ਹਸਪਤਾਲਨਾਮਾ

ਗੁਰਦੀਪ ਕੌਰੇਆਣਾ
(ਸਮਾਜ ਵੀਕਲੀ)
“ਤੈਨੂੰ ਮੈਨੇਜਰ ਨੇ ਬੁਲਾਇਐ।”
ਉਹ ਮੈਨੂੰ ਸੁਨੇਹਾ ਲਾ ਕੇ ਆਵਦੇ ਕੰਮ ਲੱਗ ਗਿਆ। ਮੈਂ ਉਸੇ ਵੇਲੇ ਆਪਣਾ ਕੰਮ ਛੱਡ ਕੇ ਦਫ਼ਤਰ ਵਿੱਚ ਮੈਨੇਜਰ ਕੋਲ ਚਲਾ ਗਿਆ।
” ਤੂੰ ਐਂ ਕਰ  ਮਲੋਟ ਚਲਿਆ ਜਾ। ਉੱਥੇ ਸਰਕਾਰੀ ਹਸਪਤਾਲ ਦਾ ਜਨਰੇਟਰ ਖਰਾਬ ਹੋ ਗਿਆ।  ਦੇਖ ਕੇ ਆ।  ਜੇ ਉੱਥੇ ਠੀਕ ਹੁੰਦਾ ਹੋਇਆ ਤਾਂ ਠੀਕ ਕਰਦੀਂ, ਨਹੀਂ ਫਿਰ ਖੋਲ੍ਹ ਕੇ ਲੈ ਆਈਂ। “
” ਜੇ ਤੁਸੀਂ ਐਂ ਕਰੋਂ, ਛਿੰਦੇ ਨੂੰ ਭੇਜ ਦਿਓਂ,  ਮੇਰਾ ਇੱਥੇ ਕੰਮ ਕਰਨ ਵਾਲਾ ਕਾਫ਼ੀ ਪਿਐ, ਵਰਕਸ਼ਾਪ ਚ।”
” ਤੂੰ ਜਾਹ ਉਹਦੇ ਸਾਬ ਚ ਨੀ ਆਉਣੀ ਗੱਲ, ਵੱਡਾ ਜਨਰੇਟਰ ਐ। “
ਮੈਨੇਜਰ ਨੇ ਮੇਰੇ ਵੱਲ  ਸੌ ਸੌ ਦੇ ਦੋ ਨੋਟ ਵਧਾਉਂਦੇ ਹੋਏ ਕਿਹਾ।
”  ਚੱਲ ਚੰਗਾ ਫਿਰ। “
   ਮੈਂ ਆਪਣਾ ਸੰਦਾਂ ਵਾਲਾ ਥੈਲਾ ਚੁੱਕਿਆ ਤੇ ਹਨੂੰਮਾਨ ਚੌਕ ਵੱਲ ਤੁਰ ਪਿਆ। ਜੂਨ ਦੇ ਮਹੀਨੇ ਦੀ ਗਰਮੀ ਸਿਖਰਾਂ ਤੇ ਸੀ।  ਰੋਡਵੇਜ਼ ਦੀ ਬੱਸ ਆਈ ਤੇ ਮੈਂ ਦੋ ਵਾਲੀ ਸੀਟ ਤੇ ਸ਼ੀਸ਼ੇ ਵੱਲ ਹੋ ਕੇ ਬੈਠ ਗਿਆ। ਮੇਰੇ ਮੈਲੇ ਜਿਹੇ ਕੁੜਤੇ ਪਜਾਮੇ ਤੇ ਮੈਲੀ ਜਿਹੀ ਪੱਗ ਵੱਲ ਦੇਖ ਕੇ ਸਾਹਮਣੀ ਸੀਟ ਤੇ ਬੈਠੇ ਦੋ ਮੁੰਡਿਆਂ  ਨੇ ਅਜੀਬ ਜਿਹਾ ਮੂੰਹ ਬਣਾਇਆ ਪਰ ਮੈਂ ਉਸ ਵੱਲ ਬਹੁਤਾ ਧਿਆਨ ਨਹੀਂ ਦਿੱਤਾ। ਐਨ ਸਿਖਰ ਦੁਪਹਿਰੇ ਬੱਸ ਨੇ ਮਲੋਟ ਅੱਡੇ ਵਿੱਚ ਜਾ ਉਤਾਰਿਆ। ਸੱਚਮੁੱਚ ਇਉਂ ਲੱਗਦਾ ਸੀ ਜਿਵੇਂ ਬਾਹਰ ਅੱਗ ਵਰ ਰਹੀ ਹੋਵੇ। ਬੱਸ ਅੱਡੇ ਚੋਂ ਨਿਕਲ ਕੇ ਮੈਂ ਇੱਕ ਟੈਂਪੂ ਵਾਲੇ ਕੋਲ ਚਲਾ ਗਿਆ। ਅਸਲ ਚ ਮੈਨੂੰ ਮਲੋਟ ਸ਼ਹਿਰ ਬਾਰੇ ਬਹੁਤਾ ਕੁਝ ਪਤਾ ਨਹੀਂ ਸੀ।  ਟੈਂਪੂ ਵਾਲੇ ਨੂੰ ਮੈਂ ਅਧੀਨਗੀ ਜਿਹੀ ਨਾਲ ਪੁੱਛਿਆ
“ਬਾਈ ਸਿਵਲ ਹਸਪਤਾਲ ਤੱਕ ਜਾਣਾ”
  ਉਹਨੇ ਇਸ਼ਾਰੇ ਨਾਲ ਮੈਨੂੰ ਟੈਂਪੂ ਵਿੱਚ ਬੈਠਣ ਲਈ ਕਿਹਾ।  ਮੈਂ ਬੈਠ ਗਿਆ। ਦੋ ਤਿੰਨ ਸਵਾਰੀਆਂ ਹੋਰ ਆ ਜਾਣ ਤੋਂ ਬਾਅਦ ਉਸ ਨੇ ਆਪਣਾ ਟੈਂਪੂ ਤੋਰ ਲਿਆ।  ਫਾਟਕਾਂ ਕੋਲ ਪਹੁੰਚ ਕੇ ਉਸ ਦੇ ਟੈਂਪੂ ਵਿਚਲੀਆਂ ਸਾਰੀਆਂ ਸਵਾਰੀਆਂ ਉਤਰ ਗਈਆਂ ਅਤੇ ਉਸ ਨੇ ਟੈਂਪੂ ਦੁਬਾਰਾ ਬੱਸ ਅੱਡੇ ਵੱਲ ਮੋੜ ਲਿਆ। ਜਦੋਂ ਮੈਂ ਉਸ ਨੂੰ ਯਾਦ ਦਿਵਾਇਆ ਤਾਂ ਉਸ ਨੇ ਟੈਂਪੂ ਰੋਕ ਕੇ ਮੈਨੂੰ ਨੂੰ ਕਿਹਾ
 “ਬਾਈ ਔਹ ਸਾਹਮਣੇ ਸਿਵਲ ਹਸਪਤਾਲ ਨੂੰ ਗਲੀ ਜਾਂਦੀ ਐ। ਤੁਸੀਂ ਸਿੱਧੇ ਜਾ ਕੇ ਖੱਬੇ ਮੁੜ ਜਾਇਓ। “
 ਇੰਨਾ ਸੁਣ ਕੇ ਮੈਂ ਟੈਂਪੂ ਵਾਲੇ ਨੂੰ ਦੱਸ ਰੁਪਏ ਦਿੱਤੇ ਤੇ ਉੱਧਰ ਨੂੰ ਚੱਲ ਪਿਆ।  ਸੜਕ ਪਾਰ ਕਰ ਕੇ ਜਦ ਮੈਂ ਪਿੱਛੇ ਵੱਲ ਦੇਖਿਆ ਤਾਂ ਟੈਂਪੂ ਵਾਲਾ ਜਾ ਚੁੱਕਾ ਸੀ। ਥੋੜ੍ਹੀ ਦੂਰ ਅੱਗੇ ਜਾ ਕੇ ਮੈਂ  ਇੱਕ ਦੁਕਾਨ ਵਾਲੇ ਨੂੰ ਪੁੱਛਿਆ ਤਾਂ ਉਸ ਨੇ ਬੜੀ ਅਣਜਾਣਤਾ ਵਿੱਚ ਜਵਾਬ ਦਿੱਤਾ
” ਬਾਈ ਜੀ ਇੱਥੇ ਤਾਂ ਕੋਈ ਹਸਪਤਾਲ ਨਹੀਂ।”
ਮੈਂ ਥੋੜ੍ਹਾ ਜਿਹਾ ਹੋਰ ਅੱਗੇ ਜਾ ਕੇ ਇਕ ਹੋਰ ਦੁਕਾਨ ਵਾਲੇ ਨੂੰ ਪੁੱਛਿਆ ਤਾਂ ਉਸ ਨੇ ਮੈਨੂੰ ਇਹੀ ਦੱਸਿਆ ਕਿ ਇੱਥੇ ਨੇੜੇ ਤੇੜੇ ਕੋਈ ਸਿਵਲ ਹਸਪਤਾਲ ਨਹੀਂ ਹੈ।  ਪੰਜ ਕੁ ਮਿੰਟ ਇੱਧਰ ਉੱਧਰ ਦੇਖਣ ਤੋਂ ਬਾਅਦ ਮੈਂ ਵਾਪਸ ਮੇਨ ਰੋਡ ਉੱਪਰ ਆ ਗਿਆ। ਇੱਕ ਰਿਕਸ਼ੇ ਵਾਲੇ ਨੂੰ ਰੋਕ ਕੇ ਪੁੱਛਿਆ
” ਸਿਵਲ ਹਸਪਤਾਲ ਜਾਏਂਗਾ। “
” ਬੈਠੋ ਜੀ”
” ਕਿੰਨੇ ਪੈਸੇ ਲਵੇਂਗਾ”
“ਦੱਸ ਰੁਪਏ”
ਮੈਂ ਬੈਠਦੇ ਹੀ ਰਿਕਸ਼ੇ ਵਾਲੇ ਨੇ ਰਿਕਸ਼ਾ ਤੋਰ ਲਿਆ ਤੇ ਪੰਜ ਕੁ ਮਿੰਟਾਂ ਬਾਅਦ ਉਸ ਨੇ ਮੈਨੂੰ ਸਿਵਲ ਹਸਪਤਾਲ ਦੇ ਗੇਟ ਅੱਗੇ ਜਾ ਉਤਾਰਿਆ। ਮੈਨੂੰ ਕਾਫੀ ਪਿਆਸ ਲੱਗੀ ਸੀ, ਹਸਪਤਾਲ ਦੇ ਗੇਟ ਚ ਦਾਖ਼ਲ ਹੋਣ ਤੋਂ ਬਾਅਦ ਸਭ ਤੋਂ ਪਹਿਲਾਂ ਪਾਣੀ ਦੀ ਤਲਾਸ਼ ਕੀਤੀ।  ਸਾਹਮਣੇ ਵਾਟਰ ਕੂਲਰ ਲੱਗਿਆ ਦੇਖਿਆ ਤਾਂ ਓਹਦੇ ਵੱਲ ਚੱਲ ਪਿਆ। ਉਹਦੇ ਨੇੜੇ ਪਹਿਲਾਂ ਹੀ ਦੋ ਤਿੰਨ ਜਣੇ ਖੜ੍ਹੇ ਸਨ। ਵਾਟਰ ਕੂਲਰ ਦੇ ਕੋਲ ਜਾ ਕੇ ਮੈਨੂੰ ਪਤਾ ਲੱਗਿਆ ਕਿ ਅਸਲ ਵਿਚ ਦੇਖਣ ਨੂੰ ਹੀ ਵਾਟਰ ਕੂਲਰ ਸੀ ਉਸ ਦੇ ਨੇਡ਼ੇ ਤੇਡ਼ੇ ਪਾਣੀ ਦਾ ਨਾਂ ਨਿਸ਼ਾਨ ਵੀ ਨਹੀਂ ਸੀ।  ਇੱਕ ਜਣੇ ਨੇ ਜਿਵੇਂ ਉਸ ਦਾ ਮਜ਼ਾਕ ਉਡਾਉਂਦੇ ਹੋਏ ਕਿਹਾ
“ਇੱਥੇ ਕੋਈ ਪਾਣੀ ਪੂਣੀ ਹੈ ਨੀ ਬਾਈ।”
ਹਸਪਤਾਲ ਦੇ ਅੰਦਰ ਜਾ ਕੇ ਮੈਂ ਆਪਣੇ ਆਪ ਨੂੰ ਦੋ ਕੁ ਮਿੰਟ  ਸ਼ਾਂਤ ਕਰਨ ਵਾਸਤੇ ਰੁਕ ਗਿਆ। ਉਸ ਤੋਂ ਬਾਅਦ ਮੈਂ ਉਥੇ ਖੜ੍ਹੇ ਇੱਕ ਆਦਮੀ ਨੂੰ ਪੁੱਛਿਆ  “ਬਾਈ ਜੀ ਸੀਐਮਓ ਦਾ ਕਮਰਾ ਕਿਹੜੈ।”  ਜਿਧਰ ਨੂੰ ਉਸ ਨੇ ਇਸ਼ਾਰਾ ਕੀਤਾ ਸੀ ਮੈਂ ਓਧਰ ਵੱਲ ਚੱਲ ਪਿਆ। ਮੈਂ ਕਮਰੇ ਦਾ ਬੂਹਾ ਖੋਲ੍ਹਿਆ ਤੇ ਅਧੀਨਗੀ ਜਿਹੀ ਨਾਲ ਪੁੱਛਿਆ
 ” ਸਰ ਮੈਂ ਅੰਦਰ ਆ ਸਕਦਾਂ”
” ਆਓ ਜੀ”
ਅੰਦਰੋਂ ਆਵਾਜ਼ ਆਈ।  ਜਦੋਂ ਮੈਂ ਅੰਦਰ ਗਿਆ ਤਾਂ ਸਾਹਮਣੇ ਇੱਕ ਵੱਡੇ ਸਾਰੇ ਮੇਜ਼ ਤੇ ਦੂਸਰੇ ਪਾਸੇ ਤੇ ਇਕ ਪ੍ਰਭਾਵਸ਼ਾਲੀ ਵਿਅਕਤੀਤਵ ਵਾਲਾ ਸਰਦਾਰ, ਜਿਸ ਦੀ ਉਮਰ ਪੰਜਾਹ ਬਵੰਜਾ ਸਾਲ ਹੋਵੇਗੀ ਬੈਠਾ ਸੀ। ਖੁੱਲ੍ਹੀ ਦਾੜ੍ਹੀ ਅਤੇ ਸਾਧਾਰਨ ਪੈਂਟ ਸ਼ਰਟ ਵਿਚ ਉਹ ਕਾਫੀ ਪ੍ਰਭਾਵਸ਼ਾਲੀ ਲੱਗਦਾ ਸੀ।
” ਮੈਂ ਬਠਿੰਡਿਓ ਆਇਆਂ, ਤੁਹਾਡਾ ਜਰਨੇਟਰ ਦੇਖਣ ਵਾਸਤੇ”
