ਇੱਕ ਰੋਟੀ ਦੀ ਆਸ ਵਿੱਚ

ਬਰਜਿੰਦਰ ਕੌਰ ਬਿਸਰਾਓ

(ਸਮਾਜ ਵੀਕਲੀ)

ਗਲ਼ੀ ਵਿੱਚ ਅਵਾਰਾ ਪਸ਼ੂਆਂ ਦਾ ਵੱਗ ਲੰਘ ਰਿਹਾ ਸੀ। ਜਿੱਥੇ ਉਹਨਾਂ ਨੂੰ ਛਾਂ ਜਿਹੀ ਦਿਸਦੀ ,ਉੱਥੇ ਹੀ ਉਹ ਪਸ਼ੂ ਰੁਕ ਕੇ ਖੜ੍ਹ ਜਾਂਦੇ। ਲੋਕ ਆਪਣੇ ਆਪਣੇ ਗੇਟ ਅੱਗਿਓਂ ਪਰ੍ਹਾਂ ਕਰਨ ਲਈ ਕੋਈ ਪਾਣੀ ਪਾਉਂਦਾ ਤੇ ਕੋਈ ਸੋਟੀ ਜਾਂ ਡੰਡਾ ਮਾਰ ਕੇ ਅਗਾਂਹ ਹੱਕ ਦਿੰਦਾ। ਸ਼ਹਿਰਾਂ ਵਾਲੇ ਅਵਾਰਾ ਪਸ਼ੂਆਂ ਦੀ ਜ਼ਿੰਦਗੀ ਤਾਂ ਕੁਛ ਇਸ ਤਰ੍ਹਾਂ ਦੀ ਹੀ ਹੁੰਦੀ ਹੈ, ਇੱਕ ਇੱਕ ਰੋਟੀ ਲਈ ਰੋਜ਼ ਪਤਾ ਨਹੀ ਕਿੰਨੇ ਕਿੰਨੇ ਮੀਲਾਂ ਦਾ ਸਫ਼ਰ ਤੈਅ ਕਰਦੇ ਹਨ ਤੇ ਕਿੰਨੇ ਕੁ ਲੋਕਾਂ ਤੋਂ ਮੋਟੇ ਮੋਟੇ ਡੰਡਿਆਂ ਦੀ ਮਾਰ ਝੱਲਦੇ ਹਨ। ਪਰ ਜ਼ਿੰਦਗੀ ਤਾਂ ਪਿੰਡਾਂ ਵਾਲੇ ਅਵਾਰਾ ਪਸ਼ੂਆਂ ਦੀ ਵੀ ਕੋਈ ਘੱਟ ਬੁਰੀ ਨਹੀਂ ਹੁੰਦੀ, ਉੱਥੇ ਤਾਂ ਲੋਕ ਆਪਣੀ ਫ਼ਸਲ ਖ਼ਰਾਬ ਹੋਣ ਤੋਂ ਬਚਾਉਣ ਦੇ ਚੱਕਰ ਵਿੱਚ ਹੀ ਪਤਾ ਨਹੀਂ ਇਹਨਾਂ ਉੱਤੇ ਕਿੰਨੇ ਕੁ ਅਤਿਆਚਾਰ ਕਰਦੇ ਹਨ।

ਮੈਂ ਖੜ੍ਹੀ ਉਹਨਾਂ ਦੀ ਜ਼ਿੰਦਗੀ ਬਾਰੇ ਸੋਚ ਰਹੀ ਸੀ ਕਿ ਦੇਖਦੇ ਦੇਖਦੇ ਇੱਕ ਔਰਤ ਇੱਕ ਰੋਟੀ ਉਹਨਾਂ ਨੂੰ ਦੇਣ ਲਈ ਲਿਆਈ । ਉਸ ਨੇ ਇੱਕ ਦੇ ਮੂੰਹ ਵੱਲ ਰੋਟੀ ਕੀਤੀ ਤਾਂ ਜਿਵੇਂ ਹੀ ਉਹ ਭੁੱਖ ਦਾ ਮਾਰਿਆ ਰੋਟੀ ਲੈਣ ਲਈ ਮੂੰਹ ਖੋਲ੍ਹ ਕੇ ਰੋਟੀ ਨੂੰ ਆਪਣੇ ਦੰਦਾਂ ਵਿੱਚ ਘੁੱਟਣ ਲੱਗਿਆ ਤਾਂ ਉਸ ਨੇ ਰੋਟੀ ਬਾਹਰ ਖਿੱਚ ਲਈ ਤੇ ਉਸ ਨੂੰ ਹੱਥ ਵਿੱਚ ਫੜੀ ਸੋਟੀ ਦਿਖਾ ਕੇ ਪਰ੍ਹਾਂ ਨੂੰ ਹੱਕ ਦਿੱਤਾ ਪਰ ਉਹ ਲਲਚਾਈਆਂ ਨਜ਼ਰਾਂ ਨਾਲ ਰੋਟੀ ਵੱਲ ਦੇਖ ਰਿਹਾ ਸੀ। ਫਿਰ ਉਹ ਔਰਤ ਜ਼ਬਰਦਸਤੀ ਦੂਜੀ ਗਾਂ ਦੇ ਮੂੰਹ ਵਿੱਚ ਰੋਟੀ ਥੁੰਨੇ, ਓਹਨੂੰ ਪੁਚਕਾਰ ਕੇ ਓਹਦੇ ਮੂੰਹ ਵਿੱਚ ਪਾਵੇ ਤੇ ਉਹ ਮੂੰਹ ਵਿੱਚ ਰੋਟੀ ਘੁਮਾ ਕੇ ਬਾਹਰ ਕੱਢ ਕੇ ਸੁੱਟ ਗਈ। ਫੇਰ ਪਹਿਲੇ ਵਾਲੇ ਨੂੰ ਭੁੱਖ ਲੱਗੀ ਹੋਣ ਕਰਕੇ ਉਹ ਚੁੱਕਣ ਲੱਗਿਆ ਤਾਂ ਔਰਤ ਨੇ ਉਸ ਦੇ ਜ਼ੋਰ ਨਾਲ ਸੋਟੀ ਮਾਰ ਕੇ ਭਜਾ ਦਿੱਤਾ।

