HOME ਘੋੜੇ ਦੇ ਵਾਲ ਕਰਾਮਾਤੀ ਕਹਿ ਕੇ ਵੇਚਣ ਵਾਲੇ ਤਰਕਸ਼ੀਲਾਂ ਨੂੰ ਦੇਖ ਕੇ...

ਘੋੜੇ ਦੇ ਵਾਲ ਕਰਾਮਾਤੀ ਕਹਿ ਕੇ ਵੇਚਣ ਵਾਲੇ ਤਰਕਸ਼ੀਲਾਂ ਨੂੰ ਦੇਖ ਕੇ ਭੱਜੇ

4
ਮਾਸਟਰ ਪਰਮਵੇਦ
ਲਾਈਲੱਗਤਾ ਤੇ ਅੰਧਵਿਸ਼ਵਾਸ ਦੇ ਹਨੇਰੇ ਵਿਚੋਂ ਨਿਕਲ ਕੇ ਵਿਗਿਆਨਕ ਵਿਚਾਰਾਂ ਦੇ ਚਾਨਣ ਵਿੱਚ ਆਵੋ –ਤਰਕਸ਼ੀਲ
   (ਸਮਾਜ ਵੀਕਲੀ)   ਸਾਡੇ ਬਹੁਤੇ ਲੋਕਾਂ ਦਾ ਸੋਚਣ ਢੰਗ ਵਿਗਿਆਨਕ ਨਹੀਂ,ਉਹ ਅੰਧਵਿਸ਼ਵਾਸੀ,ਵਹਿਮੀ ਤੇ ਲਾਈਲੱਗ ਹੋਣ ਕਰਕੇ ਚਲਾਕ ਲੋਕਾਂ ਦੀ ਭਰਮਾਊ ਗੱਲਾਂ ਵਿੱਚ ਬਿਨਾਂ ਸੋਚੇ ਵਿਚਾਰੇ ਇੱਕ ਦਮ ਆ ਕੇ ਲੁੱਟ ਦਾ ਸ਼ਿਕਾਰ ਹੋ ਜਾਂਦੇ ਹਨ। ਪਿਛਲੇ ਕੁੱਝ ਸਾਲ ਪਹਿਲਾਂ ਦੀ ਗਲ ਹੈ, ਅਸੀਂ ਤਰਕਸ਼ੀਲ ਸੁਸਾਇਟੀ ਵੱਲੋਂ ਇਕ ਮੇਲੇ ਵਿੱਚ ਤਰਕਸ਼ੀਲਾਂ ਤੇ ਵਿਗਿਆਨਕਾਂ ਵਿਚਾਰਾਂ ਵਾਲੇ ਸਾਹਿਤ ਦੀ ਸਟਾਲ ਲਾਈ ਹੋਈ ਸੀ।ਮੇਰਾ ਇੱਕ ਜਾਣਕਾਰ ਆ ਕੇ ਕਹਿੰਦਾ ,”ਮੇਲੇ ਵਿੱਚ ਇੱਕ ਘੋੜੇ ਵਾਲਾ ਆਪਣੇ ਸਾਥੀਆਂ ਨਾਲ ਰਲ ਕੇ ਕਰਾਮਾਤੀ ਕਹਿ ਕੇ ਘੋੜੇ ਦੇ ਵਾਲ ਵੇਚ ਰਿਹਾ ਹੈ। ” ਸਾਡੇ ਉੱਥੇ ਜਾਣ ਤੇ ਘੋੜੇ ਦਾ ਮਾਲਕ ਖੜ੍ਹਾ ਰਿਹਾ ਤੇ ਬਾਕੀ ਉਸ ਦੇ ਨਾਲ ਦੇ ਭੀੜ ਵਿੱਚ ਜਾ ਵੜੇ, ਅਸੀਂ ਘੋੜੇ ਦੇ ਮਾਲਕ ਨੂੰ ਕਿਹਾ, ” ਇਹ ਕੀ ਕਰ ਰਿਹਾ ਹੈਂ, ਲੋਕਾਂ ਨਾਲ ਠੱਗੀ ਮਾਰ ਰਿਹਾ ਹੈਂ, ਅੰਧਵਿਸ਼ਵਾਸ ਤੇ ਵਹਿਮ ਫੈਲਾਅ ਰਿਹਾ ਹੈਂ।” ਘੋੜੇ ਦਾ ਮਾਲਕ ਕਹਿੰਦਾ, “ਕੁੱਝ ਮੁੰਡੇ ਮੇਰੇ ਕੋਲ ਆ ਕੇ ਕਹਿੰਦੇ,”ਅਸੀਂ ਤੇਰੇ ਘੋੜੇ ਦੇ ਵਾਲ ਲੈਣੇ ਹਨ। “ਮੈ ਕਿਹਾ ‘”ਜਿੰਨੇ ਮਰਜ਼ੀ ਲੈ ਲਵੋ । ” ਉਨ੍ਹਾਂ ਅੱਗੇ ਕਿਹਾ ,'” ਅਸੀਂ ਤੇਰੇ ਘੋੜੇ ਦੇ ਵਾਲ ਵੇਚਣੇ ਹਨ ,ਇਹ ਕਹਿ ਕੇ ਵੇਚਣੇ ਹਨ ਕਿ ਇਹ ਬਹੁਤ ਕਰਾਮਾਤੀ , ਚਮਤਕਾਰੀ ਹਨ।”  ਘੋੜੇ ਦਾ ਮਾਲਕ ਕਹਿੰਦਾ, ਉਨ੍ਹਾਂ ਲੜਕਿਆਂ ਨੇ ਮੈਨੂੰ ਕਿਹਾ ਕਿ ਉਹ ਮੈਨੂੰ ਪ੍ਰਤੀ ਵਾਲ 10 ਰੁਪਏ ਦੇਣਗੇ ਤੇ ਬਾਕੀ ਪੈਸੇ ਉਹ ਰੱਖਣਗੇ। ਵੱਧ ਵਿਕਣ ਤੇ ਵੀਹ ਰੁਪਏ ਪ੍ਰਤੀ ਵਾਲ ।” ਉਨ੍ਹਾਂ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ।ਲੋਕਾਂ ਸਾਹਮਣੇ ਵਾਲ ਆਪਣੀ ਜੇਬਾਂ ਵਿੱਚ ਵਾਲ ਪਾਉਣੇ ਸ਼ੁਰੂ ਕਰ ਦਿੱਤੇ।ਲੋਕ ਆ ਕੇ ਪੁੱਛਣ ,”ਇਹ ਵਾਲ ਕਿਸ ਕੰਮ ਆਉਂਦੇ ਹਨ ।” ਉਹ ਕਹਿੰਦੇ ,”ਇਹ ਵਾਲ ਬਹੁਤ ਕਰਾਮਾਤੀ, ਚਮਤਕਾਰੀ ਹਨ।ਘਰ ਵਿੱਚ ਧੂਪ ਵਾਲੇ ਆਲੇ ਵਿੱਚ ਕੱਚ ਦੀ ਡੱਬੀ ਵਿੱਚ ਪਾ ਕੇ ਰੱਖਣ ਨਾਲ ਬਹੁਤ ਵਾਧਾ ਹੁੰਦਾ ਹੈ। ਆਮਦਨੀ ਵਧਦੀ ਹੈ, ਪੈਸੇ ਦਾ ਘਾਟਾ ਨਹੀਂ ਰਹਿੰਦਾ, ਬੀਮਾਰੀਆਂ ਦੂਰ ਭੱਜਦੀਆਂ ਹਨ,ਘਰ ਵਿੱਚ ਖੁਸ਼ਹਾਲੀ ਆਉਂਦੀ ਹੈ।” ਅੱਗੇ ਤੋਂ ਅੱਗੇ ਪ੍ਰਚਾਰ ਵੱਧਦਾ ਗਿਆ ।ਥੋੜੇ ਸਮੇਂ ਵਿੱਚ ਲੋਕਾਂ ਦੀ ਭੀੜ ਲਗ ਗਈ।