 ਮੈਂ ਆਪਣੀ ਜਾਣ ਪਛਾਣ ਕਰਵਾਈ। ਮੈਨੂੰ ਲੱਗਿਆ ਜਿਵੇਂ ਮੇਰੇ ਸ਼ਬਦ ਸੁਣ ਕੇ ਉਸ ਦੇ ਚਿਹਰੇ ਤੇ ਮੁਸਕਾਨ ਆ ਗਈ ਹੋਵੇ। ਉਹ ਇਕਦਮ ਆਪਣੀ ਕੁਰਸੀ ਤੋਂ ਖੜ੍ਹਾ ਹੋ ਗਿਆ।    ” ਆ ਯਾਰ, ਅਸੀਂ ਤਾਂ ਤੈਨੂੰ ਉਡੀਕੀ ਜਾਂਦੇ ਸੀ।  ਦੇਖ ਯਾਰ ਜੇ ਠੀਕ ਹੁੰਦਾ ਤਾਂ, ਅਸੀਂ ਬੜੇ ਦੁਖੀ ਆਂ। ਜਰਨੇਟਰ ਤੋਂ ਬਿਨਾਂ ਸਾਰੇ ਹਸਪਤਾਲ ਵਿੱਚ ਹਾਹਾਕਾਰ ਮੱਚੀ ਪਈ ਹੈ।”
ਏਨੇ ਨੂੰ ਇੱਕ ਚਪੜਾਸੀ ਦਿਸਣ ਵਾਲਾ ਆਦਮੀ ਟਰੇਅ ਵਿੱਚ ਪਾਣੀ ਦੇ ਗਿਲਾਸ ਲੈ ਕੇ ਦਫਤਰ ਦੇ ਅੰਦਰ ਦਾਖਲ ਹੋਇਆ  ” ਤੂੰ ਆਏਂ ਕਰ, ਪਹਿਲਾਂ ਪਾਣੀ ਪੀ।”
 ਮੈਨੂੰ ਲੱਗਿਆ ਜਿਵੇਂ ਮੇਰੇ ਮਨ ਦੀ ਮੁਰਾਦ ਪੂਰੀ ਹੋ ਗਈ ਹੋਵੇ। ਮੈਂ ਇੱਕ ਗਲਾਸ ਪਾਣੀ ਪੀ ਕੇ ਨਾਲ ਦੀ ਨਾਲ ਹੀ ਦੂਸਰਾ ਚੁੱਕ ਲਿਆ। ਜਦੋਂ ਮੈਂ ਪਾਣੀ ਪੀ ਲਿਆ ਤਾਂ ਉਸ  ਨੇ ਸੇਵਾਦਾਰ ਨੂੰ ਸੰਬੋਧਨ ਕਰਦੇ ਹੋਏ ਕਿਹਾ
” ਮੰਗੀ ਇਨ੍ਹਾਂ ਨੂੰ ਡਾ ਮੋਂਗਾ  ਕੋਲ ਲੈ ਜਾ  ਤੇ ਡਾਕਟਰ ਮੋਂਗਾ ਨੂੰ ਕਹਿ ਕਿ ਇਹ ਆਪਣਾ ਜੈਰਨੇਟਰ ਠੀਕ ਕਰਨ ਵਾਸਤੇ ਆਏ ਨੇ। ਇਨ੍ਹਾਂ ਨੂੰ ਆਪਣੇ  ਜੇਈ ਕਰਮਜੀਤ ਨਾਲ ਮਿਲਾ ਦੇਣਗੇ।”
ਸੇਵਾਦਾਰ ਮੰਗੀ ਨੇ ਮੈਨੂੰ ਆਪਣੇ ਪਿੱਛੇ ਆਉਣ ਵਾਸਤੇ ਕਿਹਾ।  ਉਹ ਦਫ਼ਤਰ ਵਿੱਚੋਂ ਨਿਕਲ ਕੇ ਬਰਾਂਡੇ ਵਿੱਚ ਦੀ ਹੁੰਦਾ ਹੋਇਆ ਇੱਕ ਖੁੱਲ੍ਹੀ ਥਾਂ ਵਿੱਚ ਆ ਗਿਆ  ਤੇ ਮੈਨੂੰ ਇਸ਼ਾਰੇ ਨਾਲ ਦੱਸਣ ਲੱਗਿਆ ਉਹ ਡਾ ਮੋਂਗਾ ਨੇ ਉਨ੍ਹਾਂ ਨੂੰ ਜਾ ਕੇ ਮਿਲੋ।  ਮੇਰੇ ਸਾਹਮਣੇ ਇਕ ਮੇਜ਼ ਦੇ ਚਾਰੋਂ ਪਾਸੇ ਚਾਰ ਜਣੇ ਬੈਠੇ ਸਨ।  ਇੱਕ ਜਿਸ ਬਾਰੇ ਮੰਗੀ ਨੇ ਕਿਹਾ ਸੀ ਕਿ ਉਹ ਡਾਕਟਰ ਮੋਂਗਾ ਹਨ ਅਤੇ ਉਸ ਦੇ ਸਾਹਮਣੇ ਇੱਕ ਹੋਰ ਆਦਮੀ ਬੈਠਾ ਸੀ। ਤੇ ਦੂਜੀਆਂ ਦੋਨੋਂ ਪਾਸੇ ਦੋ ਖ਼ੂਬਸੂਰਤ ਜਵਾਨ ਔਰਤਾਂ ਬੈਠੀਆਂ ਸਨ। ਉਹ ਸਾਰੇ ਹਸਪਤਾਲ ਦਾ ਸਟਾਫ ਹੀ ਲੱਗਦੇ ਸਨ ਤੇ ਬੈਠ ਕੇ ਚਾਹ ਪੀ ਰਹੇ ਸਨ।  ਮੈਂ ਡਾ ਮੋਂਗਾ ਨੂੰ ਸੱਤ ਸ੍ਰੀ ਅਕਾਲ ਬੁਲਾਈ ਅਤੇ ਆਪਣੇ ਆਉਣ ਦਾ ਕਾਰਨ ਦੱਸਿਆ।  ਸੇਵਾਦਾਰ ਮੰਗੀ ਨੇ ਵੀ ਸੀਐੱਮਓ ਸਾਹਿਬ ਦਾ ਹੁਕਮ ਡਾ ਮੋਂਗਾ ਨੂੰ ਸੁਣਾ ਦਿੱਤਾ। ਮੋਂਗਾ ਨੇ ਸਹਿਮਤੀ ਵਿੱਚ ਸਿਰ ਹਿਲਾਇਆ ਅਤੇ ਉਥੇ  ਨੇੜੇ ਹੀ ਸਫ਼ਾਈ ਕਰ ਰਹੀ ਇੱਕ ਸਫਾਈ ਕਰਮਚਾਰੀ ਔਰਤ ਨੂੰ ਬੁਲਾਇਆ। ਅਤੇ ਉਸ ਨੂੰ ਜੇ ਈ ਕਰਮਜੀਤ ਨੂੰ ਲੱਭ ਕੇ ਲਿਆਉਣ ਦਾ ਹੁਕਮ ਸੁਣਾ ਦਿੱਤਾ।  ਮੈਂ ਇੱਕ ਪਾਸੇ ਜਿਹੇ ਹੋ ਕੇ ਬੈਠ ਗਿਆ ਅਤੇ ਉਹ ਚਾਰੋਂ ਆਪਣੀਆਂ ਗੱਲਾਂ ਵਿਚ ਰੁੱਝ ਗਏ। ਉਨ੍ਹਾਂ ਦੀਆਂ ਗੱਲਾਂ ਕਾਫੀ ਦਿਲਚਸਪ ਲੱਗ ਰਹੀਆਂ ਸਨ । ਹਸਪਤਾਲ ਵਿੱਚ ਬੈਠੇ ਹੋਣ ਦੇ ਬਾਵਜੂਦ ਵੀ ਉਹ ਚਾਰੋਂ ਕਿਸੇ ਰੈਸਟੋਰੈਂਟ ਵਾਂਗ ਅਨੁਭਵ ਕਰ ਰਹੇ ਸਨ।  