(ਸਮਾਜ ਵੀਕਲੀ) 16 ਫਰਬਰੀ 2012 ਨੂੰ ਮੇਰੀ ਮਾਂ ਸਾਨੂੰ ਸਦੀਵੀਂ ਵਿਛੋੜਾ ਦੇ ਗਈ ਸੀ। ਹੁਣ ਇਸੇ 16 ਫਰਬਰੀ 2025 ਨੂੰ ਮੇਰੀ ਮਾਂ ਸਮਾਨ ਚਾਚੀ ਮਥਰਾ ਰਾਣੀ ਦੀ ਅੰਤਿਮ ਅਰਦਾਸ ਹੈ। ਠੀਕ ਤੇਰਾਂ ਸਾਲਾਂ ਬਾਅਦ ਉਸੇ ਦਿਨ ਸੋਗ ਦਾ ਸਮੁੰਦਰ ਮਨ ਨੂੰ ਬੇਚੈਨ ਕਰੇਗਾ। ਰਿਸ਼ਤੇ ਅਨੁਸਾਰ ਮੇਰੀ ਚਾਚੀ ਮਥਰਾ ਰਾਣੀ ਅਤੇ ਮਾਂ ਪੁਸ਼ਪਾ ਰਾਣੀ ਦਰਾਣੀ ਜੇਠਾਣੀ ਸਨ। ਪਰ ਇਹ੍ਹਨਾਂ ਦੀ ਰਮਜ਼ ਬਹੁਤ ਮਿਲਦੀ ਸੀ। ਆਪਸੀ ਤਾਲੋਕਾਤ ਬਹੁਤ ਵਧੀਆ ਸਨ। ਹਾਲਾਂਕਿ ਮੇਰੇ ਪਾਪਾ ਜੀ ਅਤੇ ਚਾਚਾ ਜੀ ਦਰਮਿਆਨ ਕਦੇ ਕਦੇ ਤਕਰਾਰ ਹੋ ਜਾਂਦੀ। ਇਹ੍ਹਨਾਂ ਦੇ ਸਬੰਧ ਅਭੈ ਅਤੇ ਅਜੈ ਵਰਗੇ ਹੋ ਜਾਂਦੇ। ਫਿਰ ਕੁਝ ਦੇਰ ਦੇ ਮਨ ਮੁਟਾਵ ਤੋਂ ਬਾਅਦ ਇਹ ਇੱਕੋ ਝੰਡੇ ਹੇਠ ਆ ਜਾਂਦੇ। ਇਹ੍ਹਨਾਂ ਦਾ ਮੁਕੇਸ਼ ਤੇ ਅਨਿਲ ਵਾੰਗੂ ਕਦੇ ਜਾਇਦਾਦ ਦਾ ਰੌਲਾ ਨਹੀਂ ਪਿਆ। ਸੇਠੀ ਹੋਣ ਕਰਕੇ ਕਦੇ ਕਦੇ ਕੌੜੀ ਜ਼ੁਬਾਨ ਵਰਤ ਲੈਂਦੇ। ਪ੍ਰੰਤੂ ਮੇਰੀ ਚਾਚੀ ਜੀ ਅਤੇ ਮੇਰੀ ਮਾਂ ਦਰਮਿਆਨ ਕਦੇ ਸ਼ਬਦੀ ਜੰਗ ਨਹੀਂ ਹੋਈ। ਕਦੇ ਇਹ੍ਹਨਾਂ ਦਾ ਆਪਸੀ ਸੰਵਾਦ ਬੰਦ ਨਹੀਂ ਹੋਇਆ। ਇਹ ਕਦੇ ਇੱਕ ਦੂਜੀ ਨੂੰ ਉੱਚੀ ਨਹੀਂ ਸੀ ਬੋਲੀਆਂ। ਇੱਕ ਦੂਜੀ ਦੀ ਉਸੇ ਤਰ੍ਹਾਂ ਇੱਜਤ ਕਰਦੀਆਂ। ਵੱਡੀ ਛੋਟੀ ਦੀ ਮਰਿਆਦਾ ਨੂੰ ਕਾਇਮ ਰੱਖਦੀਆਂ। ਇਥੋਂ ਤੱਕ ਕਿ ਇਹ੍ਹਨਾਂ ਦੇ ਪੇਕੇ ਵੀ ਇਹ੍ਹਨਾਂ ਦਾ ਬਰਾਬਰ ਸਨਮਾਨ ਕਰਦੇ। ਮੇਰੇ ਨਾਨਕੇ ਤੇ ਮੇਰੀ ਚਾਚੀ ਦੇ ਪੇਕੇ ਅੱਜ ਵੀ ਇੱਕ ਦੂਜੇ ਨਾਲ ਸਕਿਆ ਵਾੰਗੂ ਵਰਤਦੇ ਹਨ। ਇਹ ਬਹੁਤ ਵੱਡੀ ਗੱਲ ਹੁੰਦੀ ਹੈ। ਇਸੇ ਕਰਕੇ ਇਹ੍ਹਨਾਂ ਦੀ ਇਹ ਰੀਤ ਸਾਡੇ ਪਰਿਵਾਰ ਵਿੱਚ ਹੁਣ ਤੱਕ ਲਾਗੂ ਹੈ। ਜੇ ਮੇਰੀ ਬੇਗਮ ਆਪਣੇ ਜੇਠਾਣੀ ਵਾਲੇ ਫਰਜ਼ ਅਦਾ ਕਰਨ ਤੋਂ ਕਦੇ ਕੁਤਾਹੀ ਨਹੀਂ ਕਰਦੀ ਤਾਂ ਉਸਦੀ ਦਰਾਣੀ ਨੇ ਵੀ ਕਦੇ ਅੱਗੋਂ ਜ਼ੁਬਾਨ ਨਹੀਂ ਖੋਲ੍ਹੀ। ਇਹ ਗੁਣ ਬਹੁਤ ਘੱਟ ਦਰਾਣੀਆਂ ਜੇਠਾਣੀਆਂ ਵਿੱਚ ਮਿਲਦੇ ਹਨ। ਨਹੀਂ ਤਾਂ ਇਹ ਰਿਸ਼ਤੇ ਚੰਗੇ ਚੰਗੇ ਘਰਾਂ ਵਿੱਚ ਜਿੰਦਗੀ ਭਰ ਚੱਲਣ ਵਾਲਾ ਮਹਾਂਭਾਰਤ ਕਰਵਾ ਦਿੰਦੇ ਹਨ। ਮੇਰੀ ਮਾਂ ਅਤੇ ਚਾਚੀ ਨੇ ਆਪਣੇ ਹੱਥਾਂ ਨੂੰ ਘਰ ਦੀ ਖੁਸ਼ਹਾਲੀ ਲਈ ਤਾੜੀ ਵਜਾਉਣ ਲਈ ਹੀ ਵਰਤਿਆ ਕਦੇ ਮੇਹਣੋ ਮੇਹਣੀ ਹੋਣ ਲਈ ਹੱਥ ਨਹੀਂ ਚੁੱਕੇ। ਆਪਣੀ ਚਾਚੀ ਜੀ ਦੀ ਅੰਤਿਮ ਅਰਦਾਸ ਮੌਕੇ ਮੈਂ ਕੋਈ ਲੀਡਰਾਂ ਵਾਲੀ ਝੂਠੀ ਤਾਰੀਫ ਨਹੀਂ ਕਰ ਰਿਹਾ ਸਗੋਂ ਇੱਕ ਸੱਚ ਬਿਆਨ ਕਰ ਰਿਹਾ ਹਾਂ। ਚਾਚੀ ਮਥਰਾ ਰਾਣੀ ਦਾ ਸ਼ਰਧਾਂਜਲੀ ਸਮਾਰੋਹ ਆਨੰਦ ਕੈਸਲ ਰਿਜ਼ੋਰਟ ਬਠਿੰਡਾ ਰੋਡ ਮੰਡੀ ਡੱਬਵਾਲੀ ਵਿਖੇ 12 ਤੋਂ ਇੱਕ ਵਜੇ ਤੱਕ 16 ਫਰਬਰੀ ਨੂੰ ਹੋਵੇਗਾ।
ਰਮੇਸ਼ ਸੇਠੀ ਬਾਦਲ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