ਇੱਕ ਦੂਜੇ ਦੇ ਉਤੋਂ ਦੀ ਹੋ ਕੇ ਲੈਣ ਲੱਗ ਪਏ। ਮੈਨੂੰ ਬੜੀ ਹੈਰਾਨੀ ਹੋਈ। ਪਹਿਲਾਂ ਉਨ੍ਹਾਂ ਪੰਜਾਹ ਰੁਪਏ ਕੀਮਤ ਰੱਖੀ,ਫੇਰ 100 ਰੁਪਏ। ਫਿਰ ਉਨ੍ਹਾਂ ਪੂੱਛ ਤੇ ਗਰਦਨ ਦੇ ਵਾਲਾਂ ਦੀ ਕੀਮਤ ਵੱਖਰੀ ਵੱਖਰੀ ਕਰ ਦਿੱਤੀ। 100 ਰੁਪਏ ਤੇ 200/- ਰੁਪਏ। ਫਿਰ ਤੁਸੀਂ ਆ ਗਏ। ਉਨ੍ਹਾਂ ਨੂੰ ਪਤਾ ਲੱਗ ਗਿਆ ਕਿ ਤਰਕਸ਼ੀਲ ਸੁਸਾਇਟੀ ਵਾਲੇ ਆ ਗਏ ਹਨ,ਉਹ ਤੁਹਾਨੂੰ ਦੇਖ ਭੀੜ ਵਿੱਚ ਜਾ ਵੜੇ।ਮੇਰਾ ਕੋਈ ਕਸੂਰ ਨਹੀਂ। ਅਸੀਂ ਤਰਕਸ਼ੀਲ ਸੁਸਾਇਟੀ ਵੱਲੋਂ ਸਟੇਜ ਲਾ ਕੇ ਲੋਕਾਂ ਨੂੰ ਇਸ ਬਾਰੇ ਬਹੁਤ ਕੁੱਝ ਸਮਝਾਇਆ। ਲੋਕਾਂ ਨੂੰ ਲਾਈਲੱਗਤਾ ਤਿਆਗ ਕੇ ਵਿਗਿਆਨਕ ਵਿਚਾਰਾਂ ਦੇ ਧਾਰਨੀ ਬਣਨ ਲਈ ਪ੍ਰੇਰਿਆ । ਵਿਗਿਆਨਕ ਸੋਚ ਅਪਣਾਉਣ ਦਾ ਸੱਦਾ ਦਿੱਤਾ। ਘੋੜੇ ਦੇ ਮਾਲਕ ਨੂੰ ਸਟੇਜ ਤੇ ਲਿਆ ਕੇ ਉਸ ਦੇ ਮੂੰਹੋਂ ਲੜਕਿਆਂ ਦੀ ਸਾਰੀ ਕਾਰਸਤਾਨੀ / ਲੁੱਟ ਦੀ ਵਿਆਖਿਆ ਕਰਵਾਈ। ਅਸੀਂ ਕਿਹਾ ਕਿ ਇਸ ਘਟਨਾ ਤੋਂ ਸਬਕ ਲੈਣ ਦੀ ਲੋੜ ਹੈ। ਕਿਸੇ ਚੀਜ਼ ਵਿੱਚ ਗੈਬੀ ਸ਼ਕਤੀ ਨਹੀਂ। ਲੋਕਾਂ ਵਿੱਚ ਅਗਿਆਨਤਾ ਹੈ, ਸਮੱਸਿਆਵਾਂ ਹਨ।ਇਸ ਲਈ ਉਹ ਡਰ ,ਫਿਕਰਾਂ,ਝੂਠੀਆਂ ਆਸਾਂ ਉਮੀਦਾਂ ਤੇ ਮਾਨਸਿਕ ਤਣਾਅ ਦੇ ਮਹੌਲ ਵਿੱਚ ਰਹਿੰਦੇ ਹਨ। ਅਗਿਆਨਤਾ , ਸਮੱਸਿਆਵਾਂ ਤੇ ਡਰ ਵਿੱਚੋ ਲਾਈਲੱਗਤਾ ਤੇ ਅੰਧਵਿਸ਼ਵਾਸ ਉਪਜਦੇ ਹਨ। ਅਖੌਤੀ ਸਿਆਣੇ ਲੋਕਾਂ ਦੀ ਅਗਿਆਨਤਾ ਤੇ ਲਾਈਲੱਗਤਾ ਦਾ ਫਾਇਦਾ ਉਠਾ ਕੇ ਉਨ੍ਹਾ ਨੂੰ ਅੰਧਵਿਸ਼ਵਾਸਾਂ, ਕਰਾਮਾਤਾਂ , ਚਮਤਕਾਰਾਂ ਦੇ ਵਹਿਮਾਂ ਭਰਮਾਂ ਦੇ ਭਰਮ ਜਾਲ ਵਿੱਚ ਪਾ ਕੇ ਉਨ੍ਹਾਂ ਦੀ ਆਰਥਿਕ, ਮਾਨਸਿਕ ਤੇ ਸਰੀਰਕ ਲੁੱਟ ਕਰਦੇ ਹਨ। ਤਰਕਸ਼ੀਲਾਂ ਦਾ ਸੁਨੇਹਾ ਹੈ ਕਿ ਲੋਕ ਅਪਣਾ ਸੋਚਣ ਢੰਗ ਵਿਗਿਆਨਕ ਬਣਾਉਣ, ਕਿਸੇ ਵਿਅਕਤੀ , ਚੀਜ਼, ਜਾਨਦਾਰ, ਬੇਜਾਨਦਾਰ ਕੋਲ ਕੋਈ ਗੈਬੀ ਸ਼ਕਤੀ ਨਹੀਂ ,ਜਿਸ ਨਾਲ ਕਿਸੇ ਦਾ ਕੁੱਝ ਸੰਵਾਰਿਆ ਜਾ ਸਕੇ।ਇੱਥੇ ਘਟਨਾਵਾਂ ਵਾਪਰਦੀਆਂ ਹਨ, ਕੁਦਰਤੀ ਤੇ ਸਮਾਜਿਕ। ਇਨ੍ਹਾਂ ਘਟਨਾਵਾਂ ਦਾ ਕਾਰਨ ਜਾਨਣਾ ਹੀ ਤਰਕਸ਼ੀਲਤਾ ਹੈ, ਵਿਗਿਆਨਕ ਸੋਚ ਹੈ।ਇਸ ਲਈ ਸਾਨੂੰ ਕੀ, ਕਿਉਂ,ਕਿਵੇਂ,ਕਿੱਥੇ, ਕਦੋਂ ਆਦਿ ਵਿਗਿਆਨਕ ਨੁਕਤਿਆਂ ਨੂੰ ਅਪਨਾਉਣਾ ਚਾਹੀਦਾ ਹੈ ਤਾਂ ਜੋ ਅਸੀਂ ਵਿਗਿਆਨਕ ਸੋਚ ਦੇ ਧਾਰਨੀ ਬਣ ਕੇ ਸਚਾਈ ਜਾਣ ਸਕੀਏ। ਅਸੀਂ ਲੋਕਾਂ ਨੂੰ ਲਾਈਲੱਗਤਾ ਤੇ ਅੰਧਵਿਸ਼ਵਾਸ ਦੇ ਹਨੇਰੇ ਵਿਚੋਂ ਨਿਕਲ ਕੇ ਵਿਗਿਆਨਕ ਸੋਚ ਦੇ ਚਾਨਣ ਵਿੱਚ ਆਉਣ ਦਾ ਸੱਦਾ ਦੇ ਕੇ ਆ ਗਏ।
ਮਾਸਟਰ ਪਰਮਵੇਦ 
ਤਰਕਸ਼ੀਲ ਆਗੂ ਤਰਕਸ਼ੀਲ ਸੁਸਾਇਟੀ ਪੰਜਾਬ 
9417422349
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਤਨਾਮ ਜਲਾਲਪੁਰ ਨੇ ਸਿੰਬਲ ਮਜਾਰਾ ਦੀ ਪੰਚਾਇਤ ਨੂੰ ਦਿੱਤੀ ਡੇਢ ਲੱਖ ਰੁਪਏ ਦੀ ਗਰਾਂਟ
Next articleਲੋਕ ਹਿੱਤਾ ਲਈ ਲੜਨ ਵਾਲੇ ਲੋਕਾਂ ਦੀ ਹਮੇਸ਼ਾ ਜਿੱਤ ਹੁੰਦੀ ਹੈ- ਸੰਦੀਪ ਅਰੋੜਾ