ਚਾਹ ਖ਼ਤਮ ਹੋ ਚੁੱਕੀ ਸੀ ਪਰ ਉਨ੍ਹਾਂ ਦੀਆਂ ਗੱਲਾਂ ਲਗਾਤਾਰ ਚੱਲ ਰਹੀਆਂ ਸਨ। ਪੰਦਰਾਂ ਕੁ ਮਿੰਟਾਂ ਬਾਅਦ ਮੈਂ ਡਾ ਮੋਂਗਾ ਨੂੰ ਦੁਬਾਰਾ ਯਾਦ ਕਰਵਾਇਆ। ਦੋ ਤਿੰਨ ਵਾਰ ਏਧਰ ਓਧਰ ਦੇਖਣ ਤੋਂ ਬਾਅਦ ਡਾ ਮੋਂਗਾ ਨੇ ਮੈਨੂੰ ਬੈਠਣ ਦਾ ਇਸ਼ਾਰਾ ਕੀਤਾ।  ਉਨ੍ਹਾਂ ਚਾਰਾਂ ਨੂੰ ਹਸਦੇ ਹਸਦੇ ਗੱਲਾਂ ਕਰਦਿਆਂ ਦੇਖ ਕੇ ਮੈਨੂੰ ਕਾਫੀ ਅੱਚਵੀ ਮਹਿਸੂਸ ਹੋ ਰਹੀ ਸੀ। ਅਸਲ ਵਿੱਚ ਮੇਰੀ ਹਾਲਤ ਉਨ੍ਹਾਂ ਤੋਂ ਕਾਫ਼ੀ ਵੱਖਰੀ ਸੀ। ਮੈਨੂੰ ਭੁੱਖ ਵੀ ਲੱਗਣ ਲੱਗ ਪਈ ਸੀ। ਤਕਰੀਬਨ ਅੱਧਾ ਘੰਟਾ ਬੀਤ ਜਾਣ ਤੋਂ ਬਾਅਦ ਵੀ ਮਹਿਫ਼ਿਲ ਹਾਲੇ ਤੱਕ ਸਜੀ ਹੋਈ ਸੀ।  ਮੈਂ ਤੀਸਰੀ ਵਾਰ ਫੇਰ ਡਾਕਟਰ ਮੋਂਗਾ ਨੂੰ  ਯਾਦ ਕਰਵਾਇਆ।ਉਹ ਉੱਠ ਕੇ ਗਿਆ ਤੇ ਇਕ ਮਿੰਟ ਬਾਅਦ ਬਾਹਰ ਆ ਕੇ ਮੈਨੂੰ ਬੈਠਣ ਲਈ ਕਿਹਾ। ਪੰਦਰਾਂ ਵੀਹ ਮਿੰਟ ਹੋਰ ਗੁਜ਼ਰ ਜਾਣ ਤੋਂ ਬਾਅਦ ਮੈਨੂੰ ਆਪਣੇ ਸਬਰ ਦਾ ਬੰਨ੍ਹ ਟੁੱਟਦਾ ਮਹਿਸੂਸ ਹੋਇਆ। ਮੈਂ ਖੜ੍ਹਾ ਹੋ ਕੇ ਦੁਬਾਰਾ ਡਾਕਟਰ ਕੋਲ ਗਿਆ। ਮੇਰੀ ਆਵਾਜ਼ ਵਿਚ ਵੀ ਥੋੜ੍ਹੀ ਤਲਖ਼ੀ ਆ ਚੁੱਕੀ ਸੀ  ਮੈਂ ਡਾਕਟਰ ਨੂੰ ਕਿਹਾ ਕਿ ਕੀ ਉਹ ਮੈਨੂੰ ਦੱਸਣਗੇ ਕਿ ਮੈਨੂੰ ਕੀ ਕਰਨਾ ਹੈ। ਮੈਨੂੰ ਲੱਗਿਆ ਕਿ ਡਾਕਟਰ ਮੇਰੇ ਤੋਂ ਕਾਫ਼ੀ ਪ੍ਰੇਸ਼ਾਨ ਹੋ ਚੁੱਕਿਆ ਸੀ। ਅਸਲ ਵਿੱਚ ਉਹ ਜਵਾਨ ਔਰਤਾਂ ਦੇ ਸਾਹਮਣੇ ਆਪਣੀ ਬੇਇਜ਼ਤੀ ਮਹਿਸੂਸ ਕਰ ਰਿਹਾ ਸੀ।  ਉਹ ਮੇਰੇ ਵੱਲ ਪੂਰੇ ਗੁੱਸੇ ਵਿੱਚ ਝਾਕਿਆ ਤੇ ਉੱਚੀ ਆਵਾਜ਼ ਵਿੱਚ ਕੜਕਿਆ।
“ਤੇਰੇ ਸਾਹਮਣੇ ਮੈਂ ਸੁਨੀਤਾ ਨੂੰ ਭੇਜਿਆ ਤਾਂ ਸੀ ਲੱਭਣ ਵਾਸਤੇ  ਮੇਰੇ ਕੀ ਜੇਬ੍ਹ ਚ ਪਾਇਐ ਥੋਡਾ ਜੇਈ ਕਰਮਜੀਤ”
ਮੈਂ ਡਰ ਕੇ ਥੋੜ੍ਹਾ ਜਿਹਾ ਪਿੱਛੇ ਹਟ ਗਿਆ । ਡਾ ਮੋਂਗਾ ਆਪਣੀ ਮਿੱਤਰ ਮੰਡਲੀ ਨਾਲ ਦੁਬਾਰਾ ਫਿਰ ਗੱਲਾਂ ਵਿਚ ਰੁੱਝ ਗਿਆ। ਮੈਂ ਆਪਣਾ ਸੰਦਾਂ ਵਾਲਾ ਥੈਲਾ ਮੋਢੇ ਤੇ ਚੁੱਕਿਆ ਤੇ ਦੁਬਾਰਾ ਸੀਐੱਮਓ ਸਾਹਿਬ ਦੇ ਕਮਰੇ  ਵੱਲ ਚੱਲ ਪਿਆ।  ਸੀਐੱਮਓ ਸਾਹਿਬ ਦੇ ਕਮਰੇ ਵਿੱਚ ਦੋ ਤਿੰਨ ਹੋਰ ਪ੍ਰਭਾਵਸ਼ਾਲੀ ਦਿਖਣ ਵਾਲੇ ਲੋਕ ਬੈਠੇ ਸਨ। ਮੈਨੂੰ ਦੇਖ ਕੇ ਸੀਐੱਮਓ ਹਲਕਾ ਮੁਸਕਰਾਇਆ।  ਉਸ ਨੂੰ ਲੱਗਿਆ ਕਿ ਸ਼ਾਇਦ ਮੈਂ ਕੋਈ ਵਧੀਆ ਖ਼ਬਰ ਸੁਣਾਉਣ ਲੱਗਾ ਹਾਂ। ਮੈਂ ਨਿਰਾਸ਼ਾ ਅਤੇ ਗੁੱਸੇ ਵਿੱਚ ਆਪਣੇ ਮਲਵਈ ਅੰਦਾਜ਼ ਵਿੱਚ ਕਿਹਾ
 “ਉਹ ਥੋਡੇ ਡਾ ਮੌਂਗੇ ਨੇ ਮੈਨੂੰ ਕੋਈ ਤਸੱਲੀਬਖ਼ਸ਼ ਜਵਾਬ ਨੀ ਦਿੱਤਾ ਜੀ, ਮੈਨੂੰ ਪੌਣਾ ਘੰਟਾ ਹੋ ਗਿਆ ਉਹਦੇ ਸਰ੍ਹਾਣੇ ਬੈਠੇ ਨੂੰ।”
