ ਮਾਹਿਰ ਡਾ ਮਾਨਵਦੀਪ ਸਿੰਘ ਬੈਂਸ ਐਮ. ਐਸ. ਰੋਜ਼ਾਨਾ ਮਰੀਜ਼ਾਂ ਚੈਕਅੱਪ ਅਤੇ ਅਪਰੇਸ਼ਨ ਕਰਦੇ ਹਨ । ਜਿਸ ਵਿਚ ਦੂਰਬੀਨ ਰਾਹੀਂ ਪਿੱਤੇ ਦੀ ਪੱਥਰੀ, ਬਵਾਸੀਰ, ਭੰਗਦਰ, ਫਿਸ਼ਰ, ਅਪੈਂਡਿਕਸ ਦੇ ਅਪਰੇਸ਼ਨਾਂ ਤੋਂ ਇਲਾਵਾ ਵੈਰੀਕੋਜ਼ ਵੇਨ ਅਤੇ ਹਾਈਡਰੋਸੀਲ ਦੇ ਅਪਰੇਸ਼ਨ ਬਹੁਤ ਹੀ ਰਿਆਇਤੀ ਦਰਾਂ ਤੇ ਹੋਣਗੇ । ਹਸਪਤਾਲ ਪ੍ਰਬੰਧਕਾਂ ਨੇ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਔਰਤਾਂ ਦੇ ਵੱਡੇ ਅਪਰੇਸ਼ਨਾਂ ਅਤੇ ਪੇਟ ਦੇ ਰੋਗਾਂ ਅਪਰੇਸ਼ਨ ਕਰਨ ਲਈ ਆਧੁਨਿਕ ਮਾਡੂਲਰ ਅਪਰੇਸ਼ਨ ਥੀਏਟਰ ਹਨ ਅਤੇ ਮਰੀਜ਼ਾਂ ਦੀ ਸਾਂਭ ਸੰਭਾਲ ਲਈ ਤਜਰਬੇਕਾਰ ਨਰਸਿੰਗ ਸਟਾਫ ਅਤੇ ਵਧੀਆ ਵਾਰਡ ਹਨ । ਉਹਨਾਂ ਇਲਾਕਾ ਨਿਵਾਸੀਆਂ ਨੂੰ ਹਸਪਤਾਲ ਢਾਹਾਂ ਕਲੇਰਾਂ ਵਿਖੇ ਮਾਤਾ ਗੁਜਰੀ ਜੀ ਅਤੇ ਸ਼ਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਲਗਾਏ ਜਾ ਰਹੇ ਇਕ ਮਹੀਨੇ ਦੇ ਰਿਆਇਤੀ ਅਪਰੇਸ਼ਨਾਂ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ ਦੀ ਅਪੀਲ ਕੀਤੀ ਹੈ। ਇਸ ਮੌਕੇ ਸ. ਅਮਰਜੀਤ ਸਿੰਘ ਕਲੇਰਾਂ ਸਕੱਤਰ ਟਰੱਸਟ, ਸ. ਜਗਜੀਤ ਸਿੰਘ ਸੋਢੀ ਮੀਤ ਸਕੱਤਰ, ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ, ਡਾ. ਮਾਨਵਦੀਪ ਸਿੰਘ ਐਮ. ਐਸ., ਡਾ. ਸ਼ਵੇਤਾ ਬਗੜੀਆ ਐਮ.ਐਸ., ਮੈਡਮ ਦਵਿੰਦਰ ਕੌਰ ਨਰਸਿੰਗ ਸੁਪਰਡੈਂਟ ਅਤੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜ਼ਿਲ੍ਹਾ ਪੱਧਰੀ ਅੰਤਰ ਸਕੂਲ ਮੁਕਾਬਲਿਆਂ ‘ਚ ਸਿੱਖ ਨੈਸ਼ਨਲ ਕਾਲਜੀਏਟ ਸਕੂਲ ਦੀ ਭੰਗੜਾ ਟੀਮ ਦੂਜੇ ਸਥਾਨ ‘ਤੇ
Next articleਲੋਕ ਸਭਾ ਦੇ ਬਾਹਰ ਕਾਂਗਰਸ ਦਾ ਹੰਗਾਮਾ ਮਹਿਜ ਡਰਾਮਾ :ਗੋਲਡੀ ਪੁਰਖਾਲੀ