ਮੈਂ ਉਸ ਨੂੰ ਆਖਿਆ,” ਤੁਸੀਂ ਇਸਨੂੰ ਰੋਟੀ ਕਿਉਂ ਨਈਂ ਖਾਣ ਦੇ ਰਹੇ…?” ਉਹ ਔਰਤ ਬੋਲੀ,” ਇਹ ਰੋਟੀ ਅਸੀਂ ਗਾਂ ਲਈ ਕੱਢ ਕੇ ਰੱਖੀ ਹੈ…. ਸਾਂਢ ਨੂੰ ਦੇ ਦਿੱਤੀ ਤਾਂ ਅਨਰਥ ਹੋ ਜਾਵੇਗਾ….!” “ਪਰ ਰੋਟੀ ਤਾਂ ਭੁੱਖੇ ਦੇ ਢਿੱਡ ਵਿੱਚ ਜਾਣੀ ਚਾਹੀਦੀ ਹੈ ਨਾ ਕਿ ਇਕੱਲੇ ਗਾਂ ਦੇ….ਓਹ ਵੀ ਤਾਂ ਗਊ ਜਾਇਆ ਹੀ ਹੈ…..!” ਮੈਂ ਮੁੜ ਕੇ ਆਖਿਆ।

” ਤੁਹਾਨੂੰ ਸਾਡੇ ਧਰਮ ਬਾਰੇ ਨੌਲੇਜ ਨਹੀਂ …. ਓਹਦੇ ਵਿੱਚ ਇਸ ਤਰ੍ਹਾਂ ਈ ਲਿਖਿਆ ਹੈ….!” ਕਹਿ ਕੇ ਉਹ ਹੋਰ ਗਾਂ ਨੂੰ ਲੱਭਣ ਲਈ ਤੁਰ ਪਈ ਤੇ ਮੈਨੂੰ ਸੋਚਾਂ ਵਿੱਚ ਪਾ ਗਈ। ਮੈਂ ਸੋਚ ਰਹੀ ਸੀ ਕਿ ਧਰਮ ਤਾਂ ਸਾਰੇ ਹੀ ਭੁੱਖੇ ਨੂੰ ਰੋਟੀ ਖਵਾਉਣ ਦੀ ਗੱਲ ਸਿਖਾਉਂਦੇ ਹਨ, ਫਿਰ ਇਹ ਕਿਹੜੀ ਭਟਕਣ ਵਿੱਚ ਫਸ ਗਈ ਹੈ।

ਰੱਜੀ ਹੋਈ ਗਾਂ ਦੇ ਨਾਲ ਨਾਲ ਧਰਮ ਦੇ ਨਾਂ ਤੇ ਬੇ ਸਮਝ ਲੋਕਾਂ ਦੀ ਮਾਰ ਝੱਲਦੇ ਹੋਏ ਭੁੱਖਾ ਸਾਂਢ ਇੱਕ ਰੋਟੀ ਦੀ ਆਸ ਵਿੱਚ ਸੋਟੀਆਂ ਖਾਂਦਾ ਭੁੱਖਾ-ਪਿਆਸਾ ਲੜਖੜਾਉਂਦਾ ਹੋਇਆ ਤੁਰਿਆ ਜਾ ਰਿਹਾ ਸੀ।

ਬਰਜਿੰਦਰ ਕੌਰ ਬਿਸਰਾਓ
9988901324

 

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਾਣੀ ਦੇ ਡਿੱਗਦੇ ਪੱਧਰ ਨੂੰ ਉੱਚਾ ਚੁੱਕਣ ਲਈ ਝੋਨੇ ਦੀ ਸਿੱਧੀ ਬਿਜਾਈ ਕਰਨਾ ਸਮੇ ਦੀ ਲੋੜ: ਸਨਦੀਪ ਸਿੰਘ ਏ ਡੀ ਓ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਬਲਾਕ ਸਮਰਾਲਾ
Next articleਪੰਜਾਬ ਪੰਜਾਬੀ ਅਤੇ ਪੰਜਾਬੀਅਤ ਦਾ ਮੁਦੱਈ -‘ਹਾਣੀ’