 ਸੀਐੱਮਓ ਦੇ ਚਿਹਰੇ ਤੋਂ ਮੁਸਕਰਾਹਟ ਗਾਇਬ ਹੋ ਗਈ। ਮੇਰੀ ਤਲਖ਼ੀ ਦੇਖ ਕੇ ਸਾਰੇ ਮੇਰੇ ਨਾਲ ਮੇਰੇ ਵੱਲ ਹੈਰਾਨੀ ਨਾਲ  ਦੇਖਣ ਲੱਗੇ।
“ਨਾ ਕੀ ਕਹਿੰਦਾ ਡਾਕਟਰ ਮੋਂਗਾ।”
ਉਹ ਜੀ ਉੱਥੇ ਨਰਸਾਂ ਨਾਲ ਬੈਠਾ ਯੱਕੜ ਮਾਰੀ ਜਾਂਦੈ। ਮੈਂ ਉਹਨੂੰ ਦੋ ਤਿੰਨ ਵਾਰੀ ਕਿਹਾ ਬਈ ਮੈਨੂੰ ਜੇਈ ਨਾਲ ਮਿਲਾ ਦੇ। ਅੱਗੋਂ ਮੋੜ ਕੇ ਕਹਿੰਦਾ ਮੇਰੀ ਕਿਹੜਾ  ਜੇਬ੍ਹ ਚ ਪਾਇਐ ਥੋਡਾ ਜੇਈ।”
ਮੇਰੀ ਗੱਲ ਸੁਣ ਕੇ ਸੀਐੱਮਓ ਸਾਹਿਬ ਖੜ੍ਹੇ ਹੋ ਗਏ। ਮੇਰੇ ਮੋਢੇ ਤੇ ਹੱਥ ਰੱਖ ਕੇ ਮੈਨੂੰ ਪੁੱਛਣ ਲੱਗੇ
  ” ਸੱਚੀ ਮੁੱਚੀ ਆਈਂ ਬੋਲਿਆ ਸੀ ਡਾ ਮੋਂਗਾ। “
” ਹਾਂ ਜੀ”
” ਹੱਦ ਹੋ ਗਈ ਯਾਰ।”
ਤੇ ਫੇਰ ਉਹ ਆਪਣੇ ਮਹਿਮਾਨਾਂ ਨੂੰ ਸੰਬੋਧਨ ਕਰਕੇ ਕਹਿਣ ਲੱਗਾ
” ਇਹ ਬੰਦਾ ਸਿਖਰ ਦੁਪਹਿਰ ਚ ਬਠਿੰਡਿਓਂ ਆਇਐ ਸਾਡੇ ਹਸਪਤਾਲ ਦਾ ਜਨਰੇਟਰ ਠੀਕ ਕਰਨ ਤੇ ਤੁਸੀਂ ਦੇਖਿਆ  ਸਾਡੇ ਜ਼ਿੰਮੇਵਾਰ ਡਾਕਟਰ ਸਾਹਿਬ ਨੇ ਕੀ ਜਵਾਬ ਦਿੱਤਾ ਇਹਨੂੰ।”
 ਚਲੋ ਦੇਖਦੇ ਆਂ ਕੀ ਕਹਿੰਦੈ ਡਾਕਟਰ ਮੋਂਗਾ। ਵੈਸੇ ਤੈਨੂੰ ਦੱਸ ਦੇਵਾਂ ਕਿ ਡਾ ਮੋਂਗਾ ਦੀ ਜੇਬ ਚ ਤਾਂ ਨਹੀਂ ਪਾਇਆ ਕਰਮਜੀਤ, ਪਰ ਮੇਰੀ ਜੇਬ ਚ ਸਾਰਾ ਹਸਪਤਾਲ ਐ ਤੇ ਮੈਂ ਤੈਨੂੰ ਆਵਦੀ ਜੇਬ ਚੋਂ ਕੱਢ ਕੇ ਦਿਖਾਊਂ।”
ਸੀਐਮਓ ਗੁੱਸੇ ਵਿੱਚ ਆਪਣੇ ਦਫ਼ਤਰ ਚੋਂ ਬਾਹਰ ਨਿਕਲਿਆ ਤੇ ਉੱਧਰ ਨੂੰ ਚੱਲ ਪਿਆ ਜਿੱਥੇ ਡਾ ਮੋਂਗਾ ਹੋਰੀਂ ਬੈਠੇ ਸਨ। ਬਦਕਿਸਮਤੀ ਨਾਲ ਉਹ ਅਜੇ ਵੀ ਚਾਰੋਂ ਜਣੇ ਉੱਥੇ ਹੀ ਬੈਠੇ ਸਨ। ਸੀਐੱਮਓ ਨੂੰ ਦੇਖ ਕੇ ਉਹ ਚਾਰੋਂ ਠਠੰਬਰ ਗਏ ਅਤੇ ਖੜ੍ਹੇ ਹੋ ਗਏ।
” ਹਾਂ ਜੀ ਡਾਕਟਰ ਸਾਹਿਬ, ਕੀ ਚੱਲ ਰਿਹੈ ਏਥੇ। “
ਮੈਨੂੰ ਸੀਐੱਮਓ ਦੇ ਨਾਲ ਵਿੱਚ ਖੜ੍ਹੇ ਦੇਖ ਕੇ ਮੋਂਗਾ ਸਾਰਾ ਕੁਝ ਸਮਝ ਚੁੱਕਾ ਸੀ। ਉਹ ਚੁੱਪ ਰਿਹਾ।
“ਅਸੀਂ ਚਾਹ ਪੀ ਰਹੇ ਸੀ ਜੀ।”
ਦੂਜੇ ਆਦਮੀ ਨੇ ਜਵਾਬ ਦਿੱਤਾ।
“ਅੱਛਾ ਤੇ ਡਾ ਸਾਬ ਆਹ ਆਦਮੀ ਆਇਆ ਸੀ ਥੋਡੇ ਕੋਲੇ। ਫੇਰ ਕੀ ਜਵਾਬ ਦਿੱਤਾ ਸੀ ਇਹਨੂੰ।”
” ਮੈਂ ਜੀ ਸੁਨੀਤਾ ਨੂੰ ਭੇਜਿਆ ਸੀ ਉਹਨੂੰ ਲੱਭਣ ਵਾਸਤੇ  ਉਹਨੇ ਆ ਕੇ ਮੈਨੂੰ ਦੱਸਿਆ ਨ੍ਹੀਂ।”
” ਉਹ ਤਾਂ ਠੀਕ ਐ ਪਰ ਤੂੰ ਇਹਨੂੰ ਜਵਾਬ ਕੀ ਦਿੱਤਾ ਸੀ ਕਿ ਜੇ ਈ ਕਿਹੜਾ ਮੇਰੀ ਜੇਬ ਚ ਪਾਇਐ। “
ਡਾ ਮੋਂਗਾ ਦੇ ਜਿਵੇਂ ਗਲ ਵਿੱਚ ਥੁੱਕ ਅੜ ਗਿਆ ਹੋਵੇ। ਉਸ ਤੋਂ ਬੋਲਿਆ ਨਹੀਂ ਜਾ ਰਿਹਾ ਸੀ। ਸੀਐਮਓ ਦੀ ਉੱਚੀ ਆਵਾਜ਼ ਸੁਣ ਕੇ ਉੱਥੇ ਕਾਫ਼ੀ ਲੋਕ ਇਕੱਠੇ ਹੋ ਚੁੱਕੇ ਸਨ।  ਇੰਨੇ ਨੂੰ ਸੀਐੱਮਓ ਦੂਸਰੇ ਤਿੰਨਾਂ ਵੱਲ ਸਿੱਧਾ ਹੋ ਗਿਆ।
” ਹਾਂ ਜੀ ਡਾਕਟਰ ਸਾਹਬ ਤੁਹਾਡੀ ਡਿਊਟੀ ਕਿੱਥੇ ਐ। “
” ਜੀ, ਜਨਰਲ ਵਾਰਡ ਵਿੱਚ। “
” ਤੇ ਮੈਡਮ ਸਾਹਿਬਾ ਤੁਹਾਡੇ ਦੋਹਾਂ ਦੀ ਡਿਊਟੀ ਕਿੱਥੇ ਐ।”
” ਜੀ ਡਰੈਸਿੰਗ ਰੂਮ ਵਿੱਚ।”
ਦੋਵੇਂ ਇਕੱਠੀਆਂ ਬੋਲ ਪਈਆਂ।
” ਆਹ ਦੇਖ ਲਓ ਸਾਡੇ ਸਟਾਫ ਦਾ ਹਾਲ।ਜਦੋਂ ਪੁੱਛੋ ਕਹਿਣਗੇ ਕੰਮ ਓਵਰਲੋਡ ਐ,  ਤੇ ਹੁਣ ਡੇਢ ਘੰਟਾ ਹੋ ਗਿਆ ਇੱਥੇ ਬੈਠੇ ਜਕੜ ਮਾਰੀ ਜਾਂਦੇ ਐ। ਕੰਮ ਫਿਰ ਵੀ ਚੱਲੀ ਜਾਂਦੈ।  ਜਦੋਂ ਕੰਮ ਕਰਨਾ ਈ ਨੀ, ਓਵਰਲੋਡ ਤਾਂ ਹੋਣਾ ਈ ਐ। “
ਆਸ ਪਾਸ ਇਕੱਠੇ ਹੋਏ ਜਨਤਾ ਨੂੰ ਸੰਬੋਧਨ ਕਰਦੇ ਹੋਏ ਸੀਐੱਮਓ ਫੇਰ ਗਰਜਿਆ  ” ਤੇ ਆਹ ਦੇਖ ਲਓ ਸਾਡੇ ਹਸਪਤਾਲ ਦਾ ਬਹੁਤ ਹੀ ਜ਼ਿੰਮੇਵਾਰ ਡਾਕਟਰ ਮੋਂਗਾ ਸਾਹਿਬ। “
 ਫਿਰ ਉਸ ਨੇ ਮੇਰੇ ਵੱਲ ਇਸ਼ਾਰਾ ਕੀਤਾ “ਇਹ ਭਾਈ ਸਾਹਿਬ ਸਿਖਰ ਦੁਪਹਿਰੇ ਤਪਦੀ ਧੁੱਪ ਚ, ਬਠਿੰਡਿਓਂ ਆਇਐ, ਸਾਡੇ ਹਸਪਤਾਲ ਦਾ ਜੈਨਰੇਟਰ ਠੀਕ ਕਰਨ।  ਜਿਹੜਾ ਕਿ ਪਿਛਲੇ ਡੇਢ ਮਹੀਨੇ ਤੋਂ ਖਰਾਬ ਪਿਆ। ਡੂਢ  ਘੰਟਾ ਹੋ ਗਿਐ।  ਆਹ ਡਾਕਟਰ ਮੋਂਗਾ ਸਾਹਿਬ ਦੇ ਕੋਲ ਬੈਠੇ ਨੂੰ।  ਤੇ ਅੱਗੋਂ ਡਾਕਟਰ ਮੋਂਗਾ ਸਾਹਿਬ ਨੇ ਇਹਨੂੰ  ਜਵਾਬ ਪਤਾ ਕੀ ਦਿੱਤੈ,  ਅਖੇ ਉਹ ਬੰਦਾ ਕਿਹੜਾ ਮੇਰੀ ਜੇਬ੍ਹ ਚ ਪਾਇਐ।  ਡਾਕਟਰ ਸਾਬ੍ਹ ਓਹ ਬੰਦਾ ਤੁਹਾਡੀ ਜੇਬ ਚ ਤਾਂ ਨਹੀਂ ਪਾਇਆ, ਪਰ ਮੇਰੀ  ਜੇਬ ਚ ਇਹ ਸਾਰਾ ਹਸਪਤਾਲ ਪਾਇਆ ਹੋਇਐ। ਤੇ ਮੈਂ ਤੈਨੂੰ ਆਵਦੀ ਜੇਬ ਚੋਂ ਕੱਢ ਕੇ ਦਿਖਾਊਂ। “
 ਏਨੇ ਨੂੰ ਸੇਵਾਦਾਰ ਮੰਗੀ ਨੇ ਆ ਕੇ ਸੀਐੱਮਓ ਨੂੰ ਦੱਸ ਦਿੱਤਾ ” ਉਹ ਜੀ, ਕਰਮਜੀਤ ਜੇਈ ਤਾਂ ਲਾਸ਼ ਘਰ ਵਿੱਚ ਹੈਗਾ। ”  ਸੀਐੱਮਓ ਸਾਹਿਬ ਦੇ ਆਸੇ ਪਾਸੇ ਕਾਫ਼ੀ ਇਕੱਠ ਹੋ ਗਿਆ ਸੀ। ਹਸਪਤਾਲ ਵਿਚ ਜਿਵੇਂ ਇਕ ਤਮਾਸ਼ਾ ਹੋ ਰਿਹਾ ਹੋਵੇ। ਸੀਐੱਮਓ ਸਾਹਿਬ ਨੇ ਡਾ ਮੋਂਗਾ ਦੀ ਬਾਂਹ ਫੜੀ ਤੇ ਉਸ ਨੂੰ ਕਹਿਣ ਲੱਗਿਆ।
” ਆ ਤੈਨੂੰ ਵਿਖਾਵਾਂ। ਕਰਮਜੀਤ ਜੇਈ ਮੇਰੀ ਜੇਬ ਚੋਂ ਕਿਵੇਂ ਨਿਕਲਦੈ।”
ਸਾਰਾ ਬਣਿਆ ਬਣਾਇਆ ਹਜੂਮ ਲਾਸ਼ ਘਰ ਵੱਲ ਸੀਐੱਮਓ ਸਾਹਿਬ ਦੇ ਪਿੱਛੇ ਪਿੱਛੇ ਚੱਲ ਪਿਆ। ਲਾਸ਼ ਘਰ ਦੇ ਦਰਵਾਜ਼ੇ ਤੇ ਖੜ੍ਹ ਕੇ ਸੀਐੱਮਓ ਸਾਹਿਬ ਨੇ ਆਵਾਜ਼ ਲਗਾਈ  “ਕਰਮਜੀਤ ਸਿੰਘ”
 ਸੀਐੱਮਓ ਸਾਹਿਬ ਦੀ ਕੜਕਦੀ ਆਵਾਜ਼ ਸੁਣ ਕੇ ਤੁਰੰਤ ਇੱਕ ਨੌਜਵਾਨ ਮੁੰਡਾ ਦਰਵਾਜ਼ੇ ਤੇ ਆ ਗਿਆ।
” ਹਾਂ ਜੀ ਸਾਹਬ, ਦੱਸੋ। ਕੀ ਕੰਮ ਸੀ। “
” ਇੱਥੇ ਕੀ ਕਰ ਰਿਹੈਂ।”
” ਮੈਂ ਜੀ ਬਸ ਇਕ ਫਰੀਜਰ ਦਾ ਕੰਪ੍ਰੈਸ਼ਰ ਖਰਾਬ ਸੀ। ਉਹ ਦੇਖ ਰਿਹਾ ਸੀ।”
” ਤੈਨੂੰ ਡਾਕਟਰ ਮੋਂਗਾ ਸਾਬ ਦਾ ਸੁਨੇਹਾ ਨਹੀਂ ਮਿਲਿਆ।”
” ਨਹੀਂ ਜੀ, ਦੱਸੋ ਕੀ ਗੱਲ ਹੋਗੀ।”
“ਕਿਉਂ ਡਾਕਟਰ ਸਾਹਿਬ!”
ਸੀਐਮਓ ਡਾ ਮੋਂਗਾ ਨੂੰ ਸੰਬੋਧਨ ਕਰਦਾ ਬੋਲਿਆ
“ਮੈਨੂੰ ਤਾਂ ਦੋ ਮਿੰਟ ਵੀ ਨਹੀਂ ਲੱਗੇ, ਆਹ ਦੇਖ ਲੈ ਤੇਰੇ ਸਾਹਮਣੇ ਆਪਣੀ ਜੇਬ ਚੋਂ ਕੱਢ ਕੇ ਖੜ੍ਹਾ ਕਰ ਤਾ। “
” ਗੱਲ ਕੀ ਹੋਗੀ ਸੀਐੱਮਓ ਸਾਹਿਬ। “
ਕਰਮਜੀਤ ਨੇ ਅਧੀਨਗੀ ਜਿਹੀ ਨਾਲ ਪੁੱਛਿਆ।
” ਗੱਲ ਇਹ ਹੋਈ ਐ। “
ਸੀਐੱਓ ਨੇ  ਫੇਰ ਮੇਰੇ ਮੋਢੇ ਤੇ ਹੱਥ ਰੱਖਿਆ
” ਆਪਣਾ ਜੈਰਨੇਟਰ ਦੋ ਮਹੀਨਿਆਂ ਤੋਂ ਪਿਐ ਖ਼ਰਾਬ, ਤੇ ਆਹ ਮੁੰਡਾ ਬਠਿੰਡੇ ਤੋਂ ਆਇਆ ਆਪਣਾ ਜਨਰੇਟਰ ਠੀਕ ਕਰਨ।  ਮੈਂ ਇਹ ਮੁੰਡੇ ਨੂੰ ਕਿਹਾ ਕਿ ਤੂੰ ਡਾਕਟਰ ਮੋਂਗਾ ਕੋਲ ਜਾ ਉਹ ਤੈਨੂੰ ਕਰਮਜੀਤ ਨਾਲ ਮਿਲਾ ਦੂ ਤੇ ਕਰਮਜੀਤ ਆਪਣੇ ਆਪ ਜਰਨੇਟਰ ਠੀਕ ਕਰਵਾ ਲਊ । ਤੇ ਆਪਣੇ ਹਸਪਤਾਲ ਦੇ ਬਹੁਤ ਹੀ ਜ਼ਿੰਮੇਵਾਰ ਡਾ ਮੋਗਾਂ ਸਾਬ ਨੇ ਇਸ ਮੁੰਡੇ ਨੂੰ ਇਕ ਘੰਟੇ ਤੋਂ ਆਪਣੇ ਕੋਲ ਬਿਠਾ ਕੇ ਰੱਖਿਆ ਹੋਇਐ ਤੇ ਆਪ ਉੱਥੇ ਬੈਠਾ ਨਰਸਾਂ ਨਾਲ ਜਕੜ ਮਾਰੀ ਜਾਂਦੈ। ਜਦੋਂ ਇਹਨੇ ਦੋ ਤਿੰਨ ਵਾਰ ਤੁਹਾਡੇ ਬਾਰੇ, ਤੁਹਾਨੂੰ ਮਿਲਾਉਣ ਬਾਰੇ ਡਾ ਮੋਂਗਾ ਨੂੰ ਕਿਹਾ  ਤਾਂ ਅੱਗੋਂ ਡਾਕਟਰ ਸਾਹਿਬ ਕਹਿੰਦੇ ਕਰਮਜੀਤ ਕਿਹੜਾ ਮੇਰੀ ਜੇਬ ਚ ਪਾਇਐ।”
 ਡਾ ਮੋਂਗਾ ਨੂੰ ਧਰਤੀ ਵਿਹਲ ਨਹੀਂ ਦੇ ਰਹੀ ਸੀ।  ਉਸ ਵਿੱਚ ਆਪਣੀ ਧੌਣ ਉੱਪਰ ਚੁੱਕਣ ਦੀ ਹਿੰਮਤ ਵੀ ਨਹੀਂ ਸੀ ਬਚੀ।  ਸੀਐਮਓ ਸਾਹਬ ਨੇ ਫਿਰ ਕਰਮਜੀਤ ਨੂੰ  ਕਿਹਾ
” ਤੁਸੀਂ ਐਂ ਕਰੋ, ਇਹਦੇ ਨਾਲ ਜਾਓ ਤੇ ਆਪਣਾ ਜੈਰਨੇਟਰ ਚੈੱਕ ਕਰਵਾਓ। “
” ਠੀਕ ਐ ਜੀ। “
 ਫਿਰ ਉਸ ਨੇ ਮੈਨੂੰ ਕਿਹਾ
” ਤੁਸੀਂ ਦੋ ਮਿੰਟ ਰੁਕੋ ਮੈਂ ਹੁਣੇ ਆਇਆ”
 ਸੀਐਮਓ ਸਾਹਬ ਡਾ ਮੋਂਗਾ ਨੂੰ ਲੈ ਕੇ ਵਾਪਸ ਚਲੇ ਗਏ। ਸਾਰਾ ਹਜੂਮ ਜਾ ਚੁੱਕਿਆ ਸੀ।  ਦੋ ਤਿੰਨ ਮਿੰਟਾਂ ਬਾਅਦ ਕਰਮਜੀਤ ਮੇਰੇ ਕੋਲ ਆਇਆ।
“ਚਲੋ ਚੱਲੀਏ।”
 ਤੇ ਅਸੀਂ ਜਰਨੇਟਰ ਰੂਮ ਵੱਲ ਚੱਲ ਪਏ । ਕਰਮਜੀਤ ਨੂੰ ਹਾਲੇ ਤੱਕ ਗੱਲ ਦਾ ਕੋਈ ਸਿਰਾ ਨਹੀਂ ਸੀ ਲੱਭ ਰਿਹਾ।  ਉਹਨੂੰ ਕੁਝ ਸਮਝ ਨਹੀਂ ਸੀ ਆ ਰਿਹਾ ਕਿ ਆਖਰ ਘਟਨਾਕ੍ਰਮ ਕੀ ਹੋਇਆ ਸੀ। ਜਰਨੇਟਰ ਰੂਮ ਵਿਚ ਜਾ ਕੇ ਉਹ ਮੈਨੂੰ ਪੁੱਛਣ ਲੱਗਿਆ ਕੀ ਗੱਲ ਕੀ ਹੋਈ ਹੈ। ਮੈਂ ਉੱਥੇ ਬੈਠ ਕੇ ਸਾਰੀ ਰਾਮ ਕਹਾਣੀ ਸੁਣਾਈ। ਗਰਮੀ ਅਤੇ ਭੁੱਖ ਨੇ ਮੇਰਾ ਪਹਿਲਾਂ ਹੀ ਬੁਰਾ ਹਾਲ ਕਰ ਰੱਖਿਆ ਸੀ।  ਉੱਪਰੋਂ ਸੀਐੱਮਓ ਸਾਹਿਬ ਦੇ ਹੰਗਾਮੇ ਨੇ ਮੈਨੂੰ ਹੋਰ ਵੀ ਪ੍ਰੇਸ਼ਾਨ ਕਰ ਦਿੱਤਾ ਸੀ।
“ਹੁਣ ਫਿਰ? “
 ਕਰਮਜੀਤ ਨੇ ਮੈਨੂੰ ਸਵਾਲ ਕੀਤਾ।
“ਕੀ ਹੋਇਐ ਇਹਨੂੰ?”
ਮੈਂ ਜਨਰੇਟਰ  ਵੱਲ ਇਸ਼ਾਰਾ ਕਰਦੇ ਹੋਏ ਪੁੱਛਿਆ।
” ਖੋਲ੍ਹ ਕੇ ਦੇਖ ਲੈ।”
ਮੈਂ ਦੋ ਕੁ  ਨੱਟ ਬੋਲਟ ਖੋਹਲ ਕੇ ਅੰਦਰ ਝਾਤੀ ਮਾਰੀ। “
 ਅਸਲ ਵਿਚ ਮੇਰਾ ਸਰੀਰ ਦੇ ਨਾਲ ਨਾਲ ਦਿਮਾਗ ਵੀ ਬੁਰੀ ਤਰ੍ਹਾਂ ਥੱਕ ਚੁੱਕਿਆ ਸੀ।  ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਰਾਂ। ਮੈਂ ਕਰਮਜੀਤ ਨੂੰ ਕਿਹਾ
” ਤੁਸੀਂ ਐਂ ਕਰੋ, ਇਹਨੂੰ ਖੋਲ੍ਹੋ, ਗੱਡੀ ਚ ਲੱਦੋ ਤੇ ਬਠਿੰਡੇ ਭੇਜ ਦਿਓ। ਇਹਦੀ ਡਾਕਟਰੀ ਤਾਂ ਹੁਣ ਅਸੀਂ ਬਠਿੰਡੇ ਵਰਕਸ਼ਾਪ ਚ ਹੀ ਕਰਾਂਗੇ। ਜੇ ਟੀਕੇ ਪੱਟੀਆਂ ਨਾਲ ਕੰਮ ਚਲਦਾ ਹੋਇਆ ਤਾਂ ਚਲਾਵਾਂਗੇ। ਨਹੀਂ ਤਾਂ ਫੇਰ ਵੱਡਾ ਅਪਰੇਸ਼ਨ ਕਰ ਦਿਆਂਗੇ।”
” ਚੱਲ ਠੀਕ ਐ  ਕੱਲ੍ਹ ਨੂੰ ਭੇਜ ਦਿੰਦੇ ਹਾਂ।”
“ਮੈਂ ਜਾਵਾਂ? “
ਮੈਂ ਖਹਿੜਾ ਛੁਡਾਉਣ ਦੀ ਕੋਸ਼ਿਸ਼ ਕਰ ਰਿਹਾ ਸੀ।
” ਤੇਰੀ ਮਰਜ਼ੀ ਹੈ! “
ਮੈਂ ਬਿਨਾਂ ਕੋਈ ਜਵਾਬ ਦਿੱਤੇ ਆਪਣਾ ਔਜ਼ਾਰਾਂ ਵਾਲਾ ਥੈਲਾ ਮੋਢੇ ਤੇ ਟੰਗ ਲਿਆ  ਤੇ ਜਨਰੇਟਰ ਰੂਮ ਚੋਂ ਬਾਹਰ ਨਿਕਲ ਕੇ ਗੇਟ ਵੱਲ ਸਿੱਧਾ ਹੋ ਗਿਆ। ਗੇਟ ਦੇ ਨੇੜੇ ਚਾਹ ਵਾਲਾ ਖੋਖਾ ਦੇਖ ਕੇ ਮੇਰਾ ਚਾਹ ਪੀਣ ਨੂੰ ਦਿਲ ਕਰ ਆਇਆ
” ਇਕ ਵਧੀਆ ਜਿਹੀ ਚਾਹ ਈ ਬਣਾ ਦੇ ਯਾਰ। “
“ਚਾਹ ਤਾਂ ਨ੍ਹੀਂ ਬਣਨੀ ਜੀ, ਦੁੱਧ ਖ਼ਤਮ ਹੋਇਆ ਪਿਆ।  ਮੁੰਡਾ ਲੈਣ ਗਿਐ। ਦਸ ਵੀਹ ਮਿੰਟਾਂ ਤਕ ਆਜੂ।”
ਚਾਹ ਆਲੇ ਦਾ ਜਵਾਬ ਸੁਣ ਕੇ ਮੈਂ ਆਪਣੇ ਮਨ ਹੀ ਮਨ ਵਿੱਚ ਉਹਨੂੰ ਦੱਸ ਪੰਦਰਾਂ ਗਾਲ੍ਹਾਂ ਕੱਢੀਆਂ। ਚਾਹ ਵਾਲੇ ਨੂੰ ਮੇਰੀ ਆਵਾਜ਼ ਤਾਂ ਸ਼ਾਇਦ ਨਾ ਸੁਣੀ ਹੋਵੇ ਪਰ ਉਸ ਨੇ ਮੇਰੇ ਚਿਹਰੇ ਦੀ ਰੰਗਤ ਤੋਂ ਪੱਕਾ ਅੰਦਾਜ਼ਾ ਲਾ ਲਿਆ ਹੋਣਾ। ਮੈਂ ਵਾਪਿਸ ਮੁੜਿਆ ਤਾਂ ਇੱਕ ਰਿਕਸ਼ੇ ਵਾਲਾ ਕਿਸੇ ਨੂੰ ਹਸਪਤਾਲ ਛੱਡ ਕੇ ਵਾਪਸ ਮੁੜ ਰਿਹਾ ਸੀ। ਮੈਂ ਵਾਜ ਮਾਰੀ
” ਓਏ ਬੱਸ ਅੱਡੇ ਜਾਏਂਗਾ ਆੜੀ।”
ਤੇ ਮੈਂ ਉਸਦਾ ਜਵਾਬ ਉਡੀਕੇ ਬਿਨਾਂ ਰਿਕਸ਼ੇ ਵਿੱਚ ਬੈਠ ਗਿਆ। ਰਿਕਸ਼ੇ ਵਾਲਾ ਰਿਕਸ਼ਾ ਦਵੱਲੀ ਜਾ ਰਿਹਾ ਸੀ।  ਬੱਸ ਅੱਡੇ ਦੇ ਸਾਹਮਣੇ ਜਾ ਕੇ ਮੈਂ ਰਿਕਸ਼ੇ ਵਾਲੇ ਨੂੰ ਦਸ ਰੁਪਏ ਫੜਾਏ ਤੇ ਬੱਸ ਅੱਡੇ ਚੋਂ ਬਾਹਰ ਨਿਕਲਦੀ ਬਠਿੰਡੇ ਜਾਣ ਵਾਲੀ ਰੋਡਵੇਜ਼ ਬੱਸ ਦੀ ਦੋ ਵਾਲੀ ਸੀਟ ਤੇ ਜਾ ਕੇ ਅੱਖਾਂ ਮੀਚ ਕੇ ਬੈਠ ਗਿਆ।
 ਗੁਰਦੀਪ ਕੌਰੇਆਣਾ 
 9915013953
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਜਥੇਦਾਰ ਹਰਪ੍ਰੀਤ ਸਿੰਘ ਦੇ ਹੱਕ ਚ ਆਵਾਜ਼ ਬੁਲੰਦ ਕਰਨ ਦਾ ਇੰਗਲੈਂਡ ਦੇ ਸਿੱਖ ਆਗੂਆਂ ਵੱਲੋਂ ਭਰਵਾਂ ਸਵਾਗਤ
Next articleਸ਼ਰਧਾਂਜਲੀ‌ ਸਮਾਰੋਹ ਤੇ